ਕੈਪਟਨ ਬਣਿਆ ਕਮਾਂਡਰ

ਕੈਪਟਨ ਬਣਿਆ ਕਮਾਂਡਰ

ਲੋਕਾਂ ਨੇ ਪੰਜਾਬ ਦੇ ਭਲੇ ਦੀ ਆਸ ਨਾਲ ‘ਪੰਜੇ’ ਦੇ ਹਵਾਲੇ ਕੀਤਾ ਪੰਜਾਬ
75 ਨੂੰ ਢੁੱਕੇ ਕੈਪਟਨ  ਅਮਰਿੰਦਰ ਸਿੰਘ ਨੂੰ ’77’ ਦਾ ਤੋਹਫ਼ਾ, 16 ਨੂੰ ਤਾਜਪੋਸ਼ੀ
ਮਹਿਜ਼ 20 ਸੀਟਾਂ ਨਾਲ ‘ਆਪ’ ਦਾ ਵਿਰੋਧੀ ਧਿਰ ਵਜੋਂ ਦਬਦਬਾ
ਬਾਦਲਾਂ, ਮਜੀਠੀਆ ਦੀ ‘ਵੱਕਾਰੀ’ ਜਿੱਤ ਮਗਰੋਂ ਵੀ ਅਕਾਲੀ-ਭਾਜਪਾ ਤੋਂ ਵਿਰੋਧੀ ਧਿਰ ਦਾ ਮਾਣ ਖੁਸਿਆ
ਚੰਡੀਗੜ੍ਹ/ਬਿਊਰੋ ਨਿਊਜ਼ :
ਅਕਾਲੀ-ਭਾਜਪਾ ਗਠਜੋੜ ਦੀ ਦਸ ਵਰ੍ਹਿਆਂ ਦੀ ‘ਬੇਲਗ਼ਾਮ ਹਕੂਮਤ’ ਖ਼ਤਮ ਹੋ ਗਈ ਹੈ ਤੇ ਪੰਜ ਵਰ੍ਹੇ ਪਹਿਲਾਂ ਰਤਾ ਕੁ ਫ਼ਰਕ ਨਾਲ ਪੱਛੜੀ ਕਾਂਗਰਸ ਇਸ ਵਾਰ ਪੂਰੇ ਬਹੁਮਤ ਨਾਲ ਸੱਤਾ ‘ਤੇ ਕਾਬਜ਼ ਹੋ ਗਈ ਹੈ। 15ਵੀਂ ਵਿਧਾਨ ਸਭਾ ਵਿਚ ਕਾਂਗਰਸ ਨੂੰ ਦੋ-ਤਿਹਾਈ ਬਹੁਮਤ ਮਿਲ ਗਿਆ ਹੈ। ਉਸ ਨੇ 117 ਮੈਂਬਰੀ ਵਿਧਾਨ ਸਭਾ ਵਿਚੋਂ 77 ਸੀਟਾਂ ਹਾਸਲ ਕੀਤੀਆਂ ਹਨ। ਇਸ ਵਾਰ ਸੱਤਾ ‘ਤੇ ਕਬਜ਼ੇ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਮਹਿਜ਼ 20 ਸੀਟਾਂ ‘ਤੇ ਸਿਮਟ ਗਈ ਹੈ। ਬੈਂਸ ਭਰਾਵਾਂ ਦੀ ਭਾਈਵਾਲੀ ਕਾਰਨ ਉਸ ਕੋਲ 22 ਸੀਟਾਂ ਹੋ ਗਈਆਂ ਹਨ। ਉਧਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੇ ਭਾਵੇਂ ਆਪਣੀਆਂ ਆਪਣੀਆਂ ਸੀਟਾਂ ਬਚਾ ਲਈਆਂ ਹਨ ਪਰ ਮਹਿਜ਼ 15 ਸੀਟਾਂ ਨਾਲ ਅਕਾਲੀ ਪਾਰਟੀ ਵਿਰੋਧੀ ਧਿਰ ਦਾ ਮਾਣ ਵੀ ਹਾਸਲ ਨਹੀਂ ਕਰ ਸਕੀ। ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਜਪਾ ਕੇਂਦਰ ਵਿਚ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਸਿਰਫ਼ 3 ਸੀਟਾਂ ਹੀ ਲੈ ਸਕੀ। ਬਾਕੀ ਸਿਆਸੀ ਧਿਰਾਂ ਬਸਪਾ, ਮਾਨ ਦਲ, ਆਜ਼ਾਦ ਉਮੀਦਵਾਰ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ।
