ਇਕ ਸਿਖ ਦਾ ਬੁੱਧ ਨੂੰ ਪ੍ਰਣਾਮ (ਸਿਰਦਾਰ ਕਪੂਰ ਸਿੰਘ)

ਇਕ ਸਿਖ ਦਾ ਬੁੱਧ ਨੂੰ ਪ੍ਰਣਾਮ (ਸਿਰਦਾਰ ਕਪੂਰ ਸਿੰਘ)
ਤਸਵੀਰ: ਸੁਖਵਿੰਦਰ ਸਿੰਘ
ਸਿਰਦਾਰ ਕਪੂਰ ਸਿੰਘ
 
ਜੇ ਅਸੀਂ ਅੰਤਰਧਿਆਨ ਹੋ ਕੇ ਅੱਜ ਤੋਂ ਪੰਝੀ ਸੌ ਵਰ੍ਹੇ ਪਹਿਲਾਂ ਦੇ ਭਾਰਤ ਵੱਲ ਤੱਕੀਏ, ਤਾਂ ਅਸਾਨੂੰ ਇਕ ਅਜਿਹਾ ਸਮਾਜ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਕਿ ਚਹੁੰ ਵਰਣਾਂ ਵਿਚ ਵੰਡਿਆ ਹੋਇਆ ਹੈ, ਜਿਸ ਵੰਡ ਦੀਆਂ ਨੀਹਾਂ ਜਨਮ ਵਿਚ ਹਨ ਪਰ ਜਿਸ ਦਾ ਆਧਾਰ ਪਿਤਾਪੁਰਖੀ ਕਿੱਤਾ-ਕਿਰਤ ਹੈ। ਇਸ ਸਮਾਜ ਦੀ ਰਾਖੀ ਸੰਭਾਲ ਦਾ ਕੰਮ ਜਨਮਾਧਿਕਾਰ ਸਿੱਧ ਰਾਜੇ ਕਰਦੇ ਹਨ। ਪਰ ਨਾਲ-ਨਾਲ ਹੀ, ਦੇਸ ਦੇ ਕਈ ਪ੍ਰਾਂਤਾਂ ਦਾ ਰਾਜਕਾਜ ਨਿਰੋਲ ਲੋਕਾਸਥਾਪਿਤ ਪੰਚਾਇਤਾਂ ਦੇ ਹੱਥ ਹੈ। ਇਸ ਸਮਾਜ ਦੇ ਮਾਨਸਿਕ ਮੰਡਲਾਂ ਵਿਚ ਦੋ ਅਧਿਆਤਮਕ ਤਥਾ ਧਾਰਮਕ ਲਹਿਰਾਂ ਤੇ ਵਿਚਾਰਧਾਰਾਵਾਂ ਇਸਥਿਤ ਤੇ ਪ੍ਰਮਾਣੀਕ ਹਨ: ਇਕ ਵੈਦਿਕ ਅਤੇ ਦੂਸਰੀ ਸ਼੍ਰਮਣਕ ਤਥਾ ਉਪਨਿਸ਼ਦਿਕ
 
ਵੈਦਿਕ ਧਾਰਾ ਦਾ ਆਦਰਸ਼ ਬਾਹਰਮੁਖੀ ਇਸ ਧਰਤੀ ਨਾਲ ਸਬੰਧਤ, ਧਰਾਧਾਰਿਤ ਹੈ ਅਤੇ ਯੱਗਯ ਹੋਮ ਕਰਮ ਇਸ ਦੀ ਧਰਮ ਕਿਰਿਆ ਹੈ। ਇਸ ਧਰਤੀ ਦਾ ਸ੍ਰੀਰਬੱਧ ਜੀਵਨ ਅਤੇ ਇਸ ਦੇ ਸੁਖ-ਦੁਖ ਹੀ ਸਾਰਰੂਪ ਹਨ ਅਤੇ ਸੁਖ ਦੀ ਪ੍ਰਾਪਤੀ ਤੇ ਦੁਖ ਤੋਂ ਬਚਾਓ ਦੇ ਯਤਨ ਹੀ ਧਰਮ ਅਤੇ ਧਾਰਮਿਕ ਕਿਰਿਆ ਦਾ ਮੁੱਖ ਵਿਸ਼ਾ ਹਨ। ਯੱਗ, ਬਲੀ ਆਦਿਕ ਕਿਰਿਆ ਦੁਆਰਾ, ਵਿਸ਼ਵ ਦੀਆਂ ਸੂਖਸ਼ਮ ਸ਼ਕਤੀਆਂ, ਦੇਵੀ-ਦੇਵਤਿਆਂ ਨੂੰ ਪ੍ਰਸੰਨ ਕਰਕੇ ਰਾਜ, ਧਨ, ਧੀਰਆਯੂ, ਪੁੱਤਰ, ਪੋਤਰ ਆਦੀ ਸੁੱਖਾਂ ਦੀ ਪ੍ਰਾਪਤੀ ਅਤੇ ਸ਼ਤਰੂ, ਰੋਗ, ਉਪਾਧੀ, ਅਲਪ ਮ੍ਰਿਤੂ ਤੋਂ ਸਵੈਰੱਖਿਆ ਦੇ ਸਾਧਨ ਹੀ ਧਰਮ ਦੀ ਮੂਲ ਕਿਰਿਆ ਹਨ। ਉਪਨਿਸ਼ਿਦਕ ਵਿਚਾਰਧਾਰਾ, ਇਸ ਦੇ ਉਲਟ, ਦ੍ਰਿਸ਼ਟਮਾਨ ਸੰਸਾਰ ਅਤੇ ਇਸ ਦੀਆਂ ਵਿਭੂਤੀਆਂ ਨੂੰ ਆਧਾਰ ਮੰਨ ਕੇ, ਨਿੱਤਯ, ਇਕਰਸ ਅਦ੍ਰਿਸ਼ਟ ਸੰਸਾਰਧਾਰਾ ਦੀ ਖੋਜਭਾਲ ਅਤੇ ਉਸ ਦੀ ਪ੍ਰਾਪਤੀ ਦੇ ਯਤਨਾਂ ਨੂੰ ਹੀ ਧਰਮ ਦਾ ਮੁੱਖ ਵਿਸ਼ਾ ਅਤੇ ਧਰਮ ਕਿਰਿਆ ਪ੍ਰਵਾਨ ਕਰਦੀ ਹੈ। ਉਪਨਿਸ਼ਦ ਆਦਿ ਅਧਿਆਤਮਕ ਸ਼ਾਸਤਰਾਂ ਦੇ ਪਠਨ ਪਾਠਨ ਕਰਨ ਵਾਲੇ ਵਿਚਾਰਵਾਨ ਜਾਣਦੇ ਹਨ ਕਿ ‘‘ਆਤਮਾ’’ ਦਾ ਸਿਧਾਂਤ ਹੀ ਇਸ ਸ਼੍ਰਮਣਕ ਵਿਚਾਰਧਾਰਾ ਦਾ ਮੂਲ ਸਿਧਾਂਤ ਹੈ, ਵਿਅਕਤੀਗਤ ਰੂਪ ਵਿਚ ਮਨੁੱਖੀ ਆਤਮਾ ਅਤੇ ਵਿਸ਼ਵ ਦੇ ਸਾਰਤੱਤ ਰੂਪ ਵਿਚ ਪਰਮਾਤਮਾ, ਜੋ ਕਿ ਆਪੇ ਵਿਚ ਇਕਸਾਰ ਹਨ ਅਤੇ ਸੰਸਾਰ ਦਾ ਸਰਬਾਸ਼ਰ। ਇਸ ਵਿਅਕਤੀਗਤ ਆਤਮਾ ਦੀ ਪਰਮਾਤਮਾ ਨਾਲ ਅਭੇਦਤਾ ਪ੍ਰਾਪਤੀ ਤਥਾ ਸੰਪਰਕ ਦੇ ਸਾਧਨ ਹੀ ਯੋਗ ਤੇ ਪਰਮ ਧਰਮ ਕਹਿਲਾਂਦੇ ਹਨ।
 
