ਦਿੱਲੀ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਸੱਜਣ ਕੁਮਾਰ ਵਿਰੁੱਧ ਹੋਈਆਂ ਸੰਗੀਨ ਧਾਰਾਵਾਂ ਦਰਜ਼
* ਇਸ ਕੇਸ ਵਿਚ ਵੀ ਹੋ ਸਕਦੀ ਹੈ ਉਮਰ ਕੈਦ: ਕਾਲਕਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਵਿਰੁੱਧ ਦੋਸ਼ਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਸੰਗੀਨ ਧਾਰਾਵਾਂ ਵੀ ਦਰਜ਼ ਕੀਤੀਆਂ ਗਈਆਂ ਹਨ ।ਰਾਜ ਨਗਰ ਦਿੱਲੀ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਨਾਮਕ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ, ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਬੀਤੇ ਸ਼ਨਿਵਾਰ ਨੂੰ ਸੱਜਣ ਕੁਮਾਰ ਵਿਰੁੱਧ ਦੋਸ਼ਾਂ ਦਾ ਐਲਾਨ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ ਅਦਾਲਤ ਅੰਦਰ ਜੱਜ ਮਨੋਜ ਕੁਮਾਰ ਨਾਗਪਾਲ ਕਰ ਰਹੇ ਹਨ । ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਨੇ ਦੱਸਿਆ ਕਿ ਅਦਾਲਤ ਨੇ ਸੱਜਣ ਕੁਮਾਰ ਖ਼ਿਲਾਫ਼ ਦੰਗਾ, ਕਤਲ, ਡਕੈਤੀ ਆਦਿ ਧਾਰਾਵਾਂ 147, 148, 149, 302, 308, 323, 395, 397, 427, 436, 440 ਤਹਿਤ ਦੋਸ਼ ਤੈਅ ਕੀਤੇ ਹਨ।ਇਹ ਕੇਸ ਐਫ ਆਈ ਆਰ ਨੰਬਰ 458/91 ਦੇ ਤੌਰ 'ਤੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ, ਦਿੱਲੀ ਵਿਖੇ ਦਰਜ ਕੀਤਾ ਗਿਆ ਸੀ, ਜਿੱਥੇ ਚਸ਼ਮਦੀਦ ਗਵਾਹ ਨੇ ਦਾਅਵਾ ਕੀਤਾ ਸੀ ਕਿ ਓਸ ਨੇ ਸੱਜਣ ਕੁਮਾਰ ਦੀ ਤਸਵੀਰ ਦੇਖੀ ਤਾਂ ਉਸ ਦੀ ਪਛਾਣ ਕਰ ਲਈ ਹੈ। ਜਿਕਰਯੋਗ ਹੈ ਕਿ ਇਹ ਮਾਮਲਾ ਪਹਿਲਾਂ ਬੰਦ ਕਰ ਦਿਤਾ ਗਿਆ ਸੀ ਬਾਅਦ ਵਿਚ ਬਣੀ ਸੀਟ ਨੇ ਇਸ ਮਾਮਲੇ ਦੀ ਪੜਤਾਲ ਕਰਦਿਆਂ ਇਸ ਨੂੰ ਮੁੜ ਖੁਲਵਾਇਆ ਸੀ । ਸੱਜਣ ਕੁਮਾਰ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਹੈ ਤੇ ਅਦਾਲਤ ਵਲੋਂ ਓਸ ਨੂੰ ਇਕ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ ।
ਇਸ ਮਾਮਲੇ ਤੇ ਸਰਦਾਰ ਕਾਲਕਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਾਪਰੇ ਨੂੰ ਅੱਜ 37 ਸਾਲ ਬੀਤ ਗਏ ਹਨ ਪਰ ਹਾਲੇ ਤੱਕ ਅਸੀਂ ਇਨਸਾਫ ਵਾਸਤੇ ਸੰਘਰਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਹ ਦਿੱਲੀ ਗੁਰਦੁਅਰਾ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਦੀ ਬਦੌਲਤ ਹੈ ਕਿ ਹੁਣ ਇਕ ਇਕ ਕਰ ਕੇ ਇਹਨਾਂ ਕੇਸਾਂ ਵਿਚ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਸ਼ਜਾਵਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸੱਜਣ ਕੁਮਾਰ ਪਹਿਲਾਂ ਹੀ ਇਕ ਕੇਸ ਵਿਚ ਉਮਰ ਕੈਦ ਕੱਟ ਰਿਹਾ ਹੈ ਤੇ ਹੁਣ ਤਾਜ਼ਾ ਕੇਸ ਵਿਚ ਅਦਾਲਤੀ ਹੁਕਮਾਂ ਸਦਕਾ ਇਸ ਕੇਸ ਵਿਚ ਵੀ ਇਸਨੁੰ ਉਮਰ ਕੈਦ ਹੋਣੀ ਤੈਅ ਹੈ।ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣ ਲਈਆਂ ਹਨ ਅਤੇ ਹੁਣ ਇਹ ਮਾਮਲਾ ਰਸਮੀ ਤੌਰ 'ਤੇ ਦੋਸ਼ ਤੈਅ ਕਰਨ ਲਈ 16 ਦਸੰਬਰ ਨੂੰ ਸੂਚੀਬੱਧ ਕੀਤਾ ਗਿਆ ਹੈ।
Comments (0)