ਆਪ ਪੰਜਾਬ ਵਿਚ ਨਹੀਂ  ਕਰੇਗੀ ਚੋਣ ਸਮਝੋਤਾ,ਕੇਜਰੀਵਾਲ ਵਲੋਂ ਐਲਾਨ

ਆਪ ਪੰਜਾਬ ਵਿਚ ਨਹੀਂ  ਕਰੇਗੀ ਚੋਣ ਸਮਝੋਤਾ,ਕੇਜਰੀਵਾਲ ਵਲੋਂ ਐਲਾਨ

ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵੀ ਇਕੱਲੇ ਤੌਰ ’ਤੇ ਚੋਣ ਮੈਦਾਨ ਵਿਚ ਉਤਰਨ ਦੇ ਪਖ ਵਿਚ

ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਕਲੇਸ਼ ਜਾਰੀ ,ਸਿਧੂ ਤੇ ਰਾਜਾ ਵੜਿੰਗ ਦੀ ਠਨੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ- ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਅਗਲੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜਨ ਦਾ ਫ਼ੈਸਲਾ ਗੈਰਰਸਮੀ ਤੌਰ ’ਤੇ ਕਰ ਲਿਆ ਹੈ ਜਿਸ ਦਾ ਜਨਤਕ ਤੌਰ ’ਤੇ ਖੁਲਾਸਾ ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ ਵਿਚ ਹੋਵੇਗਾ। ਲੰਘੇ ਦਿਨੀਂ ਦਿੱਲੀ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ ਸਨ। ਸੀਨੀਅਰ ਲੀਡਰਸ਼ਿਪ ਕੋਲ ਭਗਵੰਤ ਮਾਨ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਚਾਨਣਾ ਪਾਇਆ ਅਤੇ ਇਕੱਲੇ ਤੌਰ ’ਤੇ ਚੋਣ ਲੜਨ ਬਾਰੇ ਕਿਹਾ। ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਭਗਵੰਤ ਮਾਨ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ ਅਤੇ ਪੰਜਾਬ ਵਿਚ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਗੱਠਜੋੜ ਨਾ ਕਰਨ ਦਾ ਫ਼ੈਸਲਾ ਲਿਆ ਹੈ। ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਵਿੱਚ ‘ਆਪ’ ਪੰਜਾਬ ਨੂੰ ਲੈ ਕੇ ਆਪਣੇ ਫ਼ੈਸਲੇ ਬਾਰੇ ਜਾਣੂ ਕਰਾਏਗੀ। ਮੁੱਖ ਮੰਤਰੀ ਭਗਵੰਤ ਮਾਨ ਤਾਂ ਸ਼ੁਰੂ ਤੋਂ ਹੀ ਕਾਂਗਰਸ ਨਾਲ ਪੰਜਾਬ ਵਿਚ ਗੱਠਜੋੜ ਦੇ ਪੱਖ ਵਿਚ ਨਹੀਂ ਸਨ ਪਰ ਹੁਣ ਹਾਈ ਕਮਾਂਡ ਨੇ ਵੀ ਗੈਰਰਸਮੀ ਤੌਰ ’ਤੇ ਮੋਹਰ ਲਗਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਤੋਂ ਪਹਿਲਾਂ ‘ਆਪ’ ਨੇ ਕੁਝ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੀ ਮੁੱਢਲੀ ਸ਼ਨਾਖਤ ਕੀਤੀ ਹੈ। ਪਾਰਟੀ ਨੇ ਤੈਅ ਕੀਤਾ ਹੈ ਕਿ ਹਰ ਲੋਕ ਸਭਾ ਹਲਕੇ ਤੋਂ ਮੁੱਢਲੇ ਪੜਾਅ ’ਤੇ ਤਿੰਨ ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ। 13 ਲੋਕ ਸਭਾ ਹਲਕਿਆਂ ਲਈ 39 ਉਮੀਦਵਾਰਾਂ ਦੀ ਸੂਚੀ ਤਿਆਰ ਹੋਵੇਗੀ ਤੇ ਇਨ੍ਹ੍ਵਾਂ ਉਮੀਦਵਾਰਾਂ ’ਚੋਂ ਹੀ ਇੱਕ ਉਮੀਦਵਾਰ ਫਾਈਨਲ ਕੀਤਾ ਜਾਵੇਗਾ। ਪਤਾ ਲੱਗਾ ਹੈ ਕਿ ਉਮੀਦਵਾਰਾਂ ਦੀ ਚੋਣ ਸਮੇਂ ਪਾਰਟੀ ਦੀ ਹੀ ਸੀਨੀਅਰ ਲੀਡਰਸ਼ਿਪ ਨੂੰ ਤਰਜੀਹ ਦਿੱਤੀ ਜਾਵੇਗੀ। ਚੋਣ ਮੌਕੇ ਨੌਜਵਾਨਾਂ ਤੇ ਔਰਤਾਂ ਨੂੰ ਵੀ ਬਣਦੀ ਹਿੱਸੇਦਾਰੀ ਦਿੱਤੀ ਜਾਣੀ ਹੈ। 