ਇਥੇ ਉਚੇਚਾ ਜ਼ਿਕਰ ਕਰਨਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡੇ ਫ਼ਰਕ 52407 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ ਜਦਕਿ ਨਵਜੋਤ ਸਿੰਘ ਸਿੱਧੂ ਦੂਜੇ ਨੰਬਰ ‘ਤੇ ਰਹੇ ਹਨ। ਉਹ 42809 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਸੱਤਾ ਦਾ ਤਾਜ ਪਹਿਣਨ ਜਾ ਰਹੇ ਹਨ। ਜਿਵੇਂ ਕਿ ਪਹਿਲਾਂ ਹੀ ਕਨਸੋਆਂ ਸਨ, ਨਵਜੋਤ ਸਿੱਧੂ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜਿੱਤ ਦੇ ਹਿਸਾਬ ਨਾਲ ਵੀ ਉਹ ਦੂਜੇ ਵੱਡੇ ਆਗੂ ਵਜੋਂ ਉਭਰੇ ਹਨ। ਮਾਝੇ ਦੀਆਂ 25 ਵਿਚੋਂ 23 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਮਾਲਵੇ ‘ਤੇ ਪੂਰੀ ਤਰ੍ਹਾਂ ਟੇਕ ਲਾਈ ਬੈਠੀ ‘ਆਪ’ ਨੂੰ ਮਲੱਵਈਆਂ ਨੇ ਵੀ ਨਿਰਾਸ਼ ਕਰ ਦਿੱਤਾ ਹੈ। ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦੇਣ ਵਾਲੇ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਬੁਰੀ ਤਰ੍ਹਾਂ ਹਾਰ ਗਏ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ‘ਆਪ’ ਭਾਵੇਂ ਦੂਜੀ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ ਪਰ ਇਸ ਦਾ ਵੋਟ ਫੀਸਦ ਅਕਾਲੀ ਦਲ ਨਾਲੋਂ ਘੱਟ ਰਿਹਾ ਹੈ। ਅਕਾਲੀ ਦਲ ਨੂੰ 25.2 ਫ਼ੀਸਦ ਜਦੋਂ ਕਿ ਆਮ ਆਦਮੀ ਪਾਰਟੀ ਨੂੰ ਉਸ ਤੋਂ ਘਟ 23.8 ਫ਼ੀਸਦ ਵੋਟਾਂ ਪ੍ਰਾਪਤ ਹੋਈਆਂ ਹਨ। ਇਸੇ ਤਰ੍ਹਾਂ ਕਾਂਗਰਸ ਨੂੰ 38.4 ਫ਼ੀਸਦ ਵੋਟਾਂ ਪ੍ਰਾਪਤ ਹੋਈਆਂ, ਜਿਸ ਤੋਂ ਸਪਸ਼ਟ ਹੈ ਕਿ ਪਾਰਟੀ ਨੇ ਮਗਰਲੀਆਂ ਵਿਧਾਨ ਸਭਾ ਅਤੇ ਪਾਰਲੀਮਾਨੀ ਚੋਣਾਂ ਨਾਲੋਂ ਲੋਕਾਂ ਵਿਚ ਆਪਣਾ ਆਧਾਰ ਵਧਾਇਆ ਹੈ। ਭਾਜਪਾ ਨੂੰ 5 ਫ਼ੀਸਦ ਵੋਟ ਮਿਲੀ ਜੋ ਕਿ ਪਾਰਟੀ ਵੱਲੋਂ ਮਗਰਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਾਪਤ ਕੀਤੀਆਂ ਵੋਟਾਂ ਨਾਲੋਂ 3 ਫ਼ੀਸਦ ਘੱਟ ਹਨ। ਇਸੇ ਤਰ੍ਹਾਂ ਲੋਕ ਇਨਸਾਫ ਪਾਰਟੀ ਨੂੰ ਕੁਲ ਵੋਟਾਂ ਦਾ 1.2 ਫ਼ੀਸਦ ਅਤੇ ਆਜ਼ਾਦ ਉਮੀਦਵਾਰਾਂ ਨੂੰ 2. 1 ਫ਼ੀਸਦ, ਬਹੁਜਨ ਸਮਾਜ ਪਾਰਟੀ ਨੇ 1.5 ਫ਼ੀਸਦ ਵੋਟਾਂ ਹਾਸਲ ਕੀਤੀਆਂ ਜਦੋਂ ਕਿ ਆਪਣਾ ਪੰਜਾਬ ਪਾਰਟੀ ਨੂੰ 0.2 ਫ਼ੀਸਦ ਅਤੇ ਸ਼੍ਰੋਮਣੀ ਅਕਾਲੀ ਦਲ ਮਾਨ ਨੂੰ 0.3 ਫ਼ੀਸਦ ਵੋਟਾਂ ਪ੍ਰਾਪਤ ਹੋਈਆਂ।
ਜਿਵੇਂ ਕਿ ‘ਅੰਮ੍ਰਿਤਸਰ ਟਾਈਮਜ਼’ ਵਲੋਂ ਪੰਜਾਬ ਦੇ ਵਿਸ਼ੇਸ਼ ਦੌਰੇ ਦੌਰਾਨ ਇਹ ਅਨੁਮਾਨ ਲਾਇਆ ਗਿਆ ਸੀ ਕਿ ਕਾਂਗਰਸ ਵੀ ਇਸ ਵਾਰ ਮਜ਼ਬੂਤ ਸਥਿਤੀ ਵਿਚ ਹੈ ਤੇ ‘ਆਪ’ ਦੀ ਜਿਸ ਤਰ੍ਹਾਂ ਸੋਸ਼ਲ ਮੀਡੀਆ ‘ਤੇ ਚੜ੍ਹਾਈ ਦੱਸੀ ਜਾ ਰਹੀ ਸੀ, ਉਹ ਉਸ ਤਰ੍ਹਾਂ ਦੀ ਕਾਰਗੁਜਾਰੀ ਕਰਦੀ ਦਿਖਾਈ ਨਹੀਂ ਦੇ ਰਹੀ। ਇਸ ਦੇ ਵੱਡੇ ਕਾਰਨ ‘ਆਪ’ ਵਲੋਂ ਕੋਈ ਦਮਦਾਰ ਆਗੂ ਖੜ੍ਹੇ ਨਾ ਕਰਨਾ, ਨਵਜੋਤ ਸਿੱਧੂ, ਪਰਗਟ ਸਿੰਘ ਵਰਗੇ ਮਜ਼ਬੂਤ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਨਾ ਕਰਨਾ, ਜਥੇਬੰਦਕ ਆਧਾਰ ਕਾਇਮ ਕਰਨ ਵਾਲੇ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਵਰਗੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਨਾ, ਬਾਹਰਲੇ ਉਮੀਦਵਾਰਾਂ ‘ਤੇ ਟੇਕ ਰੱਖਣਾ, ਰਹੇ ਹਨ। ਇਹ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਜੇਕਰ ‘ਆਪ’ ਵਿਰੋਧੀ ਧਿਰ ਵਿਚ ਵੀ ਆਉਂਦੀ ਹੈ ਤਾਂ ਇਸ ਕੋਲ ਲੋਕਾਂ ਦੀ ਗੱਲ ਜ਼ੋਰਦਾਰ ਢੰਗ ਨਾਲ ਰੱਖਣ ਵਾਲੇ ਨੇਤਾ ਨਹੀਂ ਹੋਣਗੇ ਕਿਉਂਕਿ ਇਸ ਨੇ ਆਪਣੇ ਵੱਡੇ ਨੇਤਾਵਾਂ ਗੁਰਪ੍ਰੀਤ ਸਿੰਘ ਵੜੈਚ, ਭਗਵੰਤ ਮਾਨ, ਜਰਨੈਲ ਸਿੰਘ, ਹਿੰਮਤ ਸਿੰਘ ਸ਼ੇਰਗਿਲ ਨੂੰ ਵਿਰੋਧੀ ਧਿਰਾਂ ਦੇ ਮਜ਼ਬੂਤ ਦਾਅਵੇਦਾਰ ਉਮੀਦਵਾਰਾਂ ਨਾਲ ਲੜਾ ਕੇ ਹਰਾ ਲਿਆ ਹੈ। ‘ਆਪ’ ਕੋਲ ਹੁਣ ਵਿਧਾਨ ਸਭਾ ਵਿਚ ਆਪਣੀ ਜ਼ੋਰਦਾਰ ਢੰਗ ਨਾਲ ਆਵਾਜ਼ ਚੁੱਕਣ ਵਾਲੇ ਸੁਖਪਾਲ ਸਿੰਘ ਖਹਿਰਾ ਹੀ ਬਚੇ ਹਨ। ਕੰਵਰ ਸੰਧੂ ਤੇ ਐਚ.ਐਸ. ਫੂਲਕਾ ਭਾਵੇਂ ਚੋਣ ਜਿੱਤ ਗਏ ਹਨ ਪਰ ਹਕੂਮਤ ਨਾਲ ਟੱਕਰ ਲੈਣ ਵਾਲੇ ਧੜੱਲੇਦਾਰ ਆਗੂ ਨਹੀਂ ਕਹੇ ਜਾ ਸਕਦੇ।
ਹੁਣ ਭਾਵੇਂ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਹਕੂਮਤ ਆ ਗਈ ਹੈ ਪਰ ਪੰਜਾਬ ਦਾ ਭਲਾ ਫੇਰ ਵੀ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਿਸ ਤਰ੍ਹਾਂ ਕਾਂਗਰਸ ਵਲੋਂ ਇਕ ਮਹੀਨੇ ਵਿਚ ਨਸ਼ੇ ਖ਼ਤਮ ਕਰਨ, ਨੌਜਵਾਨਾਂ ਨੂੰ ਰੁਜ਼ਗਾਰ, ਸਮਾਰਟ ਫ਼ੌਨ ਦੇਣ ਵਰਗੇ ਵਾਅਦੇ ਕੀਤੇ ਗਏ ਸਨ, ਉਹ ਹਕੀਕੀ ਰੂਪ ਲੈਣ ਵਿਚ ਮੁਸ਼ਕਲ ਜਾਪ ਰਹੇ ਹਨ। ਪੰਜਾਬ ਵਿਚ ਸ਼ਰਾਬ, ਰੇਤਾ, ਬੱਜਰੀ, ਟਰਾਂਸਪੋਰਟ ਤੇ ਹੋਰ ਹਰ ਤਰ੍ਹਾਂ ਦਾ ਫੈਲਿਆ ਮਾਫ਼ੀਆ ਤੋੜਨਾ ਟੇਢੀ ਉਂਗਲ ਨਾਲ ਖੀਰ ਕੱਢਣ ਵਾਂਗ ਹੈ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦਸ ਵਰ੍ਹੇ ਪਹਿਲਾਂ ਸੱਤਾ ਵਿਚ ਸਨ, ਤਾਂ ਜ਼ਮੀਨ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫ਼ੀਆ ਇਸੇ ਤਰ੍ਹਾਂ ਸਰਗਰਮ ਸੀ। ਕੈਪਟਨ ਸਰਕਾਰ ਵੇਲੇ ਅਸਮਾਨੀਂ ਚੜ੍ਹੇ ਜ਼ਮੀਨਾਂ ਦੇ ਭਾਅ ਸਦਕਾ ਅੱਜ ਤਕ ਲੋਕ ਘਰ ਬਣਾਉਣ ਦੇ ਸੁਪਨੇ ਤੋਂ ਕੋਹਾਂ ਦੂਰ ਹਨ। ਬਾਦਲਾਂ ਦੇ ਰਾਜ ਵਿਚ ਜੇਕਰ ਬਾਦਲਾਂ ਦੀਆਂ ਬੱਸਾਂ ਦੀ ਦਹਿਸ਼ਤ ਸੀ ਤਾਂ ਕੈਪਟਨ ਵੇਲੇ ਕਰਤਾਰ ਬੱਸਾਂ ਦੀ  ਧੁੰਮ  ਸੀ। ਕੈਪਟਨ ਦੀ ਸੱਤਾ ਵੇਲੇ ਹੀ ਪੌਂਟੀ ਚੱਢਾ ਵਰਗਾ ਸ਼ਰਾਬ ਮਾਫ਼ੀਆ ਫੈਲਿਆ ਹੋਇਆ ਸੀ। ਹੱਕ ਮੰਗਦੇ ਮੁਲਾਜ਼ਮਾਂ ‘ਤੇ ਡੰਡਾ ਤੇਜ਼ ਹੀ ਚੱਲਿਆ ਸੀ, ਇਥੋਂ ਤਕ ਮਹਿਲਾ ਮੁਲਾਜ਼ਮਾਂ ਨਾਲ ਪੁਰਸ਼ ਪੁਲੀਸ ਮੁਲਾਜ਼ਮਾਂ ਵਲੋਂ ਦੁਰਵਿਹਾਰ ਕੀਤਾ ਗਿਆ ਸੀ। ਕੈਪਟਨ ਦੀ ਹਕੂਮਤ ਤੋਂ ਅੱਕ ਕੇ ਹੀ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਸੱਤਾ ਸੌਂਪੀ ਸੀ। ਪੰਜ ਸਾਲ ਪਹਿਲਾਂ ਵੀ ਲੋਕ ਅਕਾਲੀ-ਭਾਜਪਾ ਤੋਂ ਖ਼ਫ਼ਾ ਸਨ, ਅਕਾਲੀ ਦਲ ਤੋਂ ਵੱਖ ਹੋਏ ਮਨਪ੍ਰੀਤ ਬਾਦਲ ਨੇ ਕਾਂਗਰਸ ਦੀ ਬੇੜੀ ਵਿਚ ਵੱਟੇ ਪਾ ਦਿੱਤੇ ਸਨ।
ਤੀਜੀ ਧਿਰ ਦੀ ਪੰਜਾਬ ਵਾਸੀਆਂ ਨੂੰ ਚਿਰਾਂ ਤੋਂ ਉਡੀਕ ਸੀ ਤੇ ਆਮ ਆਦਮੀ ਪਾਰਟੀ ਇਹ ਬਦਲ ਲੈ ਕੇ ਵੀ ਆਈ ਪਰ ਇਸ ਦੀਆਂ ਆਪਣੀਆਂ ਹੀ ਕਮਜ਼ੋਰੀਆਂ ਪੰਜਾਬੀਆਂ ਦੇ ਸੁਪਨੇ ਨੂੰ ਚੂਰ-ਚੂਰ ਕਰ ਗਈਆਂ। ਜ਼ਾਹਰ ਤੌਰ ‘ਤੇ ਪੰਜਾਬ ਵਾਸੀਆਂ ਦੀ ਜੱਦੋ-ਜਹਿਦ ਪੰਜ ਵਰ੍ਹੇ ਹੋਰ ਪਿਛੇ ਚਲੀ ਗਈ ਹੈ। ਪਰ ਜਿਵੇਂ ਸਿਆਣੇ ਕਹਿੰਦੇ ਹਨ ਕਿ ਉਮੀਦ ਨਾਲ ਦੁਨੀਆ ਕਾਇਮ ਹੈ .  ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਨਾਲ ਕੰਗਰਸ ਨੂੰ ਬਾਰੀ ਬਹੁਮਤ ਨਾਲ ਸੱਤਾ ਸੌਂਪੀ ਹੈ ਉਹ ਆਸ ਕਰਦੇ ਹਨ  ਕਿ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਆਪਣਾ ਤੇ ਮੰਤਰੀਆਂ-ਵਿਧਾਇਕਾਂ ਦਾ ਭਲਾ ਛੱਡ ਕੇ ਸਿਰਫ਼ ਤੇ ਸਿਰਫ਼ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗਾ।