ਮਾਲਦੀਵ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ  ਚੀਨ ਪਖੀ ਪ੍ਰੋਗਰੈਸਿਵ ਪਾਰਟੀ ਤੇ ਪੀਪਲਜ਼ ਨੈਸ਼ਨਲ ਕਾਂਗਰਸ ਦੇ ਸਾਂਝੇ ਉਮੀਦਵਾਰ ਦੀ ਜਿੱਤ

ਮਾਲਦੀਵ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ  ਚੀਨ ਪਖੀ ਪ੍ਰੋਗਰੈਸਿਵ ਪਾਰਟੀ ਤੇ ਪੀਪਲਜ਼ ਨੈਸ਼ਨਲ ਕਾਂਗਰਸ ਦੇ ਸਾਂਝੇ ਉਮੀਦਵਾਰ ਦੀ ਜਿੱਤ

*ਭਾਰਤ ਨੂੰ ਵਡਾ ਝਟਕਾ ਤੇ ਚੀਨ ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨ ਵਿਚ ਕਾਮਯਾਬ

*ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਦਾ ਨਾਅਰਾ ਸੀ ‘ਇੰਡੀਆ ਫਸਟ’ ਤੇ ਦੂਜੇ ਪਾਸੇ ਚੋਣ ਜਿੱਤੇ ਮੁਹੰਮਦ ਮੁਈਜ਼ੂ ਦਾ ਨਾਅਰਾ ਸੀ ‘ਇੰਡੀਆ ਆਊਟ

*ਹੁਣ ਭਾਰਤੀ ਫੌਜੀਆਂ ਦੀ ਵਾਪਸ ਜਾਣਗੀਆਂ -ਮੁਹੰਮਦ ਮੁਈਜ਼ੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ -ਮਾਲਦੀਵ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪ੍ਰੋਗਰੈਸਿਵ ਪਾਰਟੀ ਤੇ ਪੀਪਲਜ਼ ਨੈਸ਼ਨਲ ਕਾਂਗਰਸ ਦੇ ਸਾਂਝੇ ਉਮੀਦਵਾਰ ਮੁਹੰਮਦ ਮੁਈਜ਼ੂ ਨੇ ਜਿੱਤ ਪ੍ਰਾਪਤ ਕਰ ਲਈ ਹੈ। ਲੱਗਭੱਗ 1800 ਛੋਟੇ-ਵੱਡੇ ਟਾਪੂਆਂ ਵਾਲੇ ਇਸ ਦੇਸ਼ ਦੀ ਭੂਗੋਲਿਕ ਸਥਿਤੀ ਇਸ ਖਿੱਤੇ ਦੇ ਬਾਕੀ ਦੇਸ਼ਾਂ ਲਈ ਮਹੱਤਵਪੂਰਨ ਹੈ। ਖਾੜੀ ਦੇ ਦੇਸ਼ਾਂ ਵਿੱਚੋਂ ਆਉਂਦਾ ਤੇਲ ਇਸੇ ਰਾਹ ਤੋਂ ਹੋ ਕੇ ਗੁਜ਼ਰਦਾ ਹੈ। ਭਾਰਤ ਦੇ ਮਾਲਦੀਵ ਨਾਲ ਪੁਰਾਣੇ ਸੰਬੰਧ ਰਹੇ ਹਨ, ਪਰ ਚੀਨ ਵੀ ਆਪਣੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਇਸ ਦੇਸ਼ ਵੱਲ ਤਵੱਜੋ ਦਿੰਦਾ ਆ ਰਿਹਾ ਹੈ।

 ਮਾਲਦੀਵ ਦੀ ਸਾਰੀ ਚੋਣ ਭਾਰਤ ਦੇ ਨਾਂਅ ਉੱਤੇ ਹੀ ਲੜੀ ਗਈ ਸੀ। ਇੱਕ ਪਾਸੇ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਦੇ ਮੁਹੰਮਦ ਇਬਰਾਹੀਮ ਸੋਲਿਹ, ਜਿਹੜੇ 2018 ਤੋਂ ਰਾਸ਼ਟਰਪਤੀ ਹਨ, ਦਾ ਨਾਅਰਾ ਸੀ ‘ਇੰਡੀਆ ਫਸਟ’ ਤੇ ਦੂਜੇ ਪਾਸੇ ਚੋਣ ਜਿੱਤੇ ਮੁਹੰਮਦ ਮੁਈਜ਼ੂ ਦਾ ਨਾਅਰਾ ਸੀ ‘ਇੰਡੀਆ ਆਊਟ’।
ਭਾਰਤ ਨੇ ਤਿੰਨ ਦਹਾਕਿਆਂ ਤੱਕ ਡਿਕਟੇਟਰ ਰਾਸ਼ਟਰਪਤੀ ਅਬਦੁਲ ਗਯੂਮ ਨਾਲ ਮਿਲ ਕੇ ਕੰਮ ਕੀਤਾ ਸੀ। 2008 ਵਿੱਚ ਪਹਿਲੇ ਲੋਕਤੰਤਰੀ ਰਾਸ਼ਟਰਪਤੀ ਮੁਹੰਮਦ ਨਸ਼ੀਦ ਤੇ ਫਿਰ 2013 ਵਿੱਚ ਯਾਮੀਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮਾਲਦੀਵ ਨੇ ਚੀਨ ਨਾਲ ਸੰਬੰਧ ਵਧਾ ਲਏ। ਭਾਰਤ ਤੇ ਪੱਛਮੀ ਦੇਸ਼ਾਂ ਨੇ ਯਾਮੀਨ ਉਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਾ ਕੇ ਉਸ ਨੂੰ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੇ ਬੀਜਿੰਗ ਦੀ ਰਾਹ ਫੜ ਲਈ, ਜਿਸ ਨੇ ਬਿਨਾਂ ਕਿਸੇ ਸ਼ਰਤ ਦੇ ਕਰਜ਼ੇ ਦੀ ਪੇਸ਼ਕਸ਼ ਕਰ ਦਿੱਤੀ। ਇਸ ਸਹਾਇਤਾ ਨਾਲ ਯਾਮੀਨ ਪ੍ਰਸ਼ਾਸਨ ਨੇ ਰਾਜਧਾਨੀ ਮਾਲੇ ਨੂੰ ਇੱਕ ਹੋਰ ਟਾਪੂ ਉੱਤੇ ਬਣੇ ਹਵਾਈ ਅੱਡੇ ਨਾਲ ਜੋੜਨ ਵਾਲਾ ਪੁਲ 20 ਕਰੋੜ ਡਾਲਰ ਨਾਲ ਉਸਾਰ ਲਿਆ। ਇਸ ਦੇ ਬਦਲੇ ਉਸ ਨੇ ਆਪਣਾ ਇੱਕ ਟਾਪੂ ਚੀਨ ਨੂੰ 50 ਸਾਲਾਂ ਦੇ ਠੇਕੇ ਉੱਤੇ 40 ਲੱਖ ਡਾਲਰ ਵਿੱਚ ਦੇ ਦਿੱਤਾ। ਇਸ ਦੇ ਨਾਲ ਹੀ ਮਾਲਦੀਵ ਚੀਨ ਦੀ ਬਹੁਪੱਖੀ ਯੋਜਨਾ ‘ਵਨ ਬੈੱਲਟ, ਵਨ ਰੋਡ’ ਦਾ ਹਿੱਸਾ ਬਣ ਗਿਆ।
2018 ਵਿੱਚ ਮੁਹੰਮਦ ਇਬਰਾਹੀਮ ਸੋਲਿਹ ਨੇ ਚੋਣ ਜਿੱਤਣ ਤੋਂ ਬਾਅਦ ਚੀਨ ਦੀ ਥਾਂ ਭਾਰਤ ਨੂੰ ਪਹਿਲ ਦਿੱਤੀ। ਭਾਰਤ ਨੇ ਵੀ ਉਸ ਦੀ ਦਿਲ ਖੋਲ੍ਹ ਕੇ ਮਦਦ ਕੀਤੀ। ਸੜਕਾਂ, ਭੂਮੀ ਸੁਧਾਰ, ਸਾਫ਼ ਪਾਣੀ, ਇੱਕ ਬੰਦਰਗਾਹ ਆਦਿ ਯੋਜਨਾਵਾਂ ਵਿੱਚ ਨਿਵੇਸ਼ ਕਰਨ ਤੋਂ ਇਲਾਵਾ ਕੈਂਸਰ ਹਸਪਤਾਲ, ਕਿ੍ਕੇਟ ਸਟੇਡੀਅਮ ਤੇ ਇੱਕ ਮਸਜਿਦ ਦਾ ਨਵੀਨੀਕਰਨ ਆਦਿ ਵਿੱਚ ਮਦਦ ਕੀਤੀ। ਅਨੁਮਾਨ ਹੈ ਕਿ 2018 ਤੋਂ 2022 ਤੱਕ ਭਾਰਤ ਨੇ ਮਾਲਦੀਵ ਨੂੰ ਲੱਗਭੱਗ 1100 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਕੀਤੀ ਸੀ।
ਇਸ ਦੇ ਬਾਵਜੂਦ ਮਾਲਦੀਵ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਏਨੀਆਂ ਤੇਜ਼ ਕਿਉਂ ਹੋ ਗਈਆਂ ਕਿ ਚੋਣਾਂ ਦਾ ਮੁੱਖ ਮੁੱਦਾ ਹੀ ‘ਚੀਨ ਅੰਦਰ’ ਤੇ ‘ਭਾਰਤ ਬਾਹਰ’ ਬਣ ਗਿਆ। ਭਾਰਤ ਤੇ ਮਾਲਦੀਵ ਵਿਚਾਲੇ ਪਿਛਲੇ ਸਾਲ 50 ਕਰੋੜ ਦਾ ਵਪਾਰ ਹੋਇਆ ਸੀ, ਜਿਸ ਵਿੱਚੋਂ ਭਾਰਤ ਨੇ 49.5 ਕਰੋੜ ਦਾ ਮਾਲ ਭੇਜਿਆ ਤੇ ਥੋੜ੍ਹੀ ਜਿਹੀ ਦਰਾਮਦ ਕੀਤੀ ਸੀ। ਉਥੋਂ ਦੇ ਲੋਕ ਇਸ ਨੂੰ ਅਸਾਵਾਂ ਵਪਾਰ ਕਹਿੰਦੇ ਹਨ, ਜੋ ਸੱਚ ਵੀ ਹੈ। ਭਾਰਤ ਨੇ ਮਾਲਦੀਵ ਨੂੰ 2010 ਤੇ 2013 ਵਿੱਚ ਦੋ ਹੈਲੀਕਾਪਟਰ ਦਿੱਤੇ ਸਨ। 2020 ਵਿੱਚ ਇੱਕ ਛੋਟਾ ਹਵਾਈ ਜਹਾਜ਼ ਵੀ ਗਿਫਟ ਕਰ ਦਿੱਤਾ ਸੀ। ਇਸ ਦੇ ਨਾਲ ਹੀ ਇਸ ਹਵਾਈ ਜਹਾਜ਼ ਦੇ ਰੱਖ-ਰਖਾਅ ਲਈ 75 ਫ਼ੌਜੀ ਭੇਜ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਫੌਜੀਆਂ ਨੂੰ ਕੱਢਣ ਲਈ ‘ਇੰਡੀਆ ਆਊਟ’ ਦਾ ਨਾਅਰਾ ਦੇ ਦਿੱਤਾ। ਇਸ ਤੋਂ ਇਲਾਵਾ ਮਾਲਦੀਵ ਲੱਗਭੱਗ ਸੌ ਫੀਸਦੀ ਮੁਸਲਿਮ ਅਬਾਦੀ ਵਾਲਾ ਦੇਸ਼ ਹੈ। ਸੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਭਾਰਤ ਅੰਦਰ ਮੁਸਲਮਾਨਾਂ ਵਿਰੁੱਧ ਨਫ਼ਰਤ ਦੀਆਂ ਘਟਨਾਵਾਂ ਦਾ ਅਸਰ ਸਮੁੱਚੇ ਵਿਸ਼ਵ ਵਿਚਲੇ ਮੁਸਲਮਾਨਾਂ ਉੱਤੇ ਪੈਣਾ ਲਾਜ਼ਮੀ ਹੈ। ਇਸ ਲਈ ‘ਭਾਰਤ ਆਊਟ’ ਵਾਲਿਆਂ ਦੀ  ਜਿੱਤ ਇਸੇ ਪ੍ਰਤੀਕਰਮ ਦਾ ਨਤੀਜਾ ਹੈ।
