ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਭਾਰਤਪਾਕਿ ਸਬੰਧ

ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਭਾਰਤਪਾਕਿ ਸਬੰਧ

ਮਨਜੀਤ ਸਿੰਘ ਟਿਵਾਣਾ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਦੇ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਕਰ ਦੇਣ ਵਾਲੇ ਬਿਆਨ ਦੇ ਗਹਿਰੇ ਰਾਜਨੀਤਕ ਮਾਇਨੇ ਹਨ। ਪੰਜਾਬ ਸਮੇਤ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਵਾਸਤੇ ਇਸ ਲਾਂਘੇ ਦੇ ਐਨ ਆਖਰੀ ਪੜਾਅ ਉਤੇ ਆ ਕੇ ਵੀ ਨਾ ਬਣਨ ਦੀਆਂ ਅਟਕਲਾਂ ਧਿਆਨ ਦੀ ਮੰਗ ਕਰਦੀਆਂ ਹਨ। ਸੁਬਰਾਮਨੀਅਮ ਸਵਾਮੀ ਭਾਜਪਾ ਵਿਚ ਆਰਐਸਐਸ ਦੀ ਵਿਚਾਰਧਾਰਾ ਤੇ ਸਖਤੀ ਨਾਲ ਪਹਿਰਾ ਦੇਣ ਵਾਲਾ ਉਹ ਆਗੂ ਹੈ, ਜੋ ਸੰਘ ਨੇ ਬਹੁਤ ਸਾਰੇ ਗੁੱਝੇ ਨਿਸ਼ਾਨੇ ਫੁੰਡਣ ਲਈ ਹੀ ਪਾਲਿਆ ਹੋਇਆ ਹੈ। ਹਾਲ ਦੀ ਘੜੀ ਭਾਵੇਂ ਸਵਾਮੀ ਨੇ ਇਹ ਕਹਿ ਕੇ ਕਿ ਇਹ ਉਸ ਦੇ ਨਿੱਜੀ ਵਿਚਾਰ ਹਨ, ਮਾਮਲੇ ਉਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਭਾਰਤ ਦੀ ਤਰਫੋਂ ਵਾਰਵਾਰ ਕਰਤਾਰਪੁਰ ਲਾਂਘੇ ਬਾਰੇ ਭੜਕਾਊ ਬਿਆਨਬਾਜ਼ੀ ਤੇ ਪਾਕਿਸਤਾਨ ਦਾ ਤਮਾਮ ਮੁਸ਼ਕਲਾਂ ਦੇ ਬਾਅਦ ਵੀ ਲਾਂਘੇ ਦੇ ਪੱਖ ਵਿਚ ਡਟੇ ਰਹਿਣਾ, ਇਸ਼ਾਰਾ ਕਰਦਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੀ ਕੂਟਨੀਤਕ ਜੰਗ ਵਿਚ ਸਿੱਖਾਂ ਦੇ ਹਿੱਤ ਅਤੇ ਸਿੱਖ ਕੌਮ ਦਾ ਰੋਲ ਅਹਿਮ ਬਣ ਗਏ ਹਨ। ਭਾਰਤ ਅਤੇ ਪਾਕਿਸਤਾਨ ਦੇ ਦੁਸ਼ਮਣੀ ਵਾਲੇ ਅਤੀਤ ਦੇ ਮੱਦੇਨਜ਼ਰ ਇਸ ਭੂਗੋਲਿਕ ਖਿੱਤੇ ਵਿਚ ਸਿੱਖਾਂ ਦਾ ਇਕ ਤੀਜੀ ਧਿਰ ਵੱਜੋਂ ਵਿਚਰਨ ਦਾ ਸਵਾਲ ਹੋਰ ਵੀ ਅਹਿਮ ਹੋ ਗਿਆ ਹੈ। ਸਵਾਮੀ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਦਾ ਨਿਰਮਾਣ ਰੋਕਣਾ ਦੇਸ਼ (ਭਾਰਤ) ਦੇ ਹਿੱਤ ਵਿਚ ਹੈ ਅਤੇ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਦਾ ਬਹਾਨਾ ਨਹੀਂ ਦੇਣਾ ਚਾਹੀਦਾ। ਮਤਲਬ ਸਾਫ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਨਾਲ ਹੋਣ ਵਾਲੀ ਕਿਸੇ ਵੀ ਪੱਧਰ ਦੀ ਗੱਲਬਾਤ ਨੂੰ ਰੋਕਣਾ ਪ੍ਰਮੁੱਖ ਹੈ, ਜਿਸ ਵਾਸਤੇ ਸਵਾਮੀ ਮੁਤਾਬਕ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਖੁੱਲਣਾ ਭਾਰਤ ਦੇ ਪੱਖ ਵਿਚ ਨਹੀਂ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਦੇਖਦਿਆਂ ਉਸ ਨਾਲ ਸੁਖਾਵੇਂ ਸਬੰਧ ਕਿਵੇਂ ਬਣ ਸਕਦੇ ਹਨ। ਗੌਰਤਲਬ ਹੈ ਕਿ ਸਾਲ ਕੁ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਹੀ ਪਾਕਿਸਤਾਨ ਨਾਲ ਸ਼ਾਂਤੀ ਬਹਾਲੀ ਲਈ ਮੁਲਾਕਾਤ ਕਰਨ ਮੌਕੇ ਖੁਦ ਕਰਤਾਰਪੁਰ ਸਾਹਿਬ ਦੇ ਲਾਂਘੇ ਉਤੇ ਵਿਚਾਰ ਕਰਨ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਪਾਕਿਸਤਾਨ ਅਜੇ ਵੀ ਸ੍ਰੀ ਕਰਤਾਰਪੁਰ ਸਾਹਿਬ ਵਾਸਤੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇਂ ਗੁਰਪੁਰਬ ਸਮਾਗਮਾਂ ਸਮੇਂ ਆਰਜ਼ੀ ਲਾਂਘਾ ਦੇਣ ਲਈ ਰਾਜ਼ੀ ਹੈ। ਕਰਤਾਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੀਆਂ ਸੰਭਾਵਨਾਵਾਂ ਨੂੰ ਤਾਰਪੀਡੋ ਕਰਨਾ ਸਿੱਖਾਂ ਦੇ ਜ਼ਖਮਾਂ ਨੂੰ ਕੁਰੇਦਣ ਵਰਗਾ ਤਾਂ ਹੈ ਹੀ ਪਰ ਇਸ ਮੋੜ ਉਤੇ ਸਿੱਖਾਂ ਵਾਸਤੇ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਨੂੰ ਕਈ ਹੋਰ ਸੰਦਰਭਾਂ ਤੋਂ ਵੀ ਦੇਖਣ ਤੇ ਪਰਖਣ ਦੀ ਜ਼ਰੂਰਤ ਹੈ। ¿;ਦਰਅਸਲ ਜਦੋਂ ਤੋਂ ਮੋਦੀ ਸਰਕਾਰ ਨੇ ਕੇਂਦਰ ਵਿਚ ਸੱਤਾ ਸੰਭਾਲੀ ਹੋਈ ਹੈ, ਉਦੋਂ ਤੋਂ ਹੀ ਸਾਫ ਜ਼ਾਹਰ ਹੋ ਰਿਹਾ ਹੈ ਕਿ ਇਹ ਸਰਕਾਰ ਦਿਲੋਂ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀ ਚਾਹਵਾਨ ਹੀ ਨਹੀਂ ਹੈ। ਹਾਲ ਹੀ ਵਿਚ ਜੰਮੂ-ਕਸ਼ਮੀਰ ਵਿਚ ਵਾਪਰੇ ਘਟਨਾਕਰਮ ਨੇ ਮੋਦੀ ਸਰਕਾਰ ਦੇ ਦੋਹਰੇ ਮਾਪਦੰਡ ਸਾਫ ਉਜਾਗਰ ਕੀਤੇ ਹਨ। ਜਿਥੋਂ ਤਕ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਵਾਲ ਹੈ, ਜਦੋਂ ਖੁਦ ਪਾਕਿਸਤਾਨ ਬਿਨਾ ਕਿਸੇ ਅਗਾਊਂ ਸ਼ਰਤ ਦੇ ਇਹ ਰਾਹ ਦੇਣ ਲਈ ਤਿਆਰ ਹੋ ਰਿਹਾ ਹੈ, ਤਾਂ ਭਾਰਤੀ ਪਾਸੇ ਤੋਂ ਵਾਰਵਾਰ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ, ਜੋ ਅਜੇ ਵੀ ਲਾਂਘੇ ਦੇ ਖੁੱਲਣ ਬਾਰੇ ਸ਼ੱਕਸ਼ੁਬਹੇ ਪੈਦਾ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਅਜਿਹਾ ਕਿੰਨੀ ਵਾਰ ਦੁਹਰਾਅ ਚੁੱਕੇ ਹਨ। ਕਾਬਲੇਗੌਰ ਹੈ ਕਿ ਸਿੱਖ ਇਕ ਵੱਖਰੀ ਕੌਮ ਹੈ ਤੇ ਪੰਜਾਬ ਉਸ ਦੀ ਸਰਜ਼ਮੀਨ ਹੈ। ਮੁਸਲਮਾਨਾਂ ਨੇ ਆਪਣਾ ਵੱਖਰਾ ਮੁਲਕ ਪਾਕਿਸਤਾਨ ਬਣਾ ਲਿਆ ਹੈ, ਹਿੰਦੂਆਂ ਦਾ ਦਾਅਵਾ ਹੈ ਕਿ ਹਿੰਦੂਸਤਾਨ ਉਨ੍ਹਾਂ ਦਾ ਹੈ। ਅਜਿਹੇ ਸਮੇਂ ਸਿੱਖਾਂ ਵਾਸਤੇ ਇਕ ਸਵਾਲ ਬਹੁਤ ਅਹਿਮ ਹੈ ਕਿ ਉਨ੍ਹਾਂ ਦਾ ਮੁਲਕ ਕਿਹੜਾ ਹੈ? ਜਦੋਂ ਸਾਰੇ ਆਖਦੇ ਹਨ ਕਿ ਗੁਰੂ ਬਾਬਾ ਨਾਨਕ ਤਾਂ ਸਰਬ ਸਾਂਝਾ ਹੈ, ਤਾਂ ਫਿਰ ਭਾਰਤਪਾਕਿ ਦੁਸ਼ਮਣੀ ਦੀ ਭੇਟ ਕਰਤਾਰਪੁਰ ਸਾਹਿਬ ਕਿਉਂ ਚੜ੍ਹ ਰਿਹਾ ਹੈ। ਦਰਅਸਲ ਇਹ ਸਵਾਲ ਕਰੇਗਾ ਕੌਣ ? ਸਿੱਖਾਂ ਦੇ ਰਾਜਨੀਤਕ ਵਾਰਿਸ ਤਾਂ ਆਪਣਾ ਸਭ ਕੁਝ ਲੁਟਾ ਕੇ ਖੁਦ ਭਗਵਿਆਂ ਦੀ ਗੋਦ ਵਿਚ ਸ਼ਰਣ ਲੈ ਕੇ ਬੈਠੇ ਹਨ। ਉਪਰੋਂ-ਉਪਰੋਂ ਭਾਵੇਂ ਉਹ ਜੋ ਮਰਜ਼ੀ ਸਫਾਈਆਂ ਦਿੰਦੇ ਰਹਿਣ। ਸਾਨੂੰ ਇਤਿਹਾਸ ਦੀ ਰੌਸ਼ਨੀ ਵਿਚ ਕੂੜ ਦੇ ਇਸ ਆਡੰਬਰ ਨੂੰ ਸਮਝਣ ਲਈ ਯਾਦ ਰੱਖਣਾ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਨੇ ਬਿਪਰਵਾਦ ਦੇ ਝੂਠ ਤੇ ਪਾਖੰਡ ਦੀ ਜਿਹੜੀ ਹੱਟ ਬੰਦ ਕੀਤੀ ਸੀ, ਹੁਣ ਤਾਂ ਦਿੱਲੀ ਵਿਚ ਸਰਕਾਰ ਹੀ ਉਨ੍ਹਾਂ ਦੀ ਹੈ। ਪੰਜਾਬ ਦੀ ਵੰਡ ਇਤਿਹਾਸ ਦਾ ਕਾਲਾ ਅਧਿਆਇ ਹੈ। ਇਸ ਦੇ ਬਾਵਜੂਦ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਕਾਰ ਪੰਜਾਬੀ ਬੋਲੀ ਅਤੇ ਸਭਿਆਚਾਰ ਦੀ ਸਾਂਝ ਹੈ। ਵੰਡ ਦਾ ਦੁੱਖ ਪੰਜਾਬੀਆਂ ਦਾ ਪੀੜ੍ਹੀ ਦਾ ਦੁੱਖ ਹੈ। ¿;ਇਸ ਕਰ ਕੇ ਜਦੋਂ ਵੀ ਦੋਵਾਂ ਪੰਜਾਬਾਂ ਨੂੰ ਆਪਸ ਵਿਚ ਮਿਲਣ ਜਾਂ ਸਾਂਝ ਵਧਣ ਦਾ ਸਬੱਬ ਮਿਲਦਾ ਹੈ, ਤਾਂ ਲੋਕਾਂ ਦੀਆਂ ਭਾਵਨਾਵਾਂ ਛਲਕ ਜਾਂਦੀਆਂ ਹਨ। ਅਜਿਹਾ ਕਰ ਕੇ ਸ਼ਾਇਦ ਉਹ ਆਪਣੇ ਪੁਰਖਿਆਂ ਦੀ ਕੀਤੀ ਗਲਤੀ ਨੂੰ ਸੁਧਾਰਨਾ ਚਾਹੁੰਦੇ ਹਨ। ਸਿੱਖਾਂ ਵਾਸਤੇ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਨਾਲ ਜੁੜੇ ਯਾਦਗਾਰੀ ਅਸਥਾਨ ਕੀ ਮਾਇਨੇ ਰੱਖਦੇ ਹਨ, ਇਹ ਦੱਸਣ ਦੀ ਲੋੜ ਨਹੀਂ ਹੈ। ਕਰਤਾਰਪੁਰ ਲਾਂਘਾ ਦੋਹਾਂ ਪੰਜਾਬਾਂ ਲਈ ਹੀ ਨਹੀਂ, ਦੋ ਦੇਸ਼ਾਂ ਲਈ ਹੀ ਨਹੀਂ, ਸਗੋਂ ਭੂਗੋਲਿਕ ਕਾਰਨਾਂ ਕਰਕੇ ਇਸ ਸਮੁੱਚੇ ਖਿੱਤੇ ਵਾਸਤੇ ਅਹਿਮ ਸਾਬਤ ਹੋ ਸਕਦਾ ਹੈ। ਹਿੰਦੂ ਰਾਸ਼ਟਰਵਾਦ ਦੀ ਜਿਹੜੀ ਭਾਵਨਾ ਇਸ ਸਮੇਂ ਪੂਰੇ ਹਿੰਦੋਸਤਾਨ ਉਤੇ ਤਾਰੀ ਹੈ, ਉਸ ਦੇ ਹਮਾਇਤੀ ਸਾਰੀਆਂ ਪਾਰਟੀਆਂ ਵਿਚ ਬੈਠੇ ਹਨ। ਇਸ ਕਰ ਕੇ ਹਿੰਦੂ ਰਾਸ਼ਟਰਵਾਦ ਦੀ ਹੋਂਦ ਨੂੰ ਹੋਰ ਪੁਖਤਾ ਕਰਨ ਲਈ ਪਾਕਿਸਤਾਨ ਨਾਲ ਸਬੰਧ ਖਰਾਬ ਰਹਿਣੇ ਜਾਂ ਕਰਨੇ ਲਾਜ਼ਮੀ ਹਨ। ਇਹੀ ਕਾਰਨ ਹੈ ਕਿ ਕਦੇ ਸੁਬਰਾਮਨੀਅਮ ਸਵਾਮੀ ਤੇ ਕਦੇ ਕੋਈ ਹੋਰ ਅਜਿਹੀ ਬਿਆਨਬਾਜ਼ੀ ਕਰਦਾ ਹੈ। ਸਿੱਖਾਂ ਨੂੰ ਇਸ ਦੌਰ ਵਿਚ ਵਧੇਰੇ ਸੁਚੇਤ ਹੋ ਕੇ ਆਪਣਾ ਸੁਰੱਖਿਅਤ ਭਵਿੱਖ ਤਲਾਸ਼ਣਾ ਪਵੇਗਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਜਾਂ ਬੰਦ ਹੋਣਾ ਸਾਡੀ ਇਕ ਹੋਰ ਪਰਖ ਕਰ ਸਕਦਾ ਹੈ।