ਸਜ਼ਾ ਖ਼ਿਲਾਫ਼ ਡੇਰਾ ਮੁਖੀ ਨੇ ਕੀਤੀ ਹਾਈ ਕੋਰਟ ‘ਚ ਫਰਿਆਦ

ਸਜ਼ਾ ਖ਼ਿਲਾਫ਼ ਡੇਰਾ ਮੁਖੀ ਨੇ ਕੀਤੀ ਹਾਈ ਕੋਰਟ ‘ਚ ਫਰਿਆਦ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਲਾਤਕਾਰ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਮਗਰੋਂ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ ਵਿਚ ਉਸ ਨੇ ਦਾਅਵਾ ਕੀਤਾ ਹੈ ਕਿ ਹੇਠਲੀ ਅਦਾਲਤ ਨੇ ਸਬੂਤਾਂ ਦਾ ਗਲਤ ਮਤਲਬ ਕੱਢਿਆ ਅਤੇ ਜ਼ਬਾਨੀ, ਦਸਤਾਵੇਜ਼ੀ ਅਤੇ ਹੋਰ ਸਬੂਤਾਂ ‘ਤੇ ਠੀਕ ਢੰਗ ਨਾਲ ਵਿਚਾਰ ਨਹੀਂ ਕੀਤਾ। ਉਸ ਨੇ ਦਾਅਵਾ ਕੀਤਾ ਕਿ ਇਸਤਗਾਸਾ ਪੱਖ ਦੇ ਗਵਾਹਾਂ ਵਿਚ ਕਈ ਗੰਭੀਰ ਕੋਤਾਹੀਆਂ ਸਨ ਅਤੇ ਉਹ ਦੋਸ਼ਾਂ ਨੂੰ ਸਾਬਿਤ ਨਹੀਂ ਕਰ ਸਕੇ ਸਨ। ਰਾਮ ਰਹੀਮ ਦਾ ਕਹਿਣਾ ਹੈ ਕਿ ਹੇਠਲੀ ਅਦਾਲਤ ਨੇ ਸਿਰਫ਼ ਗੁੰਮਨਾਮ ਸ਼ਿਕਾਇਤ ‘ਤੇ ਹੀ ਫ਼ੈਸਲਾ ਸੁਣਾ ਦਿੱਤਾ ਜਦਕਿ ਜਾਂਚ ਦੌਰਾਨ ਸ਼ਿਕਾਇਤਕਰਤਾ ਦੀ ਪਛਾਣ ਨਹੀਂ ਦੱਸੀ ਗਈ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਸ ਦਾ ਮੈਡੀਕਲ ਤਕ ਨਹੀਂ ਕਰਵਾਇਆ ਗਿਆ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਸਰੀਰਕ ਸਬੰਧ ਬਣਾਉਣ ਦੇ ਕਾਬਿਲ ਹੈ ਜਾਂ ਨਹੀਂ। ਉਸ ਨੇ ਸਜ਼ਾ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸੀਬੀਆਈ ਨੇ ਬਿਆਨ ਦਰਜ ਕਰਨ ਵਿਚ ਕਈ ਸਾਲਾਂ ਦੀ ਦੇਰੀ ਕਰ ਦਿੱਤੀ ਅਤੇ ਇਸ ਦੌਰਾਨ ਪੀੜਤ ਤੇ ਗਵਾਹ ਕਿਸੇ ਦਬਾਅ ਹੇਠ ਆ ਗਏ ਹੋ ਸਕਦੇ ਹਨ।
ਵਿਪਾਸਨਾ ਨੂੰ ਵਿਸ਼ੇਸ਼ ਜਾਂਚ ਟੀਮ ਨੇ ਦਿੱਤਾ ਨੋਟਿਸ: ਹਰਿਆਣ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸਿਰਸਾ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਨੂੰ ਨੋਟਿਸ ਭੇਜ ਕੇ 27 ਨੂੰ ਪੰਚਕੂਲਾ ਸੱਦਿਆ ਹੈ। ਉਸ ਕੋਲੋਂ ਪਹਿਲਾਂ ਵੀ ਪੁੱਛ-ਗਿੱਛ ਹੋ ਚੁੱਕੀ ਹੈ।