ਇਸ ਸਮਾਜਿਕ ਤੇ ਮਾਨਸਿਕ ਪਿਛੋਕੜ ਅਤੇ ਵਾਤਾਵਰਣ ਵਿਚ ਮਹਾਨ ਆਤਮਾ ਗੌਤਮ ਬੁੱਧ ਨੇ ਢਾਈ ਹਜ਼ਾਰ ਵਰ੍ਹੇ ਪਹਿਲਾਂ ਜਨਮ ਲਿਆ। ਮਹਾਤਮਾ ਗੌਤਮ ਬੁੱਧ ਨੇ ਜਿਸ ਧਰਮ ਤੁਰੰਗ ਅਤੇ ਸਮਾਜ ਨੂੰ ਜਨਮ ਦਿੱਤਾ, ਉਸ ਦੇ ਮੌਲਿਕ ਸਿਧਾਂਤ ਉਸ ਦਾ ਅਭਿਧੱਮ, ਉਸ ਪਾਠ ਵਿਚ ਅੰਕਿਤ ਹੈ ਜੋ ਕਿ ਬੋਧੀ ਮੱਠਾਂ ਵਿਚ, ਸਵੇਰੇ ਸ਼ਾਮ, ਸਾਂਝੇ ਪੂਜਾ ਪਾਠ ਸਮੇਂ, ਭਿਖੂ ਉੱਚੀ ਸਵਰ ਨਾਲ ਪੜ੍ਹਦੇ : ‘‘ਸਭ ਦੁਖ, ਸਭ ਅਨਿੱਤ, ਸਭ ਅਨੱਤ।’’ ਭਾਵ ਇਹ ਕਿ ਨਾਮਰੂਪ ਉਤੇ ਨਿਰਭਰ ਸਾਰਾ ਸੰਸਾਰ ਦੁਖ ਦਾ ਕਾਰਨ ਅਤੇ ਰੂਪ ਹੈ ਅਤੇ ਕੋਈ ਅਵੱਸਥਾ ਇਸ ਵਿਚ ਅਜਿਹੀ ਨਹੀਂ ਜਿਸ ਵਿਚੋਂ ਨਿਰੋਲ ਸੁਖ ਦੀ ਸੰਭਾਵਨਾ ਹੋਵੇ। ਅਜਿਹੀ ਸੰਭਾਵਨਾ ਅਤੇ ਆਸ਼ਾ ਅਗਿਆਨ ਆਸ਼ਿਰਤ ਹੈ। ਇਸ ਸੰਸਾਰ ਵਿਚ ਕੋਈ ਵਸਤੂ ਸਥਾਈ ਅਤੇ ਟਿਕਣ ਵਾਲੀ ਨਹੀਂ। ਇਕ ਰਸ ਕੁਝ ਨਹੀਂ ਹੈ, ਪਰਿਵਰਤਨ ਹੀ ਸੰਸਾਰ ਦਾ ਸਾਰ ਹੈ। ‘ਸਭ ਅਨੱਤ’ ਦੇ ਅਰਥ ਹਨ, ਅੱਤ-ਰਹਿਤ, ‘ਅੱਤ’ ਪਾਲੀ ਵਿਚ ‘ਆਤਮਾ’ ਨੂੰ ਕਹਿੰਦੇ ਹਨ। ਨਾਮਰੂਪ ਦਾ ਸੰਸਾਰ, ਅਨਾਤਮ, ਆਤਮਾ ਰਹਿਤ ਹੈ। ਪਰਿਵਰਤਨਸ਼ੀਲ, ਸਦਾ ਬਦਲਦੇ ਦਿਸਦੇ ਵਸਦੇ ਸੰਸਾਰ ਦੇ ਪਿਛੇ, ਕੋਈ ਟਿਕੇ ਰਹਿਣ ਵਾਲਾ, ਇੱਕ ਰਸ, ਸਥਿਰ ਸਾਰ ਨਹੀਂ ਹੈ। ਇਹ ਤਿੰਨ ਸਿਧਾਂਤ ਹੀ ਬੋਧ ਮੱਤ ਦੀ ਨੀਂਹ ਹਨ।
 
ਸਮਾਜਕ ਪੱਧਰ ਉੱਤੇ ਭਾਵੇਂ ਬੁੱਧ ਮੱਤ ਵੇਦ ਦੀ ਨਿਸ਼ਚਿਤ ਕੀਤੀ ਹੋਈ ਵਰਣ ਵਿਵਸਥਾ ਨੂੰ ਨਹੀਂ ਸਵੀਕਾਰ ਕਰਦਾ, ਪਰ ਸਮਾਜ ਵਿਚੋਂ ਚਤੁਰਵਰਣ ਦੀ ਪਰਿਪਾਟੀ ਨੂੰ ਨਾਸ਼ ਕਰਨ ਦਾ ਯਤਨ ਵੀ ਨਹੀਂ ਕਰਦਾ, ਕਿਉਂ ਜੁ ਬੁੱਧ ਮੱਤ ਅਜਿਹੇ ਪਰਿਵਰਤਨ ਨੂੰ ਉੱਕਾ ਬੇਲੋੜਾ ਅਤੇ ਗੈਰਜ਼ਰੂਰੀ ਸਮਝਦਾ ਹੈ। ਚਤੁਰਵਰਣ ਦੀ ਰਹੁਰੀਤ ਸਮਾਜ ਵਿਚ ਪ੍ਰਚਲਤ ਰਹੇ ਜਾਂ ਨਾ ਰਹੇ ਭਿਖੂ ਦਾ, ਸ੍ਰੇਸ਼ਟ ਪੁਰਸ਼ ਦਾ, ਉਦੇਸ਼ ਹੈ, ਨਿਰਵਾਣ ਪ੍ਰਾਪਤੀ, ਜਿਨ੍ਹਾਂ ਸਾਧਨਾਂ ਉਤੇ ਕਿ ਵਰਣ ਵਿਵਸਥਾ ਦੀ ਹੋਂਦ ਜਾਂ ਅਣਹੋਂਦ ਦਾ ਕੋਈ ਪ੍ਰਭਾਵ ਨਹੀਂ ਪੈਂਦਾ।
 
