ਸਿੱਖ ਪਿਉ-ਪੁੱਤ ਕੁੱਟਮਾਰ ਮਾਮਲੇ 'ਚ ਹਾਈਕੋਰਟ ਨੇ ਚਾਰ ਹਫਤਿਆਂ 'ਚ ਜਾਂਚ ਰਿਪੋਰਟ ਦਾਖਲ ਕਰਨ ਲਈ ਕਿਹਾ

ਸਿੱਖ ਪਿਉ-ਪੁੱਤ ਕੁੱਟਮਾਰ ਮਾਮਲੇ 'ਚ ਹਾਈਕੋਰਟ ਨੇ ਚਾਰ ਹਫਤਿਆਂ 'ਚ ਜਾਂਚ ਰਿਪੋਰਟ ਦਾਖਲ ਕਰਨ ਲਈ ਕਿਹਾ

ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਦਿੱਲੀ ਪੁਲਿਸ ਦੀ ਭੀੜ ਵੱਲੋਂ ਸਿੱਖ ਟੈਂਪੂ ਡਰਾਈਵਰ ਸਰਬਜੀਤ ਸਿੰਘ ਅਤੇ ਉਸਦੇ 16 ਸਾਲਾਂ ਦੇ ਪੁੱਤਰ ਦੀ ਕੁੱਟਮਾਰ ਦੇ ਮਾਮਲੇ ਵਿੱਚ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਚਾਰ ਹਫ਼ਤਿਆਂ ਵਿੱਚ ਜਾਂਚ ਖ਼ਤਮ ਕਰਨ ਦਾ ਹੁਕਮ ਦਿੱਤਾ ਹੈ। ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ ਹੈ ਕਿ ਮਾਮਲੇ ਵਿੱਚ ਅਨੁਸ਼ਾਸਨਹੀਣਤਾ ਦੇ ਮਾਮਲੇ ਵਿੱਚ 10 ਪੁਲਿਸ ਮੁਲਾਜ਼ਮਾਂ ਦਾ ਦੂਜੇ ਪੁਲਿਸ ਥਾਣਿਆਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ।

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕੋਰਟ ਸਾਹਮਣੇ ਇਸ ਦੀ ਅੰਤਰਿਮ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਰਬਜੀਤ ਸਿੰਘ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ ਤੇ ਇਸੇ ਤੋਂ ਵਿਵਾਦ ਸ਼ੁਰੂ ਹੋਇਆ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੇ ਇਰਾਦੇ ਨਾਲ ਇੱਕ ਪਾਸੜ ਰਿਪੋਰਟ ਬਣਾਉਂਦਿਆਂ ਇਹ ਵੀ ਲਿਖਿਆ ਗਿਆ ਹੈ ਕਿ ਸਰਬਜੀਤ ਸਿੰਘ ਦਾ ਰਵੱਈਆ ਹਮਲਾਵਰ ਤੇ ਹਿੰਸਕ ਸੀ ਤੇ ਉਸ ਨੇ ਤਲਵਾਰ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕੀਤਾ।

ਪੁਲਿਸ ਦੀ ਰਿਪੋਰਟ ਮੁਤਾਬਕ ਸਰਬਜੀਤ ਸਿੰਘ ਨੇ ਏਐਸਆਈ ਯੋਗਰਾਜ ਨੂੰ ਪੈਰ ਤੇ ਸਿਰ ਵਿੱਚ ਤਲਵਾਰ ਮਾਰ ਕੇ ਜ਼ਖ਼ਮੀ ਕੀਤਾ। ਇਸ ਤੋਂ ਇਲਾਵਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੈਰ-ਪੇਸ਼ੇਵਰ ਤਰੀਕੇ ਨਾਲ ਪੇਸ਼ ਆਉਣ ਵਾਲੇ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਯਾਦ ਰਹੇ 16 ਜੂਨ ਨੂੰ ਇੱਕ ਸਿੱਖ ਪਿਉ-ਪੁੱਤ ਨਾਲ ਦਰਦਨਾਕ ਕਾਰਾ ਵਾਪਰਿਆ। ਦਿੱਲੀ ਪੁਲਿਸ ਦੀ ਭੀੜ ਨੇ ਸੜਕ 'ਤੇ ਸਿੱਖ ਪਿਉ-ਪੁੱਤ ਦੀ ਸ਼ਰ੍ਹੇਆਮ ਜ਼ਾਲਮਾਨਾ ਢੰਗ ਨਾਲ ਕੁੱਟਮਾਰ ਕੀਤੀ ਸੀ। ਇਸ ਸਬੰਧੀ ਪੀੜਤ ਸਰਬਜੀਤ ਸਿੰਘ ਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਸੜਕ 'ਤੇ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਥਾਣੇ ਲਿਜਾ ਕੇ ਵੀ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਬਾਰੇ ਦੋਵਾਂ ਧਿਰਾਂ ਦੇ ਵੱਖ-ਵੱਖ ਬਿਆਨ ਸਾਹਮਣੇ ਆਏ ਸੀ। ਪੁਲਿਸ ਨੇ ਮਾਮਲੇ ਵਿੱਚ ਸਰਬਜੀਤ ਸਿੰਘ 'ਤੇ ਵੀ ਪਰਚਾ ਦਰਜ ਕਰਦਿਆਂ ਕਰਾਸ ਐਫਆਈਆਰ ਦਰਜ ਕੀਤੀ ਸੀ।