ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕੁੱਤਿਆਂ ਦੀਆਂ ਲੜਾਈਆਂ ਕਰਵਾਉਣ ਦਾ ਮਾਮਲਾ

ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕੁੱਤਿਆਂ ਦੀਆਂ ਲੜਾਈਆਂ ਕਰਵਾਉਣ ਦਾ ਮਾਮਲਾ

ਅਮਰੀਕਾ ਦੀ ਇਕ ਸੰਘੀ ਗਰੈਂਡ ਜਿਊਰੀ ਵੱਲੋਂ 21 ਵਿਅਕਤੀਆਂ ਵਿਰੁੱਧ ਦੋਸ਼ ਆਇਦ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਇਕ ਸੰਘੀ ਗਰੈਂਡ ਜਿਊਰੀ ਨੇ ਨਸ਼ੀਲੇ ਪਦਰਾਥਾਂ ਦੀ ਤਸਕਰੀ ਕਰਨ ਤੇ ਕੁੱਤਿਆਂ ਦੀ ਲੜਾਈ ਕਰਵਾਉਣ ਦੇ ਮਾਮਲਿਆਂ ਵਿਚ 21 ਵਿਅਕਤੀਆਂ ਵਿਰੁੱਧ ਦੋਸ਼ ਆਇਦ ਕਰਨ ਦਾ ਫੈਸਲਾ ਸੁਣਾਇਆ ਹੈ। ਇਹ ਐਲਾਨ ਇੰਡਿਆਨਾ ਰਾਜ ਦੇ ਅਧਿਕਾਰੀਆਂ ਨੇ ਕੀਤਾ ਹੈ। ਇੰਡਿਆਨਾ ਦੇ ਦੱਖਣੀ ਜਿਲੇ ਦੇ ਯੂ ਐਸ ਅਟਾਰਨੀ ਜ਼ਾਚਰੀ ਮਾਇਰਜ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਨਾਂ ਵਿਅਕਤੀਆਂ ਵਿਰੁੱਧ ਹਥਿਆਰ ਬੰਦ ਫੈਂਟਾਨਾਇਲ, ਕੋਕੀਨ ਤੇ ਮੈਥੰਫੈਟਾਮਾਈਨ ਦੀ ਤਸਕਰੀ ਕਰਨ ਤੋਂ ਇਲਾਵਾ ਪੈਸੇ ਨੂੰ ਚਿੱਟਾ ਕਰਨ ਤੇ ਪਸ਼ੂਆਂ ਦੀ ਲੜਾਈ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਸਬੰਧੀ ਦੋਸ਼ ਆਇਦ ਕੀਤੇ ਗਏ ਹਨ। ਇਹ ਦੋਸ਼ 2022 ਤੋਂ ਸ਼ੁਰੂ ਹੋਈ ਜਾਂਚ ਦਾ ਸਿੱਟਾ ਹੈ। ਮਾਇਰਜ ਅਨੁਸਾਰ ਇਹ ਜਾਂਚ ਦੋ ਸ਼ੱਕੀ ਦੋਸ਼ੀਆਂ ਬਾਰੇ ਸੀ ਜਿਨਾਂ ਨੇ ਕਥਿੱਤ ਤੌਰ 'ਤੇ ਮੈਕਸੀਕੋ ਤੋਂ ਅਮਰੀਕਾ ਵਿਚ ਫੈਂਟਾਨਾਇਲ, ਮੈਥੰਫੈਟਾਮਾਈਨ ਤੇ ਕੁਕੀਨ ਦੀ ਤਸਕਰੀ ਕੀਤੀ ਤੇ ਨਸ਼ੀਲੇ ਪਦਾਰਥਾਂ ਨੂੰ ਇੰਡਿਆਨਪੋਲਿਸ ਤੇ ਕੈਂਦਰੀ ਇੰਡਿਆਨਾ ਵਿਚ ਵੰਡਿਆ। ਮਾਇਰਜ ਨੇ ਕਿਹਾ ਕਿ ਭਗੌੜੇ ਗਰੇਗੋਰੀ ਹੈਂਡਸਰਸਨ ਜੁਨੀਅਰ ਸਮੇਤ ਬਾਕੀ ਸ਼ੱਕੀ ਦੋਸ਼ੀਆਂ ਦੇ ਨਾਂ ਦੋਸ਼ ਸੂਚੀ ਵਿਚ ਸ਼ਾਮਿਲ ਹਨ। ਉਨਾਂ ਕਿਹਾ ਕਿ ਜਾਂਚਕਾਰਾਂ ਨੇ ਦੋਸ਼ ਸੂਚੀ ਵਿਚ ਸ਼ਾਮਿਲ ਸ਼ੱਕੀ ਦੋਸ਼ੀਆਂ ਵੱਲੋਂ ਕੁੱਤਿਆਂ ਦੀ ਲੜਾਈ ਦੇ ਮੁਕਾਬਲੇ ਕਰਵਾਉਣ ਦਾ ਪਰਦਾਫਾਸ਼ ਵੀ ਕੀਤਾ ਹੈ ਤੇ ਤਕਰੀਬਨ 90 ਕੁੱਤੇ ਬਰਾਮਦ ਕੀਤੇ ਹਨ।

ਮਾਇਰਜ ਨੇ ਕਿਹਾ ਕਿ ਇਨਾਂ ਵਿਅਕਤੀਆਂ ਵਿਰੁੱਧ ਲੱਗੇ ਦੋਸ਼ ਬਹੁਤ ਪ੍ਰੇਸ਼ਾਨ ਕਰਨ ਵਾਲੇ ਹਨ। ਇਹ ਵਿਅਕਤੀਗਤ ਲੋਕਾਂ ਦੀ ਖੁਸ਼ੀ ਤੇ ਜੂਏਬਾਜ਼ੀ ਲਈ ਕੁੱਤਿਆਂ ਦੀਆਂ ਬਹੁਤ ਹੀ ਖਤਰਨਾਕ ਲੜਾਈਆਂ ਕਰਵਾਉਂਦੇ ਸਨ। ਇਨਾਂ ਲੜਾਈਆਂ ਦਾ ਮਕਸਦ ਆਮ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਸੀ। ਇਹ ਕੁੱਤਿਆਂ ਦੀਆਂ ਲੜਾਈਆਂ ਵਾਰ ਵਾਰ ਕਰਵਾਉਂਦੇ ਸਨ ਤਾਂ ਜੋ ਲੋਕਾਂ ਦਾ ਧਿਆਨ ਇਨਾਂ ਦੁਆਰਾ ਕੀਤੇ ਜਾਂਦੇ ਗਲਤ ਕੰਮਾਂ ਵੱਲ ਨਾ ਜਾਵੇ।