ਬਲਾਤਕਾਰੀ ਰਾਮ ਰਹੀਮ ਦਾ ‘ਜੰਮਣਾ’ ਵੀ ਝੂਠ;

ਬਲਾਤਕਾਰੀ ਰਾਮ ਰਹੀਮ ਦਾ ‘ਜੰਮਣਾ’ ਵੀ ਝੂਠ;

ਕੈਪਸ਼ਨ-ਗੁਰਮੀਤ ਰਾਮ ਰਹੀਮ ਦੇ ਜਨਮ ਸਰਟੀਫਿਕੇਟ ਦੀ ਫੋਟੋ।
ਡੱਬਵਾਲੀ/ਬਿਊਰੋ ਨਿਊਜ਼ :
ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਜਨਮ ਮਿਤੀ, ਨਾਂ ਅਤੇ ਜਨਮ ਸਥਾਨ ਬਾਰੇ ਵੀ ਵਿਵਾਦ ਹੈ। ਡੇਰਾ ਮੁਖੀ ਦੀ ਜਨਮ ਤਰੀਕ 15 ਅਗਸਤ, 1967 ਅਤੇ ਜਨਮ ਸਥਾਨ ਪਿੰਡ ਗੁਰੂਸਰ ਮੋਡੀਆ (ਰਾਜਸਥਾਨ) ਦੱਸਿਆ ਜਾਂਦਾ ਹੈ। ਉਸ ਦਾ ਜਨਮ ਦਿਨ ਆਜ਼ਾਦੀ ਦਿਹਾੜੇ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੂਜੇ ਪਾਸੇ ਦਸਤਾਵੇਜ਼ੀ ਰਿਕਾਰਡ ਗੁਰਮੀਤ ਰਾਮ ਰਹੀਮ ਦੇ ਜਨਮ ਦੀ ਅਸਲ ਤਰੀਕ 10 ਜੁਲਾਈ, 1967 ਅਤੇ ਜਨਮ ਅਸਥਾਨ ਪਿੰਡ ਕਿੱਕਰਖੇੜਾ (ਜ਼ਿਲ੍ਹਾ ਫਿਰੋਜ਼ਪੁਰ) ਦੱਸਦਾ ਹੈ, ਜਿੱਥੇ ਉਸ ਦੇ ਨਾਨਕੇ ਹਨ। ਉਸ ਦਾ ਨਾਂਅ ਵੀ ਹਰਪਾਲ ਸੀ। ਇਹ ਖੁਲਾਸਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਡੀਕਲ ਰਜਿਸਟਰਾਰ (ਜਨਮ ਤੇ ਮੌਤ) ਵੱਲੋਂ ਜਾਰੀ ਜਨਮ ਸਰਟੀਫਿਕੇਟ ਨੰਬਰ 15845 ਵਿੱਚ ਹੋਇਆ ਹੈ। ਇਸ ਵਿਚ ਬੱਚੇ ਦਾ ਨਾਂਅ ਹਰਪਾਲ ਅਤੇ ਉਸ ਦੇ ਪਿਤਾ ਦਾ ਨਾਂਅ ਮੱਘਰ ਸਿੰਘ, ਮਾਤਾ ਦਾ ਨਾਂ ਨਸੀਬ ਕੌਰ ਅਤੇ ਦਾਦੇ ਦਾ ਨਾਂਅ ਚੇਤ ਸਿੰਘ ਲਿਖਿਆ ਹੈ। ਇਹ ਖੁਲਾਸਾ ਡੇਰਾ ਸਿਰਸਾ ਵਿਚ 6 ਸਾਲ ਸੇਵਾ ਕਰਨ ਵਾਲੇ ਗੁਰਦਾਸ ਸਿੰਘ ਤੂਰ ਵਾਸੀ ਸਿਰਸਾ ਨੇ ਕੀਤਾ ਹੈ। ਉਹ ਡੇਰੇ ਵਿੱਚ ਪ੍ਰਿੰਟਿੰਗ ਪ੍ਰੈੱਸ ਵਿਚ ਇੰਚਾਰਜ ਨੰਬਰ 4 ਰਿਹਾ ਸੀ। ਤੂਰ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੇ ਸ਼ਰਧਾਲੂਆਂ ‘ਤੇ ਪ੍ਰਭਾਵ ਪਾਉਣ ਲਈ ਆਪਣੇ ਜਨਮ ਨੂੰ ਭਾਰਤ ਦੇ ਆਜ਼ਾਦੀ ਦਿਵਸ (15 ਅਗਸਤ) ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਉਹ 1996 ਤੋਂ 2002 ਤਕ ਡੇਰੇ ਵਿਚ ਸੇਵਾਦਾਰ ਰਿਹਾ ਪਰ ਸੱਚਾਈ ਦਾ ਪਤਾ ਲੱਗਣ ‘ਤੇ ਉਸ ਨੇ ਡੇਰਾ ਤਿਆਗ ਦਿੱਤਾ। ਉਸ ਨੇ ਸੱਚ ਤਕ ਪੁੱਜਣ ਲਈ ਗੁਰਮੀਤ ਰਾਮ ਰਹੀਮ ਦੀ ਜੀਵਨੀ ਫਰੋਲਣੀ ਸ਼ੁਰੂ ਕੀਤੀ ਅਤੇ ਪਿੰਡ ਗੁਰੂਸਰ ਮੋਡੀਆ ਦੇ ਸ਼ਿਵਜੰਟ ਸਿੰਘ ਨੇ ਰਾਮ ਰਹੀਮ ਦੀ ਜਨਮ ਤਰੀਕ ਦੀ ਹਕੀਕਤ ਬਾਰੇ ਦੱਸਿਆ। ਤੂਰ ਅਨੁਸਾਰ ਕੁਝ ਸਮੇਂ ਬਾਅਦ ਸ਼ਿਵਜੰਟ ਸਿੰਘ ਦਾ ਕਤਲ ਹੋ ਗਿਆ ਸੀ। ਉਸ ਨੇ ਕਾਫ਼ੀ ਮੁਸ਼ੱਕਤ ਬਾਅਦ ਫਿਰੋਜ਼ਪੁਰ ਤੋਂ ਰਿਕਾਰਡ ਹਾਸਲ ਕੀਤਾ। ਉਸ ਨੇ ਅਜਮੇਰ ਤੋਂ ਗੁਰਮੀਤ ਰਾਮ ਰਹੀਮ ਦੇ 10ਵੀਂ ਜਮਾਤ ਦੇ ਸਰਟੀਫਿਕੇਟ ਦੀ ਕਾਪੀ ਕਢਵਾਈ, ਜਿਸ ਵਿੱਚ ਉਸ ਦੀ ਜਨਮ ਤਰੀਕ 15 ਅਗਸਤ 1967 ਦਰਸਾਈ ਗਈ ਹੈ। ਸਰਟੀਫਿਕੇਟ ਅਨੁਸਾਰ ਗਣਿਤ ਵਿਸ਼ੇ ਵਿਚੋਂ ਫੇਲ੍ਹ ਹੋਣ ਕਾਰਨ ਗੁਰਮੀਤ ਦੀ ਮੈਟਰਿਕ ਵਿਚੋਂ ਕੰਪਾਰਟਮੈਂਟ ਸੀ। ਸੂਤਰਾਂ ਮੁਤਾਬਕ ਸਿੱਖਿਆ ਬੋਰਡ ਦੇ ਰਿਕਾਰਡ ਦੀ ਪੜਤਾਲ ਹੋਣ ‘ਤੇ ਦਸਤਾਵੇਜ਼ਾਂ ਵਿਚ ਜਨਮ ਤਰੀਕ ਨਾਲ ਕਥਿਤ ਛੇੜਛਾੜ ਉਜਾਗਰ ਹੋਣ ਦੀ ਸੰਭਾਵਨਾ ਹੈ।