ਦੂਜੇ ਪਾਸੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਵੀ ਇਕੱਲੇ ਤੌਰ ’ਤੇ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਜਦੋਂ ਪੰਜਾਬ ਵਿਚ ਦੋਵੇਂ ਧਿਰਾਂ ਹੀ ਵੱਖੋ ਵੱਖਰੇ ਤੌਰ ’ਤੇ ਚੋਣ ਲੜਨਾ ਚਾਹੁੰਦੀ ਹਨ ਤਾਂ ਇੰਡੀਆ ਗੱਠਜੋੜ ਦੀ ਲੀਡਰਸ਼ਿਪ ਨੂੰ ਵੀ ਕੋਈ ਬਹੁਤੀ ਦਿੱਕਤ ਨਹੀਂ ਰਹੇਗੀ। ਜੇਕਰ ‘ਆਪ’ ਅਤੇ ਕਾਂਗਰਸ ਵੱਖੋ ਵੱਖਰੀ ਚੋਣ ਲੜਦੀਆਂ ਹਨ ਤਾਂ ਇਸ ਨਾਲ ‘ਆਪ’ ਸਰਕਾਰ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਮਾਪੀ ਜਾ ਸਕੇਗੀ ਅਤੇ ਇਸੇ ਤਰ੍ਹਾਂ ਵਿਰੋਧੀ ਧਿਰ ਦੀ ਭੂਮਿਕਾ ਵੀ ਚੋਣ ਵਿਚ ਪਰਖੀ ਜਾਵੇਗੀ। ‘ਆਪ’ ਦੀ ਸਟੇਟ ਲੀਡਰਸ਼ਿਪ ਨੇ ਤਰਕ ਦਿੱਤਾ ਕਿ ‘ਆਪ’ ਦਾ ਮੁੱਖ ਏਜੰਡਾ ਹੀ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਅਤੇ ਉਹ ਕਿਹੜੇ ਮੂੰਹ ਨਾਲ ਇਕੱਠੇ ਚੋਣ ਲੜਨ ਦੀ ਸੂਰਤ ਵਿਚ ਲੋਕਾਂ ਵਿਚ ਜਾਣਗੇ। ਦੂਜੇ ਪਾਸੇ ਕਾਂਗਰਸ ਦੀ ਸਟੇਟ ਲੀਡਰਸ਼ਿਪ ਦੀ ਵੀ ਇਹੋ ਸਮੱਸਿਆ ਹੈ ਕਿ ਜਿਸ ਸਰਕਾਰ ਨੂੰ ਉਹ ਭੰਡਦੇ ਹਨ, ਉਨ੍ਹਾਂ ਨਾਲ ਕਿਸੇ ਲਹਿਜੇ ਵਿੱਚ ਸਟੇਜ ਸਾਂਝੀ ਕਰ ਸਕਦੇ ਹਨ।

 ਚੋਣ ਕਮੇਟੀਆਂ ਵਿਚ ਰਾਜਾ ਵੜਿੰਗ, ਸਿੱਧੂ ਤੇ ਚੰਨੀ ਨੂੰ ਮਿਲੀ ਅਹਿਮ ਜ਼ਿੰਮੇਵਾਰੀ

 ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਤੇ ਉੱਤਰਾਖੰਡ ਲਈ ਸੂਬਾ ਚੋਣ ਕਮੇਟੀਆਂ ਦਾ ਗਠਨ ਕੀਤਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਕਾਂਗਰਸ ਪ੍ਰਧਾਨ ਮੱਲੀਕਾਰਜੁਨ ਖੜਗੇ ਨੇ ਇਨ੍ਹਾਂ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਗਠਿਤ ਸੂਬਾ ਚੋਣ ਕਮੇਟੀ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਮਨੀਸ਼ ਤਿਵਾੜੀ, ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਰਜਿੰਦਰ ਕੌਲ ਭੱਠਲ, ਰਵਨੀਤ ਸਿੰਘ ਬਿੱਟੂ, ਪਰਗਟ ਸਿੰਘ ਸਮੇਤ 27 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸੂਬਾ ਮਹਿਲਾ ਕਾਂਗਰਸ ਪ੍ਰਧਾਨ, ਸੂਬਾ ਯੂਥ ਕਾਂਗਰਸ ਪ੍ਰਧਾਨ, ਸੇਵਾ ਦਲ ਪ੍ਰਧਾਨ ਅਤੇ ਐੱਨ. ਐੱਸ. ਯੂ. ਆਈ. ਪ੍ਰਧਾਨ ਨੂੰ ਕਮੇਟੀ ਵਿਚ ਰੱਖਿਆ ਗਿਆ ਹੈ।

