ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ‘ਚ ‘ਦਸਤਾਰ’ ਦੀ ਬੇਅਦਬੀ ਦਾ ਜ਼ੋਰਦਾਰ ਵਿਰੋਧ

ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ‘ਚ ‘ਦਸਤਾਰ’ ਦੀ ਬੇਅਦਬੀ ਦਾ ਜ਼ੋਰਦਾਰ ਵਿਰੋਧ

‘ਸਵਾ ਲੱਖ ਸਿੰਘ’ ਨੇ ਪ੍ਰਬੰਧਕਾਂ ਨੂੰ ਕਾਰਵਾਈ ਮੁਲਤਵੀ ਕਰਨ ਲਈ ਕੀਤਾ ਮਜਬੂਰ
ਯੋਗੀ ਭਜਨ ਦੇ ਚੇਲਿਆਂ ਨੇ ਕੌਂਸਲੇਟ ਦੀ ਚਾਪਲੂਸੀ ਲਈ 
ਲੋਇਲਾ ਮੈਰੀਮੌਟ ਯੂਨੀਵਰਸਿਟੀ ‘ਚ ਰੱਖਿਆ ਸੀ ਪ੍ਰੋਗਰਾਮ
ਲਾਸ ਏਂਜਲਸ/ਬਿਊਰੋ ਨਿਊਜ਼:
ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਇੱਥੇ ਲੰਘੇ ਸ਼ੁਕਰਵਾਰ ਨੂੰ ਕਰਵਾਏ ਸੈਮੀਨਾਰ ‘ਚ ਪ੍ਰਬੰਧਕਾਂ ਨੂੰ ‘ਦਸਤਾਰ’ ਦੀ ਬੇਅਦਬੀ ਦੇ ਜ਼ੋਰਦਾਰ ਵਿਰੋਧ ਦਾ ਸਾਹਮਣ ਕਰਨਾ ਪਿਆ। ਯੋਗੀ ਭਜਨ ਦੇ ਚੇਲਿਆਂ ਵਲੋਂ ਭਾਰਤੀ ਕੌਂਸਲੇਟ ਦੀ ਚਾਪਲੂਸੀ ਲਈ ਲੋਇਲਾ ਮੈਰੀਮੌਟ ਯੂਨੀਵਰਸਿਟੀ ‘ਚ ‘ਸਿੱਖ ਅਤੇ ਜੈਨੀ ਅਧਿਆਪਨ’ ਵਿਭਾਗ ਦੇ ਸਹਿਯੋਗ ਨਾਲ ਰੱਖੇ ਇਸ ਪ੍ਰੋਗਰਾਮ ‘ਸਵਾ ਲੱਖ ਸਿੰਘ’ ਨੇ ਪ੍ਰਬੰਧਕਾਂ ਨੂੰ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ।
ਦਸਮ ਪਿਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਦੀ ਸਰਾਹਣਾ ਹਿੱਤ , ਲੋਇਲਾ ਮੈਰੀਮੌਟ ਯੂਨੀਵਰਸਿਟੀ ਵਿੱਚ ਸਾਰਾ ਦਿਨ ਚੱਲਣ ਵਾਲੇ ਸੈਮੀਨਾਰ ਵਿੱਚ ਉਦੋਂ ਖਲਬਲੀ ਮੱਚ ਗਈ ਜਦੋਂ ਪ੍ਰਬੰਧਕਾਂ ਨੇ ਭਾਰਤੀ ਕੌਸਲੇਟ ਦੇ ਸਿਰ ਉਤੇ ‘ਦਸਤਾਰ’ ਰੱਖਣ ਦੀ ਕੋਸ਼ਿਸ਼ ਕੀਤੀ। ਸਿੱਖ ਭਾਈਚਾਰੇ ਦੇ ਸਰਗਰਮ ਮੈਂਬਰ ਭਜਨ ਸਿੰਘ ਭਿੰਡਰ ਨੇ ਉੱਚੀ ਆਵਾਜ ਵਿੱਚ ਇਸ ਦਾ ਜ਼ਬਰਦਸਤ ਵਿਰੋਧ ਕੀਤਾ।
ਜਿਉ ਹੀ ਸਟੇਜ ਸੈਕਟਰੀ ਨੇ ਸਟੇਜ ਤੋਂ ਕਿਹਾ ਕਿ ”ਹੁਣ ਡਾ. ਸਹੋਤਾ (ਹਰਵਿੰਦਰ ਸਹੋਤਾ) ਭਾਰਤੀ ਕੌਂਸਲੇਟ ਅਸ਼ੋਕ ਵੈਂਕਟਸ਼ਨ ਦਾ ਸਨਮਾਨ ਕਰਨਗੇ” ਉਸੇ ਵੇਲੇ ਭਜਨ ਸਿੰਘ ਜੋ ਸਮਾਰੋਹ ਵਿੱਚ ਮੌਜੂਦ ਸਨ, ਨੇ ਆਪਣੀ ਕੁਰਸੀ ਤੋਂ ਉਠ ਕੇ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ”ਮੈਂ ਇਸ ਹਰਕਤ ਦਾ ਵਿਰੋਧ ਕਰਦਾ ਹਾਂ।”  ਉਸ ਵਕਤ ਡਾ. ਸਹੋਤਾ ‘ਦਸਤਾਰ’ ਲੈ ਕੇ ਭਾਰਤੀ ਕੌਸਲੇਟ ਵੱਲ ਵੱਧ ਰਹੇ ਸਨ। ਭਾਰਤੀ ਕੌਸਲੇਟ ਮਿਸਟਰ ਅਸ਼ੋਕ ਨੂੰ ਸੰਬੋਧਨ ਹੁੰਦਿਆਂ , ਭਜਨ ਸਿੰਘ, ਜਿਹੜੇ ਸਿੱਖ ਇਨਫਰਮੇਸ਼ਨ ਸੈਂਟਰ ਦੇ ਸੰਸਥਾਪਕ ਹਨ,  ਨੇ ਆਪਣਾ ਵਿਰੋਧ ਜਾਰੀ ਰੱਖਦਿਆਂ ਕਿਹਾ ਕਿ ” ਗੁਰੂ ਗੋਬਿੰਦ ਸਿੰਘ ਜੀ ਮਹਾਨ ਯੋਧੇ ਸਨ ਅਤੇ ਤੁਸੀਂ ਬੁਜ਼ਦਿਲ ਸਰਕਾਰ ਦੇ ਨੁਮਾਇੰਦੇ ਹੋ, ਜਿਸ ਨੇ ਹਜ਼ਾਰਾਂ ਸਿੱਖਾਂ ਦਾ ਦਿੱਲੀ ਵਿੱਚ ਕਤਲੇਆਮ ਕੀਤਾ। ਅਸੀਂ ਇਸ ਵੱਡੇ ਦੁਖਾਂਤ ਦਾ ਅਸਰ ਭੁਗਤ ਰਹੇ ਹਾਂ। ਤੁਸੀਂ ਉਸੇ ਭਾਰਤੀ ਸਰਕਾਰ ਦੇ ਨੁਮਾਇੰਦੇ ਬਣ ਕੇ ਆਏ ਹੋ ਅਤੇ ਕਹਿ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ‘ਸੱਚ’ ਦੇ ਰੱਖਿਅਕ ਸਨ ਪਰ ਤੁਸੀਂ ਇੱਥੇ ‘ਅਸੱਤ’ ਦੀ ਨੁਮਾਇੰਦਗੀ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ‘ਬਰਾਬਰਤਾ’ ਦਾ ਹੋਕਾ ਦਿੰਦੇ ਸਨ ਪਰ ਤੁਸੀਂ ਜਾਤ-ਪਾਤ ਦੀ ਨੁਮਾਇੰਦਗੀ ਕਰ ਰਹੇ ਹੋ। ਤੁਸੀਂ ਜਾਤੀਵਾਦ ਦੇ ਸਮਰਥਕ ਹੋ। ਤੁਹਾਡਾ ਸੰਬੰਧ ‘ਹਿੰਦੂਤਵੀ’ ਤਾਕਤਾਂ ਨਾਲ ਹੈ। ਇਸ ਤਰਾਂ ਤੁਹਾਡਾ ਇਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਨੁਮਾਇੰਦਗੀ ਕਰਨ ਦਾ ਕੋਈ ਹੱਕ ਨਹੀਂ ਬਣਦਾ। ਅਸੀਂ ਤੁਹਾਡਾ ਇੱਥੇ ਆਉਣ ਦਾ ਕਰੜੇ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ”
ਇਸ ਸਮਾਰੋਹ ਨੂੰ ਭਾਰਤੀ ਕੌਸਲਖਾਨੇ ਦੇ ਨਾਲ ਨਾਲ ਲੌਇਲਾ ਮੈਰੀਮਾਉਟ ਯੂਨੀਵਰਸਿਟੀ ਦੇ ‘ਸਿੱਖ ਅਤੇ ਜੈਨੀ ਅਧਿਆਪਨ’ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਸੀ। ਜਦੋਂ ਭਜਨ ਸਿੰਘ ਹੁਰਾਂ ਵਿੱਰੋਧ ਕੀਤਾ ਤਾਂ ਸਮਾਰੋਹ ਦੇ ਪ੍ਰਬੰਧਕਾਂ ਨੇ ‘ਗ੍ਰਿਫ਼ਤਾਰ ਕਰਾਉਣ’ ਦੀ ਧਮਕੀ ਦਿੱਤੀ।
ਇਸ ਦੇ ਉਤਰ ਵਿੱਚ ਭਜਨ ਸਿੰਘ ਬਿੰਡਰ ਨੇ ਕਿਹਾ ਕਿ ”ਮੈਨੂੰ ਗ੍ਰਿਫ਼ਤਾਰੀ ਦੀ ਕੋਈ ਪ੍ਰਵਾਹ ਨਹੀਂ ਪਰ ਤੁਸੀਂ ਭਾਰਤੀ ਕੌਸਲੇਟ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ’ ਦੀ ਬਖ਼ਸ਼ਿਸ਼ ‘ਦਸਤਾਰ’ ਨਹੀਂ ਰੱਖ ਸਕਦੇ। ਇਹ ਸਿੱਖੀ ਦੀ ਭਾਰੀ ਬੇਅਦਬੀ ਵਾਲੀ ਕਾਰਵਾਈ ਹੈ।” ਉਸਨੇ ਗੂੰਜਵੀਂ ਸੁਰ ਵਿੱਚ ”ਦਸਤਾਰ ਨੂੰ ਇਸ ਵਿਅਕਤੀ ਤੋਂ ਦੂਰ ਲੈ ਜਾਓ!”
ਪ੍ਰਬੰਧਕਾਂ ਨੇ ਹਾਲ ਵਿੱਚ ਸੁਰੱਖਿਆ ਕਰਮੀ ਬੁਲਾ ਲਏ ਪਰ ਸਿੱਖ ਵਿਖਾਵਾਕਾਰੀ ਦਾ ਰੋਸ ਸ਼ਾਂਤੀਪੂਰਬਕ ਅਤੇ ਸਲੀਕੇ ਵਿੱਚ ਹੋਣ ਕਾਰਨ ਸੁਰੱਖਿਆ ਮੁਲਜ਼ਮਾਂ ਨੇ ਕੋਈ ਕਾਰਵਾਈ ਕਰਨ ਦੀ ਥਾਂ ਉਸਨੂੰ ਚੁੱਪ ਕਰਨ ਦੀ ਬੇਨਤੀ ਕੀਤੀ ਜਿਸ ਬਾਰੇ ਭਜਨ ਸਿੰਘ ਭਿੰਡਰ ਨੇ ਕਹਿਣਾ ਜਾਰੀ ਰੱਖਿਆ ਕਿ ਇਹ ਭਾਰਤ ਨਹੀਂ, ਅਮਰੀਕਾ ਹੈ ਤੇ ਉਸਨੂੰ ਅਪਣਾ ਜਾਇਜ਼ ਰੋਸ ਪ੍ਰਗਟਾਉਣ ਦਾ ਲੋਕ ਰਾਜੀ ਹੱਕ ਹੈ।
ਬਹੁਤ ਹੀ ਘੱਟ ਲੋਕਾਂ ਦੀ ਹਾਜ਼ਰੀ ਵਿੱਚ ਹੋ ਰਹੇ ਇਸ ਸਮਾਰੋਹ ਦੀ ਕਾਰਵਾਈ ਠੱਪ ਹੋ ਕੇ ਰਹਿ ਗਈ ਅਤੇ ਕੋਈ ਵਾਹ ਨਾ ਚਲਦੀ ਵੇਖ ਪ੍ਰਬੰਧਕਾਂ ਨੇ ਸਥਿੱਤੀ ਸੰਭਾਲਣ ਲਈ ਚਾਹ ਦੇ ਟਾਈਮ ਦੀ ਐਲਾਨ ਕਰ ਦਿੱਤਾ ਅਤੇ ਸਾਰੇ ਲੋਕ ਸੈਮੀਨਾਰ ਹਾਲ ਵਿਚੋਂ ਹੌਲੀ ਹੌਲੀ ਬਾਹਰ ਖਿਸਕ ਗਏ। ਕੁਝ ਲੋਕ ਭਜਨ ਸਿੰਘ ਭਿੰਡਰ ਦੇ ਦੁਆਲੇ ਇਕਠੇ ਹੋ ਕੇ ਉਨ੍ਹਾਂ ਨੂੰ ਜ਼ਬਰਦਸਤੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਭਜਨ ਸਿੰਘ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ”ਕੋਈ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰੇ।  ਸਮਾਰੋਹ ਵਿੱਚ ਹਾਜ਼ਰ ਬਹੁਤੇ ਲੋਕ ‘ਯੋਗੀ ਭਜਨ’ ਦੇ ਸਿੱਖ ਧਰਮਾ ਗਰੁੱਪ ੩8 ਨਾਲ ਸੰਬੰਧਤ ਸਨ , ਇਸ ਲਈ ਭਜਨ ਸਿੰਘ ਨੇ  ‘ਯੋਗੀ’ ਜਿਸ ਦੀ ਸੰਨ 2004 ਵਿੱਚ ਮੌਤ ਹੋ ਚੁੱਕੀ ਹੈ , ਉਸ ਉਤੇ ‘ਨਿਊ ਯਾਰਕ ਟਾਈਮਜ’ ਵਿੱਚ ਲੱਗੇ ਸਰੀਰਕ ਸੰਬੰਧਾਂ ਕਾਰਨ ਦੋਸ਼ਾਂ ਦਾ ਹਵਾਲਾ ਵੀ ਦਿੱਤਾ।
ਇਸ  ਦੌਰਾਨ ਅਗਲੀ ਕਤਾਰ ਵਿੱਚ ਬੈਠੀ ਇਕ ਔਰਤ ਉੱਠ ਕੇ ਉੱਥੇ ਆ ਗਈ ਤੇ ਉਸਨੇ ਆਪਣੇ ਹੱਥ ਵਿੱਚ ਫੜਿਆ ਕਿਤਾਬਚਾ ਭਜਨ ਸਿੰਘ ਦੇ ਮਾਰਿਆ ।  ਦਸਿਆ ਜਾਂਦਾ ਹੈ ਕਿ ਉਹ ਔਰਤ ਮਰਹੂਮ ਜੋਗੀ ਹਰਭਜਨ ਦੀ ਧੀ ਸੀ ਤੇ ਅਪਣੇ ਪਿਓ ਦੀ ਆਲੋਚਨਾ ਕੀਤੇ ਜਾਣ ਤੋਂ ਔਖੀ ਸੀ।
ਸੁਰਖਿਆ ਗਾਰਦਾਂ ਅਤੇ ਪ੍ਰਬੰਧਕਾਂ ਨੇ ਭਜਨ ਸਿੰਘ ਦੁਆਲੇ ਘੇਰਾ ਬੰਨ੍ਹਿਆ ਪਰ ਭਜਨ ਸਿੰਘ ਨੂੰ ਬੋਲ ਕੇ ਰੋਸ ਪ੍ਰਗਟਾਉਣ ਤੋ ਰੋਕ ਨਾ ਸਕੇ। ਭਜਨ ਸਿੰਘ ਹੁਰਾਂ ਵਿਰੋਧ ਜਾਰੀ ਰੱਖਦਿਆਂ ‘ਰਾਜ ਕਰੇਗਾ ਖਾਲਸਾ’ , ਮੂਲ ਨਿਵਾਸੀ ਜ਼ਿੰਦਾਬਾਦ , ‘ਹਿੰਦੂਤਵੀ ਸਿੱਖ ‘ ਮੁਰਦਾਬਾਦ ਦੇ ਨਾਅਰੇ ਲਾਏ।
ਇਸ ਸਮਾਰੋਹ ਦੇ ਇਕ ਹਫ਼ਤਾ ਪਹਿਲਾਂ ਵੀ ਸਿੱਖ ਨੇਤਾਵਾਂ ਨੇ ਇਸ ਸਮਾਰੋਹ ਦਾ ਵਿਰੋਧ ਕੀਤਾ ਸੀ। ਲਾਸ ਏਂਜਲਸ
ਵੈਸਟ ਸੈਕਰਾਮੈਟੋ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਸੀ ਕਿ ”ਜਦੋਂ ਇਸ ਨੰਵਬਰ ਮਹੀਨੇ ਵਿੱਚ ਸਿੱਖ , ਦਿੱਲੀ ਵਿੱਚ 33 ਸਾਲ ਪਹਿਲਾਂ ਹੋਈ ‘ਸਿੱਖ ਨਸਲਕੁਸ਼ੀ’, ਜਿਸ ਦੇ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ, ਦਾ ਸੋਗ ਮਨਾ ਰਹੇ ਹਨ, ਉਸੇ ਵਕਤ ਭਾਰਤੀ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਬਾਬਤ ਰੱਖਿਆ ਸਮਾਰੋਹ, ਭਾਰਤੀ ਸਰਕਾਰ ਦੀ ਆਕੜ ਦਰਸਾ ਰਿਹਾ ਹੈ।”
ਇਸੇ ਤਰਾਂ ਫਰੀਮੌਟ ਗੁਰਦੁਆਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਕਿਹਾ ਕਿ ” ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਹਿਲੇ ਗੁਰੂ ਸਾਹਿਬਾਂ ਵਲੋਂ ਸਮਾਜ ਦੇ ਨੀਵਿਆਂ ਅਤੇ ਅੱਜ ਦੇ ਕਹੇ ਜਾਣ ਵਾਲੇ ਦਲਿਤਾਂ ਨੂੰ ਤਾਕਤ ਬਖਸ਼ਣ ਦਾ ਸਿਧਾਂਤ ਜਾਰੀ ਰਖਿਆ ਸੀ। ਪਰ ਅੱਜ ਦੀ ਜਾਤ ਪਾਤ ਵਿੱਚ ਵਿਸ਼ਵਾਸ਼ ਰੱਖਣ ਵਾਲੀ ਭਾਰਤੀ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਆਪਣੇ ਹਿੱਤਾਂ ਲਈ ਵਰਤਣਾ ਬਹੁਤ ਨਿੰਦਣਯੋਗ ਅਤੇ ਦਰਦਨਾਕ ਹੈ”।
ਚੇਤੇ ਰਹੇ ਸਿੱਖ ਭਾਈਚਾਰੇ ਦੇ ਸਰਗਰਮ ਆਗੂਆਂ ਵੈਸਟ ਸੈਕਰਾਮੈਂਟੋ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਢਿਲੋਂ, ਭਜਨ ਸਿੰਘ ਭਿੰਡਰ ਅਤੇ ਫਰੀਮਾਂਟ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਜੰਡੀ ਨੇ ਵੱਖ ਵੱਖ ਬਿਆਨਾਂ ਰਾਹੀਂ ਕਿਹਾ ਸੀ ਕਿ ਕੌਂਸਲੇਟ ਜਨਰਲ ਵਲੋਂ ਅਜਿਹੇ ਸੈਮੀਨਾਰ ਕਰਵਾਉਣ ਦੀ ਸਾਜ਼ਿਸ਼ ਸਿੱਖਾਂ ਨੂੰ ਹਿੰਦੂਤਵ ਦੀ ਵਿਚਾਰਧਾਰਾ ਦੇ ਗੁਲਾਮ ਬਣਾਉਣ ਦੀ ਇਕ ਕੋਸ਼ਿਸ਼ ਹੈ। ਇਸ ਲਈ ਗੁਰੂ ਸਾਹਿਬ ਦਾ ਸਤਿਕਾਰ ਕਰਨ ਵਾਲਾ ਕੋਈ ਵੀ ਸਿੱਖ ਇਸ ਸੈਮੀਨਾਰ ਵਿਚ ਸ਼ਾਮਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਤਿਹਾਸਕ ਹਸਤੀਆਂ ਦਾ ਸਤਿਕਾਰ ਕਰਨ ਲਈ ਪਾਗਲਾਨਾ ਪਹੁੰਚ ਅਪਣਾ ਰਹੀ ਹੈ ਅਤੇ ਗੁਰੂ ਸਹਿਬਾਨ ਨੂੰ ਸਿਰਫ਼ ਆਪਣੇ ਮਕਸਦ ਲਈ ਵਰਤ ਰਹੀ ਹੈ। ਉਨ੍ਹਾਂ ਅਗਾਊ ਸੱਦਾ ਦਿੱਤਾ ਸੀ ਕਿ ਸਿੱਖਾਂ ਨੂੰ ਇਸ ਸੈਮੀਨਾਰ ਦਾ ਬਾਈਕਾਟ ਹੀ ਨਹੀਂ ਕਰਨਾ ਚਾਹੀਦਾ ਸਗੋਂ ਇਸ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ।

ਯੂਟਿਊਬ ਉੱਤੇ ਇਸ ਰਿਪੋਰਟ ਦੀ ਵੀਡੀਓ ਵੇਖਣ ਲਈ : ਲਿੰਕ.https://www.youtube.com/watch?v=b੨8V8uRjxp੪*feature=youtu.be

ਚਾਰ ਗੁਰਦੁਆਰਾ ਸਾਹਿਬਾਨ ਅਤੇ ਗੁਰਮਤਿ ਅਧਿਅਨ
ਨਾਲ ਸਬੰਧਿਤ ਸੰਸਥਾ ਨੇ ਕੀਤਾ ਸੀ ਵਿਰੋਧ
ਵਰਨਣਯੋਗ ਹੈ ਕਿ ਦੱਖਣੀ ਕੈਲੀਫੋਰਨੀਆਂ ਖੇਤਰ ਦੇ ਚਾਰ ਉੱਘੇ ਗੁਰਦੁਆਰਾ ਸਾਹਿਬਾਨ ਅਤੇ ਗੁਰਮਤਿ ਅਧਿਅਨ ਨਾਲ ਸਬੰਧਿਤ ਸੰਸਥਾ ਨੇ ਲਓਲਾ ਮੇਰੀਮਾਉਂਟ ਯੂਨੀਵਰਸਿਟੀ ਲਾਸ ਏਂਜਲਸ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਪੁਰਬ ਸਬੰਧੀ 10 ਨਵੰਬਰ ਨੂੰ ਕਰਵਾਏ ਜਾਣ ਵਾਲੇ ਸੈਮੀਨਾਰ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਦਿਆਂ ਸੀ ਕਿ ਉਸ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਸਿੱਖ ਗੁਰਦੁਆਰਾ ਸਾਹਿਬ ਲਾਸ ਏਂਜਲਸ ਲੈਂਕਰਸ਼ਿਮ, ਗੁਰੂ ਨਾਨਕ ਸਿੱਖ ਟੈਂਪਲ ਬਿਊਨਾ ਪਾਰਕ, ਸ੍ਰੀ ਗੁਰੁ ਸਿੰਘ ਸਭਾ ਵਾਲਨੱਟ, ਗੁਰਦੁਆਰਾ ਬਿਊਨਾ ਪਾਰਕ, ਸਟੈਨਟਨ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਗੁਰਮਤਿ ਸਟੱਡੀਜ ਨੇ ਇਸ ਸੈਮੀਨਾਰ ਅਤੇ ਉਸਦੀ ਹਮਾਇਤ ਸਬੰਧੀ ਅਖ਼ਬਾਰਾਂ ਵਿੱਚ ਛਪੇ ਇਸ਼ਤਿਹਾਰ ਬਾਰੇ ਜਾਰੀ ਇੱਕ ਸਾਂਝੇ ਲਿਖਤੀ ਬਿਆਨ ਰਾਹੀਂ ਸਪੱਸ਼ਟ ਕੀਤਾ ਸੀ ਇਹ ਪ੍ਰੋਗਰਾਮ ਕਰਾਉਣਾ ਬੇਮਾਅਨਾ ਹੈ ਕਿਉਂਕਿ ਭਾਰਤ ਤੇ ਵਿਦੇਸ਼ਾਂ ਵਿਚਲੀਆਂ ਸੰਗਤਾਂ ਤਾਂ ਗੁਰੂ ਸਾਹਿਬ ਦਾ ਗੁਰਪੁਰਬ ਬਹੁਤ ਸਮਾਂ ਪਹਿਲਾਂ ਮਨਾ ਚੁਕੀਆਂ ਹਨ। ਇਸਤੋਂ ਇਲਾਵਾ ਪ੍ਰਬੰਧਕਾਂ ਵਲੋਂ ਇਸ ਸੈਮੀਨਾਰ ਲਈ ਬੁਲਾਏ ਦੱਸੇ ਜਾਂਦੇ ਕਈ ਵਿਦਵਾਨਾਂ/ਬੁਲਾਰਿਆਂ ਦੇ ਸਿੱਖੀ ਵਿਰੋਧੀ ਕਿਰਦਾਰ ਨੂੰ ਵੇਖਦਿਆਂ ਉਪਰੋਕਤ ਗੁਰੂ ਘਰਾਂ ਦੀਆਂ ਸੰਗਤਾਂ ਨੇ ਇਸ ਨਾਲ ਕੋਈ ਸਬੰਧ ਰੱਖਣ ਦਾ ਸਰਬਸੰਮਤੀ ਨਾਲ ਨਿਰਣਾ ਲਿਆ ਸੀ।