ਟਰੰਪ ਦੇ ਚੋਣ ਇਸ਼ਤਿਹਾਰ ‘ਚ ਸਿੱਖ ਨੂੰ ਮੁਸਲਮਾਨ ਸਮਰਥਕ ਵਜੋਂ ਪ੍ਰਚਾਰਿਆ

ਟਰੰਪ ਦੇ ਚੋਣ ਇਸ਼ਤਿਹਾਰ ‘ਚ ਸਿੱਖ ਨੂੰ ਮੁਸਲਮਾਨ ਸਮਰਥਕ ਵਜੋਂ ਪ੍ਰਚਾਰਿਆ

ਟਰੰਪ ਨੇ ਪੋਸਟਰ ਵਿਚ ਗ਼ਲਤੀ ਕਰਕੇ ਸਿੱਖਾਂ ਲਈ ਨਵੀਂ ਸਮੱਸਿਆ ਪੈਦਾ ਕੀਤੀ : ਗੁਰਿੰਦਰ ਸਿੰਘ ਖ਼ਾਲਸਾ
ਇੰਡੀਅਨ ਐਪਲਿਸ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਦੌਰਾਨ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਖੱਬੇ ਪਾਸੇ ਲੱਗੀ ਤਸਵੀਰ ਖ਼ਾਸ ਧਿਆਨ ਦੀ ਮੰਗ ਕਰ ਰਹੀ ਹੈ। ਲਾਲ, ਚਿੱਟੀ ਤੇ ਨੀਲੇ ਰੰਗ ਦੀਆਂ ਧਾਰੀਆਂ ਵਾਲੀ ਪੱਗ ਬੰਨ੍ਹੀ ਇਕ ਵਿਅਕਤੀ ਦੀ ਤਸਵੀਰ ਹੈ ਜਿਸ ‘ਤੇ ‘ਮੁਸਲਿਮ’ ਸ਼ਬਦ ਲਿਖਿਆ ਹੈ। ਇਹ ਤਸਵੀਰ ਗੁਰਿੰਦਰ ਸਿੰਘ ਖ਼ਾਲਸਾ ਦੀ ਹੈ ਜੋ ਮੁਸਲਮਾਨ ਨਹੀਂ ਹੈ। ਨਾ ਹੀ ਉਹ ਟਰੰਪ ਦਾ ਸਮਰਥਕ ਹੈ। ਇਸ਼ਤਿਹਾਰ ਦੇ ਉਪਰ ਲਿਖਿਆ ਹੈ ਕਿ ਤਸਵੀਰਾਂ ਵਿਚ ਸ਼ਾਮਲ ਸਮੁੱਚਾ ਭਾਈਚਾਰਾ ਉਨ੍ਹਾਂ ਦੀ ਹਮਾਇਤ ਕਰਦਾ ਹੈ। ਅਤੇ ਗੁਰਿੰਦਰ ਸਿੰਘ ਖ਼ਾਲਸਾ ਨੂੰ ਇਕ ਮੁਸਲਮਾਨ ਵਜੋਂ ਪੇਸ਼ ਕੀਤਾ ਗਿਆ ਹੈ।
ਇਸ ਤਸਵੀਰ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਗੁਰਿੰਦਰ ਸਿੰਘ ਖ਼ਾਲਸਾ ਖ਼ਾਲਸਾ ਨੇ ਕਿਹਾ, ‘ਇਹ ਜੋ ਕੁਝ ਵਾਪਰ ਰਿਹਾ ਹੈ, ਅਸੀਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਿੱਖਾਂ ਦਾ ਪੂਰੀ ਦੁਨੀਆ ਨਾਲੋਂ ਵੱਖਰਾ ਧਰਮ ਅਤੇ ਸਭਿਆਚਾਰ ਹੈ। ਅਮਰੀਕਾ ਵਿਚ ਸਿੱਖਾਂ ਲਈ ਇਹ ਬੜਾ ਚੁਣੌਤੀ ਭਰਿਆ ਸਮਾਂ ਹੈ ਕਿਉਂਕਿ ਉਨ੍ਹਾਂ ਦੀ ਪਛਾਣ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਅਸੀਂ ਅਜਿਹੀਆਂ ਧਾਰਮਿਕ ਵੰਡੀਆਂ ਦੇ ਹੱਕ ਵਿਚ ਨਹੀਂ, ਜਿਸ ਨਾਲ ਮਨੁੱਖਤਾ ਦਾ ਕਤਲ ਹੋਵੇ।
ਗੁਰਿੰਦਰ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਉਹ ਨਾ ਤਾਂ ਮੁਸਲਿਮ ਹੈ ਅਤੇ ਨਾ ਹੀ ਟਰੰਪ ਦਾ ਹਮਾਇਤੀ। ਖ਼ਾਲਸਾ ਨੇ ਆਖਿਆ ਕਿ ਟਰੰਪ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਗੁਰਿੰਦਰ ਸਿੰਘ ਖ਼ਾਲਸਾ ਨੇ ਆਖਿਆ ਕਿ ਟਰੰਪ ਦੀ ਟੀਮ ਨੇ ਪੋਸਟਰ ਛਾਪਣ ਤੋਂ ਪਹਿਲਾਂ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ। ਖ਼ਾਲਸਾ ਫਿਸ਼ਰ ਸਿਟੀ ਵਿੱਚ ਰਹਿੰਦੇ। ਖ਼ਾਲਸਾ ਅਨੁਸਾਰ ਟਰੰਪ ਦੀ ਇਸ ਗ਼ਲਤੀ ਨਾਲ ਅਮਰੀਕਾ ਵਿੱਚ ਸਿੱਖਾਂ ਬਾਰੇ ਹੋਰ ਭੁਲੇਖੇ ਪੈਦਾ ਹੋਣਗੇ। ਉਨ੍ਹਾਂ ਆਖਿਆ ਕਿ ਸਿੱਖਾਂ ਦੀ ਪਛਾਣ ਅਮਰੀਕਾ ਵਿਚ ਵੱਡਾ ਮਸਲਾ ਹੈ। ਵਾਰ-ਵਾਰ ਭੁਲੇਖੇ ਕਾਰਨ ਉਨ੍ਹਾਂ ਉੱਤੇ ਨਸਲੀ ਹਮਲੇ ਹੋ ਰਹੇ ਹਨ। ਅਜਿਹੇ ਵਿੱਚ ਟਰੰਪ ਨੇ ਪੋਸਟਰ ਵਿਚ ਗ਼ਲਤੀ ਕਰ ਕੇ ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਲਈ ਨਵੀਂ ਸਮੱਸਿਆ ਪੈਦਾ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਿੱਖ ਕੌਣ ਹਨ? ਉਹ ਦਾੜ੍ਹੀ ਕਿਉਂ ਰੱਖਦੇ ਹਨ ਅਤੇ ਕਿਉਂ ਪੱਗ ਬੰਨ੍ਹਦੇ ਹਨ? ਇਸ ਕਮੇਟੀ ਦਾ ਮਕਸਦ ਅਮਰੀਕੀਆਂ ਨੂੰ ਇਹ ਦੱਸਣਾ ਹੈ ਕਿ ਸਿੱਖ ਧਰਮ ਦੁਨੀਆਂ ਦੇ ਹੋਰ ਧਰਮਾਂ ਨਾਲੋਂ ਵੱਖਰਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਸਿਆਸਤਦਾਨਾਂ ਤੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਦੱਸਿਆ ਜਾਵੇ ਕਿ ਸਿੱਖਾਂ ਤੇ ਮੁਸਲਮਾਨਾਂ ਵਿੱਚ ਅੰਤਰ ਹੈ।
ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਖ਼ਾਲਸਾ ਖ਼ਾਲਸਾ ਇੰਡਿਆਨਾ ਦੇ ਸਿਆਸਤਦਾਨਾਂ ਨਾਲ ਮਿਲ ਕੇ ਸਿੱਖਸ ਪੈਕ (ਸਿੱਖ ਪੋਲੀਟੀਕਲ ਐਕਸ਼ਨ ਕਮੇਟੀ) ਨਾਂ ਦੀ ਸੰਸਥਾ ਚਲਾਉਂਦੇ ਹਨ ਜੋ ਕਿ ਸਿੱਖਾਂ ਦੇ ਸਭਿਆਚਾਰ ਤੇ ਇਤਿਹਾਸ ਬਾਰੇ ਅਮਰੀਕੀਆਂ ਨੂੰ ਜਾਗਰੂਕ ਕਰਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਮੁਸਲਮਾਨ ਸਮਝ ਕੇ ਸਿੱਖਾਂ ‘ਤੇ ਨਸਲੀ ਹਮਲੇ ਹੋ ਰਹੇ ਹਨ। ਦਾੜ੍ਹੀ ਅਤੇ ਪੱਗ ਕਾਰਨ ਸਿੱਖਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ। ਤਾਜ਼ਾ ਘਟਨਾ ਮਾਨ ਸਿੰਘ ਖ਼ਾਲਸਾ ਦੀ ਹੈ, ਜਿਨ੍ਹਾਂ ‘ਤੇ ਨਸਲੀ ਹਮਲਾ ਹੋਇਆ। ਇਸ ਸਬੰਧ ਵਿਚ ਅਮਰੀਕਾ ਪੁਲੀਸ ਵਲੋਂ ਨਸਲੀ ਹਮਲੇ ਦੀਆਂ ਧਾਰਾਵਾਂ ਤਹਿਤ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।

ਟਰੰਪ ਦੀ ਮੁਹਿੰਮ ‘ਚ ਪਹਿਲਾਂ ਵੀ ਹੋ ਚੁੱਕੀਆਂ ਹਨ ਗ਼ਲਤੀਆਂ :
ਇਸ ਤੋਂ ਪਹਿਲਾਂ ਚੋਣ ਮੁਹਿੰਮ ਦੌਰਾਨ ਟਰੰਪ ਨੇ ਸਮਲਿੰਗੀ ਵਿਆਹ ਨੂੰ ਲੈ ਕੇ ਕਿਹਾ ਸੀ ਕਿ ਉਹ ਉਸ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਦਾ ਯਕੀਨ ਰਵਾਇਤੀ ਰਿਵਾਜ਼ਾਂ ਵਿਚ ਹੈ। ਇਸ ‘ਤੇ ਪੱਤਰਕਾਰ ਨੇ ਉਨ੍ਹਾਂ ਤੋਂ ਪੁਆਿ ਕਿ ਕੀ ਤਿੰਨ ਵਾਰ ਵਿਆਹ ਕਰਨਾ ਰਵਾਇਤ ਹੈ? ਜ਼ਿਕਰਯੋਗ ਹੈ ਕਿ ਟਰੰਪ 3 ਵਿਆਹ ਕਰ ਚੁੱਕੇ ਹਨ। ਟਰੰਪ ਨੇ ਮੈਕਸੀਕੋ ਨੂੰ ਲੈ ਕੇ ਬਿਆਨ ਦਿੱਤਾ ਸੀ, ”ਮੈਕਸੀਕੋ ਤੋਂ ਜੋ ਲੋਕ ਅਮਰੀਕਾ ਆ ਰਹੇ ਹਨ, ਉਹ ਚੰਗੇ ਨਹੀਂ ਹਨ। ਉਨ੍ਹਾਂ ਦੀਆਂ ਕਈ ਸਮੱਸਿਆਵਾਂ ਹਨ। ਉਹ ਆਪਣੇ ਨਾਲ ਡਰੱਗਜ਼ ਤੇ ਜੁਰਮ ਲਿਆਉਂਦੇ ਹਨ। ਉਹ ਬਲਾਤਕਾਰੀ ਹਨ।”