ਕੈਨੇਡਾ ਦੇ ਗ਼ਦਰੀ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ'

ਕੈਨੇਡਾ ਦੇ ਗ਼ਦਰੀ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ'

ਡਾ. ਗੁਰਵਿੰਦਰ ਸਿੰਘ

ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਅੰਕਤ ਹੈ। ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੌਲਤਪੁਰ ਦੇ ਸਕੂਲੋਂ ਕੀਤੀ ਅਤੇ ਸੰਨ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ, ਪਰ ਫੌਜ 'ਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਆਪ ਨੇ ਨੌਕਰੀ ਛੱਡ ਦਿੱਤੀ। ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ।ਇਸ ਦੌਰਾਨ ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਨੇ ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ ਦੌਲਤਪੁਰ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ ਸੰਨ 1907 ਵਿਚ ਕੈਨੇਡਾ ਸੱਦ ਲਿਆ। ਇੱਥੇ ਆ ਕੇ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ'ਚ ਆਪ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ।ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਵੀ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ। ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹੰਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਜੀ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ।

ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ। ਕੈਨੇਡਾ 'ਚ ਆ ਵਸੇ ਸਾਬਕਾ ਫੌਜੀਆਂ ਨੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ'ਚ ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ,ਇਨਸਿਗਨੀਏ ਅਤੇ ਸਰਟੀਫਿਕੇਟ ਅੱਗ 'ਚ ਸਾੜੇ। ਤਦ ਭਾਈ ਨਰੈਣ ਸਿੰਘ ਵਲੋਂ ਵੀ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ ਅਪਣਾ ਰੋਸ ਪ੍ਰਗਟਾਇਆ ਗਿਆ। ਇਥੋਂ ਤੱਕ ਕਿ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ, ਕੈਨੇਡਾ ਨੇ ਇਹਨਾਂ ਗ਼ਦਰੀ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ੀ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ।ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਆਪ ਲਗਾਤਾਰ ਸਰਗਰਮ ਰਹੇ। ਆਪ ਜਿਥੇ ਗ਼ਦਰ ਪਾਰਟੀ ਦੇ ਸਿਰਕੱਢ ਮੈਂਬਰ ਸਨ, ਉੱਥੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹਿੰਦੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬੱਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੌਮਾਗਾਟਾਮਾਰੂ ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ।ਐਬਟਸਫੋਰਡ ਤੋਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਫੈਸਲਾ ਕੀਤਾ ਕਿ ਉਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਪਰਤਣਾ ਹੈ। ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਦੀ, ਆਪ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਬਹੁਤ ਕੀਮਤ ਸੀ। ਆਪ ਨੇ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਇਸ ਮਹਾਨ ਯੋਧੇ ਨੇ ਬੋਲ ਪੁਗਾਏ ਤੇ ਪੰਜਾਬ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ ਆਪ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ।

ਭਾਈ ਸਾਹਿਬ ਦੀ ਜ਼ਮੀਨ 'ਤੇ ਉਸਰਿਆ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਕੈਨੇਡਾ।

ਭਾਈ ਸਾਹਿਬ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਘੋੜਿਆਂ ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਨਾ ਕਿਧਰੇ ਜ਼ਿਕਰ ਮਿਲਦਾ ਹੈ ਅਤੇ ਨਾ ਕੋਈ ਤਸਵੀਰ ਤੱਕ ਹੀ ਲਗਾਈ ਗਈ ਹੈ। ਇਹ ਅੱਜ ਦੀ ਪੀੜ੍ਹੀ ਨੂੰ ਅਧੂਰਾ ਅਤੇ ਗਲਤ ਇਤਹਾਸ ਸਿਖਾਉਣ ਤੇ ਪੜ੍ਹਾਉਣ ਦੇ ਸਾਮਾਨ 'ਇਤਿਹਾਸਕ ਗਲਤੀ' ਕਹੀ ਜਾ ਸਕਦੀ ਹੈ। ਇਹ ਗ਼ਲਤੀ ਵੀ ਉਸ ਥਾਂ 'ਤੇ ਹੋ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀ ਦਾ ਅਸਥਾਨ ਹੈ। ਅਜਿਹੀ ਇਤਿਹਾਸਕ ਗਲਤੀ ਨੂੰ ਤੁਰੰਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ।

ਕੈਨੇਡਾ ਤੋਂ ਦੇਸ਼ ਪਰਤਦਿਆਂ ਹੀ ਆਪ ਨੂੰ ਵੀ ਹੋਰਨਾਂ ਗ਼ਦਰੀਆਂ ਵਾਂਗ ਜੂਹਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਆਪ ਨੇ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਗ੍ਰਹਿਣ ਕਰ ਲਿਆ।ਇੱਕ ਪਾਸੇ ਅਖੌਤੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੁਸ਼ਣ ਨਰੈਣੂ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ ਹਥਿਆਰਬੰਦ ਇਨਕਲਾਬੀ ਸ਼ੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ।ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਈ ਇਨਾਮ ਰੱਖੇ। ਦੂਜੇ ਪਾਸੇ 'ਗ਼ਦਰ' ਲਹਿਰ ਦੀ ਤਰਜ਼ 'ਤੇ ਭਾਈ ਕਰਮ ਸਿੰਘ ਹੁਰਾਂ 22 ਅਗਸਤ 1922 ਨੂੰ 'ਬੱਬਰ ਅਕਾਲੀ ਦੁਆਬਾ' ਇਨਕਲਾਬੀ ਪਰਚਾ ਕੱਢਿਆ, ਜਿਸ ਦੇ ਆਪ ਐਡੀਟਰ ਸਨ ਅਤੇ ਇਸ ਨੂੰ 'ਉਡਾਰੂ ਪ੍ਰੈੱਸ' ਦੇ ਨਾਂ ਨਾਲ ਜਾਣਿਆਂ ਜਾਂਦਾ ਸੀ । ਇਸ ਅਖ਼ਬਾਰ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। ਅਜਿਹੇ ਸਮੇਂ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ 'ਬੱਬਰ ਅਕਾਲੀ ਦੋਆਬਾ' ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਨ੍ਹਾਂ ਭਾਈ ਕਰਮ ਸਿੰਘ ਉਨ੍ਹਾਂ ਨਾਲ ਮਿਲਣੀ ਕੀਤੀ।

ਦੋਹਾਂ ਇਨਕਲਾਬੀ ਜਥੇਬੰਦੀਆਂ ਨੇ ਸਮੂਹ ਸਾਥੀਆਂ ਨਾਲ ਮਿਲ ਕੇ ਸਾਂਝਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਅਤੇ ਨਵੀਂ ਜਥੇਬੰਦੀ ਦਾ ਨਾਂ 'ਬੱਬਰ ਅਕਾਲੀ ਜਥਾ' ਘੋਸ਼ਿਤ ਕੀਤਾ। ਸਰਬਸੰਮਤੀ ਨਾਲ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬੱਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬੱਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਇਥੋਂ ਹੀ ਬੱਬਰ ਅਕਾਲੀ ਲਹਿਰ ਦਾ ਮੁੱਢ ਬੱਝਿਆ, ਜਿਸਦੀ ਪਹਿਲੀ ਸ਼ਤਾਬਦੀ 2022 ਵਿੱਚ ਹੈ। ਇਉਂ ਸ਼ਹੀਦਾਂ ਦੀ ਇਸ ਮਹਾਨ ਜਥੇਬੰਦੀ ਨੂੰ 'ਬੱਬਰ ਅਕਾਲੀ' ਜਥੇ ਦਾ ਨਾਮ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬੱਬਰ ਅਕਾਲੀ' ਦੇ ਸਿਰ ਬੱਝਦਾ ਹੈ।ਭਾਈ ਕਰਮ ਸਿੰਘ ਬੱਬਰ ਅਕਾਲੀ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਪੱਤਰਕਾਰ ਅਤੇ ਜੁਝਾਰੂ ਕਵੀ ਵੀ ਸਨ। 'ਬੱਬਰ ਅਕਾਲੀ ਦੁਆਬਾ' ਪਰਚੇ ਵਿੱਚ ਆਪ ਦੇ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬੱਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬੱਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ" ਵਰਗੇ ਅਨੇਕਾਂ ਕਾਵਿ-ਬੰਦ ਆਪ ਦੀ ਜੁਝਾਰੂ ਸੋਚ ਪ੍ਰਗਟਾਉਂਦੇ ਸਨ।

ਭਾਈ ਕਰਮ ਸਿੰਘ ਬੱਬਰ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, ਆਪ 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਭਾਰਤ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ।ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਇੰਡੀਅਨ ਸਟੇਟ ਖਿਲਾਫ਼ ਕਿਧਰੇ ਕਿਸਾਨ ਸੰਘਰਸ਼ ਕਰ ਰਹੇ ਹਨ, ਕਿਧਰੇ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ 'ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਕਿਸਾਨਾਂ ਅਤੇ ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਭਾਰਤ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬੱਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।

57 ਬੱਬਰ ਯੋਧਿਆਂ ਨੇ ਪਿੰਡ ਦੌਲਤਪੁਰ ਦੇ ਯਾਦਗਾਰੀ ਅਸਥਾਨ ਦੀਆਂ ਤਸਵੀਰਾਂ।

ਸਿਤਮਜ਼ਰੀਫੀ ਇਹ ਕਿ ਭਾਈ ਕਰਮ ਸਿੰਘ ਬੱਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੱਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।