ਪਾਠਕ੍ਰਮ ਦੀਆਂ ਗਲਤੀਆਂ ਨੂੰ ਲੈ ਕੇ ਸਰਕਾਰ ਅਤੇ ਸਿੱਖਾਂ ਵਿਚ ਖਿੱਚੋਤਾਣ

ਪਾਠਕ੍ਰਮ ਦੀਆਂ ਗਲਤੀਆਂ ਨੂੰ ਲੈ ਕੇ ਸਰਕਾਰ ਅਤੇ ਸਿੱਖਾਂ ਵਿਚ ਖਿੱਚੋਤਾਣ

ਅਨੁਵਾਦਕਾਂ ਦੀਆਂ ਗ਼ਲਤੀਆਂ ਨੇ ਹੀ  ਵਿਵਾਦ ਨੂੰ  ਦਿੱਤਾ ਜਨਮ
ਨਵਾਂ ਪਾਠਕ੍ਰਮ ਵਾਪਸ ਲੈਣ ਦੇ ਬਾਵਜੂਦ ਮਸਲਾ ਖ਼ਤਮ ਨਾ ਹੋਇਆ

ਡਾ. ਧਰਮ ਸਿੰਘ
ਪਾਠਕ੍ਰਮ ਅਤੇ ਪਾਠ ਸਮੱਗਰੀ ਨੂੰ ਲੈ ਕੇ ਸਰਕਾਰੀ ਅਤੇ ਸਿੱਖ ਹਲਕਿਆਂ ਵਿਚ ਖਿੱਚੋਤਾਣ ਚੱਲ ਰਹੀ ਹੈ। ਇਹ ਵਿਵਾਦ ਏਨਾ ਭਖ ਗਿਆ ਹੈ ਕਿ ਦੋਵਾਂ ਧਿਰਾਂ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਆਪੋ-ਆਪਣਾ ਪੱਖ ਲੋਕਾਂ ਸਾਹਮਣੇ ਰੱਖਣਾ ਪਿਆ ਹੈ। ਆਖਰਕਾਰ ਮੁੱਖ ਮੰਤਰੀ ਪੰਜਾਬ ਨੂੰ ਇਹ ਬਿਆਨ ਦੇਣਾ ਪਿਆ ਕਿ ਨਵਾਂ ਪਾਠਕ੍ਰਮ ਵਾਪਸ ਲੈ ਲਿਆ ਗਿਆ ਹੈ ਅਤੇ ਪੁਰਾਣਾ ਹੀ ਪੜ੍ਹਾਇਆ ਜਾਵੇਗਾ। ਮੁੱਖ ਮੰਤਰੀ ਦੇ ਇਸ ਬਿਆਨ ਨਾਲ ਇਹ ਮਸਲਾ ਖ਼ਤਮ ਹੋ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ।
ਨਵੇਂ ਪਾਠਕ੍ਰਮ ਨੂੰ ਉਲੀਕਣ ਅਤੇ ਇਸ ਲਈ ਨਵੀਂ ਪਾਠ ਸਮਗੱਰੀ ਤਿਆਰ ਕਰਨ ਲਈ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਈ ਗਈ, ਜਿਸ ਵਿਚ ਚਾਰ ਮੈਂਬਰ ਸਰਕਾਰ ਵਲੋਂ ਨਾਮਜ਼ਦ ਕੀਤੇ ਗਏ ਅਤੇ ਦੋ ਮੈਂਬਰ ਸ਼੍ਰੋਮਣੀ ਕਮੇਟੀ ਨੇ ਭੇਜੇ। ਸਰਕਾਰੀ ਮੈਂਬਰਾਂ ਵਿਚੋਂ ਦੋ ਮੈਂਬਰ ਅਜਿਹੇ ਹਨ, ਜਿਨ੍ਹਾਂ ਨੂੰ ਸਾਹਿਤਕ ਸ਼ੈਲੀ ਦੀ ਪੰਜਾਬੀ ਲਿਖਣੀ ਨਹੀਂ ਆਉਂਦੀ। ਇਕ ਪ੍ਰੈੱਸ ਕਾਨਫ਼ਰੰਸ ਵਿਚ ਕਮੇਟੀ ਦੇ ਮੁਖੀ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਨਵੇਂ ਪਾਠਕ੍ਰਮ ਮੁਤਾਬਿਕ ਜੋ ਪ੍ਰਕਰਣ ਲਿਖੇ ਗਏ ਹਨ ਉਹ ਡਾ. ਜ.