ਅਮਰੀਕਾ ਦੇ ਉਟਾਹ ਤੇ ਮਿਸੀਸਿੱਪੀ ਰਾਜਾਂ ਨੇ ਸਕੂਲਾਂ ਦੇ ਸਲੇਬਸ ਵਿਚ ਸਿੱਖਾਂ ਬਾਰੇ ਪੜਾਈ ਨੂੰ ਕੀਤਾ ਸ਼ਾਮਿਲ
ਸਿੱਖ ਭਾਈਚਾਰੇ ਵਿਚ ਖੁਸ਼ੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ 25 ਦਸੰਬਰ (ਹੁਸਨ ਲੜੋਆ ਬੰਗਾ)- ਸਿੱਖ ਭਾਈਚਾਰੇ ਲਈ ਉਸ ਵੇਲੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਅਮਰੀਕਾ ਦੇ ਦੋ ਹੋਰ ਰਾਜਾਂ ਨੇ ਸਕੂਲਾਂ ਦੇ ਸਲੇਬਸ ਵਿਚ ਸਿੱਖਾਂ ਬਾਰੇ ਪੜਾਈ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਉਟਾਹ ਤੇ ਮਿਸੀਸਿੱਪੀ ਰਾਜਾਂ ਨੇ ਨਵੀਂ ਸਮਾਜਿਕ ਸਿੱਖਿਆ (ਸੋਸ਼ਲ ਸਟੱਡੀ) ਦੀ ਕਿਤਾਬ ਵਿਚ ਸਿੱਖੀ ਤੇ ਸਿੱਖ ਧਰਮ ਨੂੰ ਸ਼ਾਮਿਲ ਕਰਨ ਦੇ ਹੱਕ ਵਿਚ ਵੋਟ ਪਾਈ ਹੈ। ਉਟਾਹ ਤੇ ਮਿਸੀਸਿੱਪੀ ਅਮਰੀਕਾ ਦੇ ਕ੍ਰਮਵਾਰ 15 ਵੇਂ ਤੇ 16 ਵੇਂ ਰਾਜ ਬਣ ਗਏ ਹਨ ਜਿਨਾਂ ਨੇ ਹਾਲ ਹੀ ਵਿਚ ਸਿੱਖਾਂ ਬਾਰੇ ਪੜਾਈ ਨੂੰ ਸੋਸ਼ਲ ਸਟੱਡੀ ਦੀ ਕਿਤਾਬ ਵਿਚ ਸ਼ਾਮਿਲ ਕੀਤਾ ਹੈ। ਹੁਣ ਅਮਰੀਕਾ ਵਿਚ ਪੜਦੇ ਢਾਈ ਕਰੋੜ ਤੋਂ ਵਧ ਵਿਦਿਆਰਥੀ ਸਿੱਖਾਂ ਦੇ ਅਮੀਰ ਵਿਰਸੇ , ਸਿੱਖਾਂ ਦੀਆਂ ਰਵਾਇਤਾਂ ਤੇ ਕਦਰਾਂ-ਕੀਮਤਾਂ ਬਾਰੇ ਜਾਣੂ ਹੋ ਸਕਣਗੇ। ਨਵੇਂ ਘਟਨਾਕ੍ਰਮ ਦੇ ਸਿੱਟੇ ਵਜੋਂ ਉਟਾਹ ਵਿਚ ਪੜਦੇ 6,06000 ਵਿਦਿਆਰਥੀ ਤੇ ਮਿਸੀਸਿੱਪੀ ਵਿਚ ਪੜਦੇ ਅੰਦਾਜਨ 4,57000 ਵਿਦਿਆਰਥੀ ਸਿੱਖਾਂ ਬਾਰੇ ਪੜ ਸਕਣਗੇ। ਸਿੱਖ ਭਾਈਚਾਰੇ ਨੇ ਉਟਾਹ ਤੇ ਮਿਸੀਸਿੱਪੀ ਰਾਜਾਂ ਵੱਲੋਂ ਸਿੱਖਾਂ ਬਾਰੇ ਪੜਾਈ ਨੂੰ ਸਮਾਜਿਕ ਸਿੱਖਿਆ ਦੀ ਕਿਤਾਬ ਵਿਚ ਸ਼ਾਮਲ ਕਰਨ ਦਾ ਜੋਰਦਾਰ ਸਵਾਗਤ ਕੀਤਾ ਹੈ ਤੇ ਇਨਾਂ ਰਾਜਾਂ ਦਾ ਧਨਵਾਦ ਕੀਤਾ ਹੈ।
ਉਟਾਹ ਦੇ ਸਾਲਟਲੇਕ ਸ਼ਹਿਰ ਦੇ ਵਸਨੀਕ ਮਨਜੀਤ ਸਿੰਘ ਨੇ ਇਸ ਉਪਰ ਖੁਸ਼ੀ ਪਰਗਟ ਕਰਦਿਆਂ ਕਿਹਾ ਹੈ ਕਿ ਨਵੇਂ ਸਿੱਖਿਆ ਮਾਪਦੰਡਾਂ ਸਦਕਾ ਰਾਜ ਭਰ ਵਿਚ ਵਿਦਿਆਰਥੀ ਸਿੱਖਾਂ ਬਾਰੇ ਜਾਣ ਸਕਣਗੇ ਤੇ ਉਹ ਸਿੱਖਾਂ ਦੇ ਸ਼ਾਨਦਾਰ ਵਿਰਸੇ ਤੇ ਸਭਿਆਚਾਰ ਤੋਂ ਜਾਣੂ ਹੋ ਸਕਣਗੇ। ਉਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਸਿੱਖਇਜ਼ਮ ਵਿਸ਼ਵ ਦਾ 5ਵਾਂ ਵੱਡਾ ਧਰਮ ਹੈ ਤੇ ਸਿੱਖ ਭਾਈਚਾਰੇ ਨੇ ਪਿਛਲੀ ਇਕ ਸਦੀ ਦੇ ਵੀ ਵਧ ਸਮੇ ਤੋਂ ਅਮਰੀਕੀ ਸਮਾਜ ਖਾਸ ਕਰਕੇ ਮਨੁੱਖੀ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ , ਡਾਕਟਰੀ ਤੇ ਹੋਰ ਖੇਤਰਾਂ ਵਿਚ ਆਪਣਾ ਯੋਗਦਾਨ ਪਾਇਆ ਹੈ। ਸਿੱਖ ਹਲਕਿਆਂ ਨੇ ਕਿਹਾ ਹੈ ਕਿ ਉਟਾਹ ਤੇ ਮਿਸੀਸਿੱਪੀ ਸਰਕਾਰਾਂ ਨੇ ਸਿੱਖਾਂ ਬਾਰੇ ਸਿੱਖਿਆ ਨੂੰ ਸਲੇਬਸ ਵਿਚ ਸ਼ਾਮਿਲ ਕਰਕੇ ਸਿੱਖ ਭਾਈਚਾਰੇ ਨੂੰ ਵੱਡਾ ਸਨਮਾਨ ਦਿੱਤਾ ਹੈ ਜਿਸ ਲਈ ਸਿੱਖ ਸਮਾਜ ਉਨਾਂ ਦਾ ਰਿਣੀ ਰਹੇਗਾ।
Comments (0)