ਖੱਟਾ ਸਿੰਘ ਦੀ ਪਟੀਸ਼ਨ ਰੱਦ:
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਵੱਲੋਂ 16 ਸਤੰਬਰ ਨੂੰ ਦਾਖ਼ਲ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਉਸ ਨੇ ਦੁਬਾਰਾ ਬਿਆਨ ਦੇਣ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਸੋਮਵਾਰ ਨੂੰ ਡੇਰਾ ਮੁਖੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਹੋਇਆ। ਰਣਜੀਤ ਸਿੰਘ ਹੱਤਿਆ ਮਾਮਲੇ ਦੇ 5 ਹੋਰ ਮੁਲਜ਼ਮ ਵੀ ਅਦਾਲਤ ਵਿਚ ਪੇਸ਼ ਹੋਏ।

ਗੋਰਾ ਦਾ ਮਾਮਲਾ ਮੁੜ ਖੋਲ੍ਹਿਆ ਜਾਵੇ
ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਲਾਪਤਾ ਸਾਧੂ ਜਤਿੰਦਰ ਉਰਫ਼ ਗੋਰਾ ਦੀ ਗੁੰਮਸ਼ੁਦਗੀ ਮਾਮਲੇ ਵਿਚ ਕੇਸ ਮੁੜ ਤੋਂ ਖੋਲ੍ਹਣ ਦੀ ਅਪੀਲ ਕੀਤੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ। ਉਸ ਨੇ ਦੋਸ਼ ਲਾਇਆ ਕਿ ਗੋਰਾ ਨੂੰ ਡੇਰਾ ਮੁਖੀ ਦੇ ਕਹਿਣ ‘ਤੇ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਉਹ ਨਿਪੁੰਸਕ ਬਣਨ ਤੋਂ ਬਚ ਗਿਆ ਸੀ। ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਸਬੰਧੀ ਸੀਬੀਆਈ ਵੱਲੋਂ 25 ਅਕਤੂਬਰ ਨੂੰ ਅਦਾਲਤ ਵਿਚ ਸਟੇਟਸ ਰਿਪੋਰਟ ਪੇਸ਼ ਕੀਤੀ ਜਾਵੇਗੀ।

ਹਨੀਪ੍ਰੀਤ ਪੇਸ਼ਗੀ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਪੁੱਜੀ :
ਨਵੀਂ ਦਿੱਲੀ: ‘ਪਾਪਾ ਦੀ ਪਰੀ’ ਹਨੀਪ੍ਰੀਤ, ਜੋ ਡੇਰਾ ਮੁਖੀ ਨੂੰ ਬਲਾਤਕਾਰ ਦੇ ਦੋ ਕੇਸਾਂ ਵਿਚ ਸਜ਼ਾ ਮਗਰੋਂ ਫ਼ਰਾਰ ਹੈ, ਨੇ ਪੇਸ਼ਗੀ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਕੋਲ ਪਹੁੰਚ ਕੀਤੀ ਹੈ। ਉਸ ਦੇ ਵਕੀਲ ਪ੍ਰਦੀਪ ਕੁਮਾਰ ਆਰੀਆ ਨੇ ਦੱਸਿਆ ਕਿ ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਦੀ ਅਗਵਾਈ ਹੇਠਲੀ ਬੈਂਚ ਕੋਲ ਇਹ ਕੇਸ ਛੇਤੀ ਸੁਣਵਾਈ ਲਈ ਲੱਗੇਗਾ। ਜ਼ਿਕਰਯੋਗ ਹੈ ਕਿ ਲੋੜੀਂਦੇ 43 ਵਿਅਕਤੀਆਂ ਦੀ ਸੂਚੀ ਵਿਚ ਹਨੀਪ੍ਰੀਤ ਦਾ ਨਾਂ ਸਭ ਤੋਂ ਮੂਹਰੇ ਹੈ। ਹਰਿਆਣਾ ਪੁਲੀਸ ਨੇ ਉਸ ਖ਼ਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ।