ਗੁਰੂ ਨਾਨਕ ਸਾਹਿਬ ਅਤੇ ਨਵ-ਸਨਾਤਨੀ ਮਨੋਵਿਗਆਨਕ ਹਮਲੇ

ਗੁਰੂ ਨਾਨਕ ਸਾਹਿਬ ਅਤੇ ਨਵ-ਸਨਾਤਨੀ ਮਨੋਵਿਗਆਨਕ ਹਮਲੇ

”ਕੁਝ ਲੋਕ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਸਿੱਖ, ਸਿੱਖ ਨਹੀਂ ਹਨ। ਪ੍ਰੋ. ਜਾਦੂਨਾਥ ਸਰਕਾਰ ਅਤੇ ਸਰ ਰਬਿੰਦਰਨਾਥ ਟੈਗੋਰ ਇਨ੍ਹਾਂ ਵਿਚੋਂ ਮੁੱਖ ਹਨ… ਅਸੀਂ ਅਪਣੀ ਔਕਾਤ ਤੋਂ ਉੱਪਰ ਦੀਆਂ ਵੱਡੀਆਂ ਅਤੇ ਮਹਾਨ ਚੀਜ਼ਾਂ ਨੂੰ ਸਮਝ ਨਹੀਂ ਸਕਦੇ। ਸਰ ਟੈਗੋਰ ਗੁਰੂ ਨਾਨਕ ਨੂੰ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਹ ਗੁਰੂ ਸਾਹਿਬ ਨੂੰ ਇਕ ਮਿੱਠੇ ਸੁਪਨੇ ਲੈਣ ਵਾਲੇ ਸੁਧਾਰਕ ਤੋਂ ਵੱਧ ਜਾਣਦੇ ਹੀ ਨਹੀਂ। … ਸਰਕਾਰ ਸਿੱਖਾਂ ਨੂੰ ਲੁਟੇਰੇ ਅਤੇ ਰਾਜਨੀਤਕ ਵਿਦਰੋਹੀ ਸਾਬਤ ਕਰਕੇ ਆਪਣੇ ਪਿਆਰੇ ਔਰੰਗਜ਼ੇਬ ਦੀ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਦੀ ਵਡਿਆਈ ਕਰ ਰਹੇ ਹਨ। ਇਸ ਤਰ੍ਹਾਂ ਦਾ ਅਨਿਆ ਤਾਂ ਸਿੱਖਾਂ ਦੇ ਭੈੜੇ ਤੋਂ ਭੈੜੇ ਦੁਸ਼ਮਣ ਨੇ ਵੀ ਨਹੀਂ ਕੀਤਾ।”

ਡਾ. ਜਸਵੀਰ ਸਿੰਘ
ਸਿੱਖ ਕੌਮ ਭਾਰਤੀ ਰਾਜ ਅਤੇ ਸਨਾਤਨੀ ਤਾਕਤਾਂ ਦੇ ਰਾਜਨੀਤਕ ਦਾਬੇ ਦਾ ਸ਼ਿਕਾਰ ਹੈ। ਰਾਜਨੀਤਕ ਦਾਬਾ ਤਿੰਨ ਤਕਨੀਕਾਂ ਰਾਹੀਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਪਹਿਲੀ ਤਕਨੀਕ ਫ਼ੌਜੀ ਤਾਕਤ ਅਤੇ ਇਨਾਮ ਦੇਣ ਦੀ ਨੀਤੀ ਰਾਹੀਂ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਦੂਜੀ ਤਕਨੀਕ ਦੀ ਵਰਤੋਂ ਕਰਕੇ ਅਧੀਨ ਕੌਮ ਦੇ ਸਮਾਜਕ, ਆਰਥਕ ਅਤੇ ਰਾਜਨੀਤਕ ਸਾਧਨਾਂ ਦੀ ਵੰਡ ਕਰਨ ਵਾਲੇ ਮਹੱਤਵਪੂਰਨ ਢਾਂਚਿਆਂ ਉੱਪਰ ਕਬਜਾ ਕਰ ਲਿਆ ਜਾਂਦਾ ਹੈ। ਰਾਜਨੀਤਕ ਦਾਬੇ ਦੀ ਤੀਜੀ ਤਕਨੀਕ ਬੇਹੱਦ ਖਤਰਨਾਕ ਹੁੰਦੀ ਹੈ, ਜਿਸਨੂੰ ਰਾਜਨੀਤੀ ਵਿਗਆਨ ਦੀ ਭਾਸ਼ਾ ਵਿੱਚ ‘ਮਨੁੱਖੀ ਸੋਚ ਉੱਪਰ ਕਬਜਾ ਕਰਨ ਦੀ ‘ਵਿਧੀ’ ਵੀ ਕਿਹਾ ਜਾਂਦਾ ਹੈ। ਇਸ ਵਿਧੀ ਰਾਹੀਂ ਕਿਸੇ ਕੌਮ ਦੀ ਪਛਾਣ ਨੂੰ ਸਦੀਵੀ ਰੂਪ ਦੇਣ ਵਾਲੇ ਸੋਮਿਆਂ, ਚਿੰਨ੍ਹਾਂ, ਢਾਂਚਿਆਂ, ਹਸਤੀਆਂ, ਧਾਰਮਿਕ ਅਤੇ ਸਭਿਆਚਾਰਕ ਮਹੱਤਤਾ ਵਾਲੀਆਂ ਥਾਵਾਂ, ਲੋਕ-ਗੀਤਾਂ, ਗਿਆਨ ਦੇ ਸੋਮੇ ਗ੍ਰੰਥਾਂ ਅਤੇ ਪੁਰਾਤਨ ਹੱਥ-ਲਿਖਤਾਂ ਤੇ ਹੋਰਨਾਂ ਸਰੋਤਾਂ ਨੂੰ ਖਤਮ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਤਕਨੀਕਾਂ ਦੀ ਸਿੱਖਾਂ ਖਿਲਾਫ ਵਰਤੋਂ ਭਾਰਤੀ ਰਾਜ ਅਤੇ ਸਨਾਤਨੀ ਤਾਕਤਾਂ ਵੱਲੋਂ ਲਗਾਤਾਰ ਜਾਰੀ ਹੈ।
ਇੱਥੇ ਸਨਾਤਨੀ ਤਾਕਤਾਂ ਦੀ ਅਸਾਨ ਨਿਸ਼ਾਨਦੇਹੀ ਅਤੇ ਇਨ੍ਹਾਂ ਦੇ ਕੰਮ ਕਰਨ ਦੇ ਢੰਗ-ਤਰੀਕੇ ਅਤੇ ਨਿਸ਼ਾਨਿਆਂ ਨੂੰ ਸਮਝਣ ਲਈ ਇਨ੍ਹਾਂ ਦੀ ਦੋ ਤਰ੍ਹਾਂ ਨਾਲ ਵੰਡ ਕੀਤੀ ਜਾ ਸਕਦੀ ਹੈ। ਇਸ ਵੰਡ ਦਾ ਆਧਾਰ ਇਸ ਵਰਤਾਰੇ ਦੇ ਵਰਤਣ ਦਾ ਸਮਾਂ ਅਤੇ ਇਸ ਦੇ ਨਿਸ਼ਾਨੇ ਹਨ। ਇਹ ਵਰਤਾਰਾ 1947 ਇਸਵੀ ਵਿਚ ਇਸ ਖਿੱਤੇ ਦੀ ਹੋਈ ਵੰਡ ਤੋਂ ਪਹਿਲਾਂ ਵੀ ਮੌਜੂਦ ਸੀ, ਜਿਸਨੂੰ ‘ਸਨਾਤਨੀ’ ਹਮਲਾ ਕਿਹਾ ਜਾ ਸਕਦਾ ਹੈ। ਇਹ ਵਰਤਾਰਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਵਰਤਣਾ ਸ਼ੁਰੂ ਹੋ ਗਿਆ ਸੀ। ਗੁਰੂ ਨਾਨਕ ਸਾਹਿਬ ਨਾਲ ਬਿੱਪਰਵਾਦੀਆਂ ਦੇ ਵਿਵਾਦ ਇਸ ਵਰਤਾਰੇ ਦੇ ਸ਼ੁਰੂਆਤੀ ਲੱਛਣ ਸਨ। ਬਾਅਦ ਵਿਚ ਇਨ੍ਹਾਂ ਤਾਕਤਾਂ ਵੱਲੋਂ ਮੁਗ਼ਲ ਹਾਕਮਾਂ ਨਾਲ ਗੱਠਜੋੜ ਕਰਕੇ ਸਿੱਖਾਂ ਉੱਪਰ ਫ਼ੌਜੀ ਤਾਕਤ ਦੀ ਵਰਤੋਂ ਕਰਨ ਦੇ ਅਮਲ ਇਤਿਹਾਸ ਦਾ ਹਿੱਸਾ ਹਨ। ਸਿੱਖਾਂ ਦੀ ਸੋਚ ਉੱਪਰ ਕਬਜਾ ਕਰਨ ਦਾ ਖਤਰਨਾਕ ਅਮਲ ਸਨਾਤਨੀ ਤਾਕਤਾਂ ਵੱਲੋਂ ਸਿੱਖ ਧਾਰਮਿਕ ਗ੍ਰੰਥਾਂ ਵਿਚ ਰਲਾ ਪਾਉਣ ਤੋਂ ਲੈ ਕੇ ਇਨ੍ਹਾਂ ਦੀ ਸਨਾਤਨੀ ਵਿਆਖਿਆ ਤੱਕ ਫੈਲਿਆ ਹੋਇਆ ਹੈ। ਇਸ ਦੇ ਨਾਲ ਹੀ ਸਿੱਖ ਗਿਆਨ-ਪ੍ਰਬੰਧ ਦੇ ਫੈਲਾਅ, ਅਗਲੀਆਂ ਸਿੱਖ ਪੀੜ੍ਹੀਆਂ ਤੱਕ ਇਸ ਗਿਆਨ-ਪ੍ਰਬੰਧ ਦੀ ਪਹੁੰਚ ਕਰਨ ਵਾਲੇ ਮਹੱਤਵਪੂਰਨ ਧਾਰਮਿਕ ਅਤੇ ਸਮਾਜਕ ਢਾਂਚਿਆਂ ਭਾਵ ‘ਸਿੱਖ ਗੁਰਦੁਆਰਿਆਂ’ ਉੱਪਰ ਕਬਜਾ ਕਰਨ ਦੀ ਨੀਤੀ ਵੀ ਵਰਤੋਂ ਵਿਚ ਲਿਆਂਦੀ ਗਈ। ਭਾਈ ਕਾਨ੍ਹ ਸਿੰਘ ‘ਨਾਭਾ’ ਅਨੁਸਾਰ ”ਸਿੱਖ ਰਾਜ ਦੌਰਾਨ ‘ਪੰਡਿਤ ਜੱਲਾ’ ਜੋ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਥਾਪੇ ਗਏ ਪ੍ਰਧਾਨ ਮੰਤਰੀ ‘ਧਿਆਨ ਸਿੰਘ’ ਦਾ ‘ਧਰਮ ਗੁਰੂ’ ਸੀ, ਨੇ ਸਿੱਖ ਗੁਰਦਵਾਰਿਆਂ ਵਿਚ ‘ ਹਿੰਦੂ ਮਹੰਤ’ ਪ੍ਰਬੰਧਕਾਂ ਵਜੋਂ ਲਾਉਣ ਦੀ ਨੀਤੀ ਹੋਂਦ ਵਿੱਚ ਲਿਆਂਦੀ।” ਇਸ ਤੋਂ ਬਾਅਦ ਅੰਗਰੇਜ਼ੀ ਰਾਜ ਸਮੇਂ ਤਾਂ ਸਿੱਖ ਹੋਂਦ ਦਾ ਚਿੰਨ੍ਹ ਅਤੇ ਸਭ ਤੋਂ ਅਹਿਮ ਧਾਰਮਿਕ ਥਾਂ ‘ਦਰਬਾਰ ਸਾਹਿਬ’ ਤੱਕ ਬ੍ਰਾਹਮਣੀ ਤਾਕਤਾਂ ਦੇ ਸਿੱਧੇ ਕਬਜੇ ਵਿੱਚ ਆ ਗਈ। ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ, ਬ੍ਰਾਹਮਣੀ ਵਰਣ-ਵੰਡ ਭਾਵ ਜਾਤੀ ਵੰਡ ਦੀ ਨੀਤੀ ਇੱਥੇ ਲਾਗੂ ਕਰ ਦਿੱਤੀ ਗਈ ਜੋ ਕਿ ‘ਸਿੰਘ ਸਭਾ (ਲਾਹੌਰ)’ ਵੱਲੋਂ ਸ਼ੁਰੂ ਕੀਤੀ ਗਈ ਪੰਥ-ਪ੍ਰਸਤ ਲਹਿਰ ਨੇ ਖ਼ਤਮ ਕੀਤੀ।
ਅੰਗਰੇਜੀ ਰਾਜ ਦੌਰਾਨ ਸਿੱਖ ਗਿਆਨ-ਪ੍ਰਬੰਧ ਉੱਪਰ ਸਭ ਤੋਂ ਵੱਧ ਖਤਰਨਾਕ ਮਨੋਵਿਗਆਨਕ ਵਾਰ ਹਿੰਦੂ ਰਾਜਨੀਤੀਵਾਨਾਂ, ਵਿਦਵਾਨਾਂ/ਸਕਾਲਰਾਂ ਅਤੇ  ਅਕਾਦਮਿਕ ਬੁੱਧੀਜੀਵੀਆਂ ਵੱਲੋਂ ਕੀਤਾ ਗਿਆ। ਇਨ੍ਹਾਂ ਵਿਚੋਂ ਮਹਾਤਮਾ ਗਾਂਧੀ, ਰਬਿੰਦਰਨਾਥ ਟੈਗੋਰ ਅਤੇ ਜਾਦੂਨਾਥ ਸਰਕਾਰ ਮੁੱਖ ਸਨ। ਇਨ੍ਹਾਂ ਵੱਲੋਂ ਸਿੱਖਾਂ ਦੇ ਆਪਣੇ ਗੁਰੂ ਸਾਹਿਬਾਨਾਂ ਅਤੇ ਖਾਸ ਕਰਕੇ ‘ਗੁਰੂ ਨਾਨਕ ਸਾਹਿਬ’ ਨਾਲ ਅਟੁੱਟ ‘ਮਨੋ-ਸਮਾਜਕ ਰਿਸ਼ਤੇ’ ਨੂੰ ਤੋੜਨ ਦੇ ਚੇਤੰਨ ਬੌਧਿਕ ਯਤਨ ਸ਼ੁਰੂ ਕੀਤੇ ਗਏ। ਪ੍ਰੋ. ਪੂਰਨ ਸਿੰਘ ਜੀ ਵੱਲੋਂ ਇਨ੍ਹਾਂ ਦੀਆਂ ਲਿਖਤਾਂ ਦੇ ਵਿਰੋਧ ਵਜੋਂ ਲੇਖ ਲਿਖੇ ਗਏ। ਇਕ ਲੇਖ ਵਿੱਚ ਪ੍ਰੋ. ਸਾਹਿਬ ਲਿਖਦੇ ਹਨ:
”ਕੁਝ ਲੋਕ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਸਿੱਖ, ਸਿੱਖ ਨਹੀਂ ਹਨ। ਪ੍ਰੋ. ਜਾਦੂਨਾਥ ਸਰਕਾਰ ਅਤੇ ਸਰ ਰਬਿੰਦਰਨਾਥ ਟੈਗੋਰ ਇਨ੍ਹਾਂ ਵਿਚੋਂ ਮੁੱਖ ਹਨ… ਅਸੀਂ ਅਪਣੀ ਔਕਾਤ ਤੋਂ ਉੱਪਰ ਦੀਆਂ ਵੱਡੀਆਂ ਅਤੇ ਮਹਾਨ ਚੀਜ਼ਾਂ ਨੂੰ ਸਮਝ ਨਹੀਂ ਸਕਦੇ। ਸਰ ਟੈਗੋਰ ਗੁਰੂ ਨਾਨਕ ਨੂੰ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਹ ਗੁਰੂ ਸਾਹਿਬ ਨੂੰ ਇਕ ਮਿੱਠੇ ਸੁਪਨੇ ਲੈਣ ਵਾਲੇ ਸੁਧਾਰਕ ਤੋਂ ਵੱਧ ਜਾਣਦੇ ਹੀ ਨਹੀਂ। ਸਰਕਾਰ ਸਿੱਖਾਂ ਨੂੰ ਲੁਟੇਰੇ ਅਤੇ ਰਾਜਨੀਤਕ ਵਿਦਰੋਹੀ ਸਾਬਤ ਕਰਕੇ ਆਪਣੇ ਪਿਆਰੇ ਔਰੰਗਜ਼ੇਬ ਦੀ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਦੀ ਵਡਿਆਈ ਕਰ ਰਹੇ ਹਨ। ਇਸ ਤਰ੍ਹਾਂ ਦਾ ਅਨਿਆ ਤਾਂ ਸਿੱਖਾਂ ਦੇ ਭੈੜੇ ਤੋਂ ਭੈੜੇ ਦੁਸ਼ਮਣ ਨੇ ਵੀ ਨਹੀਂ ਕੀਤਾ।”
ਗੁਰੂ ਨਾਨਕ ਸਾਹਿਬ ਦੀ ਹਸਤੀ ਅਤੇ ਇਸ ਦੇ ਸਿੱਖਾਂ ਨਾਲ ਮਨੋ-ਸਮਾਜਕ ਰਿਸ਼ਤੇ ਉੱਪਰ ਗੁੱਝੇ ਹਮਲੇ ਇਸ ਸਮੇਂ ਦੌਰਾਨ ਸ਼ੁਰੂ ਹੋ ਗਏ ਹਨ। ਉਸ ਸਮੇਂ ਇਹ ਬ੍ਰਾਹਮਣੀ ਤਾਕਤਾਂ ਅੰਗਰੇਜ਼ੀ ਰਾਜ ਦੇ ਅਧੀਨ ਸਨ ਅਤੇ ਸਿੱਖਾਂ ਅਤੇ ਸਿੱਖ ਧਰਮ ਉੱਪਰ ਇਨ੍ਹਾਂ ਵੱਲੋਂ ਵਿਢਆ ਇਹ ਬੌਧਿਕ ਹਮਲਾ ਸਿੱਖਾਂ ਦੇ ਵੱਖਰੇ ਗਿਆਨ-ਪ੍ਰਬੰਧ ਦੇ ਪੂਰੇ ਖਾਤਮੇ ਅਤੇ ਸਿੱਖਾਂ ਨੂੰ ਹਿੰਦੂ ਧਰਮ ਵਿਚ ਪੂਰੀ ਤਰ੍ਹਾਂ ਨਾਲ ਰਲਾਉਣ ਦੇ ਨਿਸ਼ਾਨੇ ਵੱਲ ਸੇਧਿਤ ਸੀ।
ਭਾਰਤੀ ਅਜ਼ਾਦੀ ਭਾਵ 1947 ਤੋਂ ਬਾਅਦ ਰਾਜਨੀਤਕ ਹਾਲਾਤ ਬਦਲ ਗਏ। ਰਾਜਨੀਤਕ ਸਰਤਾਜਗੀ (Sovereignty) ਇਨ੍ਹਾਂ ਤਾਕਤਾਂ ਦੇ ਹੱਥ ਆ ਗਈ। ਇੱਥੇ ਸਿੱਖਾਂ ਖਿਲਾਫ਼ ਪਹਿਲੇ ਬੌਧਿਕ ਹਮਲੇ ਦਾ ਰੂਪ ਬਦਲ ਗਿਆ ਅਤੇ ਇਸ ਦੇ ਨਿਸ਼ਾਨਿਆਂ ਵਿਚ ਸਿੱਖਾਂ ਨੂੰ ਹਿੰਦੂ ਧਰਮ ਵਿਚ ਰਲਾਉਣ, ਸਿੱਖ ਗਿਆਨ-ਪ੍ਰਬੰਧ ਦੇ ਖਾਤਮੇ ਦੇ ਨਾਲ-ਨਾਲ ਭਾਰਤੀ ਰਾਜ ਸਿਰਜਣ ਅਤੇ ਇਸ ਰਾਜ ਨੂੰ ਇਕਾਤਮਕ ਹਿੰਦੂ ਰਾਜ ਦਾ ਰੂਪ ਦੇਣ ਦੀਆਂ ਨੀਤੀਆਂ ਸ਼ਾਮਲ ਹੋ ਗਈਆਂ। ਇਸੇ ਨੀਤੀ ਵਿਚੋਂ ਸੰਨ 1984 ਦਾ ਸਿੱਖ ਵਿਰੋਧੀ ਵਰਤਾਰਾ ਅਤੇ ਦਰਬਾਰ ਸਾਹਿਬ ਅਕਾਲ ਤਖ਼ਤ ਉੱਪਰ ਹਮਲਾ ਸਾਹਮਣੇ ਆਇਆ। ਇਹ ਫ਼ੌਜੀ ਤਾਕਤ ਵਰਤ ਕੇ ਰਾਜਨੀਤਕ ਦਾਬਾ ਪਾਉਣ ਦੀ ਤਕਨੀਕ ਦੀ ਵਰਤੋਂ ਕਰਨ ਦੀ ਬਾਖ਼ੂਬ ਉਦਾਹਰਨ ਹੈ। ਇਸ ਤੋਂ ਬਾਅਦ ਚੱਲੀ ਸਿੱਖ ਅਜ਼ਾਦੀ ਦੀ ਲਹਿਰ ਨੂੰ ਦਬਾਉਣ ਲਈ ਭਾਰਤੀ ਫ਼ੌਜੀ ਤਾਕਤ ਦੀ ਵਰਤੋਂ ਕਰਨ ਦੀ ਮਿਸਾਲ ਵੀ ਸਾਡੇ ਸਾਹਮਣੇ ਹੈ। ਸਿੱਖਾਂ ਦੇ ਰਾਜਨੀਤਕ, ਧਾਰਮਿਕ ਅਤੇ ਆਰਥਿਕ ਢਾਂਚਿਆਂ ਉੱਤੇ ਕਬਜਾ ਤਾਂ 1947 ਵੇਲੇ ਹੀ ਕਰ ਲਿਆ ਗਿਆ ਸੀ। 1984 ਦੇ ‘ਘੱਲੂਘਾਰੇ’ ਤੋਂ ਬਾਅਦ ਫ਼ੌਜੀ ਤਾਕਤ, ਇਨਾਮ ਦੇਣ ਦੀ ਤਕਨੀਕ ਦੇ ਨਾਲ ਹੀ ਪਹਿਲਾਂ ਤੋਂ ਜਾਰੀ ‘ਮਨੋ-ਸਮਾਜਕ’ ਦਾਬੇ ਦੇ ਰਾਜਨੀਤਕ ਸਿਧਾਂਤ ਅਨੁਸਾਰ ‘ਕਿਸੇ ਕੌਮੀ ਸਮੂਹ ਦੀ ਤਾਕਤ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ, ਆਗੂਆਂ ਦੀ ਕਿਸਮ, ਇਸ ਦੀ ਪਛਾਣ ਅਤੇ ਏਕਾ, ਕਿਸੇ ਵੀ ਤਰ੍ਹਾਂ ਦੇ ਦਾਬੇ ਨੂੰ ਨਾ ਮੰਨਣ ਲਈ ਪ੍ਰੇਰਣਾ ਦੇਣ ਵਾਲੇ ਮਨੋਵਿਗਆਨਕ ਸੋਮੇ ਅਤੇ ਤਾਕਤਵਰ ਮਨੋਦਿਸ਼ਾ ਆਦਿ ਉੱਤੇ ਅਧਾਰਤ ਹੁੰਦੀ ਹੈ।’ ਇਸੇ ਲਈ ਰਾਜਨੀਤਕ, ਧਾਰਮਿਕ ਅਤੇ ਆਰਥਿਕ ਢਾਂਚਿਆਂ ਉੱਤੇ ਕਬਜਾ ਕਰਕੇ ਲੰਬੇ ਸਮੇਂ ਤੱਕ ਕਾਇਮ ਨਹੀਂ ਰੱਖਿਆ ਜਾ ਸਕਦਾ। ਜਦੋਂ ਕੋਈ ਤਾਕਤਵਰ ਰਾਜਾ ਜਾਂ ਸਮੂਹ ਆਪਣੇ ਰਾਜਨੀਤਕ ਦਾਬੇ ਨੂੰ ਚਿਰ-ਸਦੀਵੀ ਰੱਖਣਾ ਚਾਹੁੰਦਾ ਹੈ ਤਾਂ ਉਹ ਆਪਣੇ ਦਾਬੇ ਹੇਠਲੇ ਕੌਮੀ ਸਮੂਹਾਂ ਅਤੇ ਲੋਕਾਂ ਦੀ ‘ਸੋਚ’ ਅਤੇ ‘ਵਿਹਾਰ’ ਵਿਚ ਆਪਣੇ ਦਾਬੇ ਦੀ ਆਪਮੁਹਾਰੇ ਅਤੇ ਅਚੇਤਨ ਮਾਨਤਾ ਕਰਵਾਉਣ ਲਈ ਮਨੋ-ਸਮਾਜਕ ਦਾਬਾ ਪਾਉਣ ਦੀ ਤਕਨੀਕ ਦੀ ਵਰਤੋਂ ਲਗਾਤਾਰ ਕਰਦਾ ਹੈ।
ਸਿੱਖਾਂ ਖਿਲਾਫ਼ ਇਸੇ ਮਨੋ-ਸਿਮਾਜਕ ਵਿਧੀ ਦੀ ਵਰਤੋਂ 1984 ਦੇ ਘੱਲੂਘਾਰੇ ਅਤੇ ਸਿੱਖ ਲਹਿਰ ਦੇ ਡਿੱਗਣ ਤੋਂ ਬਾਅਦ ਧੜੱਲੇ ਨਾਲ ਕੀਤੀ ਗਈ। ਇਸ ਨੂੰ ‘ਨਵ-ਸਨਾਤਨ ਹਮਲਾ’ ਕਹਿਣਾ ਇਸ ਲਈ ਜਰੂਰੀ ਹੈ ਕਿਉਂਕਿ ਇਸ ਵਿੱਚ ਬ੍ਰਾਹਮਣੀ ਤਾਕਤਾਂ ਵੱਲੋਂ ਆਪਣੇ ਰਾਜਨੀਤਕ ਦਾਬੇ ਨੂੰ ਸਦੀਵੀ ਰੱਖਣ ਲਈ ਸਿੱਖਾਂ
ਖਿਲਾਫ਼ ਸਿੱਖ ਦਿੱਖ ਵਾਲੇ ਅਤੇ ਸਿੱਖਾਂ ਦੇ ਅੰਦਰਲੇ ਹਿੱਸਿਆਂ ਦੀ ਬਾਖ਼ੂਬ ਵਰਤੋਂ ਕੀਤੀ ਜਾ ਰਹੀ ਹੈ। ਸਿੱਖ ਗਿਆਨ-ਪ੍ਰਬੰਧ ਨੂੰ ਖਤਮ ਕਰਨ ਲਈ ਸਿੱਖ ਸਕਾਲਰਾਂ ਅਤੇ ਸਿੱਖ ਬੁਧੀਜੀਵੀਆਂ ਨੂੰ ਹੀ ਵਰਤਿਆ ਜਾ ਰਿਹਾ ਹੈ। ਇਹ ‘ਨਵ-ਸਨਾਤਨ’ ਬੌਧਿਕ ਹਮਲਾ ਸਿੱਖਾਂ ਨੂੰ ਬੌਧਿਕ ਤਾਕਤ ਦੇਣ ਵਾਲੇ ਹਰੇਕ ਸੋਮੇ, ਚਿੰਨ੍ਹ,
ਥਾਂ, ਹਸਤੀ, ਆਗੂ, ਧਾਰਮਿਕ ਗ੍ਰੰਥ ਆਦਿ ਨੂੰ ਨੇਸਤੋ-ਨਾਬੂਦ ਕਰਨ ਲਈ ਪੱਬਾਂ-ਭਾਰ ਹੈ। ਇਸੇ ਨੀਤੀ ਵਿਚੋਂ ਗੁਰੂ ਨਾਨਕ ਸਾਹਿਬ ਦੀ ਹਸਤੀ ਅਤੇ ਇਸ ਹਸਤੀ ਦੇ ਸਿੱਖ ਧਰਮ ਅਤੇ ਕੌਮੀ ਸਮੂਹ ਨਾਲ ਰਿਸ਼ਤੇ ਉੱਤੇ ਗੁੱਝੇ ਵਾਰ ਕਰਨ ਦੀ ਨੀਤੀ ਹੋਂਦ ਵਿਚ ਆਈ ਹੈ। ਮੈਕਲਿਓਡ ਤੋਂ ਲੈ ਕੇ ਹਰਜੋਤ ਉਬਰਾਏ ਤੱਕ ਅਤੇ ਇਸ ਤੋਂ ਵੀ ਅੱਗੇ ਮੌਜੂਦਾ ਮੀਡੀਆ ਅਤੇ ਫਿਲਮਾਂ ਰਾਹੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਕੌਮ ਨਾਲ ਰਿਸ਼ਤੇ ਨੂੰ ਤੋੜ-ਭੰਨ ਦੇਣ ਦੇ ਯਤਨ ਜਾਰੀ ਹਨ। ਪ੍ਰਸਿੱਧ ਰਾਜਨੀਤਕ ਵਿਗਆਨੀ ਵਾਕਰ ਕੌਨਰ ਦਾ ਹੇਠਲਾ ਵਿਚਾਰ ਇਸ ਸੰਦਰਭ ਵਿਚ ਮਹੱਤਵਪੂਰਨ ਹੈ:
”ਸਮਾਜਕ ਅਤੇ ਰਾਜਨੀਤਕ ਹਾਲਤਾਂ ਦੇ ਵਿਸ਼ਲੇਸ਼ਣ ਦੌਰਾਨ ਸਭ ਤੋਂ ਮਹੱਤਵਪੂਰਨ ਵਿਚਾਰ ‘ਲੋਕ ਕੌਣ ਹਨ ਜਾਂ ਕੀ ਹਨ’ ਨਹੀਂ ਹੁੰਦਾ ਬਲਕਿ ‘ਲੋਕਾਂ ਦਾ ਵਿਸ਼ਵਾਸ਼ ਕੀ ਹੈ’ ਬਾਰੇ ਜਾਣਨਾ ਜਰੂਰੀ ਹੁੰਦਾ ਹੈ। ਨਾਲ ਹੀ ਲੋਕਾਂ ਦਾ ਆਪਣੇ ਪੈਦਾ ਹੋਣ ਦੇ ਵੱਖਰੇ ਸੋਮੇਂ ਅਤੇ ਵੱਖਰੀ ਵਿਗਾਸ-ਕਿਰਆ ਵਿੱਚ ਅਚੇਤਨ ਵਿਸ਼ਵਾਸ਼ ਕਿਸੇ ਕੌਮ ਦੇ ‘ਕੌਮੀ ਮਨੋਵਿਗਆਨ’ ਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ। ਜਦੋਂ ਕੋਈ ਆਪਣੇ ਆਪ ਨੂੰ ‘ਚੀਨੀ’ ਆਖਦਾ ਹੈ ਤਾਂ ਉਹ ਸਿਰਫ਼ ਅੱਜ ਦੇ ਚੀਨੀ ਸੱਭਿਆਚਾਰ ਅਤੇ ਚੀਨੀ-ਲੋਕਾਂ ਨਾਲ ਆਪਣੇ ਆਪ ਨੂੰ ਸੰਬੰਧਿਤ ਨਹੀਂ ਕਰ ਰਿਹਾ ਹੁੰਦਾ ਬਲਕਿ ਉਹ ਆਪਣੇ ਆਪ ਨੂੰ ਚੀਨੀ ਲੋਕਾਂ ਅਤੇ ਇਨ੍ਹਾਂ ਦੇ ਇਤਿਹਾਸਕ ਸਮੇਂ ਦੌਰਾਨ ਕੀਤੇ ਗਏ ਅਲੌਕਿਕ ਕੰਮਾਂ ਨਾਲ ਵੀ ਜੋੜ ਰਿਹਾ ਹੁੰਦਾ ਹੈ।”
ਇਸੇ ਤਰ੍ਹਾਂ ਕੋਈ ਸਿੱਖ ਜਦੋਂ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਨਾਲ ਜੋੜਦਾ ਹੈ ਤਾਂ ਉਹ ਗੁਰੂ ਨਾਨਕ ਸਾਹਿਬ ਵੱਲੋਂ ਸਿਰਜੇ ਗਏ ‘ਗਿਆਨ-ਪ੍ਰਬੰਧ’ ਅਤੇ ਸਮਾਜਕ-ਰਾਜਨੀਤਕ ਢਾਂਚਿਆਂ ਵਿਚ ਆਪਣੇ ਵਿਸ਼ਵਾਸ਼ ਦਾ ਅਚੇਤ ਪ੍ਰਗਟਾਵਾ ਕਰਦਾ ਹੈ। ਯਾਦ ਰਹੇ ਗੁਰੂ ਨਾਨਕ ਸਾਹਿਬ ਅਤੇ ਬਾਕੀ ਦਸ ਗੁਰੂ ਸਾਹਿਬਾਨਾਂ ਵੱਲੋਂ ਸਿਰਜਿਆ ਗਿਆਨ-ਪ੍ਰਬੰਧ ਅੱਜ ਦੇ ਅਤੇ ਉਸ ਸਮੇਂ ਦੇ ਦਾਬੇ ਵਾਲੇ ਬ੍ਰਾਹਮਣੀ ਗਿਆਨ- ਪ੍ਰਬੰਧ, ਇਸ ਨਾਲ ਸੰਬੰਧਿਤ ਚਿੰਨ੍ਹਾਂ, ਢਾਂਚਿਆਂ, ਆਗੂਆਂ, ਅਤੇ ਵਿਸ਼ਵਾਸ਼ਾਂ, ਰੀਤੀ ਰਿਵਾਜਾਂ ਤੋਂ ਸਿਰਫ਼ ਨਿਖੇੜਾ ਹੀ ਨਹੀਂ ਕਰਦਾ ਬਲਕਿ ਇਸ ਬ੍ਰਹਾਮਣੀ ਦਾਬੇ ਨੂੰ ਤੋੜਨ ਵੱਲ ਸੇਧਿਤ ਹੈ। ਗੁਰੂ ਨਾਨਕ ਸਾਹਿਬ ਦਾ ਬਿੰਬ ਅਤੇ ਉਨ੍ਹਾਂ ਵੱਲੋਂ ਵਰੋਸਾਇਆ ਪੰਥ ਅਤੇ ਪੰਥਕ ਰੀਤਾਂ ਸਿੱਖਾਂ ਅੰਦਰ ਮਾਨਸਿਕ ਏਕੇ ਅਤੇ ਬੌਧਿਕ ਚੇਤਨਤਾ ਹੀ ਪੈਦਾ ਨਹੀਂ ਕਰਦੀਆਂ ਬਲਕਿ ਮੌਜੂਦਾ ਰਾਜਨੀਤਕ ਹਾਲਤਾਂ ਅੰਦਰ ਇਹ ਰੀਤਾਂ ਇੱਕ ਵੱਖਰੇ ਕੌਮੀ ਸੁਭਾਅ, ਵਿਚਾਰ ਅਤੇ ਹਿੱਤਾਂ ਨੂੰ ਬ੍ਰਾਹਮਣੀ ਰੀਤਾਂ ਤੋਂ ਵੱਖਰਾ ਰੂਪ ਦਿੰਦੀਆਂ ਹਨ। ਸਿੱਧੇ ਸ਼ਬਦਾਂ ਵਿੱਚ ਇਹ ਰੀਤਾਂ ਅਤੇ ਸਿੱਖ ਗਿਆਨ-ਪ੍ਰਬੰਧ, ਗੁਰੂ ਨਾਨਕ ਸਾਹਿਬ ਦਾ ਬਿੰਬ ਸਿੱਖ ਨੂੰ ਇਕ ‘ਰਾਜਨੀਤਕ ਸਮੂਹ’ ਵਜੋਂ ਦੁਨੀਆ ਵਿੱਚ ਵਿਚਰਨ ਦਾ ਅਧਾਰ ਮੁਹੱਈਆ ਕਰਵਾਉਂਦੇ ਹਨ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬਾਕੀ ਗੁਰੂ ਸਾਹਿਬਾਨਾਂ ਅਤੇ ਸਿੱਖ ਹੋਂਦ ਅਤੇ ਸਮਾਜਕ ਹਸਤੀ ਦਾ ਕੇਂਦਰੀ ਬਿੰਬ ਵਜੋਂ ਫ਼ੈਸਲਾਕੁੰਨ ਥਾਂ ਬਣਾ ਚੁੱਕੇ ਹਨ। ਪ੍ਰਸਿੱਧ ਸਮਾਜ ਵਿਗਆਨੀ ਐਂਥਨੀ ਸਮਿੱਥ ਦਾ ਵਿਚਾਰ ਹੈ ਕਿ ”ਕੌਮੀਅਤ ਦਾ ਸੰਬੰਧ ਖੂਨ ਸੰਬੰਧਾਂ ਜਾਂ ਮਨੁੱਖੀ ਜੀਨਾਂ’ ਨਾਲ ਨਹੀਂ ਹੈ ਬਲਕਿ ਇਹ (ਕੌਮੀ ਸਮੂਹਾਂ) ਦੇ ਆਪਣੇ ਪੈਦਾ ਹੋਣ ਦੇ ਸੋਮਿਆਂ ਪ੍ਰਤੀ ਸਾਂਝੇ ਵਿਸ਼ਵਾਸ਼ ਅਤੇ ਮਿੱਥਾਂ ਨਾਲ ਸੰਬੰਧਿਤ ਹੈ। ਕਿਸੇ ਕੌਮ ਲਈ ਜੀਨਾਂ ਦਾ ਵਿਰਸਾ ਕੋਈ ਮਹੱਤਤਾ ਨਹੀਂ ਰੱਖਦਾ ਬਲਕਿ ਇਸ ਲਈ ਸਭ ਤੋਂ ਜਰੂਰੀ ਇਸ ਨਾਲ ਸੰਬੰਧਿਤ ਬੰਦਿਆਂ ਦਾ ‘ਸਾਂਝੇ ਵੱਡੇ ਵਡੇਰਿਆਂ’ ਵਿਚ ਵਿਸ਼ਵਾਸ਼ ਅਤਿ ਮਹੱਤਵਪੂਰਨ ਹੈ।… ਪੈਦਾ ਹੋਣ ਦੇ ਸਾਂਝੇ ਸੋਮੇਂ ਵਿਚ ਅਟੁੱਟ ਵਿਸ਼ਵਾਸ਼ ਕਿਸੇ ਵੀ ਕੌਮ ਦੀ ਹੋਂਦ ਲਈ ਅਤਿ ਜਰੂਰੀ ਹੈ।”
ਨਵ-ਸਨਾਤਨੀ ਹਮਲਾ ਸਿੱਖਾਂ ਦੇ ਆਪਣੇ ਪੈਦਾਵਾਰੀ ਸੋਮੇਂ ਭਾਵ ਗੁਰੂ ਨਾਨਕ ਸਾਹਿਬ ਵਿਚ ਅਟੁੱਟ ਵਿਸ਼ਵਾਸ਼ ਦੇ ਖਾਤਮੇ ਵੱਲ ਸੇਧਿਤ ਹੈ। ਇਹ ਹਮਲਾ ਗੁਰੂ ਨਾਨਕ ਸਾਹਿਬ ਨੂੰ ਹਿੰਦੂ ਸਾਬਤ ਕਰਕੇ ਅਤੇ ਗੁਰੂ ਸਾਹਿਬ ਸੰਬੰਧੀ ਸਿੱਖਾਂ ਵਿਚਲੇ ਸਾਂਝੇ ਵਿਸ਼ਵਾਸ਼ ਨੂੰ ਖਤਮ ਕਰਕੇ ‘ਸਿੱਖ-ਧਾਰਮਿਕ- ਪ੍ਰਬੰਧ’ ਨੂੰ ਤੋੜ ਦੇਣ ਵੱਲ ਸੇਧਿਤ ਹੈ ਜੋ ਕਿ ਸਿੱਖਾਂ ਵਿਚਕਾਰ ਕੌਮੀਅਤ ਦਾ ਜਜਬਾ ਭਰਨ ਦਾ ਮੁੱਖ ਸੋਮਾਂ ਹੈ। ਗੁਰੂ ਨਾਨਕ ਸਾਹਿਬ ਅਤੇ ਦੂਜੇ ਗੁਰੂ ਸਾਹਿਬਾਨਾਂ ਦੇ ਬਿੰਬ ਦੀ ਤੋੜ-ਭੰਨ, ਗੁਰੂ ਗ੍ਰੰਥ ਸਾਹਿਬ ਦੀ ਸਿੱਖ-ਧਾਰਮਿਕ- ਪ੍ਰਬੰਧ ਵਿਚਲੇ ਤਾਕਤਵਰ ਰੋਲ ਉੱਤੇ ਹਮਲਾ, ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦੀ ਮਹੱਤਤਾ ਘਟਾਉਣ ਦੀਆਂ ਕੁਚਾਲਾਂ, ਸਿੱਖ ਨਾਵਾਂ ਭਾਵ ‘ਸਿੰਘ’ ਅਤੇ ‘ਕੌਰ’ ਦੀ ਵਰਤੋਂ ਕਰਨ ਉੱਤੇ ਸਿੱਖਾਂ ਵਿੱਚ ਹੀਣ-ਭਾਵਨਾ ਪੈਦਾ ਕਰਨ ਦੀਆਂ ਨੀਤੀਆਂ ਆਦਿ ਸਿੱਖਾਂ ਦੇ ਵਿਹਾਰ ਨੂੰ ਕਾਬੂ ਕਰਨ ਅਤੇ ਬ੍ਰਾਹਮਣੀ ਦਾਬੇ ਨੂੰ ਲਗਾਤਾਰਤਾ ਨਾਲ ਜਾਰੀ ਰੱਖ ਕੇ ਇਕਾਤਮਕ ਭਾਰਤੀ ਹਿੰਦੂ ਰਾਜ ਸਿਰਜਣ ਦਾ ਵਰਤਾਰਾ ਹੈ। ਸਿੱਖਾਂ ਨੂੰ ਇਸ ਨਵ-ਸਨਾਤਨ ਮਨੋ-ਸਮਾਜਕ ਹਮਲੇ ਦਾ ਮੁਕਾਬਲਾ ਕਰਨ ਅਤੇ ਆਪਣੇ ਗਿਆਨ ਪ੍ਰਬੰਧ ਅਤੇ ਆਪਣੀ ਹੋਂਦ-ਹਸਤੀ ਦੇ ਸੋਮੇ ਭਾਵ ਗੁਰੂ ਨਾਨਕ ਸਾਹਿਬ ਬਾਰੇ ਸਿੱਖ ਕੇਂਦਰਿਤ ਅਕਾਦਮਿਕ ਖੋਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਸਿੱਖ ਪੰਥ ਨੂੰ ਸੰਸਾਰ ਪੱਧਰ ਉੱਤੇ ਤਾਕਤਵਰ ਬਣਾਉਣ ਵੱਲ ਸੇਧਿਤ ਹੋਣ।
(‘ਸਿੱਖ ਸਿਆਸਤ ਬਿਊਰੋ’ ਤੋਂ ਧੰਨਵਾਦ ਸਹਿਤ)