ਪਾਕਿ ‘ਚ ਕੱਟੜਪੰਥੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ

ਪਾਕਿ ‘ਚ ਕੱਟੜਪੰਥੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਟਕਰਾਅ

ਛੇ ਲੋਕ ਮਾਰੇ ਗਏ, 200 ਤੋਂ ਵੱਧ ਜ਼ਖ਼ਮੀ  
ਸਥਿੱਤੀ ਕਾਬੂ ਹੇਠ ਰੱਖਣ ਲਈ ਸਰਕਾਰ ਨੂੰ ਰਾਜਧਾਨੀ ਵਿੱਚ ਬੁਲਾਉਣੀ ਪਈ ਫ਼ੌਜ

ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜਪਾਂ ਦੌਰਾਨ ਸਾੜੇ ਗਏ ਵਾਹਨ ਕੋਲੋਂ ਲੰਘਦਾ ਇਕ ਮੋਟਰਸਾਈਕਲ ਸਵਾਰ।     

ਇਸਲਾਮਾਬਾਦ/ਬਿਊਰੋ ਨਿਊਜ਼:
ਪਾਕਿਸਤਾਨ ਸਰਕਾਰ ਨੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜੱਪਾਂ ਜਿਸ ਵਿੱਚ ਛੇ ਲੋਕਾਂ ਦੀ ਮੌਤ ਤੇ 200 ਜ਼ਖ਼ਮੀ ਹੋ ਗਏ ਸਨ ਤੋਂ ਬਾਅਦ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਫੌਜ ਸੱਦ ਲਈ ਹੈ।
ਜ਼ਿਕਰਯੋਗ ਹੈ ਕਿ ਪੁਲੀਸ ਨੇ ਨੀਮ ਫੌਜੀ ਰੇਂਜਰਾਂ ਨਾਲ ਮਿਲ ਕੇ ਕੱਲ੍ਹ ਤਹਿਰੀਕ-ਏ-ਖਾਤਮ-ਏ-ਨਬੂਵਤ, ਤਹਿਰੀਕ-ਏ-ਲਬਾਇਕ ਯਾ ਰਸੂਲ ਅੱਲ੍ਹਾ ਅਤੇ ਸੁਨ੍ਹੀ ਤਹਿਰੀਕ ਪਾਕਿਸਤਾਨ ਧਾਰਮਿਕ ਗਰੁੱਪਾਂ ਜਿਨ੍ਹਾਂ ਨੇ ਲਗਪਗ ਤਿੰਨ ਹਫ਼ਤਿਆਂ ਤੋਂ ਇਸਲਾਮਾਬਾਦ ਨੂੰ ਜਾਂਦੇ ਕੌਮੀ ਸ਼ਾਹਰਾਹ ਨੂੰ ਜਾਮ ਕੀਤਾ ਹੋਇਆ ਸੀ ਨੂੰ ਉਥੋਂ ਹਟਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਸੀ। ਪੁਲੀਸ ਅਤੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਪਰ ਮੁਹਿੰਮ ਹਿੰਸਕ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ। ਬੀਤੇ ਦਿਨੀਂ ਹੋਈਆਂ ਇਨ੍ਹਾਂ ਝੜੱਪਾਂ ਵਿੱਚ ਛੇ ਵਿਅਕਤੀ ਮਾਰੇ ਗਏ ਸੀ। ਇਹ ਜਾਣਕਾਰੀ ਡਾਅਨ ਰਸਾਲੇ ਨੇ ਦਿੱਤੀ ਹੈ। ਡਾਅਨ ਅਨੁਸਾਰ ਕੋਈ ਸੁਰੱਖਿਆ ਮੁਲਾਜ਼ਮ ਇਸ ਦੌਰਾਨ  ਨਹੀਂ ਮਾਰਿਆ ਗਿਆ, ਪਰ ਨੌਂ ਸੀਨੀਅਰ ਪੁਲੀਸ ਅਧਿਕਾਰੀ ਇਨ੍ਹਾਂ ਝੜੱਪਾਂ ਵਿੱਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਰਾਵਲਪਿੰਡੀ ਸ਼ਹਿਰੀ ਪੁਲੀਸ ਚੀਫ ਇਸਰਾਰ ਅੱਬਾਸੀ ਵੀ ਸ਼ਾਮਲ ਹਨ। ਸਿਹਤ ਅਧਿਕਾਰੀਆਂ ਅਨੁਸਾਰ 200 ਤੋਂ ਵੱਧ ਲੋਕ ਇਨ੍ਹਾਂ ਝੜਪਾਂ ਵਿੱਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ 95 ਸੁਰੱਖਿਆ ਮੁਲਾਜ਼ਮ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਰਾਜਧਾਨੀ ਵਿੱਚ ਫੌਜ ਦੀ ਤਾਇਨਾਤੀ ਦੀ ਮੰਗ ਕਰਨ ਤੋਂ  ਬਾਅਦ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਅਤੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਇਸ ਮਾਮਲੇ ‘ਤੇ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ।

