ਇਟਲੀ ‘ਚ ਸਿੱਖਾਂ ਨੂੰ ਵਿਸ਼ੇਸ਼ ਕਿਰਪਾਨ ਪਹਿਨਣ ਦੀ ਇਜਾਜ਼ਤ

ਇਟਲੀ ‘ਚ  ਸਿੱਖਾਂ ਨੂੰ ਵਿਸ਼ੇਸ਼ ਕਿਰਪਾਨ ਪਹਿਨਣ ਦੀ ਇਜਾਜ਼ਤ

ਕੈਪਸ਼ਨ : ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਕਿਰਪਾਨ ਦਾ ਮਾਡਲ ਭੇਟ ਕਰਦੇ ਪਤਵੰਤੇ ਸੱਜਣ।
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ/ਬਿਊਰੋ ਨਿਊਜ਼:
ਇਟਲੀ ਸਰਕਾਰ ਨੇ ਉਥੇ ਰਹਿੰਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਕਾਰ ਵਜੋਂ ਵਿਸ਼ੇਸ਼ ਕਿਸਮ ਦੀ ਕਿਰਪਾਨ ਪਹਿਨਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਇਤਾਲਵੀ ਸਿੱਖਾਂ ਦੀ ਕਿਰਪਾਨ ਪਹਿਨਣ ਸਬੰਧੀ ਸਮੱਸਿਆ ਹੱਲ ਹੋ ਗਈ ਹੈ। ਅੱਜ ਇਸ ਸਬੰਧ ਵਿਚ ਸਿੱਖ ਆਗੂ ਸੁਖਦੇਵ ਸਿੰਘ ਕੰਗ ਅਤੇ ਕੁਝ ਹੋਰ ਇਤਾਲਵੀ ਨਾਗਰਿਕਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਇਟਲੀ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਇਨ੍ਹਾਂ ਕਿਰਪਾਨਾਂ ਦੇ ਮਾਡਲ ਉਨ੍ਹਾਂ ਨੂੰ ਭੇਟ ਕੀਤੇ ਹਨ।
ਇਟਲੀ ਵਾਸੀ ਸੁਖਦੇਵ ਸਿੰਘ ਕੰਗ, ਜੋ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਆਪਣੇ ਕਕਾਰ ਵਜੋਂ ਕਿਰਪਾਨ ਪਹਿਨਣ ਦੀ ਮੁਸ਼ਕਲ ਪੇਸ਼ ਆ ਰਹੀ ਸੀ। ਸਿੱਖ ਭਾਈਚਾਰੇ ਵੱਲੋਂ ਇਟਲੀ ਸਰਕਾਰ, ਉਥੋਂ ਦੀ ਪੁਲੀਸ ਅਤੇ ਸੁਰੱਖਿਆ ਵਿਭਾਗ ਨੂੰ ਇਸ ਸਬੰਧੀ ਜਾਣੂੰ ਕਰਾਇਆ ਗਿਆ ਸੀ। ਲੰਮੀ ਜੱਦੋ ਜਹਿਦ ਮਗਰੋਂ ਇਟਲੀ ਦੇ ਰੱਖਿਆ ਵਿਭਾਗ ਨੇ ਨਵੀਂ ਕਿਰਪਾਨ ਨੂੰ ਧਾਰਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਿਰਪਾਨ ਨੂੰ ਉਥੋਂ ਦੀ ਕਿਰਪਾਨ ਲੀਗਲ ਵਰਲਡ ਵਾਈਡ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਕਿਰਪਾਨ ਵੱਖ ਵੱਖ ਆਕਾਰਾਂ ਵਿੱਚ ਤਿਆਰ ਕੀਤੀ ਗਈ ਹੈ। ਇਹ ਭਾਵੇਂ ਲੋਹੇ ਦੀ ਹੈ, ਪਰ ਨੁਕਸਾਨਦੇਹ ਨਹੀਂ ਹੈ। ਇਸ ਦਾ ਬਲੇਡ ਤਿੱਖਾ ਨਹੀਂ ਹੈ ਅਤੇ ਇਹ ਜਾਨਲੇਵਾ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਵਾਨਗੀ ਮਗਰੋਂ ਇਸ ਕਿਰਪਾਨ ਨੂੰ ਗੁਰਦੁਆਰਿਆਂ ਵਿੱਚ ਸਿੱਖਾਂ ਨੂੰ ਵੰਡਿਆ ਗਿਆ ਹੈ। ਛੋਟੇ ਅਕਾਰ ਦੀ ਕਿਰਪਾਨ ਬੱਚੇ ਸਕੂਲ ਵਿਚ ਵੀ ਪਹਿਨ ਸਕਦੇ ਹਨ। ਇਸੇ ਤਰ੍ਹਾਂ ਗੁਰਦੁਆਰੇ ਜਾਣ ਸਮੇਂ ਕੁਝ ਵੱਡੇ ਅਕਾਰ ਦੀ ਕਿਰਪਾਨ ਤਿਆਰ ਕੀਤੀ ਗਈ ਹੈ। ਇਸ ਨੂੰ ਪਹਿਨਣ ਵਾਲੇ ਨੂੰ ਇਕ ਪ੍ਰਵਾਨਗੀ ਕਾਰਡ ਵੀ ਦਿੱਤਾ ਗਿਆ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਸਬੰਧੀ ਅਗਲਾ ਫੈਸਲਾ ਕਰਨਗੇ।