ਮੋਦੀ ਨੂੰ ਹੁਣ ਨਜ਼ਰ ਆਈ ਗਊ ਰੱਖਿਆ ਦੇ ਨਾਂ ‘ਤੇ ਹੁੰਦੀ ਗੁੰਡਾਗਰਦੀ

ਮੋਦੀ ਨੂੰ ਹੁਣ ਨਜ਼ਰ ਆਈ ਗਊ ਰੱਖਿਆ ਦੇ ਨਾਂ ‘ਤੇ ਹੁੰਦੀ ਗੁੰਡਾਗਰਦੀ

ਕੈਪਸ਼ਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਰਦ ਪਵਾਰ, ਫਾਰੂਕ ਅਬਦੁੱਲ੍ਹਾ ਤੇ ਸੀਪੀਆਈ ਦੇ ਡੀ.ਰਾਜਾ ਨਵੀਂ ਦਿੱਲੀ ‘ਚ ਸੱਦੀ ਸਰਬ ਪਾਰਟੀ ਮੀਟਿੰਗ ‘ਚ ਸ਼ਿਰਕਤ ਕਰਨ ਮੌਕੇ।

ਨਵੀਂ ਦਿੱਲੀ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖ਼ਰ ਹਿੰਦੂ ਕੱਟੜਵਾਦੀਆਂ ਤੇ ਭੂਤਰੇ ਭਾਜਪਾਈਆਂ ਵਲੋਂ ਗਊ ਰੱਖਿਆ ਦੇ ਨਾਂ ਕੀਤੀ ਜਾ ਰਹੀ  ਗੁੰਡਾਗਰਦੀ ਹੁਣ ਨਜ਼ਰ ਆ ਗਈ ਹੈ। ਐਤਵਾਰ ਨੂੰ ਇੱਥੇ ਮੌਨਸੂਨ ਸੈਸ਼ਨ ਤੋਂ ਪਹਿਲੀ ਸ਼ਾਮ ਨੂੰ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ ਸੂਬਾ ਸਰਕਾਰਾਂ ਦੀ ਜਿੰਮੇਵਾਰੀ ਹੈ। ਸਾਨੂੰ ਗਊ ਰੱਖਿਆਂ ਦੇ ਨਾਂ ਉੱਤੇ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਰੋਕਣ ਲਈ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।  ਉਨ੍ਹਾਂ ਗਊ ਹੱਤਿਆ ਦੇ ਨਾਂ ਉੱਤੇ ਹੁੰਦੀ ਫਿਰਕੂ ਹਿੰਸਾ ਨਾਲ ਨਜਿੱਠਣ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਗਊ ਰੱਖਿਆ ਦੇ ਨਾਂ ਉੱਤੇ ਕੀਤੀ ਜਾ ਰਹੀ ਗੁੰਡਾਗਰਦੀ ਦੀ ਨਿਖੇਧੀ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਰਾਜਸੀ ਰੰਗਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਇਸ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਗਊ ਹੱਤਿਆ ਦੇ ਨਾਂ ਉੱਤੇ ਕੀਤੀ ਜਾ ਰਹੀ ਗੁੰਡਾਗਰਦੀ ਦੇ ਦੋਸ਼ੀਆਂ ਵਿਰੁੱਧ ਸੂਬਾ ਸਰਕਾਰਾਂ ਸਖ਼ਤ ਕਾਰਵਾਈ ਕਰਨ।’ ਉਨ੍ਹਾਂ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਊ ਨੂੰ ਮਾਂ ਦੀ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ, ਇਸ ਕਰਕੇ ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਗਊ ਰੱਖਿਆ ਲਈ ਕਾਨੂੰਨ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨਾ ਇਸ ਦਾ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਜ ਵਿਰੋਧੀ ਅਨਸਰ ਗਊ ਰੱਖਿਆ ਨੂੰ ਅਰਾਜਕਤਾ ਫੈਲਾਉਣ ਲਈ ਇੱਕ ਹਥਿਆਰ ਵਜੋਂ ਵਰਤ ਰਹੇ ਹਨ। ਕੁੱਝ ਲੋਕ ਜੋ ਸਮਾਜ ਦੀ ਸਾਂਝ ਨੂੰ ਤੋੜਨਾ ਚਾਹੁੰਦੇ ਹਨ , ਉਹ ਵੀ ਇਸ ਤੋਂ ਲਾਹਾ ਲੈਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦੇਸ਼ ਦਾ ਅਕਸ ਖ਼ਰਾਬ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਵੀ ਵਿਰੋਧੀ ਧਿਰਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਤ੍ਣਾਮੂਲ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਉੱਤੇ ਟੇਢੇ ਢੰਗ ਦੇ ਨਾਲ ਹੱਲਾ ਬੋਲਦਿਆਂ ਕਿਹਾ ਕਿ ਜੋ ਲੋਕ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨੂੰ ਰਾਜਸੀ ਸਾਜਿਸ਼ ਦੱਸਦੇ ਹਨ, ਵਿਰੁੱਧ ਰਾਜਸੀ ਪਾਰਟੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਇਸ ਦੌਰਾਨ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਹੈ ਕਿ ਭਾਰਤ ਛੱਡੋ ਅੰਦੋਲਨ ਦੀ 9 ਅਗਸਤ ਨੂੰ 75 ਵੀਂ ਵਰ੍ਹੇਗੰਢ ਆ ਰਹੀ ਹੈ। ਸਾਰੀਆਂ ਪਾਰਟੀਆਂ ਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ। ਮੋਦੀ ਨੇ ਕਿਹਾ ਹੈ ਕਿ ਲੋਕਤੰਤਰੀ ਸੰਸਥਾਵਾਂ ਨੂੰ ਬਚਾਉਣ ਸੰਸਦ ਦੀ ਕਾਰਵਾਈ ਨਿਰਵਿਘਨ ਚਲਾਉਣੀ ਜ਼ਰੂਰੀ ਹੈ। ਉਨ੍ਹਾਂ ਜੀਐੱਸਟੀ ਨੂੰ ਲਾਗੂ ਕਰਨ ਲਈ ਸੂਬਾ ਸਰਕਾਰਾਂ ਦਾ ਧੰਨਵਾਦ ਵੀ ਕੀਤਾ। ਸਰਬ ਪਾਰਟੀ ਮੀਟਿੰਗ ਵਿੱਚ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਐੱਨਸੀਪੀ ਦੇ ਸ਼ਰਦ ਪਵਾਰ, ਸੀਪੀਆਈ (ਐੱਮ) ਦੇ ਸੀਤਾ ਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਨੈਸ਼ਨਲ ਕਾਨਫਰੰਸ ਦੇ ਫਾਰੂਖ਼ ਅਬਦੁੱਲਾ ਆਦਿ ਪ੍ਰਮੁੱਖ ਆਗੂ ਸ਼ਾਮਲ ਹੋਏ।