'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ' ਦੇ ਸਮਾਰਕਾਂ ਦੀ ਹਾਲਤ ਤਰਸਯੋਗ 

'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ' ਦੇ ਸਮਾਰਕਾਂ ਦੀ ਹਾਲਤ ਤਰਸਯੋਗ 

'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ'

 ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਵਿਖੇ 84 ਏਕੜ 'ਵਿਚ ਲਗਾਏ ਰਾਮ ਬਾਗ਼ ਅਤੇ ਉਸ ਦੇ ਅੱਧ ਵਿਚਾਲੇ ਉਸਾਰੇ 'ਸਮਰ ਪੈਲੇਸ' (ਗਰਮੀਆਂ ਦੇ ਮਹਿਲ) ਅਤੇ ਉਸ ਦੇ ਸਮਾਰਕਾਂ ਦੀ 15 ਅਕਤੂਬਰ 2004 ਨੂੰ ਸ਼ੁਰੂ ਕੀਤੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਦੇ 18 ਵਰ੍ਹੇ ਬੀਤ ਜਾਣ ਦੇ ਬਾਅਦ ਬੇਸ਼ੱਕ ਉਕਤ ਮਹਿਲ ਦੇ ਬੰਦ ਤਾਲੇ ਸੈਲਾਨੀਆਂ ਲਈ ਖੋਲ੍ਹ ਦਿੱਤੇ ਗਏ, ਪਰ ਨਵੀਨੀਕਰਨ ਅਤੇ ਨਵਉਸਾਰੀ 'ਤੇ ਕਰੋੜਾਂ ਰੁਪਏ ਖਰਚੇ ਜਾਣ ਦੇ ਬਾਵਜੂਦ ਬਾਗ ਵਿਚਲੇ ਸਮਾਰਕਾਂ ਦੀ ਖ਼ਸਤਾ ਤੇ ਤਰਸਯੋਗ ਹਾਲਤ ਸੈਲਾਨੀਆਂ ਲਈ ਸੰਬੰਧਤ ਵਿਭਾਗ ਪ੍ਰਤੀ ਨਾਰਾਜ਼ਗੀ ਦਾ ਕਾਰਨ ਬਣ ਰਹੀ ਹੈ ।ਫਿਲਹਾਲ, ਇਸ ਗਰਮੀਆਂ ਦੇ ਮਹਿਲ ਨੂੰ ਪੰਜਾਬ ਸੈਰ ਸਪਾਟਾ ਵਿਭਾਗ ਦੇ ਸਪੁਰਦ ਕਰਦਿਆਂ ਅਜਾਇਬ-ਘਰ ਦਾ ਰੂਪ ਦਿੱਤਾ ਗਿਆ ਹੈ । 'ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ' ਤੱਕ ਪਹੁੰਚਣ ਲਈ ਕੋਈ ਵੀ ਸਿੱਧਾ ਰਸਤਾ ਨਾ ਹੋਣ ਕਰਕੇ ਸੈਲਾਨੀਆਂ ਦਾ ਸਮਾਰਕ ਤੱਕ ਪਹੁੰਚਣਾ ਮੁਸ਼ਕਿਲ ਬਣਿਆ ਹੋਇਆ ਹੈ ।ਮਹਿਲ ਦੇ ਦੋਵੇਂ ਪਾਸੇ ਬਣੇ ਖ਼ੂਬਸੂਰਤ ਤਲਾਬਾਂ ਦੀ ਨਵਉਸਾਰੀ ਤੋਂ ਬਾਅਦ ਹਾਲਤ ਅਤਿ ਖ਼ਸਤਾ ਹੋ ਗਈ ਹੈ ਅਤੇ ਸਮਰ ਪੈਲੇਸ ਤੱਕ ਜਾਣ ਵਾਲੇ ਰਸਤਿਆਂ 'ਤੇ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ । 

 ਆਰਕੋਲੋਜੀਕਲ ਸਰਵੇ ਆਫ਼ ਇੰਡੀਆ ਅਤੇ ਨਗਰ ਨਿਗਮ ਅੰਮਿ੍ਤਸਰ ਵਿਚਾਲੇ 4 ਦਸੰਬਰ 2018 ਨੂੰ ਹੋਏ ਸਮਝੌਤੇ ਦੇ ਚੱਲਦਿਆਂ ਬਾਗ਼ ਵਿਚ ਮੌਜੂਦ ਸਮਰ ਪੈਲੇਸ, ਇਤਿਹਾਸਕ ਡਿਓੜ੍ਹੀਆਂ, ਬਾਰਾਂਦਰੀਆਂ, ਰਾਇਲ ਸਵਿਮਿੰਗ ਪੂਲ, ਸੁਰੱਖਿਆ ਬੁਰਜੀਆਂ ਆਦਿ ਪੁਰਾਣੇ ਢਾਂਚਿਆਂ ਤੋਂ ਇਲਾਵਾ ਪਿਛਲੇ ਲਗਭਗ 30-35 ਵਰਿ੍ਹਆਂ ਤੋਂ ਕਾਇਮ ਕੀਤੇ ਬਾਕੀ ਢਾਂਚਿਆਂ ਨੂੰ ਢਾਹਿਆ ਜਾਣਾ ਸੀ । ਉਕਤ ਸਮਝੌਤੇ ਦੇ ਲੰਬਾ ਸਮਾਂ ਬਾਅਦ ਵੀ ਇਤਿਹਾਸਕ ਬਾਗ਼ ਵਿਚੋਂ ਨਾ ਨਾਜਾਇਜ਼ ਕਬਜ਼ੇ ਅਤੇ ਨਾ ਹੀ ਅਜੇ ਤੱਕ ਕਲੱਬ ਹੀ ਹਟਾਏ ਗਏ ਹਨ ।