ਰਾਜਨੀਤਕ ਲਾਹੇ ਲਈ ਬੇਅਦਬੀਆਂ ਕਿਉਂ !

ਰਾਜਨੀਤਕ ਲਾਹੇ ਲਈ ਬੇਅਦਬੀਆਂ ਕਿਉਂ !

ਸਭ ਤੋਂ ਵੱਡਾ ਸਵਾਲ ਪੰਜਾਬ ਵਿਚ ਹੀ ਇਹ ਬੇਅਦਬੀਆਂ ਕਿਉਂ ਹੋ ਰਹੀਆਂ ਹਨ ?

             ਦੀਪਾ ਰੰਧਾਵਾ

              ਇੰਗਲੈਡ

ਅੱਜ ਕੱਲ੍ਹ ਜੋ ਪੰਜਾਬ ਦਾ ਮਾਹੌਲ ਚੱਲ ਰਿਹਾ ਹੈ ਉਹ ਫਿਰਕੂ ਫ਼ਸਾਦ ਨੂੰ ਬੜਾਵਾ ਦੇ ਰਿਹਾ ਹੈ । ਧਰਮ ਨੂੰ ਲੈ ਕੇ ਜੋ ਰਾਜਨੀਤਿਕ ਸਿਆਸਤ ਸਿਆਸਤਦਾਨਾਂ ਦੁਆਰਾ ਖੇਡੀ ਜਾ ਰਹੀ ਹੈ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ । ਇਕ ਗੱਲ ਬਹੁਤ ਹੀ ਸੋਚਣ ਤੇ ਵਿਚਾਰਨ ਯੋਗ ਹੈ ਕਿ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਹੁੰਦਾ ਹੈ  ਕਹਿਣ ਤੋਂ ਭਾਵ  ਪੰਜਾਬ ਤੋਂ ਬਾਹਰ ਵੀ ਹੁੰਦਾ ਹੈ। ਫਿਰ ਇਹ ਬੇਅਦਬੀ ਪੰਜਾਬ ਵਿੱਚ ਹੀ ਕਿਉਂ ਵਧ ਰਹੀ ਹੈ । ਇਸ ਸਵਾਲਾਂ ਦੇ ਘੇਰੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਉਂਦੀ ਹੈ  ਜਿਸ ਦੇ ਹੱਥ ਵਿੱਚ ਪੰਥ ਨੇ ਆਪਣੇ  ਸਿਰਮੌਰ  ਧਰਮ ਗ੍ਰੰਥ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਹੈ। 

ਦੂਜੀ ਗੱਲ ਜਦੋਂ ਇਨ੍ਹਾਂ ਬੇਅਦਬੀਆਂ ਦੀ ਸ਼ੁਰੂਆਤ  ਪਿੰਡਾਂ ਤੋਂ ਹੋਣੀ ਸ਼ੁਰੂ ਹੋਈ ਸੀ  ਉਦੋਂ ਹੀ  ਇਸ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ ? ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਜਿਸ ਸਮੇਂ ਬੇਅਦਬੀ ਹੋਈ ਸੀ ਉਸ ਸਮੇਂ ਵੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੁਆਰਾ ਕੋਈ ਗੰਭੀਰ ਫ਼ੈਸਲਾ ਕਿਉਂ ਨਹੀਂ ਲਿਆ ਗਿਆ ? ਜਦੋਂ ਕਿ ਇੱਥੇ ਬੇਅਦਬੀ ਕਰਨ ਆਏ ਬੰਦੇ ਦਾ ਸਬੰਧ ਸਿੱਧਾ ਸੱਚੇ ਸੌਦੇ  ਦੇ ਸਾਧ ਨਾਲ ਸੀ, ਉਹ ਤੇ ਮਾਨਸਿਕ ਰੋਗੀ ਨਹੀਂ ਸੀ ਫਿਰ ਵੀ ਉਸ ਨੂੰ ਮੌਤ ਦੀ ਸਜ਼ਾ ਕਿਉਂ ਨਹੀਂ ਸੁਣਾਈ ਗਈ? ਸਿੰਗੂ ਬਾਰਡਰ ਉੱਤੇ ਬੇਅਦਬੀ ਕਰਨ ਵਾਲੇ ਨੂੰ  ਜਦੋਂ ਸੋਧਿਆ ਗਿਆ  ਉਦੋਂ ਕੁਝ ਧਾਰਮਿਕ ਪ੍ਰਚਾਰਕਾਂ ਦੁਆਰਾ  ਕਿੰਤੂ ਪ੍ਰੰਤੂ ਕਿਉਂ ਕੀਤੀ ਗਈ ? ਬੇਅਦਬੀਆਂ ਕਰਨ ਵਾਲੇ ਮਾਨਸਿਕ ਰੋਗੀ ਹੀ ਕਿਉਂ ਹੁੰਦੇ ਹਨ ? ਸਭ ਤੋਂ ਵੱਡਾ ਸਵਾਲ ਪੰਜਾਬ ਵਿਚ ਹੀ ਇਹ ਬੇਅਦਬੀਆਂ ਕਿਉਂ ਹੋ ਰਹੀਆਂ ਹਨ ? ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੇਵਲ ਪੰਜਾਬ ਵਿੱਚ ਹੋ ਰਿਹਾ ਹੈ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇੱਕੋ ਸ਼ਬਦ ਤੋਂ ਲਿਆ ਜਾ ਸਕਦਾ ਹੈ ਉਹ ਹੈ "ਰਾਜਨੀਤੀ"। ਸਾਰੀ ਦੁਨੀਆਂ ਜਾਣਦੀ ਹੈ ਕਿ ਸਿੱਖ ਕੌਮ ਸਬਰ, ਨਿਡਰ ਤੇ ਨਿਰਵੈਰਤਾ ਵਾਲੀ ਕੌਮ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ  ਕਿ ਇਸ ਕੌਮ ਨੂੰ ਜਦੋਂ ਵੀ ਢਾਹ ਲੱਗੀ ਉਹ ਆਪਣਿਆਂ ਦੀ ਗੱਦਾਰੀ ਕਾਰਨ ਹੀ ਲੱਗੀ ਹੈ । 

ਅੱਜ ਵੀ ਜੋ ਹਾਲਾਤ ਪੰਜਾਬ ਵਿੱਚ ਵਿਗੜ ਰਹੇ ਉਸ ਦੇ ਪਿੱਛੇ ਵੀ ਕੁਝ ਆਪਣੇ ਹੀ ਗੱਦਾਰ ਲੋਕ ਹਨ ।ਜੋ ਚੰਦ ਕੁ ਰੁਪਿਆਂ ਦੀ ਖ਼ਾਤਰ ਆਪਣਾ ਜ਼ਮੀਰ ਵੇਚ ਕੇ ਕੌਮ ਨਾਲ ਗ਼ਦਾਰੀ ਕਰਦੇ ਹਨ ਕਿਉਂ ਕਿ ਉਨ੍ਹਾਂ ਨੂੰ ਕੇਵਲ ਭੁੱਖ ਰਾਜਨੀਤੀ ਦੀ ਜਾਂ ਫਿਰ ਨੋਟਾਂ ਦੀ ਹੈ । ਵੋਟਾਂ ਦੇ ਸਮੇਂ ਬੇਅਦਬੀਆਂ ਕਰਵਾਉਣ ਦਾ ਮਕਸਦ  ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਹੈ ਤਾਂ ਜੋ ਉਹ ਆਪਣੇ  ਹੱਕਾਂ ਨੂੰ ਭੁੱਲ ਕੇ  ਧਰਮ ਨੂੰ ਬਚਾਉਣ ਲਈ  ਰੋਸ ਮੁਜ਼ਾਹਰੇ ਕਰਨ ।  ਇਨ੍ਹਾਂ ਰਾਜਨੀਤਕ ਲੋਕਾਂ ਦੀ ਖੇਡ  ਇਹ ਹੀ ਹੈ ਕਿ  ਆਮ ਜਨਤਾ ਰੋਸ ਮੁਜ਼ਾਹਰੇ ਕਰੇ ਅਤੇ ਉਨ੍ਹਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੋ ਕੇ ਆਮ ਜਨਤਾ ਦਾ ਧਿਆਨ ਆਪਣੇ ਵੱਲ ਕਰ ਸਕੀਏ । 

