ਮੋਦੀ ਸਰਕਾਰ ਦੇ ਵਾਰ ਨੇ ਹੁਣ ਸੋਨੇ ਦਾ ਰੰਗ ਵੀ ਕੀਤਾ ਫਿੱਕਾ

ਮੋਦੀ ਸਰਕਾਰ ਦੇ ਵਾਰ ਨੇ ਹੁਣ ਸੋਨੇ ਦਾ ਰੰਗ ਵੀ ਕੀਤਾ ਫਿੱਕਾ

ਘਰ ਵਿਚ ਵਾਧੂ ਸੋਨਾ ਦਾ ਦੇਣਾ ਪਏਗਾ ਹਿਸਾਬ
ਵਿਆਹੀ ਮਹਿਲਾ 500, ਕੁਆਰੀ 250 ਤੇ ਮਰਦ 100-100 ਗ੍ਰਾਮ ਸੋਨਾ ਰੱਖਣ ਦੇ ਹੱਕਦਾਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਅਫ਼ਵਾਹਾਂ ਦਾ ਦੌਰ ਸ਼ੁਰੂ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸਾਰੇ ਖ਼ਦਸ਼ਿਆਂ ਨੂੰ ਦੂਰ ਕਰਦਿਆਂ ਕਿਹਾ ਹੈ ਕਿ ਪੁਸ਼ਤੈਨੀ ਸਮੇਤ ਜਾਇਜ਼ ਹੱਦ ਤਕ ਸੋਨਾ ਅਤੇ ਉਸ ਦੇ ਗਹਿਣੇ ਰੱਖਣ ਉਪਰ ਕੋਈ ਪਾਬੰਦੀ ਨਹੀਂ ਹੈ। ਜ਼ੇਵਰਾਤ ਜੇਕਰ ਕੁਲ ਆਮਦਨ ਨਾਲ ਮੇਲ ਵੀ ਨਹੀਂ ਖਾਂਦੇ ਪਰ ਇਸ ਦੀ ਮਾਤਰਾ ਹੱਦ ਅੰਦਰ ਹੈ ਤਾਂ ਵੀ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪਹਿਲਾਂ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਸੀ ਕਿ ਨਵੇਂ ਆਮਦਨ ਕਰ ਸੋਧ ਕਾਨੂੰਨ ਤਹਿਤ ਲੋਕਾਂ ਨੂੰ ਜਾਇਜ਼ ਸੋਨਾ ਰੱਖਣ ‘ਤੇ 85 ਫ਼ੀਸਦੀ ਤਕ ਦੇ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਏਗਾ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਸੋਧਿਆ ਹੋਇਆ ਕਾਨੂੰਨ ਪੁਸ਼ਤੈਨੀ ਜਾਂ ਖੇਤੀ ਆਮਦਨ ਰਾਹੀਂ ਜਾਇਜ਼ ਢੰਗ ਨਾਲ ਖ਼ਰੀਦੇ ਸੋਨੇ ‘ਤੇ ਲਾਗੂ ਨਹੀਂ ਹੋਏਗਾ।
ਸੋਨਾ ਰੱਖਣ ਦੀ ਹੱਦ ਤੈਅ ਨਾ ਹੋਣ ਕਾਰਨ ਜਦੋਂ ਤੌਖ਼ਲੇ ਹੋਰ ਵੱਧ ਗਏ ਤਾਂ ਮੰਤਰਾਲੇ ਨੇ ਕੁਝ ਘੰਟਿਆਂ ਬਾਅਦ ਇਕ ਹੋਰ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮਦਨ ਦੇ ਦੱਸੇ ਗਏ ਵਸੀਲਿਆਂ ਤੋਂ ਸੋਨਾ ਰੱਖਣ ਦੀ ਕੋਈ ਹੱਦ ਨਹੀਂ ਹੈ। ਦੂਜੇ ਬਿਆਨ ਵਿਚ ਕਿਹਾ ਗਿਆ, ”ਵਿਆਹੀ ਮਹਿਲਾ ਦੇ 500 ਗ੍ਰਾਮ ਤਕ ਦੇ ਸੋਨੇ ਦੇ ਗਹਿਣੇ ਅਤੇ ਹੋਰ ਜ਼ੇਵਰਾਤ, ਅਣਵਿਆਹੀ ਮੁਟਿਆਰ ਦੇ 250 ਗ੍ਰਾਮ ਅਤੇ ਪਰਿਵਾਰ ਦੇ ਹਰੇਕ ਮਰਦ ਮੈਂਬਰ ਦੇ 100-100 ਗ੍ਰਾਮ ਗਹਿਣਿਆਂ ਨੂੰ ਜ਼ਬਤ ਨਹੀਂ ਕੀਤਾ ਜਾਏਗਾ। ਮੁੱਢਲੇ ਤੌਰ ‘ਤੇ ਇਹ ਭਾਵੇਂ ਕਰਦਾਤੇ ਦੇ ਆਮਦਨ ਬਿਉਰੇ ਨਾਲ ਮੇਲ ਖਾਂਦੇ ਹੋਣ ਜਾਂ ਨਹੀਂ।” ਸਰਕਾਰ ਨੇ ਕਿਹਾ ਕਿ ਉਨ੍ਹਾਂ ਛਾਪੇ ਮਾਰਨ ਵਾਲੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਪਰਿਵਾਰਕ ਰਹੁ-ਰੀਤਾਂ ਅਤੇ ਰਵਾਇਤਾਂ ਸਮੇਤ ਹੋਰ ਸਾਧਨਾਂ ਦੇ ਆਧਾਰ ‘ਤੇ ਸੋਨੇ ਦੇ ਜ਼ੇਵਰ ਵੱਡੀ ਗਿਣਤੀ ਵਿਚ ਮਿਲਣ ‘ਤੇ ਉਸ ਨੂੰ ਜ਼ਬਤ ਨਾ ਕਰਨ। ਇਸ ਤੋਂ ਪਹਿਲਾਂ ਕੇਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਨੇ ਇਨ੍ਹਾਂ ਅਫ਼ਵਾਹਾਂ ਨੂੰ ਖਾਰਜ ਕਰ ਦਿੱਤਾ ਕਿ ਸੋਧੇ ਗਏ ਕਾਨੂੰਨ ਵਿਚ ਗਹਿਣਿਆਂ ‘ਤੇ ਵੀ ਟੈਕਸ ਲੱਗੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਹਿਣਿਆਂ ‘ਤੇ ਟੈਕਸ ਵਸੂਲਣ ਬਾਬਤ ਕੋਈ ਨਵੀਂ ਤਜਵੀਜ਼ ਪੇਸ਼ ਨਹੀਂ ਕੀਤੀ ਹੈ।