ਸਿਕਮ ਖੇਤਰ ‘ਚ ਸਰਹੱਦ ਉੱਤੇ ਭਾਰਤੀ ਤੇ ਚੀਨੀ ਜਵਾਨਾਂ ‘ਚ ਹੱਥੋਪਾਈ

ਸਿਕਮ ਖੇਤਰ ‘ਚ ਸਰਹੱਦ ਉੱਤੇ ਭਾਰਤੀ ਤੇ ਚੀਨੀ ਜਵਾਨਾਂ ‘ਚ ਹੱਥੋਪਾਈ

ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤੀ ਫ਼ੌਜ ਅਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਜਵਾਨਾਂ ਦੇ ਹੱਥੋਪਾਈ ਹੋਣ ਬਾਅਦ ਸਿੱਕਮ ਦੇ ਦੁਰੇਡੇ ਇਲਾਕੇ ਵਿੱਚ ਤਣਾਅ ਵਧ ਗਿਆ ਹੈ। ਇਸ ਝੜਪ ਬਾਅਦ ਚੀਨੀ ਫੌਜੀਆਂ ਨੇ ਸਰਹੱਦ ਪਾਰ ਕਰਕੇ ਭਾਰਤ ਵਾਲੇ ਪਾਸੇ ਬੰਕਰਾਂ ਨੂੰ ਨੁਕਸਾਨ ਪਹੁੰਚਾਇਆ। ਸੂਤਰਾਂ ਮੁਤਾਬਕ ਸਿੱਕਿਮ ਵਿੱਚ ਡੋਕਾ ਲਾ ਇਲਾਕੇ ਵਿੱਚ ਲਾਲਟਨ ਚੌਕੀ ਨੇੜੇ ਜੂਨ ਦੇ ਪਹਿਲੇ ਹਫ਼ਤੇ ਇਹ ਘਟਨਾ ਹੋਈ।
ਅਧਿਕਾਰਤ ਸੂਤਰਾਂ ਅਨੁਸਾਰ ਝੜਪ ਬਾਅਦ ਪੀਐਲਏ ਜਵਾਨ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਅਤੇ ਫੌਜ ਦੇ ਦੋ ਬੰਕਰਾਂ ਨੂੰ ਨੁਕਸਾਨ ਪਹੁੰਚਾਇਆ। 1962 ਵਿੱਚ ਭਾਰਤ-ਚੀਨ ਜੰਗ ਬਾਅਦ ਇਹ ਇਲਾਕਾ ਭਾਰਤੀ ਫ਼ੌਜ ਅਤੇ ਆਈਟੀਬੀਪੀ ਅਧੀਨ ਹੈ। ਇਸ ਦਾ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਦੂਰ ਕੈਂਪ ਹੈ। ਅਸਲ ਕੰਟਰੋਲ ਰੇਖਾ ‘ਤੇ ਤਣਾਅ ਘਟਾਉਣ ਲਈ ਭਾਰਤੀ ਫ਼ੌਜ ਵੱਲੋਂ ਚੀਨ ਨੂੰ ਦੋ ਵਾਰ ਫਲੈਗ ਮੀਟਿੰਗ ਦਾ ਸੱਦਾ ਦਿੱਤਾ ਗਿਆ ਪਰ ਚੀਨ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਅਖ਼ੀਰ ਚੀਨੀ ਅਧਿਕਾਰੀ 20 ਜੂਨ ਨੂੰ ਬੈਠਕ ਲਈ ਰਾਜ਼ੀ ਹੋਏ। ਸੂਤਰਾਂ ਅਨੁਸਾਰ ਇਸ ਸਮੇਂ ਚੀਨੀ ਅਧਿਕਾਰੀਆਂ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਜਾਣਕਾਰੀ ਦਿੱਤੀ ਕਿ ਭਾਰਤੀ ਸ਼ਰਧਾਲੂਆਂ, ਜੋ ਕੈਲਾਸ਼ਮਾਨਸਰੋਵਰ ਦੀ ਯਾਤਰਾ ‘ਤੇ ਸਨ, ਨੂੰ ਤਿੱਬਤ ਵਿੱਚੋਂ ਲੰਘਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 23 ਜੂਨ ਤਕ ਸ਼ਰਧਾਲੂਆਂ ਨੂੰ ਉਡੀਕ ਵਿੱਚ ਰੱਖਿਆ ਗਿਆ ਅਤੇ ਇਸ ਬਾਅਦ ਉਹ ਸਿੱਕਿਮ ਦੀ ਰਾਜਧਾਨੀ ਗੰਗਟੋਕ ਪਰਤ ਆਏ ਸਨ, ਜੋ ਇਕਲੌਤਾ ਖੇਤਰ ਹੈ ਜਿਥੇ ਭਾਰਤ ਤੇ ਚੀਨ ਦਰਮਿਆਨ ਸਰਹੱਦ ਦੀ ਹੱਦਬੰਦੀ ਕੀਤੀ ਗਈ ਹੈ।