ਇਹਨਾਂ ਵਿਚਾਰਾਂ ਦਾ ਸਿੱਟਾ ਇਹ ਹੀ ਹੋਣਾ ਸੀ ਤੇ ਹੋਇਆ ਕਿ ਬੋਧ ਮੱਤ ਅਤੇ ਸੰਘ ਤੋਂ ਬਾਹਰ, ਜਾਤਪਾਤ ਦਾ ਵਿਤਕਰਾ ਬਣਿਆ ਰਿਹਾ ਅਤੇ ਵਰਣ ਵਿਵਸਥਾ ਹਿੰਦੂ ਸਮਾਜ ਦਾ ਅਖਿੱਲ ਅੰਗ ਬਣਿਆ ਰਿਹਾ। ਵਰਣ ਵਿਵਸਥਾ ਦਾ ਸਿਧਾਂਤ ਭਾਰਤੀ ਸਮਾਜ ਵਿਚ ਚੌਦਵੀਂ ਸਦੀ ਦੇ ਅੰਤ ਤੱਕ ਅਤੇ ਪੰਦਰਵੀਂ ਸਦੀ ਦੇ ਪ੍ਰਾਰੰਭ ਤੱਕ ਜਦੋਂ ਕਿ ਸਿੱਖ ਮੱਤ ਦਾ ਜਨਮ ਹੋਇਆ, ਸੁਤੇ-ਸਿਧ ਪ੍ਰਮਾਣਿਕ ਮਿਥਿਆ ਜਾਂਦਾ ਰਿਹਾ। ਵੈਸ਼ਨਵ ਮੱਤ ਦੀ ਭਗਤੀ ਲਹਿਰ ਵਿਚ, ਹਿੰਦੂ ਸਮਾਜ ਦੀ ਵਰਣ ਵਿਵਸਥਾ ਬਾਰੇ ਵਿਚਾਰਾਂ ਵਿਚ ਥੋੜ੍ਹੀ ਜਿਤਨੀ ਲਚਕ, (C.1400. A.D.) ਰਾਮਾਨੰਦ ਦੇ ਪ੍ਰਚਾਰ ਦੇ ਕਾਰਨ ਆਈ ਪਰ ਰਾਮਾਨੰਦ ਨੂੰ ਬ੍ਰਾਹਮਣਾਂ ਨੇ ਹਿੰਦੂ ਸਮਾਜ ਵਿਚੋਂ ਹੀ ਛੇਕ ਦਿੱਤਾ। ਰਾਮਾਨੁਜ ਜੋ ਕਿ ਰਾਮਾਨੰਦ ਦਾ ਗੁਰੂ ਸੀ ਅਤੇ ਆਧੁਨਿਕ ਵੈਸ਼ਨਵ ਮੱਤ ਦਾ ਸੰਚਾਲਕ, ਬੜਾ ਪੱਕਾ ਦੱਖਣ ਭਾਰਤੀ ਬ੍ਰਾਹਮਣ ਸੀ। ਆਪਣੇ ਪ੍ਰਸਿੱਧ ਸ੍ਰੀਭਾਸ਼ਯ, ਵਿਚ (2/3/46-47) ਉਹ ਕਹਿੰਦਾ ਹੈ ਕਿ ਸਭ ਮਨੁੱਖਾਂ ਦੇ ਆਤਮਾ, ਬ੍ਰਹਮ ਦੀ ਅੰਸ਼ ਹੋਣ ਦੇ ਸਦਕੇ, ਇਕ ਰੂਪ ਹੀ ਹਨ ਪਰ ਕੁਝ ਮਨੁੱਖ ਵੇਦ ਅਧਯਨ ਦੇ ਅਧਿਕਾਰੀ ਹਨ ਅਤੇ ਕੁਝ ਨਹੀਂ। ਜਿਵੇਂ ਕਿ ਸਭ ਅਗਨੀ ਦਾ ਸਾਰ ਇਕੋ ਹੈ ਪਰ ਬ੍ਰਾਹਮਣ ਦੇ ਘਰ ਦੀ ਅਗਨੀ ਪਵਿੱਤਰ ਹੈ ਅਤੇ ਸ਼ਮਸ਼ਾਨ ਦੀ ਅਪਵਿੱਤਰ। ਇਸ ਪ੍ਰਕਾਰ ਹੀ ਆਤਮਾ ਨੀਚ ਜਾਤ ਦੇ ਸਰੀਰ ਨਾਲ ਸਪੱਰਸ਼ ਦੇ ਕਾਰਨ ਅਨਿਧਕਾਰੀ ਹੋ ਜਾਂਦੀ ਹੈ।
 
ਬੁੱਧ ਮੱਤ ਦੇ ਉਪਰੋਕਤ ਤ੍ਰੀ-ਸਿਧਾਂਤ ਦਾ ਪ੍ਰਭਾਵ ਵੀ ਇਹ ਹੀ ਸੀ ਕਿ ਸ੍ਰੇਸ਼ਟ ਪੁਰਸ਼ ਸਮਾਜਿਕ ਕਰਮ ਅਤੇ ਰਾਜਸੀ ਜੱਦੋਜਹਿਦ ਦਾ ਤਿਆਗ ਕਰਕੇ ਸੰਘ ਵਿੱਚ ਸ਼ਾਮਲ ਹੋ ਜਾਣ ਅਤੇ ਬਾਕੀ ਦੇ ਸਮਾਜ ਦੀ ਅਵਸਥਾ ਨਿਰਕ੍ਰਾਂਤਿ, ਬਿਨਾਂ ਪਰਿਵਰਤਨ ਦੇ ਚੱਲਦੀ ਰਹੇ।
ਬੁੱਧ ਮੱਤ ਦੇ ਇਹਨਾਂ ਸਿਧਾਂਤਾਂ ਅਤੇ ਉਹਨਾਂ ਦੇ ਅਜਿਹੇ ਪ੍ਰਚਾਰ ਦੇ ਬੜੇ ਦੂਰਰਸ ਅਤੇ ਗੌਰਵਮਈ ਸਿੱਟੇ ਨਿਕਲੇ, ਜਿਨ੍ਹਾਂ ਦੇ ਅਸਰ ਵਿਅਕਤੀਗਤ ਚਲਨ ਤੇ ਸਮਾਜਿਕ ਰਾਜਸੀ ਖੇਤਰਾਂ ਵਿਚ ਭਰਪੂਰ ਪਏ। ਸਾਰਾ ਭਾਰਤ, ਦੱਖਣ ਪੂਰਬੀ ਏਸ਼ੀਆ ਦੇ ਦੂਰ ਪੂਰਬੀ ਦੇਸ ਇਨ੍ਹਾਂ ਅਸਰਾਂ ਹੇਠਾਂ ਆਏ ਅਤੇ ਹਜ਼ਾਰ ਵਰ੍ਹੇ ਤੋਂ ਵੱਧ ਇਹਨਾਂ ਅਸਰਾਂ ਤੋਂ ਪ੍ਰਭਾਵਿਤ ਹੋਏ। ਇਹਨਾਂ ਸਿਧਾਂਤਾਂ ਬਾਰੇ ਗੌਤਮ ਬੁੱਧ ਦਾ ਕਥਨ ਹੈ ਕਿ ਇਹ ਪ੍ਰਾਚੀਨ ਤੇ ਸਨਾਤਨ ਸਿਧਾਂਤ ਹਨ, ‘‘ਏਸ਼ੇ ਧੱਮਮ ਸਨਾਤਨਮ’’। ਸਮਯੁਕਤ ਨਿਕਾਯ ਵਿਚ ਅੰਕਿਤ, ਗੌਤਮ ਬੁੱਧ ਦਾ ਕਥਨ ਹੈ, (2.106)
‘‘ਅਸਾਂ ਸਨਾਤਨ ਧਰਮ, ਪ੍ਰਾਚੀਨ ਪੱਥ ਲੱਭਾ ਹੈ। ਜਿਸ ਪੱਥ ਉੱਤੇ, ਪ੍ਰਾਚੀਨ ਬੁੱਧ ਚੱਲਦੇ ਰਹੇ ਹਨ, ਉਸੇ ਪੱਥ ਉੱਤੇ ਅਸੀਂ ਚੱਲ ਰਹੇ ਹਾਂ।’’
 
