ਬਾਦਲਾਂ ਦੇ ‘ਲਿਫਾਫੇ’ ਚੋਂ ਫਿਰ ਪ੍ਰਗਟ ਹੋਇਆ ਸ਼੍ਰੋਮਣੀ ਕਮੇਟੀ ਪ੍ਰਧਾਨ

ਬਾਦਲਾਂ ਦੇ ‘ਲਿਫਾਫੇ’ ਚੋਂ ਫਿਰ ਪ੍ਰਗਟ ਹੋਇਆ ਸ਼੍ਰੋਮਣੀ ਕਮੇਟੀ ਪ੍ਰਧਾਨ

ਸੰਤ ਲੌਂਗੋਵਾਲ ਦੇ ਖ਼ਾਸਮ ਖ਼ਾਸ ਰਹੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀ ਕਮਾਨ
ਵਿਚਾਰੇ ਬਡੂੰਗਰ ਨੂੰ ਅਪਣੇ ਅੱਥਰੂ ਛੁਪਾਉਣ ਲਈ ‘ਸ਼ੋਕ ਪ੍ਰਗਟਾਉਣ’ ਦੀ ਜੁੰਮੇਵਾਰੀ ਸੌਂਪ ਕੇ ਬਾਦਲਾਂ ਨੇ ਕੀਤੀ ਆਖ਼ਰੀ ਬਖ਼ਸ਼ਿਸ਼:
ਅੰਮ੍ਰਿਸਤਰ/ਬਿਊਰੋ ਨਿਊਜ਼:
ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਾਦਲ ਪਰਿਵਾਰ ਦੇ ਕਬਜ਼ੇ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਹੋਣਗੇ। ਉਨ੍ਹਾਂ ਨੂੰ ਚੁਣੇ ਜਾਣ ਦੀ ਰਸਮੀ ਕਾਰਵਾਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬੁੱਧਵਾਰ ਇੱਥੇ ਹੋਈ ਚੋਣ ਮੀਟਿੰਗ ਦੌਰਾਨ ਕੀਤੀ ਗਈ।
ਬੇਸ਼ੱਕ ਸਾਬਕਾ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਵਿੱਚ ਬਣੇ ਨਵੇਂ ਪੰਥਕ ਫਰੰਟ ਨੇ ਭਾਈ ਅਮਰੀਕ ਸਿੰਘ ਸ਼ਾਹਪੁਰ ਨੂੰ ਮੁਕਾਬਲੇ ਦਾ ਪ੍ਰਧਾਨਗੀ ਉਮੀਦਵਾਰ ਬਣਾਇਆ ਸੀ ਪਰ ਕਮੇਟੀ ਵਿੱਚ ਬਾਦਲ ਦਲ ਦੇ ਮੈਂਬਰਾਂ ਦੀ ਭਾਰੀ ਗਿਣਤੀ ਹੁੰਦਿਆਂ ਉਸਦਾ ਜਿੱਤਣਾ ਕਿਸੇ ਵੀ ਸੂਰਤ ਵਿੱਚ ਸੰਭਵ ਨਹੀਂ ਸੀ। ਕਮੇਟੀ ਦੇ ਹੋਰਨਾਂ ਅਹੁਦੇਦਾਰਾਂ ਦੇ ਨਾਂਅ ਵੀ ‘ਬਾਦਲਾਂ ਦੇ ਲਿਫਾਫੇ’ ‘ਚ ਬੰਦ ਸਨ।
ਆਖ਼ਰੀ ਖ਼ਬਰਾਂ ਮਿਲਣ ਵੇਲੇ ਤੱਕ ਚੋਣ ਕਾਰਵਾਈ ਜਾਰੀ ਸੀ ਤੇ ਹੋਰਨਾਂ ਅਹੁਦੇਦਾਰਾਂ ਦੇ ਨਾਂਅ ਨਸ਼ਰ ਨਹੀਂ ਸਨ ਹੋਏ।
ਸ਼੍ਰੋਮਣੀ ਕਮੇਟੀ ਦੇ ਲਗਭਗ 166 ਮੈਂਬਰਾਂ ਦੀ ਹਾਜ਼ਰੀ ਵਾਲੀ ਮੀਟਿੰਗ ਦੀ ਸ਼ੁਰੂਆਤ ਸਿੱਖ ਧਾਰਮਿਕ ਹਸਤੀਆਂ ਦੀ ਅਗਵਾਈ ਹੇਠ ਮੂਲ ਮੰਤਰ ਤੇ ਗੁਰਮੰਤਰ ਦੇ ਪਾਠਾਂ ਨਾਲ ਕੀਤੀ ਗਈ। ਪ੍ਰਧਾਨ ਦਾ ਅਹੁਦਾ ਤਿਆਗ ਰਹੇ, ਅਸਲ ਵਿੱਚ ਬਾਦਲਾਂ ਵਲੋਂ ਅਹੁਦੇ ਤੋਂ ਲਾਹੇ ਗਏ ਪ੍ਰੋਫੈਸਰ ਕ੍ਰਿਪਾਲ ਸਿੰਘ ਬੰਡੂਗਰ ਨੇ ਸ਼ੋਕ ਮਤੇ ਪੇਸ਼ ਕੀਤੇ।
ਸ਼੍ਰੋਮਣੀ ਕਮੇਟੀ ਦੇ ਨਵੇਂ ਜਨਰਲ ਸਕੱਤਰ ਗਿਆਨੀ ਰੂਪ ਸਿੰਘ ਨੇ ਨਵੇਂ ਪ੍ਰਧਾਨ ਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਦਾ ਏਜੰਡਾ ਪੇਸ਼ ਕਰਦਿਆਂ ਸਮੁੱਚੀ ਕਾਰਵਾਈ ਦੀ ਬਕਾਇਦਾ ਸ਼ੁਰੂਆਤ ਕੀਤੀ।
