ਪੰਜਾਬ ਚੋਣਾਂ: ਬਾਹਰਮੁੱਖੀ ਵਿਸ਼ਲੇਸ਼ਣ

ਪੰਜਾਬ ਚੋਣਾਂ: ਬਾਹਰਮੁੱਖੀ ਵਿਸ਼ਲੇਸ਼ਣ

     ਪੰਜਾਬ ਦਾ ਇੰਨਫਰਾ ਸਟਰੱਕਚਰ ਪੂਰੇ ਦਾ ਪੂਰਾ ਨਿੱਘਰ ਚੁੱਕਾ ਹੈ।

ਪੰਜਾਬ ਏਸ ਵੇਲੇ ਡਾਢੇ ਔਖੋ ਦੌਰ ਵਿੱਚੋਂ ਲੰਘ ਰਿਹਾ ਹੈ।ਜਿੱਥੇ ਏਸ ਸੂਬੇ ਨੂੰ ਅਨੇਕਾਂ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਉਥੇ ਇਸ ਸੂਬੇ ਦੀ ਰਾਜਨੀਤੀ ਵੀ ਔਝੜੇ ਪਈ ਹੋਈ ਹੈ।ਸੱਚ ਜਿਵੇਂ ਮੂੰਹ ਛੁਪਾਈ ਖਲੋਤਾ ਹੋਵੇ,ਕੂੜ ਦੇ ਬੱਦਲ ਚੋਫੇਰੇ ਮੰਡਰਾ ਰਹੇ ਹੋਣ, ਪੰਜਾਬ ਦਾ ਦ੍ਰਿਸ਼ ਕੁੱਝ ਏਦਾਂ ਦਾ ਲੱਗ ਰਿਹਾ ਹੈ।ਸੱਤਾ ਯੁੱਧ ਪਿੱਛੇ ਹੁਆਂਕੀ ਰਾਜਨੀਤੀ ਕੀ ਕੀ ਪਾਪੜ ਵੇਲ ਰਹੀ ਹੈ,ਉਹ ਅਸੀਂ ਏਸ ਵੇਲੇ ਨੰਗੀਆਂ ਅੱਖਾਂ ਨਾਲ ਵੇਖ ਰਹੇ ਹਾਂ।ਇਕ ਦੂਜੇ ਨੂੰ ਕਿਵੇਂ ਠਿੱਬੀਆਂ ਲਾਈਆਂ ਜਾ ਰਹੀਆਂ ਨੇ, ਜਿਵੇਂ ਲੱਗ ਰਿਹਾ ਹੋਵੇ ਕਿ ਲੋਕ ਸੇਵਾ ਨਹੀਂ ਬਲਕਿ ਲੋਕਾਂ ਦਾ ਮੇਵਾ ਲੁੱਟਣ ਜਾ ਰਹੇ ਹੋਣ। ਇਹਨਾਂ ਧਿਰਾਂ ਨੂੰ ਐਵੇਂ ਲੱਗ ਰਿਹੈ ਜਿਵੇਂ ਸੱਤਾ ਨਾ ਮਿਲੀ ਤਾਂ ਜ਼ਿੰਦਗੀ ਖਤਮ ਹੋ ਜਾਵੇਗੀ। ਲੋਕਾਂ ਵਾਸਤੇ ਲੜਨਾ,ਲੋਕਾਂ ਵਾਸਤੇ ਮਰਨਾ ਤੇ ਲੋਕ ਸੇਵਾ ਦਾ ਸੰਕਲਪ ਜਿਵੇਂ ਉਡ ਪੁਡ ਗਿਆ ਹੋਵੇ। ਇਹ ਸੱਤਾਵਾਨ ਇਵੇਂ ਲੱਗਦੈ ਜਿਵੇਂ ਪ੍ਰੋਫੈਸ਼ਨਲ ਟੋਲੇ ਹੋਣ ਜੋ ਲੋਕ ਨੀਤੀ ਭੁੱਲ ਕੇ ਬਦਨੀਤੀ ਤੇ ਉਤਰ ਪਏ ਹੋਣ।