ਦਿਲੀ ਕਮੇਟੀ ਦੇ ਮੈਂਬਰ ਲੁਬਾਣਾ ਨੇ ਚੋਣ ਨਿਰਦੇਸ਼ਕ ਵੱਲ ਸੁੱਟੀ ਜੁੱਤੀ

ਦਿਲੀ ਕਮੇਟੀ ਦੇ ਮੈਂਬਰ ਲੁਬਾਣਾ ਨੇ ਚੋਣ ਨਿਰਦੇਸ਼ਕ ਵੱਲ ਸੁੱਟੀ ਜੁੱਤੀ

ਜਾਗੋ ਪਾਰਟੀ ਦੇ ਪ੍ਰਧਾਨ  ਜੀਕੇ ਵਲੋਂ   ਨਿੰਦਾ  

ਅੰਮ੍ਰਿਤਸਰ ਟਾਈਮਜ਼ ਬਿਉਰੋ

 ਨਵੀਂ ਦਿੱਲੀ : ਗੁਰਦੁਆਰਾ ਚੋਣ ਨਿਰਦੇਸ਼ਕ ਨਰਿੰਦਰ ਸਿੰਘ ’ਤੇ   ਹਮਲੇ ਦੀ ਕੋਸ਼ਿਸ਼ ਕੀਤੀ ਗਈ। ਉਹ ਆਪਣੇ ਦਫ਼ਤਰ ਤੋਂ ਨਿਕਲ ਕੇ ਸੁਰੱਖਿਆ ਮੁਲਾਜ਼ਮਾਂ ਨਾਲ ਆਪਣੀ ਗੱਡੀ ਵੱਲ ਵੱਧ ਰਹੇ ਸਨ। ਇਸ ਦੌਰਾਨ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਵਿਚੋਂ ਉਨ੍ਹਾਂ ਵੱਲ ਜੁੱਤੀ ਸੁੱਟੀ ਗਈ। ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਚੁਣੇ ਗਏ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਜੁੱਤੀ ਸੁੱਟੀ।ਵੀਰਵਾਰ ਨੂੰ ਗੁਰਦੁਆਰਾ ਚੋਣ ਡਾਇਰੈਕਟੋਰੇਟ ’ਚ ਨਾਮਜ਼ਦ ਮੈਂਬਰਾਂ ਦੀ ਚੋਣ ਸੀ। ਜਾਗੋ ਪਾਰਟੀ ਦੇ ਇਤਰਾਜ਼ ਕਾਰਨ ਐੱਸਜੀਪੀਸੀ ਵੱਲੋਂ ਨਾਮਜ਼ਦ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਨਾਰਾਜ਼ ਅਕਾਲੀ ਆਗੂਆਂ ਤੇ ਵਰਕਰਾਂ ਨੇ ਡਾਇਰੈਕਟੋਰੇਟ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਰੱਖਿਆ ਘੇਰੇ ਦਰਮਿਆਨ ਸੁਰੱਖਿਆ ਘੇਰੇ ’ਚ ਨਿਰਦੇਸ਼ਕ ਆਪਣੀ ਗੱਡੀ ਵੱਲ ਜਾ ਰਹੇ ਸਨ। ਨਾਅਰੇਬਾਜ਼ੀ ਕਰ ਰਹੇ ਕਈ ਨੇਤਾ ਉਨ੍ਹਾਂ ਕੋਲ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦਰਮਿਆਨ ਉਨ੍ਹਾਂ ਵੱਲ ਜੁੱਤੀ ਉਛਾਲ ਦਿੱਤੀ ਗਈ।

ਮਨਜੀਤ ਸਿੰਘ ਜੀਕੇ ਨੇ ਕੀਤੀ ਸਖ਼ਤ ਨਿੰਦਾ

ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਨੇਤਾ ਚੋਣ ’ਚ ਗੜਬੜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਡੀਐੱਸਜੀਐੱਮਸੀ ਦੇ ਚੁਣੇ ਹੋਏ ਮੈਂਬਰ ਦੀ ਇਸ ਹਰਕਤ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਉਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਨਿਰਦੇਸ਼ਕ ਨੇ ਕੀਤੀ ਨਿਯਮਾਂ ਦੀ ਅਣਦੇਖੀ

ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਕਹਿਣਾ ਹੈ ਕਿ ਨਿਰਦੇਸ਼ਕ ਨੇ ਨਿਯਮਾਂ ਦੀ ਅਣਦੇਖੀ ਕੀਤੀ। ਉਨ੍ਹਾਂ ਦੀ ਪਾਰਟੀ ਵਿਰੁੱਧ ਕਈ ਫ਼ੈਸਲੇ ਲਏ ਗਏ ਹਨ। ਇਸ ਤੋਂ ਨਾਰਾਜ਼ ਨੇਤਾਵਾਂ ਤੇ ਵਰਕਰਾਂ ਨੇ ਰੋਸ ਪ੍ਰਗਟਾਇਆ ਹੈ। ਜੁੱਤੀ ਉਛਾਲਣ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।