ਸ਼ਕਤੀਸ਼ਾਲੀ ਚੀਨ ਦੇ ਟਾਕਰੇ ਲਈ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਸਹਿਯੋਗ ਲਈ ਹੋਏ ਸਹਿਮਤ

ਸ਼ਕਤੀਸ਼ਾਲੀ ਚੀਨ ਦੇ ਟਾਕਰੇ ਲਈ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਸਹਿਯੋਗ ਲਈ ਹੋਏ ਸਹਿਮਤ

ਮਨੀਲਾ/ਬਿਊਰੋ ਨਿਊਜ਼:
ਤਜਵੀਜ਼ਤ ਚਹੁੰ-ਪੱਖੀ ਗਠਜੋੜ ਤਹਿਤ ਸੁਰੱਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਨ ਦਾ ਸੰਕੇਤ ਦਿੰਦਿਆਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਰਣਨੀਤਕ ਪੱਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤਾਂ ‘ਤੇ ਪਹਿਰਾ ਦੇਣ ਲਈ ਵਿਸਤਾਰ ਨਾਲ ਗੱਲਬਾਤ ਕੀਤੀ। ਇਸ ਖਿੱਤੇ ਵਿੱਚ ਚੀਨ ਹਮਲਾਵਰ ਰੁਖ਼ ਅਪਣਾਉਂਦਿਆਂ ਆਪਣੀ ਫੌਜੀ ਮੌਜੂਦਗੀ ਵਧਾ ਰਿਹਾ ਹੈ।
ਚਹੁੰ-ਪੱਖੀ ਸੁਰੱਖਿਆ ਸੰਵਾਦ ਦਾ ਸਰੂਪ ਤੈਅ ਕਰਨ ਦੀ ਦਿਸ਼ਾ ਵਿੱਚ ਵੱਡੇ ਕਦਮ ਵਜੋਂ ਦੇਖੀ ਜਾ ਰਹੀ ਇਸ ਮੀਟਿੰਗ ਵਿੱਚ ਅਧਿਕਾਰੀਆਂ ਨੇ ਅਤਿਵਾਦ ਤੇ ਹੋਰ ਸੁਰੱਖਿਆ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਟਾਕਰੇ ਦਾ ਰਾਹ ਲੱਭਣ ਤੋਂ ਇਲਾਵਾ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਬਣੇ ਸੁਰੱਖਿਆ ਪਰਿਪੇਖ ਬਾਰੇ ਵਿਚਾਰ-ਵਟਾਂਦਰਾ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਸ ਇਲਾਕੇ ਵਿੱਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਨੂੰ ਹੁਲਾਰਾ ਦੇਣ ਉਤੇ ਧਿਆਨ ਕੇਂਦਰਤ ਕਰਨ ਦੇ ਨਾਲ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤਾਂ ਦੇ ਮੁੱਦੇ ਵਿਚਾਰੇ ਗਏ।
ਇਹ ਮੀਟਿੰਗ ਇੱਥੇ ਹੋ ਰਹੇ ਆਸੀਆਨ ਅਤੇ ਪੂਰਬੀ ਏਸ਼ੀਆ ਸੰਮੇਲਨਾਂ ਤੋਂ ਪਹਿਲਾਂ ਹੋਈ। ਇਨ੍ਹਾਂ ਸੰਮੇਲਨਾਂ ਵਿੱਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਪਹਿਲਾਂ ਹੀ ਇੱਥੇ ਪੁੱਜ ਚੁੱਕੇ ਹਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ”ਅਧਿਕਾਰੀ ਇਸ ਗੱਲ ਉਤੇ ਸਹਿਮਤ ਹੋਏ ਕਿ ਖੁੱਲ੍ਹਾ, ਖ਼ੁਸ਼ਹਾਲ ਅਤੇ ਇਕਜੁੱਟ ਭਾਰਤ-ਪ੍ਰਸ਼ਾਂਤ ਖਿੱਤਾ ਲੰਮੇ ਸਮੇਂ ਤੱਕ ਇਸ ਖਿੱਤੇ ਦੇ ਸਾਰੇ ਮੁਲਕਾਂ ਤੇ ਵਿਸ਼ਵ ਦੇ ਹਿੱਤ ਵਿੱਚ ਹੋਵੇਗਾ। ਅਧਿਕਾਰੀਆਂ ਨੇ ਅਤਿਵਾਦ ਦੀ ਚੁਣੌਤੀ ਅਤੇ ਇਸ ਖਿੱਤੇ ਉਤੇ ਅਸਰ ਪਾ ਰਹੀਆਂ ਪਸਾਰਵਾਦੀ ਰੁਚੀਆਂ ਵਰਗੀਆਂ ਸਾਂਝੀਆਂ ਚੁਣੌਤੀਆਂ ਦੇ ਨਾਲ ਨਾਲ ਸੰਪਰਕ ਵਧਾਉਣ ਬਾਰੇ ਚਰਚਾ ਕੀਤੀ।”
ਬਿਆਨ ਵਿੱਚ ਕਿਹਾ ਗਿਆ ਕਿ ਭਾਰਤ ਨੇ ਆਪਣੀ ਪੂਰਬ ਨਾਲ ਮਿਲ ਕੇ ਚੱਲਣ ਵਾਲੀ ਨੀਤੀ (ਐਕਟ ਈਸਟ ਪਾਲਸੀ) ਨੂੰ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਆਪਣੀ ਵਚਨਬੱਧਤਾ ਦਾ ਧੁਰਾ ਦੱਸਿਆ। ਪ੍ਰਧਾਨ ਮੰਤਰੀ ਮੋਦੀ ਦੀ ਭਲਕੇ ਟਰੰਪ ਤੇ ਐਬੇ ਨਾਲ ਦੁਵੱਲੀ ਗੱਲਬਾਤ ਹੋਣੀ ਹੈ ਅਤੇ ਇਨ੍ਹਾਂ ਮੀਟਿੰਗਾਂ ਵਿੱਚ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸੁਰੱਖਿਆ ਪਰਿਪੇਖ ਦਾ ਮੁੱਦਾ ਵੀ ਉੱਠ ਸਕਦਾ ਹੈ। ਭਾਰਤ, ਅਮਰੀਕਾ, ਆਸਟਰੇਲੀਆ ਤੇ ਜਾਪਾਨ ਦੀ ਸ਼ਮੂਲੀਅਤ ਵਾਲੇ ਚਹੁੰ-ਪੱਖੀ ਸੁਰੱਖਿਆ ਸੰਵਾਦ ਦਾ ਸਰੂਪ ਤੈਅ ਕਰਨ ਦਾ ਵਿਚਾਰ 10 ਸਾਲ ਪਹਿਲਾਂ ਆਇਆ ਸੀ ਪਰ ਇਹ ਅੱਜ ਤੱਕ ਸਾਹਮਣੇ ਨਹੀਂ ਆਇਆ ਸੀ।
ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਚਾਰੇ ਮੁਲਕਾਂ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਟੋਕੀਓ ਇਸ ਚਹੁੰ-ਪੱਖੀ ਸੰਵਾਦ ਦਾ ਹਮਾਇਤੀ ਹੈ। ਜਾਪਾਨ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਭਾਰਤ ਨੇ ਕਿਹਾ ਸੀ ਕਿ ਉਹ ਆਪਣੇ ਹਿੱਤਾਂ ਨੂੰ ਅੱਗੇ ਲੈ ਜਾਣ ਵਾਲੇ ਮਸਲਿਆਂ ਉਤੇ ਹਮਖਿਆਲੀ ਮੁਲਕਾਂ ਨਾਲ ਕੰਮ ਕਰਨ ਲਈ ਤਿਆਰ ਹੈ। ਅਮਰੀਕਾ ਤੇ ਜਾਪਾਨ ਇਸ ਖਿੱਤੇ ਵਿੱਚ ਭਾਰਤ ਦੀ ਜ਼ਿਆਦਾ ਅਹਿਮੀਅਤ ਉਤੇ ਜ਼ੋਰ ਦੇ ਰਹੇ ਹਨ।
ਚੀਨ ਵੱਲੋਂ ਦੱਖਣੀ ਚੀਨ ਸਾਗਰ ਵਿੱਚ ਫੌਜੀ ਟਿਕਾਣੇ ਬਣਾਉਣ ਦਾ ਮੁੱਦਾ ਵੀ ਅੱਜ ਦੀ ਇਸ ਮੀਟਿੰਗ ਵਿੱਚ ਵਿਚਾਰਿਆ ਗਿਆ। ਮੀਟਿੰਗ ਵਿੱਚ ਸਾਰੇ ਮੁਲਕਾਂ ਦੇ ਵਿਦੇਸ਼ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਭਾਰਤ ਵੱਲੋਂ ਸੰਯੁਕਤ ਸਕੱਤਰ (ਦੱਖਣੀ ਡਿਵੀਜ਼ਨ) ਵਿਨੈ ਕੁਮਾਰ ਅਤੇ ਸੰਯੁਕਤ ਸਕੱਤਰ (ਪੂਰਬ ਏਸ਼ੀਆ) ਪ੍ਰਣਯ ਵਰਮਾ ਹਾਜ਼ਰ ਸਨ।

ਮੋਦੀ ਦੀ ਟਰੰਪ ਤੇ ਕੇਕਿਆਂਗ ਨਾਲ ਗ਼ੈਰ-ਰਸਮੀ ਮੀਟਿੰਗ
ਮਨੀਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸੀਆਨ ਦੀ 50ਵੀਂ ਵਰ੍ਹੇਗੰਢ ਸਬੰਧੀ ਰਾਤਰੀ ਭੋਜ ਤੋਂ ਇਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਆਂਗ ਨਾਲ ਗ਼ੈਰ ਰਸਮੀ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੂੰ ਆਗੂਆਂ ਦੇ ਸਵਾਗਤ ਵਿੱਚ ਹੋਏ ਇਸ ਸਮਾਰੋਹ ਦੌਰਾਨ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਐਬੇ, ਰੂਸ ਦੇ ਪ੍ਰਧਾਨ ਮੰਤਰੀ ਦਮਿੱਤਰੀ ਮੈਦਵਦੇਵ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨਾਲ ਵੀ ਗੁਫ਼ਤਗੂ ਕਰਦੇ ਦੇਖਿਆ ਗਿਆ। ਫਿਲਪੀਨ ਦੇ ਰਾਸ਼ਟਰਪਤੀ ਰੋਡਰੀਗੋ ਡੁਟੇਰਟ ਦੀ ਮੇਜ਼ਬਾਨੀ ਵਿੱਚ ਇੱਥੇ ਪਾਸੇ ਸ਼ਹਿਰ ਦੇ ਐਸਐਮਐਕਸ ਕਨਵੈਨਸ਼ਨ ਸੈਂਟਰ ਵਿੱਚ ਹੋਏ ਇਸ ਸਮਾਰੋਹ ਵਿੱਚ ਸ੍ਰੀ ਮੋਦੀ ਨੇ ਕਈ ਹੋਰ ਆਗੂਆਂ ਨਾਲ ਸੰਖੇਪ ਗੱਲਬਾਤ ਕੀਤੀ।