ਮੁਹੰਮਦ ਮੁਈਜ਼ੂ ਨੇ ਨਵੰਬਰ ਵਿੱਚ ਅਹੁਦਾ ਸੰਭਾਲਣਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਪਹਿਲੇ ਦਿਨ ਤੋਂ ਹੀ ਭਾਰਤੀ ਫੌਜੀਆਂ ਦੀ ਵਾਪਸੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਇਹ ਵੀ ਧਮਕੀ ਦਿੱਤੀ ਹੈ ਕਿ ਜਿਹੜੇ ਵਿਦੇਸ਼ੀ ਸਮਝੌਤੇ ਉਨ੍ਹਾਂ ਦੇ ਦੇਸ਼ ਲਈ ਲਾਭਦਾਇਕ ਨਹੀਂ ਹੋਣਗੇ, ਉਹ ਰੱਦ ਕਰ ਦਿੱਤੇ ਜਾਣਗੇ ਤੇ ਵਿਦੇਸ਼ੀ ਕੰਪਨੀਆਂ ਨੂੰ ਬਾਹਰ ਕੱਢ ਦੇਣਗੇ। ਉਨ੍ਹਾਂ ਚੀਨੀ ਯੋਜਨਾਵਾਂ ਲਿਆਉਣ ਲਈ ਸਾਬਕਾ ਰਾਸ਼ਟਰਪਤੀ ਯਾਮੀਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਯਾਮੀਨ ਦੀ ਸਰਕਾਰ ਨੇ ਚੀਨ ਨਾਲ ਨੇੜਲੇ ਸੰਬੰਧ ਬਣਾਏ ਸਨ, ਜੋ ਸਾਡੇ ਦੇਸ਼ ਦੇ ਹਿੱਤ ਵਿੱਚ ਹਨ। ਉਸ ਦੇਸ਼ ਨੇ ਸਾਡੀਆਂ ਹੱਦਾਂ ਨਹੀਂ ਉਲੰਘੀਆਂ ਤੇ ਸਾਡੀ ਅਜ਼ਾਦੀ ਵਿੱਚ ਦਖ਼ਲ ਨਹੀਂ ਦਿੱਤਾ।
ਮਾਲਦੀਵ ਵਿੱਚ ਅਗਲੇ ਮਹੀਨੇ ਸੰਵਿਧਾਨ ਲਈ ਵੋਟਾਂ ਪੈਣਗੀਆਂ। ਇਨ੍ਹਾਂ ਵਿੱਚ ਵੋਟਰ ਫੈਸਲਾ ਕਰਨਗੇ ਕਿ ਦੇਸ਼ ਵਿੱਚ ਰਾਸ਼ਟਰਪਤੀ ਪ੍ਰਣਾਲੀ ਰਹੇ ਜਾਂ ਪਾਰਲੀਮੈਂਟਰੀ ਸਿਸਟਮ ਸ਼ੁਰੂ ਹੋਵੇ। ਮੁਹੰਮਦ ਨਸ਼ੀਦ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਦੇਸ਼ ਵਿੱਚ ਪਾਰਲੀਮੈਂਟਰੀ ਸਿਸਟਮ ਲਾਗੂ ਕੀਤਾ ਜਾਵੇ। ਯਾਦ ਰਹੇ ਕਿ ਮੁਹੰਮਦ ਨਸ਼ੀਦ ਇਸ ਸਮੇਂ ਜੇਲ ਵਿੱਚ ਹੈ ਤੇ ਉਸ ਉੱਤੇ ਚੋਣ ਲੜਨ ਦੀ ਪਾਬੰਦੀ ਹੈ। ਇਸ ਦੇ ਬਾਵਜੂਦ ਚੋਣਾਂ ਵਿੱਚ ਜਿੱਤ ਨੂੰ ਉਸੇ ਦੀ ਜਿੱਤ ਸਮਝਿਆ ਜਾ ਰਿਹਾ ਹੈ।
ਮੋਦੀ ਸਰਕਾਰ ਉੱਤੇ ਪਸਾਰਵਾਦ ਦਾ ਏਨਾ ਭੂਤ ਸਵਾਰ ਹੈ ਕਿ ਉਹ ਆਪਣੇ ਮਿੱਤਰਾਂ ਤੋਂ ਵੀ ਦੂਰ ਹੁੰਦਾ ਜਾ ਰਿਹਾ ਹੈ। ਚੋਣ ਤੋਂ ਬੜਾ ਚਿਰ ਪਹਿਲਾਂ ਇਹ ਕਨਸੋਆਂ ਆ ਰਹੀਆਂ ਸਨ ਕਿ ਮਾਲਦੀਵ ਵਿੱਚ ਭਾਰਤ ਵਿਰੋਧੀ ਭਾਵਨਾਵਾਂ ਜ਼ੋਰ ਫੜ ਰਹੀਆਂ ਹਨ, ਪਰ ਭਾਰਤੀ ਹਾਕਮ ਸੁੱਤੇ ਰਹੇ।