2023 ਵਿਸ਼ਵ ਹਾਕੀ ਕੱਪ  ਭਾਰਤੀ ਟੀਮ ਨੇ ਕਿਉਂ ਹਾਰਿਆ?

2023 ਵਿਸ਼ਵ ਹਾਕੀ ਕੱਪ  ਭਾਰਤੀ ਟੀਮ ਨੇ ਕਿਉਂ ਹਾਰਿਆ?

ਜੁਝਾਰੂ ਭਾਵਨਾ ਅਤੇ ਜੋਸ਼ ਨਾਲ ਜਿੱਤਣਾ ਹੀ ਜਿੱਤਣਾ ਹੈ

ਓਡੀਸ਼ਾ ਵਿਸ਼ਵ ਕੱਪ ਹਾਕੀ ਦੇ ਕੁਆਰਟਰ ਫਾਈਨਲ 'ਚ ਵੀ ਪਹੁੰਚ ਨਾ ਸਕੀ ਸਾਡੀ ਟੀਮ, ਤਗਮਾ ਜਿੱਤਣਾ ਤਾਂ ਦੂਰ ਦੀ ਗੱਲ ਸੀ। ਇਸ ਟੀਮ ਦੀ ਇਸ ਟੂਰਨਾਮੈਂਟ ਵਿਚ ਕਾਰਗੁਜ਼ਾਰੀ ਮਨੋਵਿਗਿਆਨਕ ਤੌਰ 'ਤੇ ਕਾਫੀ ਨਿਰਾਸ਼ਾਜਨਕ ਰਹੀ। ਦਹਾਕਿਆਂ ਤੋਂ ਸਾਡੀ ਕੌਮੀ ਹਾਕੀ ਟੀਮ ਦੇ ਖਿਡਾਰੀਆਂ ਵਿਚ ਜੋ ਕਮੀਆਂ ਨਜ਼ਰ ਆ ਰਹੀਆਂ ਹਨ, ਉਨ੍ਹਾਂ 'ਵਿਚ ਇਕ 'ਕਿਲਰ ਇਨਸਟਿੰਕਟ' ਦੀ ਕਮੀ ਵੀ ਹੈ। ਕਈ ਵਾਰ ਇੰਜ ਵੀ ਲੱਗਦੈ ਕਿ ਸਾਡੇ ਖਿਡਾਰੀ ਦੁਨੀਆ ਦੇ ਕਿਸੇ ਮੁਲਕ ਤੋਂ ਘੱਟ ਪ੍ਰਭਾਵਸ਼ਾਲੀ ਅਤੇ ਪ੍ਰਤਿਭਾਸ਼ਾਲੀ ਨਹੀਂ ਹਨ, ਪਰ ਕਿਲਰ ਇਨਸਟਿੰਕਟ ਦੀ ਘਾਟ ਕਰਕੇ ਬਹੁਤੀ ਵਾਰ ਯੂਰਪੀਨ ਮਹਾਂਦੀਪ ਅਤੇ ਓਸ਼ੀਨਿਆ ਮਹਾਂਦੀਪ ਦੇ ਖਿਡਾਰੀਆਂ ਨਾਲ ਮੁਕਾਬਲੇ ਵਿਚ ਸਾਡੇ ਹਾਕੀ ਜੁਝਾਰੂਆਂ ਦਾ ਕੱਦ ਬੌਣਾ ਰਹਿ ਜਾਂਦਾ ਹੈ। ਨਿਊਜ਼ੀਲੈਂਡ ਖਿਲਾਫ਼ ਮੈਚ ਇਹ ਸਿੱਧ ਕਰਦੈ। ਆਖਿਰ ਕੀ ਹੈ ਇਹ ਕਿਲਰ ਇਨਸਟਿੰਕਟ ਅਤੇ ਇਸ ਦੀ ਘਾਟ। ਇਹ ਉਹ ਤਾਕਤਵਰ ਇੱਛਾ ਜਾਂ ਇੱਛਾ ਸ਼ਕਤੀ ਹੈ ਜੋ ਖੇਡ ਦੇ ਮੈਦਾਨ ਵਿਚ ਹਰ ਹੀਲੇ ਆਪਣੇ ਵਿਰੋਧੀ ਨੂੰ ਜਿੱਤਣ ਲਈ ਵਚਨਬੱਧ ਦਿਖਾਈ ਦਿੰਦੀ ਹੈ। ਹਾਲਾਤ ਕੁਝ ਵੀ ਹੋਣ, ਕਾਰਨ ਕੁਝ ਵੀ ਹੋਣ ਪਰ ਆਪਣੇ ਵਿਰੋਧੀ ਨੂੰ ਨਿਹਾਇਤ ਬੁਲੰਦ ਜੁਝਾਰੂ ਭਾਵਨਾ ਅਤੇ ਜੋਸ਼ ਨਾਲ ਜਿੱਤਣਾ ਹੀ ਜਿੱਤਣਾ ਹੈ। 'ਕਰੋ ਜਾਂ ਮਰੋ' ਦੇ ਆਲਮ ਵਿਚ ਚਾਹੇ ਕੋਈ ਵੀ ਕੀਮਤ ਚੁਕਾਉਣੀ ਪੈ ਜਾਵੇ, ਆਪਣੀ ਮਿਥੀ ਮੰਜ਼ਿਲ 'ਤੇ ਪਹੁੰਚਣਾ ਹੀ ਪਹੁੰਚਣਾ ਹੈ। ਐਸੇ ਆਲਮ ਵਿਚ ਕਿਲਰ ਇਨਸਟਿੰਕਟ ਨਾਲ ਲਬਰੇਜ਼ ਖਿਡਾਰੀ ਦੇ ਜੁਝਾਰੂ ਇਰਾਦੇ ਕਦੇ ਪਸਤ ਨਹੀਂ ਹੁੰਦੇ। ਵਿਰੋਧੀਆਂ 'ਤੇ ਉਸ ਦਾ ਦਬਾਅ ਲਗਾਤਾਰ ਬਣਿਆ ਰਹਿੰਦਾ ਹੈ-ਜਿਸ ਵਿਚੋਂ ਨਿਕਲਦੀ ਹੈ ਜਿੱਤ।

