ਲੀਡਰਗਿਰੀ ਬਨਾਮ ਵੋਟਰਗਿਰੀ

ਲੀਡਰਗਿਰੀ ਬਨਾਮ ਵੋਟਰਗਿਰੀ

ਲੀਡਰਗਿਰੀ ਦਾ ਲੱਗਿਆ ਚਸਕਾ ਜਿਵੇਂ ‘ਜਿਥੇ ਗੁੜ ਹੋਊ ਉੱਥੇ ਮੱਖੀ ਜ਼ਰੂਰ ਆਊ’ ਵਾਲੀ ਕਹਾਵਤ

ਕਿਸੇ ਵੀ ਬਾਡੀ ਨੂੰ ਚੁਣਨ ਲਈ ਦੋ ਵਿਧਾਨ ਹੁੰਦੇ ਹਨ ਜਿਵੇਂਕਿ ਇਕ ਸਹਿਮਤੀ ਅਤੇ ਦੂਜਾ ਵੋਟਾਂ। ਦੋਵਾਂ ਲਈ ਲੀਡਰ ਅਤੇ ਵੋਟਰ ਦਾ ਹੋਣਾ ਜ਼ਰੂਰੀ ਹੈ। ਕਿਸੇ ਵੀ ਸੰਸਥਾ, ਗਰੁੱਪ, ਬਾਡੀ, ਪਾਰਟੀ ਜਾਂ ਆਮ ਜਨ ਦੀ ਅਗਵਾਈ ਕਰਨ ਵਾਲੇ ਨੂੰ ਲੀਡਰ ਕਿਹਾ ਜਾਂਦਾ ਹੈ। ਇਹ ਲੀਡਰ ਆਮ ਜਨ ਦੀਆਂ ਸਮੱਸਿਆਵਾਂ ਅਤੇ ਹੋਰ ਦਰਪੇਸ਼ ਮਸਲਿਆਂ ਦਾ ਹੱਲ ਕਰਨ ਲਈ ਆਪਣੇ ਆਪ ਨੂੰ ਅੱਗੇ ਰੱਖ ਕੇ ਚਲਦਾ ਹੈ। ਕਿਸੇ ਵੀ ਪੰਚਾਇਤੀ, ਸਰਕਾਰੀ, ਅਰਧ ਸਰਕਾਰੀ ਜਾਂ ਸਰਕਾਰੇ ਦਰਬਾਰੇ ਆਮ ਲੋਕਾਂ ਦੀਆਂ ਸਮੱਸਿਆਵਾਂ ਜਾਂ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਆਪਣੇ ਆਪ ਨੂੰ ਉਨ੍ਹਾਂ ਦੇ ਨੁਮਾਇੰਦੇ ਵਜੋਂ ਪੇਸ਼ ਕਰਦਾ ਹੈ। ਇਹ ਲੀਡਰ ਪੇਂਡੂ ਪੱਧਰ ਤੋਂ ਬਲਾਕ ਪੱਧਰ ’ਤੇ, ਜ਼ਿਲ੍ਹਾ ਪੱਧਰ ’ਤੇ ਅਤੇ ਉਸ ਤੋਂ ਬਾਅਦ ਸੂਬਾ ਪੱਧਰ ’ਤੇ ਆਪਣੀ ਲੀਡਰੀ ਨਾਲ ਆਮ ਜਨ ਦੀ ਪ੍ਰਤੀਨਿਧਤਾ ਕਰਦਾ ਹੈ। ਇਸੇ ਲੀਡਰ ਸ਼ਬਦ ਕਾਰਨ ਇਸ ‘ਲੀਡਰ’ ’ਤੇ ਆਮ ਜਨ ਦਾ ਵਿਸ਼ਵਾਸ਼ ਬੱਝਣਾ ਸ਼ੁਰੂ ਹੁੰਦਾ ਹੈ। ਘਰੇਲੂ ਪੱਧਰ ਦੇ ਮਾਮੂਲੀ ਝਗੜਿਆਂ ਤੋਂ ਲੈ ਕੇ ਉੱਚ ਪੱਧਰ ਦੇ ਮਸਲਿਆਂ ਤੱਕ ਦੇ ਹੱਲ ਲਈ ਆਮ ਜਨ ਇਸ ’ਤੇ ਇਕ ਵਿਸ਼ਵਾਸ਼ਪਾਤਰ ਵਿਅਕਤੀ ਵਜੋਂ ਅੱਖਾਂ ਮੀਟ ਕੇ ਭਰੋਸਾ ਕਰਨ ਲਗਦਾ ਹੈ। ਲੀਡਰ ਵਜੋਂ ਉਭਰੇ ਇਸ ਵਿਅਕਤੀ ਖਾਸ ਵਿਚ ਆਲੇ ਦੁਆਲੇ ਦੇ ਮਾਹੌਲ ਨੂੰ ਦੇਖਦਿਆਂ ਸਮੇਂ ਸਮੇਂ ’ਤੇ ਆਈ ਤਬਦੀਲੀ ਕਾਰਨ ਲੋਕਾਂ ਦੀਆਂ ਉਮੀਦਾਂ ਵਧਦੀਆਂ ਜਾਂਦੀਆਂ ਹਨ ਅਤੇ ਇਹ ਵਿਅਕਤੀ ਖਾਸ ਚਿਹਰੇ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ। 

ਜਿਵੇਂਕਿ ਦੁਨੀਆ ਵਿਚ ਮੁੱਢ ਤੋਂ ਪ੍ਰਚਲਤ ਹੈ ਕਿ ਕਿਸੇ ਵੀ ਦੇਸ਼, ਕੌਮ, ਪਾਰਟੀ ਦੀ ਅਗਵਾਈ ਕਰਨ ਲਈ ਕਿਸੇ ਨਾ ਕਿਸੇ ਨੂੰ ਲੀਡਰ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸੇ ਲੀਡਰ ਦੀ ਅਗਵਾਈ ਹੇਠ ਜੰਗਾਂ ਲੜੀਆਂ ਗਈਆਂ, ਸਿਆਸਤੀ ਅਖਾੜੇ ਮਘਦੇ ਰਹੇ। ਦੁਨੀਆ ਭਰ ਦੇ ਦੇਸ਼ਾਂ ਵਿਚ ਲੋਕਤੰਤਰੀ ਢੰਗ ਨਾਲ ਸਰਕਾਰਾਂ ਚਲਾਉਣ ਲਈ ਇਨ੍ਹਾਂ ਲੀਡਰਾਂ ਦੀ ਚੋਣ ਕੀਤੀ ਜਾਂਦੀ ਹੈ। ਜਿਵੇਂ ਕਿ ਭਾਰਤ ਵਿਚ ਲੋਕਤੰਤਰ ਦੇ ਲੋਕ ਸਭਾ ਅਤੇ ਵਿਧਾਨ ਸਭਾ ਦੋ ਵਿਧਾਨ ਹਨ। ਇਨ੍ਹਾਂ ਵਿਚ ਆਮ ਜਨ ਵਲੋਂ ਚੁਣੇ ਨੁਮਾਇੰਦੇ ‘ਲੀਡਰ’ ਵਜੋਂ ਪੇਸ਼ ਹੁੰਦੇ ਹਨ। ਇਨ੍ਹਾਂ ਲੀਡਰਾਂ ਦੀ ਚੋਣ ਕਰਨ ਲਈ ਆਮ ਜਨ ਨੂੰ ‘ਵੋਟਰ’ ਕਿਹਾ ਜਾਂਦਾ ਹੈ। ‘ਲੀਡਰ’ ਅਤੇ ’ਵੋਟਰ’ ਦਾ ਆਪਸੀ ਨਹੁੰ ਮਾਸ ਵਾਲਾ ਰਿਸ਼ਤਾ ਕਿਹਾ ਜਾਂਦਾ ਹੈ। ਕਿਉਂਕਿ ‘ਲੀਡਰ’ ਤੋਂ ਬਿਨਾਂ ਵੋਟਰ ਕੁਝ ਨਹੀਂ ਅਤੇ ‘ਵੋਟਰ’ ਤੋਂ ਬਿਨਾਂ ਕੋਈ ਲੀਡਰ ਨਹੀਂ। ਅੱਜ ਦੇ ਸਮੇਂ ਵਿਚ ਇਹ ਦੋਵੇਂ ਸ਼ਬਦ ‘ਲੀਡਰ’ ਅਤੇ ‘ਵੋਟਰ’ ਆਮ ਜਨ ਦੇ ਦਿਲੋ ਦਿਮਾਗ ਵਿਚ ਇਕ ਘੁਣ ਦੇ ਕੀੜੇ ਵਾਂਗ ਘੁਸ ਗਏ ਹਨ ਕਿਉਂਕਿ ਇਨ੍ਹਾਂ ਦੋਵਾਂ ਦਾ ਇਕ-ਦੂਜੇ ਤੋਂ ਬਿਨਾਂ ਗੁਜ਼ਾਰਾ ਨਹੀਂ। ਲੀਡਰ ਨੂੰ ਲੀਡਰਗਿਰੀ ਦਾ ਲੱਗਿਆ ਚਸਕਾ ਜਿਵੇਂ ‘ਜਿਥੇ ਗੁੜ ਹੋਊ ਉੱਥੇ ਮੱਖੀ ਜ਼ਰੂਰ ਆਊ’ ਵਾਲੀ ਕਹਾਵਤ ਨਾਲ ਵੋਟਰ ਅਤੇ ਲੀਡਰ ਦੀ ਗੂੜ੍ਹੀ ਸਾਂਝ ਪ੍ਰਤੱਖ ਦਿਖਾਈ ਦਿੰਦੀ ਹੈ। ਅੱਜ ਦੀ ਸਿਆਸਤ ਵਿਚ ਇਹ ਦੋਵੇਂ ਸ਼ਬਦ ‘ਲੀਡਰ’ ਅਤੇ ‘ਵੋਟਰ’ ਸਦਾਬਹਾਰ ਮੌਸਮ ਵਾਂਗ ਘੁੰਮ ਰਹੇ ਹਨ। ਲੀਡਰ ਨੂੰ ਆਪਣੀ ਲੀਡਰ ਚਮਕਾਉਣ ਲਈ ਵੋਟਰਾਂ ਦੀ ਜ਼ਰੂਰਤ ਹੁੰਦੀ ਹੈ। ਜਦੋਂ ਇਸੇ ਲੀਡਰੀ ਦੇ ਸਹਾਰੇ ਵਿਅਕਤੀ ਖਾਸ ਕਿਸੇ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਫਿਰ ਸੂਬਾ ਪੱਧਰੀ ਖਾਸ ਮੁਕਾਮ ’ਤੇ ਪਹੁੰਚ ਜਾਂਦਾ ਹੈ ਤਾਂ ਉਸ ਥਾਂ ’ਤੇ ਪਹੁੰਚ ਕੇ ਉਸ ਦਾ ਆਮ ਵੋਟਰਾਂ ਵਲੋਂ ਦਿੱਤਾ ਸਹਿਯੋਗ ਫਿੱਕਾ ਪੈਣ ਲਗਦਾ ਹੈ। ਇਸੇ ਲੀਡਰੀ ਦੇ ਸਹਾਰੇ ਆਪਣੇ ਆਲੇ ਦੁਆਲੇ ਸਿਰਜੇ ਜਨਤਕ ਸੇਵਾ ਦੇ ਮਾਹੌਲ ਨੂੰ ਸਰਕਾਰੀ ਤੰਤਰ ਵਿਚ ਰਹਿ ਕੇ ਪੂਰਾ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ। ਜਦੋਂ ਜਨਤਕ ਸੇਵਾ ਦੇ ਕੀਤੇ ਵੱਡੇ ਵੱਡੇ ਵਾਅਦੇ ਪੂਰੇ ਨਹੀਂ ਹੁੰਦੇ ਤਾਂ ‘ਲੀਡਰ’ ਅਤੇ ‘ਵੋਟਰ’ ਸ਼ਬਦ ਵਿਚ ਤਰੇੜ ਪੈਣੀ ਸੁਭਾਵਿਕ ਹੀ ਹੈ। ਜਦੋਂ ਅਸੀਂ ਕਿਸੇ ਤੋਂ ਉਮੀਦ ਰੱਖ ਕੇ ਨਾ-ਉਮੀਦ ਹੋਈਏ ਤਾਂ ਵਿਅਕਤੀ ਖਾਸ ਤੋਂ ਸਾਡਾ ਵਿਸ਼ਵਾਸ਼ ਘਟਦਾ ਜਾਂਦਾ ਹੈ। ਅੱਜ ਦੇ ਦੌਰ ਵਿਚ ਚਲ ਰਹੇ ਲੋਕਤੰਤਰੀ ਤਾਣੇ ਬਾਣੇ ਵਿਚ ਇਨ੍ਹਾਂ ਦੋਵਾਂ ‘ਲੀਡਰ’ ਅਤੇ ‘ਵੋਟਰ’ ਦੀ ਆਪਣੀ ਆਪਣੀ ਹੋਂਦ ਹੈ। ਇਸੇ ਲੋਕਤੰਤਰੀ ਚੱਕਰਵਿਊ ਵਿਚ ਜਦੋਂ ਇਹ ਦੋਵੇਂ ਕਿਸੇ ਮੁਕਾਮ ’ਤੇ ਪਹੁੰਚਣ ਲਈ ਇਕੱਠੇ ਹੁੰਦੇ ਹਨ ਤਾਂ ਲੋਕਾਂ ਦੀਆਂ ਆਸਾਂ, ਖਾਹਿਸ਼ਾਂ ਬਰਸਾਤੀ ਘਾਹ ਵਾਂਗ ਪੁੰਗਰਦੀਆਂ ਹਨ। ਆਪਣੇ ਆਪ ਨੂੰ ਕਿਸੇ ਖਾਸ ਮੁਕਾਮ ’ਤੇ ਸਥਾਪਤ ਕਰਨ ਲਈ ਆਮ ਜਨ ‘ਵੋਟਰ’ ਵਲੋਂ ਬਣਾਈ ਮਜਬੂਤ ‘ਫਸੀਲ’ ’ਤੇ ਪੈਰ ਰੱਖ ਕੇ ਉਸ ‘ਟੀਸੀ ਦੇ ਬੇਰ’ ਨੂੰ ਤੋੜਨ ਲਈ ‘ਲੀਡਰ’ ਵਲੋਂ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਹੈ। ਇਹੋ ਲੀਡਰ ਦੋ ਵਿਧਾਨਾਂ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਬੈਠ ਕੇ ਆਮ ਜਨ ‘ਵੋਟਰ’ ਦਾ ਵਰਤਮਾਨ ਅਤੇ ਭਵਿੱਖ ਤੈਅ ਕਰਦੇ ਹਨ। ਇਸੇ ਗੁੰਝਲਦਾਰ ਵਰਤਮਾਨ ਅਤੇ ਭਵਿੱਖੀ ਤਾਣੇ ਬਾਣੇ ਵਿਚ ਉਲਝਿਆ ਆਮ ਜਨ ‘ਵੋਟਰ’ ‘ਸਾਡੇ ਲਈ ਕੁਝ ਕਰੂ’ ਦੀ ਆਸ ਰੱਖ ਕੇ ਇਨ੍ਹਾਂ ਦੇ ਮੂੰਹ ਵੱਲ ਵੇਖਦਾ ਰਹਿੰਦਾ ਹੈ। ਉਸ ਨੂੰ ਇਹੋ ਉਮੀਦ ਹੁੰਦੀ ਹੈ ਕਿ ਸਾਡੇ ਵਲੋਂ ਚੁਣਿਆ ਇਹ ‘ਲੀਡਰ’ ਸਾਡਾ ਕੁਝ ਭਲਾ ਕਰੂ। ਲੋਕਤੰਤਰ ਵਿਚ ਕਿਸੇ ਵੀ ਵਿਧਾਨਿਕ ਬਾਡੀ ਦੀ ਚੋਣ ਲਈ ਹੰੁਦੀਆਂ ਚੋਣਾਂ ਦੌਰਾਨ ਆਮ ਜਨ ’ਵੋਟਰਾਂ’ ਨੂੰ ਆਪਣੇ ਨਾਲ ਜੋੜਨ ਲਈ ‘ਚੋਣ ਮੈਨੀਫੈਸਟੋ’ ਵਿਚ ਦਿੱਤੇ ਵੱਡੇ ਵੱਡੇ ‘ਵਾਅਦੇ’ ਕੀਤੇ ਜਾਂਦੇ ਹਨ। ਇਨ੍ਹਾਂ ਭਰੋਸਿਆਂ ਦੀ ਤੰਦ ਉਦੋਂ ਟੁੱਟਦੀ ਨਜ਼ਰ ਆਉਂਦੀ ਹੈ ਜਦੋਂ ਆਮ ਜਨ ‘ਵੋਟਰ’ ਨਾਲ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਸਾਇਡ ਕਰਕੇ ‘ਵੋਟਰ’ ਲਈ ਇਕ ਲਕਸ਼ਮਣ ਰੇਖਾ ਖਿੱਚ ਦਿੱਤੀ ਜਾਂਦੀ ਹੈ। ਅੱਜ ਦੇ ਸਮੇਂ ਵਿਚ ਇਨ੍ਹਾਂ ‘ਲੀਡਰਾਂ’ ਦੇ ਹੋ ਰਹੇ ਵਿਰੋਧ ਤੋਂ ਇਹ ਸਾਫ਼ ਝਲਕਦਾ ਹੈ ਕਿ ‘ਲੀਡਰ’ ਅਤੇ ‘ਵੋਟਰ’ ਸ਼ਬਦ ਵਿਚ ਪਿਆ ਪਾੜਾ ਇਕ ਕੱਚੀ ਨਹਿਰ ਵਿਚ ਪਏ ਪਾੜ ਵਾਂਗੂੰ ਵਧਦਾ ਹੀ ਜਾ ਰਿਹਾ ਹੈ। ਇਹ ਪਾੜਾ ‘ਵੋਟਰ’ ਦਾ ‘ਲੀਡਰ’ ਤੋਂ ਟੁੱਟੇ ਭਰੋਸੇ ਤੋਂ ਬਾਅਦ ਪਣਪਿਆ ਵਿਰੋਧ ਅੱਜ ਦੇ ਲੋਕਤੰਤਰ ਨੂੰ ਨਵੀਂਆਂ ਦਿਸ਼ਾਵਾਂ ਦੇ ਰਿਹਾ ਹੈ। ‘ਵਿਸ਼ਵਾਸ਼’ ਦਾ ਪ੍ਰਤੀਕ ਇਹ ਪਾੜਾ ‘ਲੀਡਰ’ ਦੀ ਚੰਗੀ ਮਾੜੀ ਕਾਰਗੁਜ਼ਾਰੀ ਨੂੰ ਜੋੜ ਦੇ ਤਿਆਰ ਹੋਇਆ ਹੈ। ਆਪਣੇ ਵਰਤਮਾਨ ਅਤੇ ਭਵਿੱਖ ਦੀ ਹੋਂਦ ਨੂੰ ਧਿਆਨ ਵਿਚ ਰੱਖ ਕੇ ਅੱਜ ਦਾ ‘ਵੋਟਰ’ ਭਵਿੱਖ ਦਾ ‘ਲੀਡਰ’ ਤੈਅ ਕਰਨ ਲਈ ‘ਕਿਸੇ ’ਤੇ ਭਰੋਸਾ ਕਰੇ’, ਵਾਲੀ ਆਮ ਕਹਾਵਤ ਨਾਲ ਇਸ ‘ਲੀਡਰਗਿਰੀ’ ਅਤੇ ‘ਵੋਟਰਗਿਰੀ’ ਦੇ ਗੁੰਝਲਦਾਰ ਚੱਕਰਵਿਊ ਵਿਚੋਂ ਹੀ ਬਹਾਰ ਨਹੀਂ ਨਿਕਲ ਰਿਹਾ। ਆਪਣੀ ਮੌਜੂਦਾ ਪੀੜ੍ਹੀ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਖੁਸ਼ਗਵਾਰ ਲੋਕਤੰਤਰ ਦੀ ਫਸੀਲ ਤਿਆਰ ਕਰਕੇ ਦੇਣ ਲਈ ਉਹ ‘ਰੜੇ ਵਿਚ ਬੈਠੇ ਬਟੇਰੇ’ ਵਾਂਗ ਝਾਕ ਰਿਹਾ ਹੈ। ਇਸ ਲੀਡਰ ਦੀ ‘ਲੀਡਰਗਿਰੀ’ ਕਾਰਨ ਬਣੇ ਬ੍ਰਹਿਮੰਡੀ ‘ਮੱਕੜਜਾਲ’ ਵਿਚੋਂ ਨਿਕਲ ਕੇ ਵੋਟਰ ਦੀ ‘ਵੋਟਰਗਿਰੀ’ ਕਦੋਂ ਆਮ ਜਨ ਨੂੰ ਇਕ ਹਨੇਰੀ ਰਾਤ ਵਿਚ ਅਸਮਾਨ ’ਤੇ ਚਮਕਦੇ ਤਾਰੇ ਵਾਂਗ ਆਪਣੀ ਲੋਅ ਦੀ ਚਮਕ ਦੀ ਹੋਂਦ ਮਹਿਸੂਸ ਕਰਵਾਏਗੀ, ਇਹ ਸਵਾਲ ਤਾਂ ਭਵਿੱਖ ਦੇ ਗਰਭ ਵਿਚ ਛੁਪੇ ਹੋਏ ਹਨ

ਅੰਮਿ੍ਰਤਪਾਲ ਸਿੰਘ

9592174901