ਸੱਤਾ ਜਿਵੇਂ ਇਹਨਾਂ ਦੇ ਸਿਰ ਤੇ ਸੁਆਰ ਹੋਵੇ। ਅਫ਼ਸਰਸ਼ਾਹੀ ਲੋਕ ਸੇਵਾ ਵਾਲਾ ਕਿਰਦਾਰ ਭੁੱਲ ਚੁੱਕੀ ਹੈ। ਰਾਜਨੀਤੀ, ਅਫਸਰਸ਼ਾਹੀ,ਭੂ ਮਾਫੀਆ,ਸ਼ਰਾਬ ਮਾਫੀਆ,ਰੇਤਾ ਬਜਰੀ ਮਾਫੀਆ ਆਪਸ ਵਿੱਚ ਮਿਲਕੇ ਜਿਵੇਂ ਪੂਰੇ ਸਿਸਟਮ ਤੇ ਕਾਬਜ਼ ਹੋ ਗਏ ਹੋਣ। ਲੋਕਾਂ 'ਚ ਤ੍ਰਾਹੀ ਤ੍ਰਾਹੀ ਮੱਚੀ ਹੋਈ ਹੈ। ਲੋਕਾਂ ਦੀ ਪੁਕਾਰ ਕੋਈ ਸੁਣ ਨਹੀਂ ਰਿਹਾ। ਨੌਜਵਾਨ ਨੌਕਰੀ ਲੈਣ ਖਾਤਰ ਟੈਂਕੀਆਂ ਤੇ ਚੜ੍ਹ ਕੇ ਮਰਨ ਵਰਤ ਲਈ ਬੈਠੇ ਨੇ।ਇਹ ਦੁਖੀ ਹੋਏ ਨਸ਼ੇ ਦੀ ਖੱਡ ਵਿਚ ਡਿੱਗ ਰਹੇ ਨੇ,ਤੰਗ ਹੋਏ ਬਾਹਰ ਨੂੰ ਦੌੜੇ ਜਾ ਰਹੇ ਨੇ.…. ਕੀ ਸਾਡੀ ਰਾਜਨੀਤੀ ਇਹ ਸਭ ਕੁੱਝ ਸੋਚ ਰਹੀ ਹੈ?.. ਕੀ ਪੰਜਾਬ ਦੀ ਰਾਜਨੀਤੀ ਏਸ ਦੁੱਖ ਨੂੰ ਅਜੰਡੇ ਤੇ ਲਿਆਵੇਗੀ? ਜਿਵੇਂ ਇਹ ਚਾਲੇ ਚੱਲ ਰਹੀ ਹੈ ਇਸ ਤੋਂ ਉਮੀਦ ਕਰਨੀ ਤਾਂ 'ਗਧੇ ਦੇ ਸਿਰ ਤੋਂ ਸਿੰਗ ਲੱਭਣ' ਆਲੀ ਗੱਲ ਹੈ।

   ਅਕਾਲੀ ਦਲ ਬਾਦਲ ਆਪਣੀ ਔਧ ਮੁਕਾ ਚੁੱਕਾ ਹੈ।ਇਹਦੀ ਹਾਲਤ ਤਾਂ ਏਸ ਵੇਲੇ 'ਤਾਲੋਂ ਗੁੱਥੀ ਡੂਮਣੀ ਮਾਰੇ ਤਾਲ ਬੇਤਾਲ' ਵਾਲੀ ਬਣੀ ਹੋਈ ਹੈ। ਕਾਂਗਰਸ ਆਪਸ ਵਿੱਚ 'ਛਿੱਤਰੀਂ ਦਾਲ ਵੰਡ' ਰਹੀ ਹੈ। ਏਸ ਪਾਰਟੀ ਦੀ ਸਾਰੀ ਦੀ ਸਾਰੀ ਰਾਜਨੀਤੀ ਏਸ ਵੇਲੇ ਜਿਵੇਂ ਕੈਪਟਨ ਤੇ ਸਿੱਧੂ ਦੀਆਂ ਦੋ ਟੀਮਾਂ ਦਾ ਅਖਾੜਾ ਬਣ ਚੁੱਕੀ ਹੋਵੇ। ਅਕਾਲੀ ਦਲ ਬਾਦਲ 'ਚੋਂ ਨਿਕਲਿਆ ਢੀਂਡਸਾ ਬ੍ਰਹਮਪੁਰਾ ਧੜਾ ਵੀ ਜਿਵੇਂ ਸਾਹੋ ਸਾਹੀ ਹੋਇਆ ਦੂਰ ਖਲੋਤਾ ਨਜ਼ਰ ਆ ਰਿਹਾ ਹੋਵੇ।