ਕਦੇ ਭਾਰਤੀ ਟੀਮ ਨੂੰ ਹਾਲੈਂਡ, ਜਰਮਨੀ, ਆਸਟਰੇਲੀਆ, ਸਪੇਨ ਆਦਿ ਟੀਮਾਂ ਵਿਰੁੱਧ ਜੂਝਦਿਆਂ ਵੇਖੋ। ਕਈ ਵਾਰ ਮੁਕਾਬਲਾ ਸਾਵਾਂ-ਸਾਵਾਂ ਜਾ ਰਿਹਾ ਹੁੰਦਾ, ਪਰ ਕੀ ਸਾਡੀ ਕੌਮੀ ਟੀਮ ਦੇ ਖਿਡਾਰੀ ਅਤੇ ਕੀ ਸਾਡੇ ਹਾਕੀ ਪ੍ਰੇਮੀ ਇਸੇ ਚਿੰਤਾ ਵਿਚ ਹੀ ਹੁੰਦੇ ਹਨ ਕਿ ਆਖਿਰ ਤੇ ਮੈਚ ਭਾਰਤ ਦੀ ਝੋਲੀ 'ਚ ਪੈਂਦਾ-ਪੈਂਦਾ ਵਿਰੋਧੀਆਂ ਦੀ ਝੋਲੀ 'ਚ ਪੈ ਜਾਣਾ। ਨਤੀਜਾ ਹੁੰਦਾ ਕਿ ਭਾਰਤ ਇਕ ਗੋਲ ਨਾਲ ਹਾਰਿਆ। ਪਰ ਆਖ਼ਰ ਭਾਰਤ ਹੀ ਕਿਉਂ ਹਾਰਦੈ? ਪਿਛਲੇ ਕੁਝ ਦਹਾਕਿਆਂ ਦੇ ਅੰਤਰਰਾਸ਼ਟਰੀ ਮੈਚਾਂ ਦਾ ਸਰਵੇਖਣ ਕਰਕੇ ਵੇਖ ਲਵੋ ਭਾਰਤ ਦੁਨੀਆ ਦੀਆਂ ਕਹਿੰਦੀਆਂ-ਕਹਾਉਂਦੀਆਂ ਟੀਮਾਂ ਤੋਂ ਸਿਰਫ਼ ਇਕ ਗੋਲ ਨਾਲ ਹਾਰਿਆ ਜਾਂ ਜਿੱਤਦਾ-ਜਿੱਤਦਾ ਬਰਾਬਰੀ ਕਰਵਾ ਬੈਠਾ, ਜਿਸ ਕਰਕੇ ਖਿਤਾਬੀ ਟੂਰਨਾਮੈਂਟ ਦੇ ਸੈਮੀਫਾਈਨਲ ਦਾ ਰਾਹ ਉਸ ਵਾਸਤੇ ਬੰਦ ਹੋ ਜਾਂਦਾ ਹੈ। ਮਗਰੋਂ ਫੈਡਰੇਸ਼ਨ, ਕੋਚ, ਖਿਡਾਰੀ ਅਤੇ ਕਈ ਵਾਰੀ ਮੀਡੀਆ ਵੀ ਇਨ੍ਹਾਂ ਦਿਲਾਸਿਆਂ ਦੇ ਬਲ 'ਤੇ ਖਲੋਣ ਦੀ ਕੋਸ਼ਿਸ਼ ਕਰਦੇ ਕਿ ਭਾਰਤ ਲਗਭਗ ਜਿੱਤ ਹੀ ਚੱਲਿਆ ਸੀ। ਲਗਭਗ ਜਿੱਤ ਦੀ ਇਹ ਮਾਨਸਿਕਤਾ ਜਾਂ ਕਹਿ ਲਵੋ ਅਜਿਹੀ ਹਾਰ ਲਈ ਵੀ ਭਾਰਤੀਆਂ ਨੂੰ ਨੰਬਰ ਦੇਵੇ, ਅਸੀਂ ਸਮਝਦੇ ਇਹ ਸਭ ਸਾਡੇ ਖਿਡਾਰੀਆਂ ਵਿਚ ਕਿਲਰ ਇਨਸਟਿੰਕਟ ਦੀ ਘਾਟ ਕਦੇ ਪੂਰੀ ਨਹੀਂ ਹੋਣ ਦੇਵੇਗਾ। ਸਾਨੂੰ ਵੱਖਰੀ ਤਰ੍ਹਾਂ ਵਿਚਾਰਨ ਦੀ ਲੋੜ ਹੈ। ਮੈਚ ਦੇ ਆਖਰੀ ਪਲ ਇਕ ਟੀਮ ਗੋਲ ਕਰਨ ਦੀ ਤਾਕਤ ਵਿਚ, ਦੂਜੀ ਗੋਲ ਨਾ ਕਰਵਾਉਣ ਦੀ ਕੋਸ਼ਿਸ਼ ਵਿਚ, ਦੋਵਾਂ ਲਈ ਇਕ ਦੂਜੇ ਤੋਂ ਵੱਧ ਕਿਲਰ ਇਨਸਟਿੰਕਟ ਦੀ ਲੋੜ ਹੈ। ਤੁਸੀਂ ਭਾਰਤੀ ਹਾਕੀ ਟੀਮ ਦਾ 1980 ਤੋਂ ਬਾਅਦ ਦਾ ਸਾਰਾ ਇਤਿਹਾਸ ਵੱਖ-ਵੱਖ ਖਿਤਾਬੀ ਟੂਰਨਾਮੈਂਟਾਂ ਦੇ ਆਧਾਰ 'ਤੇ ਪੜ੍ਹ ਕੇ ਵੇਖ ਲਵੋ ਤੁਹਾਨੂੰ ਇਹੀ ਕਹਾਣੀ ਹੀ ਪੜ੍ਹਨ ਨੂੰ ਮਿਲੇਗੀ। ਕਈ ਸਾਲਾਂ 'ਚ ਵੀ ਅਸੀਂ ਇਕ ਐਸੀ ਟੀਮ ਨਾ ਤਿਆਰ ਕਰ ਸਕੇ ਜੋ ਫੇਰ ਕੁਲ ਆਲਮ ਜਿੱਤ ਸਕੇ। ਓਡੀਸ਼ਾ ਵਿਸ਼ਵ ਕੱਪ ਹਾਕੀ ਵਿਚ ਵੀ ਇੰਜ ਹੀ ਵਾਪਰਿਆ ਪਰ ਆਖ਼ਰ ਇਹ ਕਦ ਤੱਕ ਚਲਦਾ ਰਹੇਗਾ?

 

ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