ਬੇਅਦਬੀ ਤੇ ਗੋਲੀ ਕਾਂਡ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ

ਬੇਅਦਬੀ ਤੇ ਗੋਲੀ ਕਾਂਡ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ

ਚੰਡੀਗੜ੍ਹ/ਬਿਊਰੋ ਨਿਊਜ਼ :

ਅਕਾਲੀ-ਭਾਪਪਾ ਰਾਜ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ। ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਤਕਰੀਬਨ ਅੱਧਾ ਘੰਟਾ ਪੁੱਛਗਿੱਛ ਕੀਤੀ ਗਈ। ‘ਸਿੱਟ’ ਦੇ ਸਵਾਲਾਂ ਦੇ ਝੰਬੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨ ਦਾ ਗੁਬਾਰ ਕੱਢਿਆ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਟਕਪੂਰਾ ਘਟਨਾ ਸਬੰਧੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰੰਤੂ ਇਹ ਪੁੱਛਗਿੱਛ ਸਿਆਸਤ ਤੋਂ ਪ੍ਰੇਰਿਤ ਸੀ। ਇਸ ਦੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੁਲਾਇਆ ਤਾਂ ਗਵਾਹ ਦੇ ਤੌਰ ‘ਤੇ ਗਿਆ ਸੀ ਪਰੰਤੂ ਲਗਦਾ ਹੈ ਕਿ ਉਨ੍ਹਾਂ ਨੂੰ ਮੁਲਜ਼ਮ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਤੇ ਨਾ ਹੀ ਉਹ ਕਦੇ ਅਕਸ਼ੈ ਕੁਮਾਰ ਨੂੰ ਮਿਲੇ ਹਨ।
ਓਧਰ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਸਵਾਲ ਪੁੱਛੇ ਗਏ ਸਨ, ਉਸ ਦੇ ਜਵਾਬ ਉਨ੍ਹਾਂ ਦੇ ਦਿੱਤੇ ਹਨ, ਜਿਨ੍ਹਾਂ ਬਾਰੇ ਉਹ ਫਿਲਹਾਲ ਕੋਈ ਜਾਣਕਾਰੀ ਨਹੀਂ ਦੇ ਸਕਦੇ। ਸੂਤਰਾਂ ਮੁਤਾਬਕ ਐਸਆਈਟੀ ਵੱਲੋਂ ਪੰਜਾਬ ਵਿਚ ਹੋਈਆਂ ਬੇਅਦਬੀਆਂ ਬਾਰੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਜਵਾਬ ਵਿਚ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਪਹਿਲਾਂ ਦੇ ਮੁਕਾਬਲੇ ਵੱਧ ਸਜ਼ਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ ਸੀ।
ਮੀਡੀਆ ਸਨਮੁੱਖ ਆਏ ਬਾਦਲ ਕਾਫੀ ਘਬਰਾਏ ਜਾਪ ਰਹੇ ਸਨ। ਉਹ ਸਵਾਲਾਂ ਦੇ ਜਵਾਬ ਵੀ ਬੇਸਿਰ-ਪੈਰ ਹੀ ਦੇ ਰਹੇ ਸਨ। ਗੋਲੀ ਕਾਂਡ ਲਈ ਖ਼ੁਦ ਤੇ ਤਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬੇਕਸੂਰ ਦੱਸਦਿਆਂ ਉਲਟਾ ਉਨ੍ਹਾਂ ਐਸਆਈਟੀ ਦੀ ਕਾਰਜਸ਼ੈਲੀ ‘ਤੇ ਹੀ ਸਵਾਲ ਚੁੱਕੇ। ਉਹ ਮੀਡੀਆ ਦੇ ਇਸ ਸਵਾਲ ਦਾ ਜਵਾਬ ਹੀ ਨਾ ਦੇ ਸਕੇ ਆਖਰ ਫਿਰ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਪੁਲਿਸ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਕਿਸ ਨੇ ਸੀ? ਬਾਦਲ ਨੇ ਕਿਹਾ ਕਿ 14 ਅਕਤੂਬਰ, 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਪੁਲਿਸ ਨੂੰ ਗੋਲ਼ੀ ਚਲਾਉਣ ਲਈ, ਨਾ ਉਨ੍ਹਾਂ ਤੇ ਨਾ ਹੀ ਤਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਨੇ ਹੁਕਮ ਦਿੱਤੇ ਸੀ। ਉਲਟਾ ਉਨ੍ਹਾਂ ਐਸਆਈਟੀ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਤੇ ਅਕਾਲ ਤਖ਼ਤ ਢਹਿ-ਢੇਰੀ ਕੀਤਾ ਗਿਆ ਤਾਂ ਕੀ ਉਸ ਮਸਲੇ ‘ਤੇ ਇੰਦਰਾ ਗਾਂਧੀ ਨੂੰ ਸੰਮਨ ਕੀਤੇ ਗਏ ਸਨ? ਸਾਫ ਜ਼ਾਹਰ ਹੋ ਰਿਹਾ ਸੀ ਕਿ ਉਹ ‘ਸਿੱਟ’ ਵੱਲੋਂ ਕੀਤੀ ਗਈ ਪੁੱਛਗਿੱਛ ਤਿਲਮਲਾ ਰਹੇ ਸਨ।
ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਾਂਗਰਸ ਵਾਰ-ਵਾਰ ਕਹਿੰਦੀ ਹੈ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇਣਾ ਹੈ, ਮੈਨੂੰ ਅੰਦਰ ਦੇਣਾ ਤਾਂ ਦੇ ਦਿਓ ਕੋਈ ਫ਼ਰਕ ਨਹੀਂ ਪੈਂਦਾ।