ਇਸੇ ਤਰ੍ਹਾਂ ਉੱਤਰਾਖੰਡ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਕਰਨ ਮਹਾਰਾ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵਿਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸੀਨੀਅਰ ਆਗੂ ਪ੍ਰੀਤਮ ਸਿੰਘ, ਯਸ਼ਪਾਲ ਆਰਿਆ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਚਾਰ ਵਿਭਾਗ ਦੇ ਸਕੱਤਰ ਵੈਭਵ ਵਾਲੀਆ ਤੇ ਹੋਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿਚ ਚਲ ਰਿਹਾ ਏ ਸੁਪਰਮੇਸੀ ਦਾ ਦੰਗਲ

ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਚੱਲ ਰਹੀ ਤਲਖ਼ੀ ਦਾ ਸਿਲਸਿਲਾ ਅਜੇ ਟੱਲਦਾ ਨਜ਼ਰ ਨਹੀਂ ਆ ਰਿਹਾ। ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਤੇ ਸੂਬਾ ਪ੍ਰਧਾਨ 'ਤੇ ਕੱਸੇ ਜਾਂਦੇ ਤੰਜ ਅਤੇ ਦੂਜੇ ਪਾਸੇ ਸੂਬਾ ਪ੍ਰਧਾਨ ਵਲੋਂ ਦਿੱਤੇ ਜਾ ਰਹੇ ਮੋੜਵੇਂ ਜਵਾਬ ਦੋਵਾਂ ਵਿਚਕਾਰ ਮਾਹੌਲ ਨੂੰ ਹੋਰ ਗਰਮਾ ਰਹੇ ਹਨ ।ਬੀਤੇ ਦਿਨੀਂ ਪਟਿਆਲਾ ਵਿਖੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਦੀ ਹਾਜ਼ਰੀ ਵਿਚ ਪੱਤਰਕਾਰਾਂ ਵਲੋਂ ਨਵਜੋਤ ਸਿੰਘ ਸਿੱਧੂ ਦੀ ਗੈਰਹਾਜਰੀ ਤੇ ਜਾਬਤੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ 'ਚ ਫਿਰ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਜੋ ਵੀ ਵਿਅਕਤੀ ਪਾਰਟੀ ਜ਼ਾਬਤੇ ਤੋਂ ਬਾਹਰ ਜਾਵੇਗਾ ਉਸ ਨੂੰ ਹੁਣ ਨੋਟਿਸ ਨਹੀਂ ਜਾਰੀ ਕਰਾਂਗੇ ਸਗੋਂ ਸਿੱਧਾ ਪਾਰਟੀ 'ਵਿਚੋਂ ਬਾਹਰ ਕਰਾਂਗੇ ।ਉਨ੍ਹਾਂ ਕਿਹਾ ਕਿ ਕੋਈ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਅਤੇ ਜੇਕਰ ਕੋਈ ਆਪਣੇ ਨਿੱਜੀ ਵਿਚਾਰ ਰੱਖਣਾ ਚਾਹੁੰਦਾ ਹੈ ਜਾਂ ਫਿਰ ਆਪਣਾ ਵੱਖਰਾ ਕੰਮ ਚਲਾਉਣਾ ਚਾਹੁੰਦਾ ਹੈ ਉਹ ਪਾਰਟੀ ਤੋਂ ਬਾਹਰ ਹੋ ਕੇ ਬਿਨਾਂ ਪੰਜੇ ਦੇ ਨਿਸ਼ਾਨ ਤੋਂ ਚਲਾ ਲਵੇ। ਰਾਜਾ ਵੜਿੰਗ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਹਨ ਪਰ ਇਹ ਸਪਸ਼ਟ ਹੈ ਕਿ ਅਜੇ ਦੋਵਾਂ ਸੀਨੀਅਰ ਆਗੂਆਂ 'ਚ ਤਲਖ਼ੀ ਦਾ ਦੌਰ ਠੰਢਾ ਹੁੰਦਾ ਨਹੀਂ ਜਾਪਦਾ।