ਯੂਰਪੀ ਦੇਸ਼ਾਂ ਵਿੱਚ  ਕਿੰਨੇ ਹੀ ਗੁਰੂ ਘਰ ਸਿੱਖਾਂ ਵੱਲੋਂ ਬਣਾਏ ਗਏ ਹਨ। ਉਨ੍ਹਾਂ ਗੁਰੂਘਰਾਂ ਦੀ ਸੇਵਾ ਸੰਭਾਲ ਆਮ ਸਿੱਖ ਭਾਈਚਾਰੇ ਵੱਲੋਂ ਹੀ ਕੀਤੀ ਜਾਂਦੀ ਹੈ ਫ਼ਰਕ ਸਿਰਫ਼ ਐਨਾ ਹੀ ਹੈ ਕਿ ਉਥੇ ਰਾਜਨੀਤਿਕ ਸਿਆਸਤ ਨਹੀਂ ਹੈ । ਉੱਥੇ ਸਿਰਫ਼ ਗੁਰੂ ਨਾਲ ਪਿਆਰ ਹੈ, ਇਸੇ ਪਿਆਰ ਦੇ ਸਦਕੇ  ਸਿੱਖ ਭਾਈਚਾਰਾ ਲਗਾਤਾਰ ਬੁਲੰਦੀਆਂ ਨੂੰ ਛੂਹ ਰਿਹਾ ਹੈ ।  ਬੇਸ਼ੱਕ ਆਪਸੀ ਵਿਚਾਰਾਂ ਦਾ ਟਕਰਾਅ  ਲਗਾਤਾਰ ਹੁੰਦਾ ਆ ਰਹਿੰਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਦੇ ਵੀ  ਮੋਹਰਾ ਬਣਾ ਕੇ ਵਰਤਿਆ ਨਹੀਂ ਗਿਆ ਹੈ ਸਗੋਂ ਉਨ੍ਹਾਂ ਦੀ ਹਜ਼ੂਰੀ ਵਿੱਚ ਆਪਸੀ ਵਿਚਾਰਾਂ ਦੇ ਟਕਰਾਅ ਨੂੰ ਭੁੱਲ ਕੇ ਨਿਮਰਤਾ ਦੀ ਮਿਸਾਲ ਪੈਦਾ ਕਰਦੇ ਹਨ। ਪੰਜਾਬ ਵਿਚ ਵਿਚਾਰਾਂ ਦਾ ਟਕਰਾਅ  ਘੱਟ ਹੈ ਪਰ ਅੰਦਰੂਨੀ ਸਾਜ਼ਿਸ਼ਾਂ ਵਿਚ  ਇਹ ਰਾਜਨੈਤਿਕ ਸਿਆਸਤੀ ਲੋਕ  ਗੁਰੂ ਨੂੰ ਵੀ ਵਰਤ ਰਹੇ ਹਨ । ਵੋਟਾਂ ਦੇ ਸਮੇਂ ਇਨ੍ਹਾਂ ਰਾਜਨੈਤਿਕ ਲੋਕਾਂ ਕੋਲ ਆਪਸੀ ਵੈਰ ਵਿਰੋਧ ਪੈਦਾ ਕਰਨ ਦੇ ਲਈ ਕੋਈ  ਹੋਰ ਮੁੱਦਾ ਨਹੀਂ ਹੁੰਦਾ। ਸਿਆਸਤਦਾਨਾਂ ਨੂੰ ਇਹ ਵੀ ਪਤਾ ਹੈ ਕਿ ਸਿੱਖ ਕੌਮ ਆਪਣੇ ਪਿੰਡੇ ਤੇ ਸੰਤਾਪ ਤਾਂ ਸਬਰ ਨਾਲ ਹਟਾ ਸਕਦੀ ਹੈ ਪਰ ਗੁਰੂ ਦੀ ਬੇਅਦਬੀ ਕਰਨ ਵਾਲੇ ਦਾ ਸਿਰ ਕਲਮ ਵੀ ਕਰ ਸਕਦੀ ਹੈ । ਸੋ ਅਜਿਹੀਆਂ ਸੋਚਾਂ ਨਾਲ ਹੀ ਇਹ ਰਾਜਨੈਤਿਕ ਸਿਆਸਤੀ ਲੋਕ  ਧਰਮ ਨੂੰ ਮੋਹਰਾ ਬਣਾ ਕੇ  ਸਿਆਸਤਬਾਜ਼ੀ ਕਰ ਰਹੇ ਹਨ ।

ਸਿਆਸਤ ਤੋਂ ਬਗੈਰ ਜਿੱਤਿਆ ਕਿਸਾਨੀ ਸੰਘਰਸ਼  ਇਸ ਗੱਲ ਦਾ ਸਦਾ ਗਵਾਹ ਰਹੇਗਾ ਕੀ "ਰਾਜਨੀਤੀ ਤੋਂ ਬਗੈਰ ਹਮੇਸ਼ਾ ਸੰਘਰਸ਼ ਦੀ ਜਿੱਤ ਹੁੰਦੀ ਹੈ, ਜਿੱਥੇ ਸਿਆਸਤ ਸ਼ੁਰੂ ਹੋ ਜਾਵੇ  ਉੱਥੇ ਨੁਕਸਾਨ ਆਪਣਿਆਂ ਦਾ ਹੀ ਹੁੰਦਾ ਹੈ ।"