ਆਮ ਆਦਮੀ ਪਾਰਟੀ ਕੋਈ ਚਮਤਕਾਰ ਨਹੀਂ ਵਿਖਾ ਸਕੇਗੀ ਇਉਂ ਭਾਸ ਰਿਹੈ। ਕੇਜਰੀਵਾਲ ਦਾ ਬਿਜਲੀ ਦੇ ਤਿੰਨ ਸੌ ਯੂਨਿਟਾਂ ਦਾ ਸ਼ੰਗੂਫਾ ਹਵਾ 'ਚ ਲਟਕਿਆ ਲੱਗ ਰਿਹੈ। ਇਉਂ ਲੱਗ ਰਿਹੈ ਜਿਵੇਂ ਪੰਜਾਬ ਦੀ ਫਿਜ਼ਾ ਅੰਦਰ ਧੂੜ ਉੱਡ ਰਹੀ ਹੋਵੇ,ਤੇ ਦ੍ਰਿਸ਼ ਏਦਾਂ ਵਿਖਾਈ ਦੇ ਰਿਹੈ ਜਿਵੇਂ ਏਸ ਧੂੜ ਅੰਦਰ ਹਰੇਕ ਆਪਣਾ ਆਪਣਾ ਟੱਟੂ ਭਜਾ ਰਿਹਾ ਹੋਵੇ।ਇਸ ਦੋਖੀ ਫਿਜ਼ਾ ਅੰਦਰ ਕੋਈ ਉਮੀਦ ਦੀ ਕਿਰਨ ਅਗਰ ਵਿਖਾਈ ਦੇ ਰਹੀ ਹੈ ਤਾਂ ਉਹ ਹੈ ਕਿਸਾਨ ਲਹਿਰ ਵਿਚੋਂ ਕੋਈ ਨਵੀਂ ਲੀਡਰਸ਼ਿਪ ਦਾ ਉਭਾਰ ਤੇ ਲੋਕਾਂ ਦਾ ਰੁੱਖ।ਏਸ ਵੇਲੇ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਸਿਧਿਆਂ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੀ,ਹਾਲਾਂਕਿ ਬੱਤੀ ਜਥੇਬੰਦੀਆਂ ਵਿਚੋਂ ਕਾਫ਼ੀ ਕਿਸਾਨੀ ਧੜੇ ਕਿਸੇ ਨਾ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹੋਏ ਹਨ।ਪਰ ਏਸ ਵੇਲੇ ਰਾਜਨੀਤੀ ਵਿੱਚ ਸਿੱਧਾ ਕੁੱਦਣਾ ਉਹਨਾਂ ਦੀ ਕੂਟਨੀਤਕ ਮਜਬੂਰੀ ਹੈ।ਪਰ ਅਖੀਰੀ ਤੌਰ ਤੇ ਰਾਜਨੀਤਕ ਵਰਤਾਰੇ ਨੂੰ ਥਾਂ ਸਿਰ ਲਿਆਉਣਾ ਵੀ ਤਾਂ ਰਾਜਨੀਤੀ ਦੀ ਹੀ ਮੁਥਾਜੀ ਹੈ। ਰਾਜਨੀਤੀ ਬਿਨਾਂ ਸਰਨਾਂ ਵੀ ਨਹੀਂ। ਅਗਰ ਚੰਗੀ ਲੀਡਰਸ਼ਿਪ ਲੋਕਾਂ ਵਿਚੋਂ ਨਹੀਂ ਆਉਂਦੀ ਤਾਂ 'ਸ਼ਿਕਾਰ ਮਾਰੂ ਰਾਜਨੀਤੀ' ਨੇ ਸੱਤਾ ਤੇ ਸੁਆਰ ਹੋਈ ਰਹਿਣੈ।....ਏਸ ਵੇਲੇ ਪੰਜਾਬ ਦੀ ਲੋਕ ਸੱਥ ਵਿਚ ਇਹ ਵਿਚਾਰ ਮੱਘ ਰਿਹੈ ਕਿ ਕੀ ਪੰਜਾਬ ਦੇ ਲੋਕ ਉਭਾਰ ਵਿਚੋਂ ਕਿਸੇ ਚੰਗੀ ਰਾਜਨੀਤੀ ਦੀ ਸੰਭਾਵਨਾ ਹੈ?

