‘ਪਾਪਾ ਦੀ ਪਰੀ’ ਪੰਚਕੂਲਾ ਪੁਲੀਸ ਨੂੰ ਬਠਿੰਡਾ ਦੀ ਬਸਤੀ ‘ਚ ਘੁੰਮਾਉਂਦੀ ਰਹੀ

‘ਪਾਪਾ ਦੀ ਪਰੀ’ ਪੰਚਕੂਲਾ ਪੁਲੀਸ ਨੂੰ ਬਠਿੰਡਾ ਦੀ ਬਸਤੀ ‘ਚ ਘੁੰਮਾਉਂਦੀ ਰਹੀ

ਬਠਿੰਡਾ/ਬਿਊਰੋ ਨਿਊਜ਼ :
‘ਪਾਪਾ ਦੀ ਪਰੀ’ ਹਨੀਪ੍ਰੀਤ ਇੰਸਾਂ ਨੇ ‘ਬਠਿੰਡਾ ਟਿਕਾਣੇ’ ਦਾ ਗੇੜਾ ਲਵਾ ਕੇ ਪੰਚਕੂਲਾ ਪੁਲੀਸ ਦੀਆਂ ਅੱਖਾਂ ਵਿੱਚ ਧੂੜ ਪਾ ਦਿੱਤੀ। ਪੰਚਕੂਲਾ ਪੁਲੀਸ ਨੂੰ ਪੂਰੀ ਛਾਣਬੀਣ ਮਗਰੋਂ ‘ਬਠਿੰਡਾ ਟਿਕਾਣਾ’ ਹਜ਼ਮ ਨਹੀਂ ਹੋਇਆ। ਪੰਚਕੂਲਾ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਹਨੀਪ੍ਰੀਤ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਲੈ ਕੇ ਬਠਿੰਡਾ ਪੁੱਜੀ। ਪੁਲੀਸ ਟੀਮ ਨੇ ਇੱਥੇ ਗਣੇਸ਼ਾ ਬਸਤੀ ਵਿੱਚ ਸੁਖਦੀਪ ਕੌਰ ਦੇ ਘਰ ਨੂੰ ਜਦੋਂ ਛਾਣਿਆ ਤਾਂ ਉਦੋਂ ਜਾਪਿਆ ਕਿ ਹਨੀਪ੍ਰੀਤ ਨੇ ਪੁਲੀਸ ਨੂੰ ਬੇਵਕੂਫ ਬਣਾ ਦਿੱਤਾ ਹੈ।
ਵੇਰਵਿਆਂ ਅਨੁਸਾਰ ਪੰਚਕੂਲਾ ਪੁਲੀਸ ਕੋਲ ਹਨੀਪ੍ਰੀਤ ਨੇ ਖੁਲਾਸਾ ਕੀਤਾ ਕਿ ਉਸ ਨੇ 25 ਦਿਨ ਬਠਿੰਡਾ ਦੀ ਗਣੇਸ਼ਾ ਬਸਤੀ ਵਿੱਚ ਬਿਤਾਏ, ਜਦੋਂ ਕਿ ਪੁਲੀਸ ਨੂੰ ਇਸ ਵਿੱਚ ਭੋਰਾ ਸੱਚ ਨਜ਼ਰ ਨਾ ਆਇਆ। ਟੀਮ ਨੇ ਪਹਿਲਾਂ ਥਾਣਾ ਸਦਰ ਰਾਮਪੁਰਾ ਵਿੱਚ ਇੰਦਰਾਜ ਪਾਇਆ ਅਤੇ ਉਸ ਮਗਰੋਂ ਬਠਿੰਡਾ ਵਿੱਚ ਕਰੀਬ ਇਕ ਘੰਟਾ ਗਣੇਸ਼ਾ ਬਸਤੀ ਵਾਲੇ ਘਰ ਦੀ ਤਲਾਸ਼ੀ ਲਈ। ਪੁਲੀਸ ਟੀਮ ਨੂੰ ਘਰ ਵਿੱਚੋਂ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ ਅਤੇ ਪੁਲੀਸ ਨੇ ਪੂਰੀ ਕਾਰਵਾਈ ਦੀ ਵੀਡੀਓਗਰਾਫੀ ਕੀਤੀ।
ਬਠਿੰਡਾ ਪੁਲੀਸ ਨੇ ਗਣੇਸ਼ਾ ਬਸਤੀ ਕੋਲ ਪੁਲੀਸ ਤਾਇਨਾਤ ਕੀਤੀ ਹੋਈ ਸੀ। ਅਹਿਮ ਸੂਤਰਾਂ ਅਨੁਸਾਰ ਪੰਚਕੂਲਾ ਪੁਲੀਸ ਦਾ ਸ਼ੱਕ ਉਦੋਂ ਵਧ ਗਿਆ, ਜਦੋਂ ਦੇਖਿਆ ਕਿ ਇਸ ਘਰ ਦੇ ਕਿਸੇ ਵੀ ਕਮਰੇ ਵਿੱਚ ਕੋਈ ਪੱਖਾ ਅਤੇ ਬੱਲਬ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਕਮਰੇ ਵਿੱਚ ਕੋਈ ਬੈੱਡ ਵੀ ਨਹੀਂ ਸਨ। ਜਦੋਂ ਪੁਲੀਸ ਨੇ ਬਾਥਰੂਮ ਚੈੱਕ ਕੀਤੇ ਤਾਂ ਉਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਰਸੋਈ ਵੇਖਣ ਤੋਂ ਪਤਾ ਚੱਲਿਆ ਕਿ ਕਾਫ਼ੀ ਸਮੇਂ ਤੋਂ ਇਸ ਦੀ ਵਰਤੋਂ ਨਹੀਂ ਹੋਈ। ਪੁਲੀਸ ਟੀਮ ਨੇ ਜਦੋਂ ਪੁੱਛਿਆ ਕਿ ਘਰ ਦੇ ਹਾਲਾਤ ਤੋਂ ਜਾਪਦਾ ਹੈ ਕਿ ਇੱਥੇ ਕਦੇ ਕੋਈ ਰਿਹਾ ਹੀ ਨਹੀਂ ਅਤੇ ਰਸੋਈ ਵਰਤੀ ਹੀ ਨਹੀਂ ਗਈ ਤਾਂ ਹਨਪ੍ਰੀਤ ਤੇ ਸੁਖਦੀਪ ਕੌਰ ਨੇ ਇਕੋ ਸੁਰ ਵਿੱਚ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਰੋਟੀ ਪਾਣੀ ਬੱਲੂਆਣਾ ਤੋਂ ਆਉਂਦਾ ਰਿਹਾ ਹੈ। ਜਦੋਂ ਪੱਖਾ ਨਾ ਹੋਣ ਦੀ ਗੱਲ ਪੁੱਛੀ ਤਾਂ ਹਨੀਪ੍ਰੀਤ ਨੇ ਟੇਬਲਫੈਨ ਵਰਤਣ ਦੀ ਗੱਲ ਆਖੀ। ਗਣੇਸ਼ਾ ਬਸਤੀ ਦੇ ਇਸ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਸੁਖਦੀਪ ਕੌਰ ਵੱਲੋਂ ਇਜਾਜ਼ਤ ਦੇਣ ਮਗਰੋਂ ਪੁਲੀਸ ਨੇ ਤਾਲਾ ਤੋੜਿਆ ਅਤੇ ਗੁਆਂਢੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਘਰ ਇਕਬਾਲ ਸਿੰਘ ਦਾ ਹੈ, ਜੋ ਸੁਖਦੀਪ ਕੌਰ ਦਾ ਪਤੀ ਹੈ। ਸੂਤਰ ਦੱਸਦੇ ਹਨ ਕਿ ਸਿੱਟ ਇੰਚਾਰਜ ਮੁਕੇਸ਼ ਕੁਮਾਰ ਨੇ ਘਰ ਦੇ ਸਾਰੇ ਹਾਲਾਤ ਨੂੰ ਰਿਕਾਰਡ ਕਰ ਲਿਆ ਅਤੇ ਇਹ ਵੀ ਆਖਿਆ ਕਿ ਇੱਥੇ ਠਹਿਰਨ ਵਾਲੀ ਗੱਲ ਵਿੱਚ ਦਮ ਨਹੀਂ ਹੈ। ਕਿਸੇ ਵੀ ਅਧਿਕਾਰੀ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਪੁਲੀਸ ਟੀਮ ਨੇ ਸਾਰਾ ਘਰ ਛਾਣ ਦਿੱਤਾ। ਦੁਪਹਿਰ ਮਗਰੋਂ ਟੀਮ ਵਾਪਸ ਰਵਾਨਾ ਹੋ ਗਈ। ਪੰਚਕੂਲਾ ਪੁਲੀਸ ਦੀ ਟੀਮ ਬੱਲੂਆਣਾ ਵਿੱਚ ਨਹੀਂ ਗਈ, ਜਦੋਂ ਕਿ ਸਾਰਾ ਮੀਡੀਆ ਬੱਲੂਆਣਾ ਪੁੱਜਿਆ ਹੋਇਆ ਸੀ। ਸੂਤਰ ਦੱਸਦੇ ਹਨ ਕਿ ਸੁਖਦੀਪ ਕੌਰ ਦੇ ਨੇੜਲੇ ਪਰਿਵਾਰਕ ਮੈਂਬਰ ਵੀ ਬੱਲੂਆਣਾ ਤੋਂ ਰੂਪੋਸ਼ ਹੋ ਗਏ ਹਨ ਅਤੇ ਘਰ ਵਿੱਚ ਇਕੱਲਾ ਸੀਰੀ ਹੈ।
ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦਾ ਭਰਾ ਵੀ ਬਠਿੰਡਾ ਵਿੱਚ ਹੀ ਰਹਿ ਰਿਹਾ ਹੈ, ਜੋ ਸਿਹਤ ਵਿਭਾਗ ਵਿੱਚ ਫਰਮਾਸਿਸਟ ਹੈ। ਏਨਾ ਵੀ ਪਤਾ ਲੱਗਿਆ ਹੈ ਕਿ ਸੁਖਦੀਪ ਕੌਰ ਦਾ ਪੇਕਾ ਘਰ ਜ਼ਿਲ੍ਹਾ ਮੋਗਾ ਵਿੱਚ ਹੈ, ਜਿੱਥੇ ਆਉਂਦੇ ਦਿਨਾਂ ਵਿੱਚ ਪੰਚਕੂਲਾ ਪੁਲੀਸ ਦੇ ਜਾਣ ਦੀ ਚਰਚਾ ਹੈ।
ਕੈਪਟਨ ਵੱਲੋਂ ਖੱਟਰ ਦੇ ਬਿਆਨ ਦੀ ਨਿੰਦਾ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਨੀਪ੍ਰੀਤ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਭੂਮਿਕਾ ‘ਤੇ ਸਵਾਲ ਉਠਾਉਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਹਨੀਪ੍ਰੀਤ ਮਾਮਲੇ ਵਿੱਚ ਪੰਜਾਬ ਪੁਲੀਸ ‘ਤੇ ਲਾਏ ਦੋਸਾਂ ਬਾਰੇ ਕੈਪਟਨ ਨੇ ਕਿਹਾ ਕਿ ਡੇਰਾ ਸਿਰਸਾ ਮਾਮਲੇ ‘ਤੇ ਆਪਣੀ ਸਰਕਾਰ ਦੀ ਅਸਫ਼ਲਤਾ ਉੱਤੇ ਪਰਦਾ ਪਾਉਣ ਲਈ ਖੱਟਰ ਇਸ ਤਰ੍ਹਾਂ ਦੀਆਂ ਮਨਘੜਤ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਚਕੂਲਾ ਹਿੰਸਾ ਮਗਰੋਂ ਹਰਿਆਣਾ ਵਿੱਚ ਪੂਰੀ ਤਰ੍ਹਾਂ ਕਾਨੂੰਨ-ਵਿਵਸਥਾ ਭੰਗ ਹੋ ਜਾਣ ਦੇ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਖੱਟਰ ਹੁਣ ਅਜਿਹੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕੈਪਟਨ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲੀਸ ਦੇ ਕੁਝ ਸੀਨੀਅਰ ਅਧਿਕਾਰੀ ਹਨੀਪ੍ਰੀਤ ਬਾਰੇ ਜਾਣਦੇ ਸਨ ਕਿ ਉਹ ਕਈ ਦਿਨਾਂ ਤੋਂ ਕਿੱਥੇ ਹੈ ਪਰ ਉਹ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਬਜਾਏ ਖੱਟਰ ਸਿਰਫ਼ ਪੰਜਾਬ ‘ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਤਰ੍ਹਾਂ ਦੀ ਕੋਸ਼ਿਸ਼ ਉਨ੍ਹਾਂ ਨੇ ਪੰਚਕੂਲਾ ਹਿੰਸਾ ਦੇ ਸਬੰਧ ਵਿੱਚ ਕੀਤੀ ਸੀ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਵੇਂ ਪੰਜਾਬ ਪੁਲੀਸ ਹਨੀਪ੍ਰੀਤ ਦਾ ਪਿੱਛਾ ਨਹੀਂ ਕਰ ਰਹੀ ਸੀ ਕਿਉਂਕਿ ਉਹ ਸੂਬੇ ਨੂੰ ਕਿਸੇ ਵੀ ਮਾਮਲੇ ਵਿੱਚ ਲੋੜੀਂਦੀ ਨਹੀਂ ਸੀ ਪਰ ਇਸ ਦੇ ਨਾਲ ਹੀ ਡੇਰਾ ਮੁਖੀ ਦੀ ਗੋਦ ਲਈ ਇਸ ਧੀ ਨੂੰ ਬਚਾਉਣ ਦਾ ਵੀ ਕੋਈ ਸਵਾਲ ਨਹੀਂ ਉਠਦਾ।