ਇਹ ਗੱਲ ਕਹਿਣ ਵਿਚ ਬੜੀ ਵਚਿੱਤ੍ਰ ਹੈ, ਪਰ ਹੈ ਠੀਕ ਕਿ ਗੌਤਮ ਬੁੱਧ ਸਰਵਸ੍ਰੇਸ਼ਟ ਸਾਧੂ ਅਤੇ ਧਰਮ ਦੀਆਂ ਬਿਰਤੀਆਂ ਰੱਖਣ ਵਾਲੇ ਪੁਰਸ਼ ਨੂੰ ‘‘ਸਿੱਖ’’, ‘‘ਸੇਖ’’ ਹੀ ਕਹਿੰਦਾ ਸੀ, ਉਹੋ ਸੰਗਿਆ ਜਿਸ ਨਾਲ ਕਿ ਸਿੱਖ ਗੁਰੂਆਂ ਦੇ ਅਨੁਯਾਈ ਦੋ ਹਜ਼ਾਰ ਵਰ੍ਹੇ ਪਿੱਛੇ, ਸੰਸਾਰ ਵਿਚ ਪ੍ਰਸਿੱਧ ਹੋਏ। ਪਾਲੀ ਗ੍ਰੰਥ ‘‘ਧਮਪਦ’’ ਵਿਚ ਇਹ ਸ਼ਬਦ ਅਤੇ ਇਸ ਦੀ ਵਿਆਖਿਆ ਸਪੱਸ਼ਟ ਕੀਤੀ ਹੋਈ ਹੈ : ‘‘ਕੋ ਇਮਮ ਪੱਥਵਮ ਵਿਜੱਸਤਿ, ਯਮ ਲੋਕਮ ਚ ਇਮਮ ਸਦੇਵਕਮ? ਕੋ ਧਮਪਦ ਸੁਦੇਵਕਮ, ਕੁਸ਼ਲੋ ਪੁਫਮ ਇਵਾ ਪਰੱਸਤੀ?’’ ਅਰਥਾਤ, ‘‘ਇਸ ਸੰਸਾਰ ਦੇ ਮਾਰਗ ਨੂੰ, ਜੋ ਕਿ ਯਮ ਅਤੇ ਉਸ ਦੇ ਆਗਿਆਕਾਰੀ ਦੇਵਾਂ ਦੇ ਅਧਿਕਾਰ ਵਿਚ ਹੈ, ਕੌਣ ਜਿਤੇਗਾ? ਧਰਮ ਦਾ ਸ਼ੁੱਧ ਪੰਥ ਕੌਣ ਗ੍ਰਹਿਣ ਕਰੇਗਾ, ਜਿਵੇਂ ਕਿ ਪ੍ਰਬੀਨ ਮਾਲੀ ਸੁਹਣਾ ਫੁੱਲ ਚੁਣ ਲੈਂਦਾ ਹੈ?’’ ਇਉਂ ਪ੍ਰਸ਼ਨ ਕਰਕੇ ਫੇਰ ਅੱਗੇ ‘‘ਧਮਪਦ’’ ਵਿਚ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ ਹੈ: ‘‘ਸੇਖੋ ਪੱਥਵਿਮ ਵਿੱਜਸਤਿ, ਕੁਸ਼ਲੋ ਪੱਫਮ ਇਵਾ ਪਚੱਸਤਿ।’’ ਅਰਥਾਤ ‘‘ਸਿੱਖ ਹੀ ਇਸ ਸੰਸਾਰ ਦੇ ਮਾਰਗ ਨੂੰ ਜੋ ਕਿ ਯਮ ਅਤੇ ਉਸ ਦੇ ਆਗਿਆਕਾਰੀ ਦੇਵਾਂ ਦੇ ਅਧਿਕਾਰ ਵਿਚ ਹੈ, ਜਿੱਤੇਗਾ। ਸਿੱਖ ਹੀ ਸ਼ੁੱਧ ਧਰਮ ਦਾ ਪੰਥ ਲੱਭੇਗਾ, ਜਿਵੇਂ ਕਿ ਸਿਆਣਾ ਮਾਲੀ ਸੁਹਣਾ ਫੁੱਲ ਚੁਣ ਲੈਂਦਾ ਹੈ।’’
 
ਇਸੇ ਮਹਾਨ ਅਤੇ ਪ੍ਰਾਚੀਨ ਆਦਰਸ਼ ਦਾ ਪ੍ਰਚਾਰ ਸਿੱਖ ਗੁਰੂਆਂ ਨੇ ਕੀਤਾ ਅਤੇ ਇਹੋ ਕਾਰਨ ਉਹਨਾਂ ਦੇ ਉਪਦੇਸ਼ਾਂ ਉੱਤੇ ਚੱਲਣ ਵਾਲਿਆਂ ਦਾ ‘ਸਿੱਖ’ ਕਹਾਉਣ ਦਾ ਹੈ। ‘ਸਿੱਖ’ ਇਸ ਲਈ ਨਹੀਂ ਕਿ ਉਹ ‘‘ਗੁਰੂ’’ ਦਾ ‘ਸ਼ਿਸ਼ਯ’ ਹੈ, ‘ਸਿੱਖ’ ਇਸ ਲਈ ਕਿ ਉਹ ਧਰਮ ਨੂੰ ਮਨੁਖ ਮਾਤਰ ਦਾ ਸਰਵੋਤਮ ਆਦਰਸ਼ ਪ੍ਰਵਾਨ ਕਰਦਾ ਹੈ ਅਤੇ ਧਰਮ ਉੱਤੇ ਚੱਲ ਕੇ ਆਤਮਿਕ ਔਜ ਪ੍ਰਾਪਤ ਕਰਨ ਦੇ ਯਤਨਾਂ, ਸਾਧਨਾਂ ਨੂੰ ਮਨੁੱਖ ਦਾ ਸਰਵਸ੍ਰੇਸ਼ਟ ਕਰਤੱਵਯ ਮੰਨਦਾ ਹੈ ਅਤੇ ਇਹ ਪੰਦਰਵੀਂ ਸ਼ਤਾਬਦੀ ਮਸੀਹੀ ਵਿਚ ਘੜਿਆ ਗਿਆ, ਗੁਰੂ ਨਾਨਕ ਦੇ ਸ਼ਰਧਾਲੂਆਂ ਨੂੰ ਸੰਬੋਧਤ ਕਰਨ ਵਾਲਾ, ਜਿਵੇਂ ਕਿ ਸਧਾਰਨ ਵਿਸ਼ਵਾਸ ਹੈ, ਸ਼ਬਦ ਨਹੀਂ ਹੈ। ਸਿੱਖ ਮਤ ਦਾ ਬੁੱਧ ਮੱਤ ਦੀਆਂ ਰੁਚੀਆਂ ਅਤੇ ਵਿਚਾਰਧਾਰਾ ਨਾਲ ਜੋ ਅਪ੍ਰਸਿੱਧ ਸੰਬੰਧ ਹੈ, ਉਸ ਦੀ ਇਹ ‘ਸਿੱਖ’ ਸ਼ਬਦ ਹੀ ਕੁੰਜੀ ਹੈ।
 
ਬੁੱਧ ਮੱਤ ਦੇ ਇਸ ਵਿਚਾਰ ਨੇ ਕਿ ਸਮਾਜੀ ਅਤੇ ਰਾਜਸੀ ਜੀਵਨ ਘਟੀਆ ਮਾਨੁਸ਼ੀ ਪੱਧਰ ਦਾ ਜੀਵਨ ਹੈ, ਜਿਸ ਵਿਚ ਕਿ ਦਿਲਚਸਪੀ ਲੈਣਾ ਜਾਂ ਜਿਸ ਦੀ ਕਰਮ ਕਿਰਿਆ ਨੂੰ ਗ੍ਰਹਿਣ ਕਰਨਾ, ਬਿਬੇਕ ਬੁੱਧੀ, ਧਾਰਮਿਕ ਰੁਚੀਆਂ ਵਾਲੇ, ਵਿਚਾਰਵਾਨ ‘ਸਿੱਖ’ ਲਈ ਸ਼ੋਭਨੀਕ ਤੇ ਪ੍ਰਮਾਣਿਕ ਨਹੀਂ, ਭਾਰਤ ਦੀ ਆਤਮਾ ਅਤੇ ਦੋ ਹਜ਼ਾਰ ਵਰ੍ਹੇ ਪਹਿਲਾਂ ਦੇ ਸਭਿਆ ਸੰਸਾਰ, ਚੀਨ, ਜਾਪਾਨ, ਕੋਰੀਆ, ਬਰਮਾ, ਲੰਕਾ, ਤਿੱਬਤ, ਤੁਰਕਿਸਤਾਨ, ਮੰਗੋਲੀਆ, ਅਫਗਾਨਿਸਤਾਨ, ਬਾਲੀ, ਸੁਮਾਟਰਾ, ਜਾਵਾ, ਸਿਆਮ, ਕੰਬੋਡੀਆ ਆਦਿ ਦੇਸਾਂ ਦੀ ਆਤਮਾ ’ਤੇ ਬੜਾ ਭਰਪੂਰ ਪ੍ਰਭਾਵ ਪਾਇਆ ਅਤੇ ਬੁੱਧ ਧਰਮ ਦੇ ਪ੍ਰਭਾਵ ਹੇਠਾਂ ਮਨੁੱਖੀ ਆਤਮਾ ਕੋਮਲ ਹੁਨਰ, ਦਾਰਸ਼ਨਿਕ ਵਿਚਾਰਾਂ, ਕਰੁਣਾ, ਦਇਆ ਆਦਿ ਦੈਵੀ ਗੁਣਾਂ ਦੀਆਂ ਨਵੀਂਆਂ ਟੀਸੀਆਂ ਉੱਤੇ ਪਹੁੰਚੀ, ਪਰ ਨਾਲ ਨਾਲ ਹੀ, ਅਦ੍ਰਿਸ਼ਟ ਪਰ ਸਪੱਸ਼ਟ ਰੂਪ ਵਿਚ, ਬੁੱਧ ਮੱਤ ਦੇ ਪ੍ਰਭਾਵ ਹੇਠਾਂ ਆਈ ਹੋਈ ਮਨੁੱਖਤਾ ਵਿਚੋਂ ਸਮਾਜਿਕ ਸੱਤਿਆ ਅਤੇ ਰਾਜਨੀਤਿਕ ਵਾਸਤਵਿਕਤਾ ਦਾ ਅਭਾਵ ਹੁੰਦਾ ਗਿਆ ਅਤੇ ਇਹ ਕਮਜ਼ੋਰੀ ਪ੍ਰਤੱਖ ਰੂਪ ਵਿਚ ਉਸ ਸਮੇਂ ਸਹੀ ਹੋਈ ਜਦੋਂ ਬੁੱਧ ਮੱਤ ਦੇ ਜਨਮ ਤੋਂ ਇਕ ਹਜ਼ਾਰ ਵਰ੍ਹੇ ਪਿਛੋਂ ਇਸਲਾਮ ਨੇ ਆਪਣੀ ਵਿਸ਼ਵ ਵਿਆਪੀ ਯਲਗਾਰ ਦਾ ਆਰੰਭ ਕੀਤਾ। ਇਸਲਾਮ ਦੇ ਤੂਫਾਨੀ ਧਾਰਮਿਕ ਜ਼ੋਸ਼ ਅਤੇ ਅਵੁੱਨਿਤ ਸਭਿਅਤਾ ਦੇ ਸਾਹਮਣੇ ਬੋਧੀ ਸਮਾਜ, ਇਉਂ ਢੱਠ ਪਿਆ, ਜਿਵੇਂ ਹਨੇਰੀ ਦੇ ਵੇਗ ਮੂਹਰੇ, ਫਲਾਂ ਫੁੱਲਾਂ ਨਾਲ ਲੱਦੇ ਹੋਏ ਦਰੱਖਤ, ਪਰ-ਪਾਣੀ ਨਾਲ ਮਾਰੀਆਂ ਹੋਈਆਂ ਜੜ੍ਹਾਂ ਵਾਲੇ, ਢੈ ਢੇਰੀ ਹੋ ਜਾਂਦੇ ਹਨ। ਇਉਂ ਮਹਾਨ ਬੁੱਧ ਮੱਤ ਦੀ ਉੱਪਜ, ਉੱਚ ਸਭਿਅਤਾ, ਇਸਲਾਮ ਦੇ ਹੜ੍ਹ ਸਾਹਮਣੇ, ਮੱਧ ਪੂਰਬ, ਮੱਧ ਏਸ਼ੀਆ ਅਫਗਾਨਿਸਤਾਨ, ਗੰਧਾਰ ਆਦਿ ਦੇਸਾਂ ਵਿਚੋਂ ਬਿਨਾਂ ਵਰਨਣਯੋਗ ਮੁਕਾਬਲਾ ਕੀਤੇ ਦੇ ਅਲੋਪ ਹੋ ਗਈ ਅਤੇ ਬੋਧੀ ਮੱਠਾਂ ਅਤੇ ਕੋਮਲ ਹੁਨਰਾਂ ਨੂੰ ਗ਼ਾਜੀਆਂ ਦੇ ਹਥੌੜਿਆਂ ਨੇ ਭੰਨ ਸੁੱਟਿਆ ਜਾਂ ਰੇਤ ਦੇ ਟੀਲ ਭਕਸ਼ਨ ਕਰ ਗਏ।
 
ਇਉਂ ਸਿੱਖ ਗੁਰੂਆਂ ਅਤੇ ਸਿੱਖ ਮੱਤ ਦੇ ਜ਼ੁੰਮੇ ਇਹ ਮਹਾਨ ਕੰਮ ਆਣ ਲੱਗਾ ਕਿ ਮਹਾਨ ਬੁੱਧ ਮੱਤ ਤੋਂ ਉਪਜੀਆਂ ਰੁਚੀਆਂ ਨੇ ਜਿਨ੍ਹਾਂ ਸਰਵਸ੍ਰੇਸ਼ਟ ਕਦਰਾਂ ਕੀਮਤਾਂ ਨੂੰ ਜਨਮ ਦਿੱਤਾ ਤੇ ਉਜਾਗਰ ਕੀਤਾ ਸੀ, ਉਹਨਾਂ ਦੀ ਉਤੇਜਨਾ ਅਤੇ ਰਾਖੀ ਸੰਭਾਲ ਲਈ ਅਜਿਹੇ ਸਮਾਜ ਸੰਗਠਨ ਦੀਆਂ ਨੀਹਾਂ ਰੱਖੀਆਂ ਜਾਣ, ਜਿਹੜਾ ਨਰੋਆ ਅਤੇ ਨਿੱਗਰ ਹੋਵੇ ਤੇ ਝੱਖੜਾਂ ਹੜ੍ਹਾਂ ਦੇ ਮੁਕਾਬਲੇ ’ਤੇ ਖਲੋ ਸਕਦਾ ਹੋਵੇ। ਜਦੋਂ ਤੱਕ ਸਮਾਜਿਕ ਜੀਵਨ, ਰਾਜਨੀਤਿਕ ਕਿਰਿਆ ਕਰਮ ਅਤੇ ਦ੍ਰਿਸ਼ਟ ਸੰਸਾਰ ਨੂੰ ਸਾਰ ਰੂਪ ਤੇ ਤਤ੍ਵਸਥਿਤ ਨਾ ਮਿਥਿਆ ਜਾਵੇ, ਕਿਸੇ ਨਰੋਏ ਅਤੇ ਨਿੱਗਰ ਸਮਾਜ ਦੀ ਉਪਜ ਤੇ ਵਿਕਾਸ ਸੰਭਵ ਨਹੀਂ, ਇਹੋ ਸਿੱਖਿਆ ਬੋਧੀ ਸਮਾਜਾਂ ਦੀ ਤਵਾਰੀਖੀ ਦੁਰਗਤੀ ਤੋਂ ਮਿਲਦੀ ਹੈ। ‘ਸਭ ਦੁਖ, ਸਭ ਅਨੱਤ, ਸਭ ਅਨਿੱਤ’, ਦੀ ਮੁਹਾਰਨੀ ਦਾ ਪ੍ਰਭਾਵ ਸਮਾਜ ਉਤੇ ਉਹੋ ਪੈਂਦਾ ਹੈ, ਜੋ ਕਿ ਤਾਰੀਖ ਦਰਸਾਉਂਦੀ ਹੈ, ਬੋਧੀ ਸਮਾਜਾਂ ਉਤੇ ਪਿਆ, ਭਾਵੇਂ ਇਸ ਬੋਧੀ ਤ੍ਰੀ-ਸਿਧਾਂਤ ਦਾ ਦਾਰਸ਼ਨਿਕ ਮਹੱਤਵ, ਕਿੰਨਾ ਹੀ ਗੌਰਵਮਈ ਕਿਉਂ ਨਾ ਹੋਵੇ।
 
ਸਿੱਖ ਗੁਰੂਆਂ ਨੇ ‘‘ਸਭ ਅਨੱਤ’’ ਨੂੰ ਇਸ ਭਾਵ ਵਿਚ ਤਾਂ ਪ੍ਰਵਾਨ ਕੀਤਾ ਹੈ ਕਿ ਗਿਆਨ ਇੰਦ੍ਰਿਆਂ ਦੀ ਪਹੁੰਚ ਵਿਚ ਆਉਣ ਵਾਲੀਆਂ ਅਤੇ ਕਰਮ ਇੰਦ੍ਰਿਆ ਨਾਲ ਗ੍ਰਹਿਣ ਕਰਨਯੋਗ ਵਿਭੂਤੀਆ ਅਸਾਰ ਅਤੇ ਅਨਾਤਮ, ਅਨੱਤ ਹਨ। ਪਰ ਆਪਣੇ ਉਪਦੇਸ਼ਾਂ ਵਿਚ ਜ਼ੋਰ ਉਹਨਾਂ ਨੇ ਆਤਮਾ ਦੇ ਉਪਨਿਸ਼ਿਦਕ ਸਿਧਾਂਤ ਉਤੇ ਹੀ ਦਿਤਾ ਕਿ ਮਨੁੱਖੀ ਆਤਮਾ, ਤਿੰਨ ਕਾਲ ਸੱਤਿਆ, ਸਦਾ ਸਥਿਰ ਅਤੇ ਪ੍ਰਮਾਤਮਾ ਨਾਲ ਅਭਿੰਨ ਹੈ। ‘‘ਮਨ ਤੂੰ ਜੋਤ ਸਰੂਪ ਹੈ’’। ਇਉਂ ਵਿਅਕਤੀਗਤ ਮਨੁੱਖੀ ਜੀਵਨ ਨੂੰ ਪਾਰਲੌਕਿਕ ਮਹੱਤਵ ਪ੍ਰਦਾਨ ਕੀਤਾ, ਜਿਸ ਦਾ ਅਭਾਵ ਬੋਧ ਸਮਾਜ ਦੀ ਵੱਡੀ ਕਮਜ਼ੋਰੀ ਸਿੱਧ ਹੋਈ ਸੀ। ਫੇਰ ਇਹ ਉਪਦੇਸ਼ ਦਿੱਤਾ ਕਿ ਭਾਵੇਂ ਸੰਸਾਰ ਅਸਾਰ, ਸਦਾ ਨਾ ਰਹਿਣ ਵਾਲਾ ਹੈ, ਪਰ ਇਸ ਦਾ ਤ੍ਰਿਸਕਾਰ ਤਿਆਗ ਮੁਕਤੀ ਦਾ ਸਾਧਨ ਨਹੀਂ ਹੈ, ਸਗੋਂ ਸੰਸਾਰਕ ਵਾਤਾਵਰਣ ਵਿਚ ਵਿਚਰ ਕੇ, ਉਸ ਸਮਾਜ ਦੀ ਸੇਵਾ ਉੱਨਤੀ, ਜਿਸ ਸਮਾਜ ਦਾ ਕਿ ਮਨੁੱਖ ਅੰਗ ਹੈ, ਹੀ ਮੁਕਤੀ ਦਾ ਪ੍ਰਮਾਣੀਕ ਸਾਧਨ ਹੈ, ਕਿਉਂ ਜੁ ਸੰਸਾਰ ਅਸਥਿਰ ਹੈ ਪਰ ਅਸੱਤਿਆ ਨਹੀਂ, ਅਨਿਤ ਇਸ ਦਾ ਆਧਾਰ ਨਹੀਂ, ਅਨਿਤ ਇਸ ਦਾ ਰੂਪ ਹੈ।
‘‘ਆਪ ਸਤ ਕੀਆ ਸਭ ਸਤ।’’
‘‘ਬੂਝਨਹਾਰ ਕੋ ਸੱਤ ਸਭ ਹੋਇ’’।
‘‘ਸੇਵਾ ਕਰਤ ਹੋਇਆ ਨਿਹਕਾਮੀ। ਤਾਂ ਕੋ ਹੋਤ ਪ੍ਰਾਪਤ ਸੁਆਮੀ।’’
ਇਸ ਲਈ ਉਚਿਤ ਹੈ ਕਿ ਸਿੱਖ, ਸ੍ਰੇਸ਼ਟ, ਵਿਵੇਕਵਾਨ, ਵਿਚਾਰਸ਼ੀਲ ਮਨੁੱਖ ਭਰਪੂਰ ਸਮਾਜਿਕ ਜੀਵਨ, ਰਾਜਨੀਤਿਕ ਖੇਤਰ ਵਿਚ ਜੀਵੇ ਅਤੇ ਇਉਂ ਸ਼ਕਤੀ ਪ੍ਰਾਪਤ ਕਰੇ। ਖਾਲਸਾ ਰਾਜ ਦੀ ਸਥਾਪਤੀ ਦਾ ਇਹੋ ਰਹੱਸ ਹੈ। ਹਨੇ ਹਨੇ ਮੀਰੀ, ਮੁਲਕਗੀਰੀ, ਦੂਜਿਆਂ ਉਤੇ ਰਾਜ ਕਰਨਾ ਨਹੀਂ। ਮੰਤਵ ਸੇਵਾ ਹੈ, ਕਿਉਂ ਜੁ ਸੇਵਾ ਹੀ ਮੁਕਤੀ ਦਾ ਪ੍ਰਮਾਣੀਕ ਸਾਧਨ ਹੈ। ਬਿਨਾਂ ਸੇਵਾ ਭਾਵ ਤੋਂ ਰਾਜ ਕਰਨਾ, ਧੱਕਾ ਅਤੇ ਅਨਿਆਂ ਹੈ ਅਤੇ ਹੌਮੇ ਦੀ ਬ੍ਰਿਧੀ ਕਰਨਾ ਹੈ ਅਤੇ ਇਹ ਸਬ ਕੁਝ, ਸਬ ਦੁਖ ਹੈ। ਇਉਂ ਸਿੱਖ ਗੁਰੂਆਂ ਨੇ ਗੌਤਮ ਬੁੱਧ ਦੇ ਤ੍ਰੀ-ਸਿਧਾਂਤ ਦੀ ਵਿਆਖਿਆ ਭਾਸ਼ ਕੀਤੀ, ਇਸ ਪ੍ਰਯੋਜਨ ਨਾਲ ਕਿ ਬੁੱਧ ਮੱਤ ਦੀਆਂ ਰੁਚੀਆਂ ਜਿਨ੍ਹਾਂ ਮਹਾਨ ਤੇ ਸਰਵਪ੍ਰਿਯਾ ਬ੍ਰਹਮ ਵਿਹਾਰਾਂ ਦਾ ਸੰਚਾਰ, ਮਨੁੱਖੀ ਸਮਾਜ ਅਤੇ ਮਨੁੱਖੀ ਆਤਮਾ ਵਿਚ ਕਰਦੀਆਂ ਹਨ, ਉਹਨਾ ਦੀ ਰਾਖੀ ਸੰਭਾਲ ਦਾ ਪੱਕਾ ਪ੍ਰਬੰਧ ਵੀ ਉਹੋ ਸਮਾਜ ਕਰ ਸਕੇ, ਜੋ ਕਿ ਇਹਨਾਂ ਬ੍ਰਹਮ ਵਿਹਾਰਾਂ ਮੈਤ੍ਰਯ, ਕਰੁਣਾ, ਮੁਦਿਤਾ, ਉਪੇਕਸ਼ਾ ਦਾ ਧਾਰਨੀ ਅਤੇ ਵਾਹਨ ਹੈ।
ਇਹੋ ਖਾਲਸਾ ਪੰਥ ਹੈ॥
 
ਖਾਲਸਾ ਪੰਥ ਦੀ ਅੰਤਮ ਰੂਪ ਰੇਖਾ ਬੰਨ੍ਹਣ ਵੇਲੇ ਗੁਰੂ ਗੋਬਿੰਦ ਸਿੰਘ ਨੇ ਗੌਤਮ ਬੁੱਧ ਅਤੇ ਬੋਧੀ ਸੰਘ ਦੀ ਰਹੁਰੀਤ ਦੀ ਸਪੱਸ਼ਟ, ਪਰ ਬਿਨਾਂ ਨਾਮ ਲਏ ਦੇ, ਸਿਧੀ ਸੋਭਾ ਕੀਤੀ। ਜਿਵੇਂ ਸਾਰਨਾਥ ਵਿਚ, ਧਰਮਚੱਕਰ ਦਾ ਪ੍ਰਾਰੰਭ ਕਰਨ ਸਮੇਂ ਗੌਤਮ ਬੁੱਧ ਨੇ, ਬੌਧੀ ਸੰਘ ਦੀ ਨੀਂਹ ਪੰਜ ਭਿਖੂ ਦੀਖਤ ਕਰਕੇ ਰੱਖੀ ਸੀ, ਇਵੇਂ ਹੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਨੀਂਹ ਪੰਜ ਪਿਆਰੇ ਥਾਪ ਕੇ ਰੱਖੀ। ਬੁੱਧ ਮੱਤ ਅਤੇ ਸਿੱਖ ਮੱਤ ਦਾ ਸਾਂਝਾ ਸਿਧਾਂਤ ਹੈ ਕਿ ਮਨੁੱਖੀ ਸਭਿਅਤਾ ਅਤੇ ਸਮਾਜਿਕ ਉੱਨਤੀ ਦੀ ਰਹਿਨੁਮਾਈ ਤੇ ਰੱਖਿਆ ਵਿਅਕਤੀ ਨਾ, ਸਗੋਂ ਪੰਚਾਯਤ ਕਰੇ। ਇਹ ਉਹੋ ਸਮੱਸਿਆ ਹੈ, ਜੋ ਅੱਜਕੱਲ੍ਹ ਵਿਅਕਤੀਵਾਦ (Cult of Personality) ਤੇ ਸਮਾਜਵਾਦ (Collective Leadership) ਦੇ ਰੂਪ ਵਿਚ ਆਧੁਨਿਕ ਚਿੰਤਕਾਂ ਦਾ ਮਨ ਟੁੰਬ ਰਹੀ ਹੈ। ਗੁਰੂ ਨਾਨਕ ਨੇ ਹੀ ਗੌਤਮ ਬੁੱਧ ਦੀ ਰੀਸ ਕਰਕੇ, ਸ੍ਰੇਸ਼ਟ ਧਰਮ ਪ੍ਰਾਇਣ ਪੁਰਸ਼ਾਂ ਦੀ ਜਥੇਬੰਦੀ ਨੂੰ ‘‘ਸੰਗਤ’’ ਦਾ ਨਾਮ ਦਿੱਤਾ ਸੀ, ਜੋ ਕਿ ਸੰਘ ਦਾ ਹੀ ਅਪਭ੍ਰੰਸ਼ ਰੂਪ ਹੈ। ਮਹਾਂ ਪ੍ਰੀਨੀਬਾਨਾਸੂਤ ਵਿਚ ਜੋ ਬਚਨ ਗੌਤਮ ਬੁੱਧ ਦੇ ਅੰਤਮ ਸਮੇਂ ਕਹੇ ਹੋਏ ਅੰਕਿਤ ਹਨ ਕਿ ਬੁੱਧ ਦੇ ਉਪਦੇਸ਼ ਹੀ ਬੁੱਧ ਦਾ ਸ਼ੁੱਧ ਰੂਪ ਹਨ ਅਤੇ ਸੰਘ ਹੀ ਉਹਨਾਂ ਦਾ ਵਾਹਨ ਹੈ, ਇੰਨ ਬਿੰਨ ਉਹੋ ਹਨ, ਜੋ ਗੁਰੂ ਗੋਬਿੰਦ ਸਿੰਘ ਨੇ ਆਪਣੇ ਸੱਚਖੰਡ ਗਮਨ ਸਮੇਂ ਨਾਂਦੇੜ ਵਿਚ ਉਚਾਰਨ ਕੀਤੇ ‘‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’’। ਬੋਧੀ ਵਿਚਾਰਧਾਰਾ ਸ਼ਿਲਪ, ਮੂਰਤੀਕਲਾ ਆਦਿ ਵਿਚ ਜੋ ‘ਚੱਕਰ’ ਦੇ ਚਿੰਨ੍ਹ ਦੀ ਮਹਾਨਤਾ ਤੇ ਗੌਰਵ ਹੈ, ਉਹ ਸਭ ਜਾਣਦੇ ਹਨ। ਖਾਲਸੇ ਦੇ ਰਾਜਸੀ ਚਿੰਨ੍ਹਾਂ ਅਤੇ ਪਹਿਰਾਵੇ ਵਿਚ ਵੀ ਚੱਕਰ ਇਕ ਖਾਸ ਅਸਥਾਨ ਰੱਖਦਾ ਹੈ। ਕੇਵਲ ਸੰਸਕ੍ਰਿਤ ਹੀ ਦੇਵਬਾਣੀ ਨਹੀਂ, ਜਿਸ ਵਿਚ ਕਿ ਸੱਤਿਆ ਧਰਮ ਦੇ ਸਿਧਾਂਤ ਅੰਕਿਤ ਹਨ ਤੇ ਅੰਕਿਤ ਕੀਤੇ ਜਾ ਸਕਦੇ ਹਨ, ਹਰ ਲੋਕਪ੍ਰਿਯ ਬਾਣੀ ਅਤੇ ਹਰ ਲਿਪੀ, ਜਿਸ ਨੂੰ ਸਰਵ ਸਧਾਰਨ ਲੋਕ ਵਰਤਦੇ ਹੋਣ, ਸੱਤਿਆ ਧਰਮ ਦੇ ਸਿਧਾਂਤਾਂ ਨੂੰ ਅੰਕਿਤ ਅਤੇ ਪ੍ਰਚਾਰ ਕਰਨ ਦੇ ਯੋਗ ਹੈ, ਇਹ ਬੁਨਿਆਦੀ ਵਿਚਾਰ ਗੌਤਮ ਬੁੱਧ ਦਾ ਸੀ। ਸਿੱਖ ਗੁਰੂਆਂ ਨੇ ਇਸੇ ਵਿਚਾਰ ਨੂੰ ਅਪਣਾਇਆ ਅਤੇ ਇਸ ਦਾ ਭਰਪੂਰ ਪ੍ਰਚਾਰ ਕੀਤਾ, ਜਿਸ ਕਾਰਨ ਬ੍ਰਾਹਮਣੀ ਮੱਤ ਦੀਆਂ ਸ਼ਕਤੀਆਂ ਦਾ ਕਰੋਪ ਸਿੱਖਾਂ ਉੱਤੇ ਵਾਰਦ ਹੋਇਆ, ਜੋ ਕਿ ਅੱਜ ਤੱਕ ਉੱਗਰ ਰੂਪ ਵਿਚ ਪ੍ਰਚੰਡ ਹੈ। ਪੰਜਾਬ ਦੀ ਅੱਜ ਦੀ ਭਾਸ਼ਾ ਸਮੱਸਿਆ, ਇਹੋ ਕਰੋਪ, ਆਪਣੇ ਰਾਜਮਦ ਬਹੁਸੰਖਿਆ ਮਦ ਨਾਲ ਸਰਸ਼ਾਰ, ਸਿੱਖਾਂ ਅਤੇ ਸਿੱਖੀ ਉੱਤੇ ਆਕ੍ਰਮਣ ਕਰ ਰਿਹਾ ਹੈ।
 
ਇਹ ਅਤੇ ਹੋਰ ਅਨੇਕ ਨੁਕਤੇ ਅਤੇ ਸਿੱਖ ਪੰਥ ਦੀ ਰੂਪ ਰੇਖਾ, ਅਜਿਹੇ ਹਨ ਜਿਨ੍ਹਾਂ ਨੂੰ ਗੌਹ ਨਾਲ ਦੇਖਿਆਂ, ਖਾਲਸਾ ਪੰਥ ਅਤੇ ਸਿੱਖ ਮੱਤ, ਗੌਤਮ ਬੁੱਧ ਅਤੇ ਬੁੱਧ ਮੱਤ ਦੇ ਸਿਧਾਂਤ ਉਪਦੇਸ਼ਾਂ ਦਾ ਪੁਨਰ ਜੀਵਨ ਅਤੇ ਸੰਬੋਧਤ ਰੂਪ ਸਹੀ ਹੋ ਆਉਂਦਾ ਹੈ।
 
ਮਹਾਨ ਆਤਮਾ, ਗੌਤਮ ਬੁੱਧ ਨੂੰ ਮੇਰਾ ਪ੍ਰਣਾਮ ਹੈ॥