ਸ. ਗਰੇਵਾਲ ਨੇ ਲਿਖੇ ਹਨ। ਡਾ. ਗਰੇਵਾਲ ਦੀ ਮੁਹਾਰਤ ਅੰਗਰੇਜ਼ੀ ਲਿਖਣ ਦੀ ਹੈ, ਪੰਜਾਬੀ ਦੀ ਨਹੀਂ। ਉਸ ਦੇ ਨਾਂਅ ਉੱਪਰ ਜੋ ਪੰਜਾਬੀ ਕਿਤਾਬਾਂ ਮਿਲਦੀਆਂ ਵੀ ਹਨ, ਉਹ ਅਸਲ ਵਿਚ ਅਨੁਵਾਦਿਤ ਹਨ, ਮੌਲਿਕ ਨਹੀਂ। ਉਦਾਹਰਣ ਵਜੋਂ ਗੁਰੂ ਨਾਨਕ ਜੀ ਦੇ ਉਦੇਸ਼ ਦਾ ਡਾ. ਮੈਕਲਾਉੂਡ ਦੀ ਅੰਗਰੇਜ਼ੀ ਕਿਤਾਬ ਦਾ ਡਾ. ਮੋਹਨਜੀਤ ਦੁਆਰਾ ਕੀਤਾ ਗਿਆ ਸੰਖੇਪ ਅਨੁਵਾਦ ਹੈ। ਇਸੇ ਤਰ੍ਹਾਂ ‘ਮੁਢਲੀ ਉਨ੍ਹੀਵੀਂ ਸਦੀ ਦਾ ਪੰਜਾਬ’ ਜੋ ਗਣੇਸ਼ ਦਾਸ ਵਡਾਹਰਾ ਦੁਆਰਾ ਲਿਖੀ ਫਾਰਸੀ ਕਿਤਾਬ ‘ਚਾਰ ਬਾਗ-ਏ-ਪੰਜਾਬ’ ਦਾ ਮਰਹੂਮ ਡਾ. ਅਮਰਵੰਤ ਸਿੰਘ ਵਲੋਂ ਫਾਰਸੀ ਕਿਤਾਬ ਦਾ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਡਾ. ਗਰੇਵਾਲ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਸਤਕ ਲਈ ਤਿਆਰ ਸਮੱਗਰੀ ਵੀ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੀ ਗਈ ਸੀ, ਜਿਸ ਦਾ ਪੰਜਾਬੀ ਤਰਜਮਾ ਕਰਵਾਇਆ ਗਿਆ ਹੈ। ਇੰਜ ਮੂਲ ਅੰਗਰੇਜ਼ੀ ਦੀਆਂ ਗ਼ਲਤੀਆਂ ਗਰੇਵਾਲ ਦੀਆਂ ਮੰਨੀਆਂ ਜਾਣਗੀਆਂ ਅਤੇ ਭਾਸ਼ਾ ਸ਼ਬਦਾਵਲੀ ਦੀਆਂ ਅਨੁਵਾਦਕਾਂ ਦੀਆਂ। ਇਨ੍ਹਾਂ ਗ਼ਲਤੀਆਂ ਨੇ ਹੀ ਇਸ ਵਿਵਾਦ ਨੂੰ ਜਨਮ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀ ਦਲੀਲ ਇਹ ਸੀ ਕਿ ਪੰਜਾਬ ਤੋਂ ਬਾਹਰ ਜਿਥੇ-ਜਿਥੇ ਪੰਜਾਬ ਦਾ ਇਤਿਹਾਸ ਪੜ੍ਹਾਇਆ ਜਾ ਰਿਹਾ ਹੈ, ਉਥੇ ਬਹੁਤੀ ਵਾਰੀ ਬੋਰਡ ਦੀਆਂ ਪੁਸਤਕਾਂ ਨੂੰ ਹੀ ਪ੍ਰਮਾਣਿਕ ਸਮਝ ਕੇ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਲਈ ਇਹ ਬੜਾ ਜ਼ਿੰਮੇਵਾਰੀ ਵਾਲਾ ਅਤੇ ਸੰਜੀਦਾ ਕੰਮ ਹੈ ਅਤੇ ਇਸ ਨੂੰ ਇਸੇ ਹੀ ਭਾਵਨਾ ਨਾਲ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਗ਼ਲਤ ਬਿਆਨੀ ਲੋਕਾਂ ਦੇ ਮਨਾਂ ਵਿਚ ਸ਼ੰਕੇ ਪੈਦਾ ਕਰੇਗੀ।
ਪਾਠਕ੍ਰਮ ਅਤੇ ਪੜ੍ਹਨ ਸਮੱਗਰੀ ਦੀ ਘੋਖ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨੀਂ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਸਿੱਖ ਵਿਦਵਾਨਾਂ ਦੀ ਇਕ ਇਕੱਤਰਤਾ ਬੁਲਾਈ ਸੀ। ਇਸ ਇਕੱਤਰਤਾ ਦੀ ਜੋ ਰਿਪੋਰਟ ਅਗਲੇ ਦਿਨ ਅਖ਼ਬਾਰਾਂ ਵਿਚ ਛਪੀ ਉਸ ਨੂੰ ਪੜ੍ਹ ਕੇ ਮਾਯੂਸੀ ਹੋਈ ਅਤੇ ਹੈਰਾਨੀ ਵੀ। ਕਾਰਨ ਇਹ ਹੈ ਕਿ ਇਹ ਮਸਲਾ ਇਤਿਹਾਸਕਾਰਾਂ ਅਤੇ ਵਿਦਿਅਕ ਮਾਹਿਰਾਂ ਵਲੋਂ ਵਿਚਾਰਿਆ ਜਾਣਾ ਚਾਹੀਦਾ ਸੀ ਪਰ ਜਿਹੜੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪੀਆਂ, ਉਨ੍ਹਾਂ ਵਿਚ ਬਹੁਤੇ ਵਿਅਕਤੀ ਉਹ ਸਨ, ਜਿਨ੍ਹਾਂ ਦੀ ਸਿੱਖ ਇਤਿਹਾਸ ਨਾਲ ਕੋਈ ਵਾਕਫ਼ੀਅਤ ਨਹੀਂ ਸੀ ਜਾਂ ਬਹੁਤ ਘੱਟ ਸੀ। ਸਿੱਖਾਂ ਦੀ ਪ੍ਰਤੀਨਿਧ ਜਥੇਬੰਦੀ ਹੋਣ ਕਰਕੇ ਸ਼੍ਰੋਮਣੀ ਕਮੇਟੀ ਦਾ ਇਹ ਕੁਦਰਤੀ ਹੱਕ ਹੈ ਕਿ ਉਹ ਇਹ ਮਸਲਾ ਲੋਕਾਂ ਸਾਹਮਣੇ ਰੱਖੇ ਪਰ ਇਸ ਨੂੰ ਰੱਖਣ ਲਈ ਜੋ ਢੰਗ ਅਪਣਾਇਆ ਗਿਆ, ਉਸ ਦੀ ਪ੍ਰਸੰਸਾ ਨਹੀਂ ਕੀਤੀ ਜਾ ਸਕਦੀ। ਚਾਹੀਦਾ ਤਾਂ ਇਹ ਸੀ ਕਿ ਕਮੇਟੀ ਇਹ ਮਸਲਾ ਵੱਡੇ ਫੋਰਮ ਉਪਰ ਲਿਜਾਣ ਦੀ ਬਜਾਇ ਆਪਣੀ ਇਕ ਛੋਟੀ ਕਮੇਟੀ ਵਿਚ ਇਸ ਨੂੰ ਵਿਚਾਰਦੀ ਅਤੇ ਜੇ ਲੋੜ ਹੁੰਦੀ ਤਾਂ ਅਜਿਹੀ ਇਕੱਤਰਤਾ ਬੁਲਾਈ ਜਾ ਸਕਦੀ ਸੀ। ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਦੋਵਾਂ ਨੁਮਾਇੰਦਿਆਂ ਵਿਚੋਂ ਇਕ ਵੀ ਨੁਮਾਇੰਦਾ ਹਾਜ਼ਰ ਨਹੀਂ ਸੀ। ਇਨ੍ਹਾਂ ਦੋਵਾਂ ਨੂੰ ਹੀ ਕਮੇਟੀ ਦੀਆਂ ਸਾਰੀਆਂ ਸਰਗਰਮੀਆਂ ਦਾ ਪਤਾ ਸੀ ਪਰ ਇਹ ਦੋਵੇਂ ਨਦਾਰਦ ਸਨ।
ਪਾਠਕ੍ਰਮ ਵਾਲੇ ਮਸਲੇ ਦੇ ਦੋ-ਤਿੰਨ ਅਹਿਮ ਪਹਿਲੂ ਹਨ। ਮੈਂ 34-35 ਸਾਲ ਯੂਨੀਵਰਸਿਟੀ ਵਿਚ ਪੜ੍ਹਾਇਆ ਹੈ ਅਤੇ ਵਿਭਾਗ ਮੁਖੀ, ਡੀਨ ਅਤੇ ਚੇਅਰਮੈਨ ਦੀਆਂ ਸੇਵਾਵਾਂ ਦਾ ਕਾਫ਼ੀ ਤਜਰਬਾ ਹੈ। ਇਸ ਦਾ ਪਹਿਲਾ ਪੱਖ ਪ੍ਰਬੰਧਨ ਦਾ ਹੈ। ਜਦ ਵੀ ਪਾਠਕ੍ਰਮ ਵਿਚ ਕੋਈ ਤਬਦੀਲੀ ਕਰਨੀ ਹੁੰਦੀ ਹੈ ਜਾਂ ਨਵਾਂ ਪਾਠਕ੍ਰਮ ਲਾਗੂ ਕਰਨਾ ਹੁੰਦਾ ਹੈ, ਉਹ ਪ੍ਰਕਿਰਿਆ ਕਾਫ਼ੀ ਪਹਿਲਾਂ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪਹਿਲਾਂ ਬੋਰਡ ਆਫ਼ ਸਟੱਡੀਜ਼ ਵਿਚ ਉਸ ਪਾਠਕ੍ਰਮ ਨੂੰ ਵਿਚਾਰਿਆ ਜਾਂਦਾ ਹੈ, ਫਿਰ ਸਬੰਧਿਤ ਅਧਿਕਾਰੀਆਂ ਵਿਚ ਅਤੇ ਆਖਰ ਵਿਚ ਅਕੈਡਮਿਕ ਕੌਂਸਲ ਇਸ ਉਪਰ ਆਪਣੀ ਮੋਹਰ ਲਾਉਂਦੀ ਹੈ। ਸਕੂਲ ਪੱਧਰ ਉੱਪਰ ਵੀ ਇਹੋ ਜਿਹੀ ਕੋਈ ਵਿਵਸਥਾ ਹੋਵੇਗੀ। ਦੂਜਾ ਪੱਖ ਹੈ, ਪੜ੍ਹਾਈ ਜਾਣ ਵਾਲੀ ਸਮੱਗਰੀ ਦੀ ਮਾਤਰਾ ਜਾਂ ਮਿਕਦਾਰ ਅਤੇ ਕੀ ਪੜ੍ਹਾਇਆ ਜਾਣਾ ਹੈ ਸਬੰਧੀ? ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਉਪਰੋਕਤ ਸੰਸਥਾਵਾਂ ਹੀ ਕਰਿਆ ਕਰਦੀਆਂ ਹਨ। ਜੇ ਕੋਈ ਨਵੀਂ ਕਿਤਾਬ ਤਿਆਰ ਕਰਵਾਉਣੀ ਹੈ ਤਾਂ ਉਸ ਨੂੰ ਸੈਸ਼ਨ ਤੋਂ ਪਹਿਲਾਂ ਅਲਾਟ ਕਰ ਦਿੱਤਾ ਜਾਂਦਾ ਹੈ ਅਤੇ ਸਮਾਂਬੱਧ ਵੀ ਕਰ ਦਿੱਤਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਸਾਰਾ ਕੁਝ ਨਿਸਚਤ ਵਿਧੀ ਵਿਧਾਨ ਅਨੁਸਾਰ ਕੀਤਾ ਜਾਂਦਾ ਹੈ। ਸਕੂਲ ਬੋਰਡ ਨੇ ਇਸ ਵਿਧੀ ਵਿਧਾਨ ਨੂੰ ਅਪਣਾਇਆ ਹੈ ਜਾਂ ਨਹੀਂ? ਇਸ ਸਬੰਧੀ ਉਹੋ ਹੀ ਜਾਣਨ।
ਹੁਣ ਜਿਹੜਾ ਸਭ ਤੋਂ ਵੱਧ ਮੰਦਭਾਗਾ ਫ਼ੈਸਲਾ ਸ਼੍ਰੋਮਣੀ ਕਮੇਟੀ ਨੇ ਕੀਤਾ ਹੈ, ਉਹ ਹੈ ਡਾ. ਕਿਰਪਾਲ ਸਿੰਘ ਨੂੰ ਕਮੇਟੀ ਦੇ ਆਪਣੇ ਹੀ ਵਕਾਰੀ ਪ੍ਰਾਜੈਕਟ ਤੋਂ ਵੱਖ ਕਰਨਾ। ਡਾ. ਕਿਰਪਾਲ ਸਿੰਘ ਪਿਛਲੇ ਪੰਦਰਾਂ ਸਾਲਾਂ ਤੋਂ ਭਾਈ ਸੰਤੋਖ ਸਿੰਘ ਦੇ ਵੱਡ-ਆਕਾਰੀ ਗ੍ਰੰਥ ”ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ” ਦਾ ਆਲੋਚਨਾਤਮਕ ਸੰਪਾਦਨ ਕਰ ਰਹੇ ਹਨ ਅਤੇ ਇਸ ਦੀਆਂ ਬਾਈ ਜਿਲਦਾਂ ਛਪ ਚੁੱਕੀਆਂ ਹਨ ਅਤੇ ਦੋ ਛਪਾਈ ਅਧੀਨ ਹਨ। ਆਪਣੇ ਸਮੁੱਚੇ ਅਕਾਦਮਿਕ ਜੀਵਨ ਵਿਚ ਉਹ ਸੱਠ ਤੋਂ ਉਪਰ ਇਤਿਹਾਸ ਦੀਆਂ ਪੁਸਤਕਾਂ ਦੇ ਚੁੱਕੇ ਹਨ ਅਤੇ ਇਹ ਅੰਗਰੇਜ਼ੀ, ਪੰਜਾਬੀ ਅਤੇ ਫਾਰਸੀ ਆਦਿ ਜ਼ਬਾਨਾਂ ਵਿਚ ਹਨ। ਇਸ ਵਕਤ ਉਨ੍ਹਾਂ ਦੀ ਉਮਰ ਨੱਬੇ ਸਾਲ ਤੋਂ ਉਪਰ ਹੈ ਅਤੇ ਇਸ ਉਮਰ ਵਿਚ ਵੀ ਉਹ ਪੂਰੀ ਤਨਦੇਹੀ ਨਾਲ ਕਾਰ-ਵਿਹਾਰ ਕਰ ਰਹੇ ਹਨ।  ਇਥੇ ਇਹ ਦੱਸਣਾ ਵੀ ਪ੍ਰਸੰਗਿਕ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁਝ ਸਮਾਂ ਪਹਿਲਾਂ, ਡਾ. ਕਿਰਪਾਲ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਉਪਾਧੀ ਦਿੱਤੀ ਸੀ। ਇਕ ਪਾਸੇ ਏਡਾ ਮਾਣ-ਸਨਮਾਨ ਅਤੇ ਦੂਜੇ ਪਾਸੇ ਏਡੀ ਬੇਰੁਖ਼ੀ, ਘੱਟੋ-ਘੱਟ ਮੇਰੀ ਸਮਝ ਤੋਂ ਬਾਹਰ ਹੈ।