           ਏਸ ਪ੍ਰਸ਼ਨ ਦਾ ਉੱਤਰ ਸਾਨੂੰ ਪੰਜਾਬ ਦੇ ਏਸ ਵੇਲੇ ਦੇ ਜੀਣ ਥੀਣ ਦੇ ਵਿਸ਼ਲੇਸ਼ਣ ਵਿਚੋਂ ਮਿਲੇਗਾ ਜੋ ਏਸ ਵੇਲੇ ਡੂੰਘੇ ਨਿਘਾਰ ਵੱਲ ਹੈ। ਪੰਜਾਬ ਦਾ ਇੰਨਫਰਾ ਸਟਰੱਕਚਰ ਪੂਰੇ ਦਾ ਪੂਰਾ ਨਿੱਘਰ ਚੁੱਕਾ ਹੈ।ਸਿਹਤ, ਸਿਖਿਆ, ਰੁਜ਼ਗਾਰ,ਖੇਤੀ, ਵਾਤਾਵਰਨ ਦੀ ਸਮੱਸਿਆ ਦਾ ਅਜੋਕੀ ਰਾਜਨੀਤੀ ਕੋਲ ਕੋਈ ਹੱਲ ਨਹੀਂ ਤੇ ਲੋਕਾਂ ਦੀ ਵੀ ਇਹਨਾਂ ਤੋਂ ਨਾਉਮੀਦੀ ਬਣੀ ਹੋਈ ਹੈ। ਪਿੱਛਲੇ ਲੰਮੇ ਸਮੇਂ ਤੋਂ ਸੰਕਟਗ੍ਰਸਤ ਪੰਜਾਬ ਕਿਸੇ ਨਵੇਂ ਬਦਲ ਦੀ ਤਲਾਸ਼ ਵਿਚ ਹੈ ਜੋ ਏਸ ਵੇਲੇ ਕਿਸਾਨੀ ਲਹਿਰ ਦੇ ਚੱਲਦਿਆਂ ਮਹਿਸੂਸ ਕੀਤਾ ਜਾ ਰਿਹਾ ਹੈ। ਪੰਜਾਬ ਚੋਣਾਂ ਲਈ ਸਮਾਂ ਨਜ਼ਦੀਕ ਆ ਰਿਹਾ ਹੈ,ਪਰ ਕਿਸੇ ਨਵੇਂ ਉਠ ਰਹੇ ਰਾਜਨੀਤਕ ਮੰਚ ਦੀ ਉਸਾਰੀ ਵੱਲ ਭਰਵੇਂ ਕਦਮ ਅਜੇ ਪੁੱਟੇ ਨਹੀਂ ਜਾ ਰਹੇ।ਹੋਣਾ ਤਾਂ ਇਹ ਚਾਹੀਦੈ ਕਿ ਸਮਰਪਿਤ, ਇਮਾਨਦਾਰ ਤੇ ਦੂਰਦ੍ਰਿਸ਼ਟੀ ਵਾਲੀਆਂ ਸ਼ਖ਼ਸੀਅਤਾਂ ਦਾ ਫੌਰੀ ਕੋਈ ਮੰਚ ਕਿਸੇ ਨਰੋਏ ਅਜੰਡੇ ਥੱਲੇ ਬਣੇ।ਇਹ ਅਜੰਡਾ ਖੇਤੀ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਵੱਖ ਵੱਖ ਅੰਗਾਂ ਦੇ ਵਿਕਾਸ ਮਾਡਲ ਤੇ ਉਸਰਿਆ ਹੋਵੇ ਜਿਸ ਵਿਚੋਂ ਭਵਿੱਖ ਦੇ ਪੰਜਾਬ ਦੇ ਦਰਸ਼ਨ ਸਾਫ ਵਿਖਾਈ ਦੇਣ। ਏਦਾਂ ਦੀ ਸਾਫ ਸੁਥਰੀ ਤੇ ਵਿਕਾਸ ਦੇ ਅਜੰਡੇ ਤੇ ਕੋਈ ਲੀਡਰਸ਼ਿਪ ਉਭਰਦੀ ਹੈ ਤਾਂ ਪੂਰੀ ਸੰਭਾਵਨਾ ਹੈ ਕਿ ਪੰਜਾਬ ਦੇ ਲੋਕਾਂ ਦਾ ਇਹਨਾਂ ਨੂੰ ਭਰਵਾਂ ਸਾਥ ਮਿਲੇਗਾ। ਲੋਕ ਅੱਕੇ ਹੋਏ ਨੇ,ਲੋਕ ਦੁੱਖੀ ਨੇ, ਉਹਨਾਂ ਨੂੰ ਕੋਈ ਰਸਤਾ ਵਿਖਾਈ ਨਹੀਂ ਦੇ ਰਿਹਾ। ਉਹਨਾਂ ਦੀ ਛਟਪਟਾਹਟ ਦੱਸ ਰਹੀ ਹੈ ਕਿ ਉਹ ਪਰੰਪਰਕ ਲੀਡਰਸ਼ਿਪ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ। ਕਿਸਾਨੀ ਅੰਦੋਲਨ ਵਿਚ ਉਠਿਆ ਲੋਕ ਉਭਾਰ ਉਹਨਾਂ ਦੇ ਦੁੱਖ ਵਿਚੋਂ ਨਿਕਲਿਐ।ਏਸ ਤਰ੍ਹਾਂ ਦੇ ਉਭਾਰ ਇਤਹਾਸ ਵਿੱਚ ਕਦੀ ਕਦੀ ਆਉਂਦੇ ਨੇ। ਪੰਜਾਬ ਦੇ ਚਿੰਤਕਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਜਾਗਰੂਕ ਕਾਰਕੁਨਾਂ ਵੱਲੋਂ ਜਲਦੀ ਏਸ ਬਾਰੇ ਸਿਰ ਜੋੜ ਕੇ ਸੋਚਣ ਦਾ ਤੇ ਸਿਆਸਤ ਨੂੰ ਨਵਾਂ ਬਦਲ ਦੇਣ ਦਾ ਵੇਲਾ ਹੈ। ਅਗਰ ਕਿਸੇ ਬਦਲ ਦੀ ਉਸਾਰੀ ਲਈ ਲੋਕ ਉਭਾਰ ਜੁੜਦੈ ਤਾਂ ਮਜਬੂਰਨ ਸੰਯੁਕਤ ਮੋਰਚੇ ਨੂੰ ਵੀ ਇਹਨਾਂ ਦੇ ਹੱਕ ਵਿੱਚ ਸਿਧਿਆਂ ਜਾਂ ਅਸਿਧਿਆਂ ਇਸ਼ਾਰਾ ਕਰਨਾ ਪਵੇਗਾ। ਸਮੇਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ ਔਰ ਸਮਾਂ ਹੋਕਾ ਦੇ ਰਿਹੈ ਕਿ ਆਉ ਪੰਜਾਬੀਓ!ਮੈਦਾਨੇ ਜੰਗ ਤੁਹਾਡੇ ਕਦਮਾਂ ਦੀ ਆਹਟ ਦੀ ਬਿੜਕ ਲੈ ਰਿਹੈ। ਗਰਦ ਭਰਿਆ ਭਵਿੱਖ ਤਾਂ ਸਾਹਮਣੇ ਖਲੋਤੈ। ਸਾਡੀਆਂ ਨਵੀਆਂ ਨਸਲਾਂ ਕਿੰਨੀਆਂ ਖੁਆਰੀਆਂ ਝੱਲਣਗੀਆਂ? ਇਹਦਾ ਉੱਤਰ ਤਾਂ ਫਿਰ ਕਾਲੇ ਸਮਿਆਂ ਦੀ ਲਹੂ ਭਿੱਜੀ ਇਬਾਰਤ ਹੀ ਦੱਸ ਪਾਏਗੀ।

 

  ਅਮਰਜੀਤ ਅਰਪਨ