ਰੂਸੀ ਤੇ ਚੀਨੀ ਜਾਸੂਸ ਟੈਪ ਕਰਦੇ ਹਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੋਨ-ਵਾਰਤਾਲਾਪ

ਰੂਸੀ ਤੇ ਚੀਨੀ ਜਾਸੂਸ ਟੈਪ ਕਰਦੇ ਹਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੋਨ-ਵਾਰਤਾਲਾਪ

ਵਾਸ਼ਿੰਗਟਨ/ਬਿਊਰੋ ਨਿਊਜ਼ :

ਰੂਸੀ ਤੇ ਚੀਨੀ ਜਾਸੂਸ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੋਨ-ਵਾਰਤਾਲਾਪ ਟੈਪ ਕਰ ਰਹੇ ਹਨ। ਨਿਊਯਾਰਕ ਟਾਈਮਜ਼ ਵਿੱਚ ਛਪੀ ਇਕ ਰਿਪੋਰਟ ਵਿੱਚ ਅਮਰੀਕੀ ਖੁਫੀਆ ਏਜੰਸੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਫੋਨ ‘ਤੇ ਹੋਣ ਵਾਲੀ ਗੱਲਬਾਤ ਚੀਨ ਅਤੇ ਰੂਸ ਵੱਲੋਂ ਚੋਰੀ-ਛੁਪੇ ਸੁਣੀ ਜਾ ਰਹੀ। ਰਿਪੋਰਟ ਮੁਤਾਬਕ, ਖੁਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਚੀਨ ਅਤੇ ਰੂਸ ਵਿਦੇਸ਼ੀ ਸਰਕਾਰਾਂ ਵਿਚ ਆਪਣੇ ਸੂਤਰਾਂ ਰਾਹੀਂ ਰਾਸ਼ਟਰਪਤੀ ਦੀ ਫੋਨ ‘ਤੇ ਹੋਣ ਵਾਲੀ ਗੱਲਬਾਤ ਸੁਣ ਰਹੇ ਸਨ।ਖਬਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਟਰੰਪ ਦੇ ਕਰੀਬੀ ਉਨ੍ਹਾਂ ਨੂੰ ਲਗਾਤਾਰ ਚਿਤਾਵਨੀ ਦਿੰਦੇ ਰਹੇ ਹਨ ਕਿ ਉਨ੍ਹਾਂ ਦਾ ਮੋਬਾਈਲ ਫੋਨ ਸੁਰੱਖਿਅਤ ਨਹੀਂ ਹੈ ਅਤੇ ਰੂਸੀ ਜਾਸੂਸ ਛਿਪ ਕੇ ਉਨ੍ਹਾਂ ਦੀ ਗੱਲਬਾਤ ਸੁਣਦੇ ਹਨ। ਰਿਪੋਰਟ ਮੁਤਾਬਕ ਟਰੰਪ ਆਪਣੇ ਦੋਸਤਾਂ ਨਾਲ ਗੱਲਬਾਤ ਕਰਨ ਲਈ ਆਈਫੋਨ ਦਾ ਇਸਤੇਮਾਲ ਕਰਦੇ ਹਨ। ਅਧਿਕਾਰੀਆਂ ਦੀਆਂ ਵਾਰ-ਵਾਰ ਬੇਨਤੀਆਂ ਤੋਂ ਬਾਅਦ ਵੀ ਉਹ ਆਈਫੋਨ ਦੀ ਵਰਤੋਂ ਬੰਦ ਨਹੀਂ ਕਰਦੇ। ਰਾਸ਼ਟਰਪਤੀ ਨੂੰ ਕਈ ਵਾਰ ਕਿਹਾ ਜਾ ਚੁੱਕਾ ਹੈ ਕਿ ਉਹ ਵਧੇਰੇ ਸੁਰੱਖਿਅਤ ਲੈਂਡਲਾਈਨ ਫੋਨ ਦੀ ਵਰਤੋਂ ਕਰਨ।
ਅਖ਼ਬਾਰ ਨੇ ਅਮਰੀਕਾ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦਾ ਨਾਂ ਦੱਸੇ ਬਿਨਾ ਕਿਹਾ, ਕਿ ”ਚੀਨ ਦੇ ਜਾਸੂਸ ਅਕਸਰ ਫੋਨ ‘ਤੇ ਹੋਣ ਵਾਲੀ ਗੱਲਬਾਤ ਸੁਣਦੇ ਹਨ ਅਤੇ ਇਸ ਦੀ ਵਰਤੋਂ ਟਰੰਪ ਦੇ ਕੰਮਕਾਜ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਕਰਦੇ ਹਨ।”