ਅਮਰੀਕਾ ਵਿਚ ਸ਼ਟਲ ਬੱਸ ਲੋਕਾਂ 'ਤੇ ਚੜੀ, ਇਕ ਮੌਤ ਤੇ ਅਨੇਕਾਂ ਹੋਰ ਜ਼ਖਮੀ

ਅਮਰੀਕਾ ਵਿਚ ਸ਼ਟਲ ਬੱਸ ਲੋਕਾਂ 'ਤੇ ਚੜੀ, ਇਕ ਮੌਤ ਤੇ ਅਨੇਕਾਂ ਹੋਰ ਜ਼ਖਮੀ
ਕੈਪਸ਼ਨ ਹਾਦਸੇ ਵਾਲੇ ਸਥਾਨ 'ਤੇ ਨਜਰ ਆ ਰਹੇ ਪੁਲਿਸ ਦੇ ਜਵਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਹਵਾਈ ਰਾਜ ਵਿਚ ਹੋਨੋਲੂਲੂ ਕਰੂਜ਼ ਟਰਮੀਨਲ 'ਤੇ ਇਕ ਸ਼ਟਲ ਬੱਸ ਅਚਾਨਕ ਤੁਰ ਪਈ ਤੇ ਲੋਕਾਂ ਉਪਰ ਜਾ ਚੜੀ ਜਿਸ ਦੇ ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋਣ ਤੇ ਅਨੇਕਾਂ ਹੋਰਨਾਂ ਦੇ ਜਖਮੀ ਹੋਣ ਦੀ ਖਬਰ ਹੈ। ਪੁਲਿਸ ਤੇ ਕਾਰਨੀਵਾਲ ਕਰੂਜ਼ ਲਾਈਨ ਅਨੁਸਾਰ ਕਰੂਜ਼ ਪੋਰਟ ਬੱਸ ਇਕ ਘਾਟ ਨੇੜੇ ਖੜੀ ਸੀ ਕਿ ਉਹ ਅਚਾਨਕ ਤੁਰ ਪਈ। ਡਰਾਈਵਰ ਨੇ ਫੁਰਤੀ ਵਰਤ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਕਾਹਲੀ ਵਿਚ ਬਰੇਕ ਲਾਉਣ ਦੀ ਬਜਾਏ ਉਸ ਨੇ ਗੈਸ ਪੈਡਲ ਨੂੰ ਦਬਾਅ ਦਿੱਤਾ। ਬੱਸ ਅੱਗੇ ਖੜੇ ਲੋਕਾਂ ਉਪਰ ਚੜ ਗਈ। ਪੁਲਿਸ ਨੇ ਕਿਹਾ ਹੈ ਕਿ ਕੁਲ 11 ਲੋਕ ਜ਼ਖਮੀ ਹੋਏ ਹਨ ਜਿਨਾਂ ਵਿਚੋਂ 5 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦ ਕਿ ਬਾਕੀਆਂ ਨੇ ਹਸਪਤਾਲ ਦਾਖਲ ਹੋਣ ਤੋਂ ਨਾਂਹ ਕਰ ਦਿੱਤੀ। ਉਹ ਠੀਕ ਠਾਕ ਹਨ। ਕਾਰਨੀਵਾਲ ਕਰੂਜ਼ ਲਾਈਨ ਅਨੁਸਾਰ ਇਸ ਹਾਦਸੇ ਵਿਚ ਜ਼ਖਮੀ ਹੋਏ 9 ਵਿਅਕਤੀ ਕਾਰਨੀਵਾਲ ਮਿਰਾਕਲ ਸ਼ਿੱਪ ਤੋਂ ਉਤਰੇ ਸਨ ਜਿਨਾਂ ਵਿਚੋਂ ਇਕ ਔਰਤ ਦੀ ਮੌਤ ਹੋ ਗਈ ਜਦ ਕਿ ਉਸ ਦਾ ਪਤੀ ਜ਼ਖਮੀ ਹੋ ਗਿਆ। ਪੁਲਿਸ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ ਪਰੰਤੂ ਇਸ ਸਮੇ ਲੱਗਦਾ ਹੈ ਕਿ ਰਫਤਾਰ ਹਾਦਸੇ ਦਾ ਕਾਰਨ ਨਹੀਂ ਹੈ।