ਨਵੇਂ ਪ੍ਰਧਾਨ ਦੀ ਚੋਣ ਭਾਈ ਲੌਗੋਵਾਲ ਦਾ ਨਾਂਅ ਕਈ ਵਰ੍ਹੇ ਪਹਿਲਾਂਅਪਣੀ ਧੀ ਦੇ ਕਤਲ ਕੇਸ ਕਾਰਨ ਅਹੁਦਾ ਛੱਡਣ ਲਈ ਮਜਬੁਰ ਹੋਈ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ।
ਮਰਹੂਮ ਅਕਾਲੀ ਨੇਤਾ ਅਤੇ 80ਵਿਆਂ  ਦੇ ਸ਼ਰੂ ‘ਚ ਧਰਮਯੁੱਧ ਮੋਰਚੇ ਦੇ ਡਿਕਟੇਟਰ ਰਹੇ ਸੰਤ ਹਰਚੰਦ ਸਿੰਘ ਲੌਂਗੇਵਾਲ ਦੇ ਨਿੱਜੀ ਸਕੱਤਰ ਰਹੇ ਗੋਬਿੰਦ ਸਿੰਘ ਲੌਂਗੋਵਾਲ ਬੜੇ ਨਿਮਰ ਆਗੂ ਵਜੋਂ ਜਾਣੇ ਜਾਂਦੇ ਹਨ। ਉਹ ਕਾਫ਼ੀ ਸਮਾਂ ਅਕਾਲੀ ਦਲ (ਬਰਨਾਲਾ) ਦੇ ਸਰਗਰਮ ਮੈਂਬਰ ਰਹੇ ਹਨ।
ਸਿੱਖਾਂ ਵਲੋਂ ਅਥਾਹ ਕੁਰਬਾਨੀਆਂ ਬਾਅਦ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਰਾਜਸੀ ਪਰਿਵਾਰ ਦੇ ਹੱਥਾਂ ਦੀ ਕਠਪੁਤਲੀ ਬਣੇ ਰਹਿਣ ਦਾ ਅਮਲ ਬਾਦਸਤੂਰ ਜਾਰੀ ਹੈ। ਸਿੱਖਾਂ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਇਸ ਸਰਬਉੱਚ ਸਿੱਖ ਧਾਰਮਿਕ ਸੰਸਥਾ ਦੇ ਸੌੜੇ ਹਿੱਤਾਂ ਲਈ ਸਿਆਸੀਕਰਨ ਨਾਲ ਸਿੱਖ ਪੰਥ ਨੂੰ ਪਿਛਲੇ ਸਮਿਆਂ ਦੌਰਾਨ ਜਿਹੜੀ ਢਾਹ ਲਾਈ ਹੈ ਉਸਦੇ ਬਹੁਤ ਘਾਤਕ ਸਿੱਟੇ ਸਾਹਮਣੇ ਆ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦੂਸਰੇ ਅਹੇਦੇਦਾਰਾਂ ਦੀ ਚੋਣ ਲਈ ਹਰ ਸਾਲ ‘ਲਿਫਾਫੇ ‘ਚੋਂ ਪ੍ਰਧਾਨ ਕੱਢਣ’ ਦਾ ਜਿਹੜਾ ਡਰਾਮਾ ਰਚਿਆ ਜਾਂਦਾ ਹੈ ਉਸੇ ਅਧੀਨ ਬੁੱਧਵਾਰ 29 ਨਵੰਬਰ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਤੇਜਾ ਸਮੁੰਦਰੀ ਹਾਲ ਵਿੱਚਲੀ ਕਾਰਵਾਈ  ਸਿੱਖਾਂ ਦੇ ਅੱਖੀਂ ਘੱਟਾ ਪਾਉਣ ਵਾਲੇ ਕਰਮ ਦਾ ਦੁਹਰਾਓ ਕਿਹਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣਨ ਦੇ ਅਧਿਕਾਰ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ।
ਮੈਂਬਰਾਂ ਨੇ ਸੁਖਬੀਰ ਬਾਦਲ ਦੇ ਹੱਥ ਫੜਾ ਦਿੱਤੀਆਂ ਸੀ ਅਪਣੀਆਂ ਵੋਟਾਂ
ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਧੜੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਇਜਲਾਸ ਤੋਂ ਇੱਕ ਦਿਨ ਪਹਿਲਾਂ ਬੁਲਾਈ ਮੀਟਿੰਗ ਦੌਰਨ ਅਪਣੀਆਂ ਵੋਟਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘਬਵਾਦਲ ਦੇ ਹੱਥਾਂ ਫੜਾ ਦਿੱਤੀਆਂ ਸਨ।
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਇਸ ਮੀਟੰਗ ਵਿਚ 100 ਤੋਂ 125 ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਗ ਲਿਆ । ਹਾਜ਼ਰ ਮੈਂਬਰਾਂ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਸਰਬਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ ਗਏ । ਇਸ ਬੈਠਕ ਦੀ ਅਰੰਭਤਾ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਪੁਰਾਤਨ ਪ੍ਰੰਪਰਾ ਅਨੁਸਾਰ ਹੀ ਕੀਤੀ ਜਾਵੇਗੀ । ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਰੰਪਰਾ ਅਨੁਸਾਰ ਇਸ ਵਾਰ ਵੀ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਸਬੰਧੀ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸੌਂਪੇ ਜਾਂਦੇ ਹਨ । ਇਸ ਦੌਰਾਨ ਹਾਲ ਵਿਚ ਹਾਜ਼ਰ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਹੱਥ ਖੜ੍ਹੇ ਕਰਕੇ ਚੋਣ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਸਾਪਣ ਦੀ ਪ੍ਰਵਾਨਗੀ ਦਿੱਤੀ । ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸਮੂਹ ਮੈਂਬਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨਗੇ । ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਬੀਤੇ ਇਕ ਸਾਲ ਦੌਰਾਨ ਧਰਮ ਪ੍ਰਚਾਰ ਅਤੇ ਸ਼੍ਰੋਮਣੀ ਕਮੇਟੀ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ । ਬੈਠਕ ਉਪਰੰਤ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਗਿਆ ਤੇ ਜੈਕਾਰਿਆਂ ਦੀ ਗੂੰਜ ਨਾਲ ਬੈਠਕ ਨੂੰ ਸਮਾਪਤ ਕੀਤਾ ਗਿਆ ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ 191 ਮੈਂਬਰ ਹਨ ਜਿਨ੍ਹਾਂ ‘ਚ ਪੰਜ ਤਖ਼ਤ ਸਾਹਿਬ ਦੇ ਜਥੇਦਾਰ ਤੇ ਇਕ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੋਂ ਇਲਾਵਾ 170 ਮੈਂਬਰ ਵੋਟਾਂ ਰਾਹੀਂ ਚੁਣੇ ਗਏ ਤੇ 15 ਨਾਮਜ਼ਦ ਕੀਤੇ ਮੈਂਬਰ ਸ਼ਾਮਿਲ ਹਨ । ਇਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ 157 ਮੈਂਬਰ ਹਨ ਜਦ ਕਿ ਵਿਰੋਧੀ ਧਿਰ ਦੇ ਕੁੱਲ 13 ਮੈਂਬਰ ਹਨ । ਇਨ੍ਹਾਂ ਮੈਂਬਰਾਂ ਵਿਚੋਂ ਬੈਠਕ ‘ਚ 100 ਤੋਂ 125 ਦੇ ਕਰੀਬ ਮੈਂਬਰ ਸ਼ਾਮਿਲ ਹੋਏ ।