ਵਿਦਿਅਕ ਅਦਾਰੇ ਬੰਦ
ਲਾਹੌਰ: ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਖਰਾਬ ਹੋਏ ਹਾਲਾਤ ਦੇ ਮੱਦੇਨਜ਼ਰ ਦੋ ਦਿਨ ਵਿਦਿਅਕ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਵਿਦਿਅਕ ਅਦਾਰੇ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਰਹਿਣਗੇ। ਉੱਚ ਸਿੱਖਿਆ ਮੰਤਰੀ ਸਈਦ ਰਜ਼ਾ ਅਲੀ ਗਿਲਾਨੀ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।
‘ਪਾਕਿ ਦੇ ਪਰਮਾਣੂ ਹਥਿਆਰਾਂ ਤੋਂ ਜੰਗ ਦਾ ਖ਼ਤਰਾ’
ਵਾਸ਼ਿੰਗਟ/ਬਿਊਰੋ ਨਿਊਜ਼
ਪਾਕਿਸਤਾਨ ਦਾ ਰਣਨੀਤਕ ਪਰਮਾਣੂ ਹਥਿਆਰਾਂ ਬਾਰੇ ਪ੍ਰੋਗਰਾਮ ਖ਼ਿੱਤੇ ਦੀ ਸੁਰੱਖਿਆ ਲਈ ਨਾ ਸਿਰਫ਼ ਖ਼ਤਰਨਾਕ ਹੈ ਸਗੋਂ ਇਸ ਨਾਲ ਰਵਾਇਤੀ ਜੰਗ ਵੀ ਪਰਮਾਣੂ ਪੱਧਰ ਤਕ ਦੀ ਹੋ ਸਕਦੀ ਹੈ। ਅਮਰੀਕਾ ਦੀ ਅਟਲਾਂਟਿਕ ਕੌਂਸਲ ਵੱਲੋਂ ਜਾਰੀ ਕੀਤੀ ਗਈ ਰਿਪੋਰਟ ‘ਚ ਖ਼ਦਸ਼ਾ ਜਤਾਇਆ ਗਿਆ ਹੈ ਕਿ ਪਾਕਿਸਤਾਨ ‘ਚ ਪਰਮਾਣੂ ਹਥਿਆਰ ਚੋਰੀ ਹੋ ਸਕਦੇ ਹਨ ਜਾਂ ਉਨ੍ਹਾਂ ਦਾ ਕੰਟਰੋਲ ਕੱਟੜਪੰਥੀਆਂ ਦੇ ਹੱਥ ਆ ਸਕਦਾ ਹੈ। ਇਸ ਮਹੀਨੇ ਜਾਰੀ ਰਿਪੋਰਟ ‘ਦੂਜੇ ਪਰਮਾਣੂ ਯੁੱਗ ‘ਚ ਏਸ਼ੀਆ’ ‘ਚ ਕਿਹਾ ਗਿਆ ਹੈ ਕਿ ਖ਼ਿੱਤੇ ਨੂੰ ਖ਼ਤਰਾ ਪਰਮਾਣੂ ਹਥਿਆਰਾਂ ਤੋਂ ਨਹੀਂ ਹੈ ਸਗਰੋਂ ਇਨ੍ਹਾਂ ਦੀ ਰਾਖੀ ਕਰ ਰਹੀਆਂ ਸੰਸਥਾਵਾਂ ਤੋਂ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਆਧੁਨਿਕ ਪਰਮਾਣੂ ਹਥਿਆਰ ਬਣਾ ਰਿਹਾ ਹੈ।