ਏਜੀਪੀਸੀ ਵੱਲੋਂ ਵੱਖ-ਵੱਖ ਦੇਸ਼ਾਂ ਨੂੰ ਗੁਰੂ-ਘਰਾਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਦੀ ਅਪੀਲ

ਏਜੀਪੀਸੀ ਵੱਲੋਂ ਵੱਖ-ਵੱਖ ਦੇਸ਼ਾਂ ਨੂੰ ਗੁਰੂ-ਘਰਾਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਦੀ ਅਪੀਲ

ਫਰੀਮੌਂਟ/ਬਿਊਰੋ ਨਿਊਜ਼ :
ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਸਿੱਖ ਗੁਰਧਾਮਾਂ ਦੀਆਂ ਜ਼ਮੀਨਾਂ ਦੀ ਰੱਖਿਆ ਲਈ ਇਕ ਨਿਮਰ ਬੇਨਤੀ ਜਾਰੀ ਕੀਤੀ ਹੈ। ਉਨ੍ਹਾਂ  ਕਿਹਾ ਕਿ ਬਹੁਤ ਸਾਰੀਆਂ ਥਾਵਾਂ ਉਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ  ਹੜੱਪੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਲੋਕਾਂ ਦੁਆਰਾ ਕਬਜ਼ੇ ਕੀਤੇ ਗਏ ਹਨ। ਇਨ੍ਹਾਂ ਜ਼ਮੀਨਾਂ ਨੂੰ ਖਾਲੀ ਕਰਵਾਉਣ ਲਈ ਕਰੜੇ ਯਤਨ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਇਹ ਜਾਇਦਾਦਾਂ ਗੁਰੂ ਘਰਾਂ ਦੀਆਂ ਹਨ।
ਏਜੀਪੀਸੀ ਦੇ ਪ੍ਰਧਾਨ ਜੇ.ਐਸ. ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇੱਥੇ ਜਾਰੀ ਸਾਂਝੇ ਬਿਆਨ ‘ਚ ਕਿਹਾ ਕਿ ਭਾਰਤ ਵਿਚ ਵੱਖ ਵੱਖ ਗੁਰਦੁਆਰਿਆਂ ਦੀਆਂ ਜ਼ਮੀਨਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਮੁਤਾਬਕ ਭਾਰਤ ਵਿਚ ਸਿੱਕਮ ਵਿਚ ਸਿੱਖਾਂ ਨੂੰ ਆਪਣੇ ਘਰਾਂ ਵਿਚੋਂ ਜ਼ਬਰਦਸਤੀ ਬੇਦਖ਼ਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੇ ਗੁਰਦੁਆਰਾ ਗੁਰੂ ਡੋਂਗਮਾਰ ਸਾਹਿਬ ਵਿਖੇ ਜ਼ਮੀਨ ਕਬਜ਼ੇ ਵਿਚ ਰੱਖੀ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਉਤਰਾਖੰਡ ਦੇ ਹਰਿਦੁਆਰ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਜ਼ਮੀਨ ਨੂੰ ਜ਼ਬਰਦਸਤੀ ਖੋਹਿਆ ਗਿਆ ਹੈ।
ਅਮਰੀਕੀ ਸਿੱਖ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਸਿੱਖਾਂ ਦਾ ‘ਨਾਨਕਸ਼ਾਹੀ’ ਨਾਂ ਦਾ ਵੱਡਾ ਗੁਰੂਦੁਆਰਾ ਹੈ, ਜਿਸ ਦੀ ੬੩ ਏਕੜ ਜ਼ਮੀਨ ਉਤੇ ਕਬਜ਼ਾ ਕਰਕੇ ਢਾਕਾ ਯੂਨੀਵਰਸਿਟੀ ਕੈਂਪਸ ਉਸਾਰ ਦਿਤਾ ਗਿਆ ਹੈ। ਅਫਗਾਨਿਸਤਾਨ ਦੇ ਗੁਰਦੁਆਰਾ ‘ਕਰਤਾ ਪਰਵਾਨ’ ਦੀ ਕਾਫੀ ਜ਼ਮੀਨ ਵੀ ਦੱਬੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਨੇਪਾਲ ਵਿਚ ਗੁਰਦੁਆਰੇ ਅਤੇ ਉਨ੍ਹਾਂ ਦੀ ਜ਼ਮੀਨ ਸਰਕਾਰ ਦੇ ਪ੍ਰਬੰਧ ਅਧੀਨ ਕੀਤੇ ਗਏ ਸਨ, ਜਿਨ੍ਹਾਂ ਨੂੰ ਦੁਬਾਰਾ ਸਿੱਖਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਗੁਰਦੁਆਰਿਆਂ ਦਾ ਪ੍ਰਬੰਧ ਖੁਦ ਕਰ ਸਕਣ। ਇਸੇ ਤਰ੍ਹਾਂ ਇਰਾਕ ਵਿਚ, ਉਹ ਜਗ੍ਹਾ, ਜਿੱਥੇ ਗੁਰੂ ਨਾਨਕ ਦੇਵ ਜੀ ਬਗਦਾਦ ਵਿਖੇ ਆਏ ਸਨ, ਨੂੰ ਵੀ ਸਿੱਖਾਂ ਨੂੰ ਦੇਣਾ ਚਾਹੀਦਾ ਹੈ। ਪਾਕਿਸਤਾਨ ਵਿਚ ਇਹ ਰਿਕਾਰਡ ਵਿਚ ਹੈ ਕਿ 64,000 ਏਕੜ ਜ਼ਮੀਨ ਸਿੱਖਾਂ ਦੀ ਹੈ ਅਤੇ 16000 ਏਕੜ ਜ਼ਮੀਨ ਇਕੱਲੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਨਾਲ ਸਬੰਧਿਤ ਹੈ। ਇਸ ਜ਼ਮੀਨ ਵਿਚੋਂ ਵੀ ਬਹੁਤ ਸਾਰੀ ਉਤੇ ਨਜਾਇਜ਼ ਕਬਜ਼ੇ ਹੋ ਚੁੱਕੇ ਹਨ, ਜਾਂ ਹੇਰਾਫੇਰੀ ਨਾਲ ਸਸਤੇ ਭਾਅ ਉਤੇ ਲੀਜ਼ ‘ਤੇ ਦਿਤੀ ਗਈ ਹੈ।
ਇਸੇ ਤਰ੍ਹਾਂ ਨਨਕਾਣਾ ਸਾਹਬ ਵਿਖੇ ਈਟੀਪੀਬੀ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਵਾਸਤੇ ਐਕਵਾਇਰ ਕੀਤੀ 100 ਏਕੜ ਜ਼ਮੀਨ ਵਾਪਸ ਨਹੀਂ ਕਰ ਰਿਹਾ। ਲਾਹੌਰ ਵਿਚ ਚੂਨਾ ਮੰਡੀ ਵਿਖੇ ਇਕ ਪਵਿੱਤਰ ਅਸਥਾਨ ਹੈ, “ਦੀਵਾਨ ਖਾਨਾ“  ਜਿੱਥੇ “ਸ਼ਬਦ ਹਜ਼ਾਰੇ”  ਦੀ ਪਵਿੱਤਰ ਬਾਣੀ ਦੀ ਰਚਨਾ ਹੋਈ, ਨੂੰ ਸਥਾਨਕ ਲੋਕਾਂ ਦੁਆਰਾ ਦੱਬ ਲਿਆ ਗਿਆ ਹੈ ਅਤੇ ਸਬੰਧਿਤ ਜ਼ਮੀਨ ਉੱਤੇ ਇਕ ਪਲਾਜ਼ਾ ਉਸਾਰਿਆ ਗਿਆ ਹੈ। ਇਸੇ ਤਰ੍ਹਾਂ, ਗੁਰਦੁਆਰਾ ਡੇਰਾ ਚਾਹਲ ਲਾਹੌਰ ਦੀ ਲਗਭਗ 35 ਏਕੜ ਜ਼ਮੀਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਸਥਾਨਕ ਸਿੱਖਾਂ ਦੀ ਸਮੇਂ ਸਿਰ ਕੀਤੀ ਪਹਿਲਕਦਮੀ ਤੋਂ ਬਾਅਦ ਰੋਕ ਦਿੱਤਾ ਗਿਆ। ਉਨ੍ਹਾਂ ਨੇ ਅਪੀਲ ਕੀਤੀ ਕਿ ਜਿਸ ਭੂਮੀ ਦਾ ਸਬੰਧ ਇਤਿਹਾਸਕ ਗੁਰਦੁਆਰਿਆਂ  ਨਾਲ ਹੈ, ਨੂੰ ਭੂ-ਮਾਫੀਆ ਤੋਂ ਖਾਲੀ ਕਰਵਾਉਣਾ ਚਾਹੀਦਾ ਹੈ ਅਤੇ ਸਿੱਖਾਂ ਦੇ ਹਵਾਲੇ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਬਤ ਇਕ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਹਾਲ ਹੀ ‘ਚ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਦੇ ਪਰਿਵਾਰ ਨੂੰ ਇਕ ਥਾਂ ਵਿਚੋਂ ਕੱਢਿਆ ਵੀ ਗਿਆ ਹੈ। ਇਸ ਲਈ ਪਾਕਿਸਤਾਨ ਅਤੇ ਹੋਰ ਥਾਵਾਂ ‘ਤੇ ਸਹੀ ਢੰਗ ਨਾਲ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।