ਪਾਕਿਸਤਾਨ ਵਰ੍ਹਿਆਂ ਤੋਂ ਸਾਡੇ ਨਾਲ ਧੋਖਾ ਕਰਦਾ ਆ ਰਿਹੈ-ਟਰੰਪ

ਪਾਕਿਸਤਾਨ ਵਰ੍ਹਿਆਂ ਤੋਂ ਸਾਡੇ ਨਾਲ ਧੋਖਾ ਕਰਦਾ ਆ ਰਿਹੈ-ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼:
ਪਾਕਿਸਤਾਨ ਨੂੰ ਹੁਣ ਤਕ ਦੀ ਸਭ ਤੋਂ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਕਿਹਾ ਕਿ ਦੱਖਣ ਏਸ਼ਿਆਈ ਮੁਲਕ ਨੇ ਅਮਰੀਕਾ ਨਾਲ ਹਮੇਸ਼ਾ ਝੂਠ ਬੋਲਿਆ ਅਤੇ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਵਾਈਆਂ ਹਨ। ਤਿੱਖੇ ਸ਼ਬਦਾਂ ‘ਚ ਕੀਤੇ ਗਏ ਟਵੀਟ ‘ਚ ਟਰੰਪ ਨੇ ਕਿਹਾ, ”ਅਮਰੀਕਾ ਨੇ ਬੇਵਕੂਫ਼ੀ ਕਰਕੇ ਪਿਛਲੇ 15 ਸਾਲਾਂ ਦੌਰਾਨ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਦਿੱਤੀ। ਪਰ ਉਨ੍ਹਾਂ ਸਾਨੂੰ ਸਿਰਫ਼ ਝੂਠ ਅਤੇ ਧੋਖਾ ਹੀ ਦਿੱਤਾ ਜੋ ਸਾਡੇ ਆਗੂਆਂ ਨੂੰ ਮੂਰਖ ਹੀ ਸਮਝਦੇ ਰਹੇ।” ਸਾਲ ਦੇ ਪਹਿਲੇ ਟਵੀਟ ‘ਚ ਟਰੰਪ ਨੇ ਕਿਹਾ ਕਿ ਪਾਕਿਸਤਾਨ ਨੇ ਦਹਿਸ਼ਤਗਰਦਾਂ ਨੂੰ ਆਪਣੇ ਮੁਲਕ ‘ਚ ਪਨਾਹ ਦਿੱਤੀ ਜਦੋਂਕਿ ਅਮਰੀਕਾ ਦਹਿਸ਼ਤਗਰਦਾਂ ਦੀ ਅਫ਼ਗਾਨਿਸਤਾਨ ‘ਚ ਭਾਲ ਕਰਦਾ ਰਿਹਾ ਅਤੇ ਉਸ ਨੂੰ ਕੋਈ ਸਹਾਇਤਾ ਵੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪਾਣੀ ਹੁਣ ਸਿਰ ਉਪਰੋਂ ਲੰਘ ਗਿਆ ਹੈ ਅਤੇ ਅਮਰੀਕਾ ਹੁਣ ਪਾਕਿਸਤਾਨ ਦੀਆਂ ਗੱਲਾਂ ‘ਚ ਨਹੀਂ ਆਉਣ ਵਾਲਾ। ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੀ ਗਈ ਇਹ ਸਭ ਤੋਂ ਸਖ਼ਤ ਚਿਤਾਵਨੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ‘ਚ ਆਪਣੀ ਨਵੀਂ ਦੱਖਣ ਏਸ਼ੀਆ ਨੀਤੀ ਸਮੇਂ ਟਰੰਪ ਨੇ ਪਾਕਿਸਤਾਨ ਨੂੰ ਖ਼ਬਰਦਾਰ ਕੀਤਾ ਸੀ ਕਿ ਜੇਕਰ ਉਹ ਅਮਰੀਕਾ ਨੂੰ ਦਹਿਸ਼ਤਗਰਦੀ ਖ਼ਿਲਾਫ਼ ਲੜਨ ‘ਚ ਸਹਿਯੋਗ ਨਹੀਂ ਦੇਵੇਗਾ ਤਾਂ ਉਸ ਖ਼ਿਲਾਫ਼ (ਪਾਕਿਸਤਾਨ) ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਨਿਊ ਯਾਰਕ ਟਾਈਮਜ਼ ਨੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਕਿ ਅਮਰੀਕਾ 22.5 ਕਰੋੜ ਡਾਲਰ ਦੀ ਪਾਕਿਸਤਾਨ ਨੂੰ ਸਹਾਇਤਾ ਰੋਕੀ ਰੱਖਣ ਬਾਰੇ ਵਿਚਾਰਾਂ ਕਰ ਰਿਹਾ ਹੈ ਜਿਸ ਤੋਂ ਇਹੋ ਪ੍ਰਭਾਵ ਗਿਆ ਸੀ ਕਿ ਦਹਿਸ਼ਤਗਰਦੀ ਖ਼ਿਲਾਫ਼ ਜੰਗ ‘ਚ ਪਾਕਿਸਤਾਨ ਦੀ ਕਾਰਗੁਜ਼ਾਰੀ ਤੋਂ ਅਮਰੀਕਾ ਅਜੇ ਨਾਰਾਜ਼ ਚਲ ਰਿਹਾ ਹੈ। ਪਾਕਿਸਤਾਨ ਵੱਲੋਂ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੀ ਰਿਹਾਈ ਦੀ ਅਮਰੀਕਾ ਨੇ ਨਵੰਬਰ ‘ਚ ਤਿੱਖੀ ਨੁਕਤਾਚੀਨੀ ਕਰਦਿਆਂ ਮੰਗ ਕੀਤੀ ਸੀ ਕਿ ਉਸ ਨੂੰ ਮੁੜ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। ਅਮਰੀਕਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਮਾਤ-ਉਦ-ਦਾਵਾ ਦੇ ਮੁਖੀ ਖ਼ਿਲਾਫ਼ ਕੋਈ ਫ਼ੈਸਲਾਕੁਨ ਕਾਰਵਾਈ ਕਰਨ ‘ਚ ਇਸਲਾਮਾਬਾਦ ਨਾਕਾਮ ਰਹਿੰਦਾ ਹੈ ਤਾਂ ਦੁਵੱਲੇ ਸਬੰਧਾਂ ‘ਤੇ ਮਾੜਾ ਅਸਰ ਪੈ ਸਕਦਾ ਹੈ.

ਹਾਫ਼ਿਜ਼ ਸਈਦ ਵਿਰੁਧ ਕਾਰਵਾਈ ਵਜੋਂ ਲਾਈਆਂ ਮਾਲੀ ਬੰਦਸ਼ਾਂ
ਇਸਲਾਮਾਬਾਦ/ਬਿਊਰੋ ਨਿਊਜ਼:
ਪਾਕਿਸਤਾਨ ਸਰਕਾਰ ਵਾਸ਼ਿੰਗਟਨ ਵੱਲੋਂ ਦਹਿਸ਼ਤੀ ਐਲਾਨੇ ਗਏ ਇਸਲਾਮਿਕ ਆਗੂ ਹਾਫ਼ਿਜ਼ ਸਈਦ ਦੀਆਂ ਖੈਰਾਤੀ ਤੇ ਵਿੱਤੀ ਜਾਇਦਾਦਾਂ ਨੂੰ ਆਪਣੇ ਕੰਟਰੋਲ ਹੇਠ ਲੈਣ ਦੀ ਯੋਜਨਾ ਤਹਿਤ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
ਰਿਪੋਰਟਾਂ ਅਨੁਸਾਰ ਪਾਕਿਸਤਾਨ ਸਰਕਾਰ ਨੇ 19 ਦਸੰਬਰ ਨੂੰ ਇਸ ਯੋਜਨਾ ਸਬੰਧੀ ਵੱਖ ਵੱਖ ਸੂਬਿਆਂ ਤੇ ਸਰਕਾਰੀ ਵਿਭਾਗਾਂ ਨੂੰ ਖੁਫ਼ੀਆ ਹੁਕਮ ਜਾਰੀ ਕੀਤੇ ਸਨ। ਇਸ ਉੱਚ ਪੱਧਰੀ ਮੀਟਿੰਗ ‘ਚ ਹਾਜ਼ਰ ਰਹੇ ਤਿੰਨ ਅਧਿਕਾਰੀਆਂ ਨੇ ਇਹ ਜਾਣਕਾਰੀ ਰਾਇਟਰਜ਼ ਨੂੰ ਦਿੱਤੀ ਹੈ। ਵਿੱਤ ਮੰਤਰਾਲੇ ਦੇ ਇਸ ਦਸਤਾਵੇਜ਼ ਵਿੱਚ ਕਾਨੂੰਨ ਵਿਭਾਗ ਤੇ ਪਾਕਿਸਤਾਨ ਦੇ ਪੰਜ ਸੂਬਿਆਂ ਦੀਆਂ ਸਰਕਾਰਾਂ ਨੂੰ 28 ਦਸੰਬਰ ਤੱਕ ਸਈਦ ਦੀਆਂ ਦੋ ਖੈਰਾਤੀ ਸੰਸਥਾਵਾਂ ਜਮਾਤ ਉਦ ਦਾਵਾ (ਜੇਯੂਡੀ) ਅਤੇ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐਫਆਈਐਫ) ਨੂੰ ਆਪਣੇ ਕੰਟਰੋਲ ਹੇਠ ਕਰਨ ਸਬੰਧੀ ਯੋਜਨਾ ਪੇਸ਼ ਕਰਨ ਨੂੰ ਕਿਹਾ ਸੀ। ਅਮਰੀਕਾ ਵੱਲੋਂ ਜੇਯੂਡੀ ਤੇ ਐਫਆਈਐਫ ਨੂੰ ਲਸ਼ਕਰ-ਏ-ਤਾਇਬਾ ਲਈ ਅਤਿਵਾਦੀ ਫਰੰਟ ਐਲਾਨਿਆ ਹੋਇਆ ਹੈ, ਜਿਸ ਦਾ ਸਈਦ ਨੇ 1987 ‘ਚ ਗਠਨ ਕੀਤਾ ਸੀ। ਭਾਰਤ ਤੇ ਅਮਰੀਕਾ ਨੇ ਲਸ਼ਕਰ ਨੂੰ 2008 ਦੇ ਮੁੰਬਈ ਹਮਲਿਆਂ ਲਈ ਜ਼ਿੰਮੇਵਾਰ ਮੰਨਿਆ ਹੋਇਆ ਹੈ।
ਇਸ ਮੀਟਿੰਗ ‘ਚ ਹਾਜ਼ਰ ਰਹੇ ਗ੍ਰਹਿ ਮੰਤਰੀ ਅਹਿਸਨ ਇਕਬਾਲ ਨੇ ਆਮ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਪਾਕਿਸਤਾਨ ‘ਚ ਹਰ ਪਾਬੰਦੀਸ਼ੁਦਾ ਜਥੇਬੰਦੀ ਨੂੰ ਫੰਡਿੰਗ ਹੋਣ ‘ਤੇ ਰੋਕ ਲਾਈ ਜਾਵੇ।

ਭਾਰਤ-ਪਕਿ ਸਰਹੱਦ ਉੱਤੇ ਨਿੱਤ ਗੋਲੀਬਾਰੀ 
ਦੌਰਾਨ ਮੁਲਕਾਂ ਵਿਚਾਲੇ ‘ਗੁਪਤ’ ਮੀਟਿੰਗ
ਇਸਲਾਮਾਬਾਦ।/ਬਿਊਰੋ ਨਿਊਜ਼:
ਭਾਰਤ ਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਥਾਈਲੈਂਡ ਵਿੱਚ ‘ਗੁਪਤ’ ਮੀਟਿੰਗ ਕੀਤੀ ਹੈ। ਇਹ ਦਾਅਵਾ ਪਾਕਿਸਤਾਨ ਦੀ ਕੌਮੀ ਸੁਰੱਖਿਆ ਡਿਵੀਜ਼ਨ ਨਾਲ ਜੁੜੇ ਇਕ ਅਧਿਕਾਰੀ ਨੇ ਕੀਤਾ ਹੈ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ‘ਚ ਕਿਹਾ ਹੈ ਕਿ ਇਸ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸੇਵਾ ਮੁਕਤ ਲੈਫਟੀਨੈਂਟ ਜਨਰਲ ਨਸੀਰ ਖ਼ਾਨ ਜੰਜੂਆ ਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਨਾਲ 27 ਦਸੰਬਰ ਨੂੰ ਥਾਈਲੈਂਡ ਵਿੱਚ ਮੁਲਾਕਾਤ ਕੀਤੀ ਸੀ। ਅਧਿਕਾਰੀ ਨੇ ਦੱਸਿਆ, ‘ਇਹ ਮੁਲਾਕਾਤ ਕਾਫ਼ੀ ਚੰਗੀ ਸੀ। ਡੋਵਾਲ ਦੀ ਸੁਰ ਤੇ ਰੁਖ਼ ਦੋਸਤਾਨਾ ਤੇ ਸਕਾਰਾਤਮਕ ਸੀ।’ ਰਿਪੋਰਟ ਮੁਤਾਬਕ ਉਸ ਨੂੰ ਦੱਸਿਆ ਗਿਆ ਕਿ ਮੁਲਾਕਾਤ ਕਾਫ਼ੀ ਲਾਹੇਵੰਦੀ ਸੀ ਤੇ ਇਸ ਨਾਲ ਸਫ਼ਾਰਤੀ ਪੱਧਰ ‘ਤੇ ਗੱਲਬਾਤ ਮੁੜ ਸ਼ੁਰੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਂਜ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਕਿਸੇ ਤੀਜੇ ਮੁਲਕ ਵਿੱਚ ਇਹ ਪਹਿਲੀ ਮੀਟਿੰਗ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਸੰਬਰ 2015 ਵਿੱਚ ਬੈਂਕਾਕ ਵਿੱਚ ਵਿਦੇਸ਼ ਸਕੱਤਰਾਂ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ ਸੀ।
ਇਸ ਦੌਰਾਨ ਨਵੀਂ ਦਿੱਲੀ ਤੋਂ ਇਸ ਖ਼ਬਰ ਏਜੰਸੀ ਮੁਤਾਬਕ ਭਾਰਤ ਤੇ ਪਾਕਿਸਤਾਨ ਨੇ ਤਿੰਨ ਦਹਾਕੇ ਪੁਰਾਣੇ ਦੁਵੱਲੇ ਸਮਝੌਤੇ ਤਹਿਤ ਅੱਜ ਸਫ਼ਾਰਤੀ ਚੈਨਲਾਂ ਰਾਹੀਂ ਨਵੀਂ ਦਿੱਲੀ ਤੇ ਇਸਲਾਮਾਬਾਦ ਵਿੱਚ ਇਕੋ ਸਮੇਂ ਵੱਖੋ ਵੱਖਰੇ ਪਰਮਾਣੂ ਟਿਕਾਣਿਆਂ ਸਬੰਧੀ ਇਕ ਦੂਜੇ ਨੂੰ ਸੂਚੀਆਂ ਸੌਂਪੀਆਂ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਮੁਲਕਾਂ ਨੇ ਇਕ ਦੂਜੇ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲਾ ਨਾ ਕਰਨ ਦੇ ਸਮਝੌਤੇ ਤਹਿਤ ਸੂਚੀਆਂ ਵਟਾਈਆਂ।  31 ਦਸੰਬਰ 1988 ਨੂੰ ਸਹੀਬੰਦ ਹੋਇਆ ਇਹ ਸਮਝੌਤਾ 27 ਜਨਵਰੀ 1991 ਨੂੰ ਅਮਲ ਵਿੱਚ ਆਇਆ ਸੀ ਤੇ ਉਦੋਂ ਤੋਂ ਪਹਿਲੀ ਜਨਵਰੀ ਨੂੰ ਹਰ ਸਾਲ ਸੂਚੀਆਂ ਦਾ ਅਦਾਨ ਪ੍ਰਦਾਨ ਕੀਤਾ ਜਾਂਦਾ ਹੈ। ਇਹ ਅਮਲ ਪਿਛਲੇ 27 ਸਾਲਾਂ ਤੋਂ ਬਾਦਸਤੂਰ ਜਾਰੀ ਹੈ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਨਾਲ ਦੋਵਾਂ ਮੁਲਕਾਂ ਦੀ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਮਛੇਰਿਆਂ ਦੀ ਸੂਚੀ ਦਾ ਤਬਾਦਲਾ ਕਰਦਿਆਂ ਕਿਹਾ ਕਿ ਉਸ ਨੂੰ ਅਜੇ ਵੀ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਤਕ ਕੌਂਸਲਰ ਰਸਾਈ ਦੀ ਉਡੀਕ ਹੈ।
ਪਾਕਿ ‘ਚ ਟਰੰਪ ਦੇ ਬਿਆਨ ‘ਤੇ ਹੋਈ ਨਜ਼ਰਸਾਨੀ
ਇਸਲਾਮਾਬਾਦ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ‘ਤੇ ਕੀਤੇ ਗਏ ਤਿੱਖੇ ਸ਼ਬਦੀ ਹਮਲੇ ਮਗਰੋਂ ਪਾਕਿਸਤਾਨ ‘ਚ ਹਲਚਲ ਮਚ ਗਈ ਹੈ ਅਤੇ ਵਿਦੇਸ਼ ਮੰਤਰੀ ਖਵਾਜਾ ਆਸਿਫ਼ ਨੇ ਅੱਜ ਤੁਰੰਤ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨਾਲ ਬੈਠਕ ਕੀਤੀ। ਜੀਓ ਟੀਵੀ ਨੇ ਆਪਣੇ ਹਲਕਿਆਂ ਦੇ ਹਵਾਲੇ ਨਾਲ ਕਿਹਾ ਕਿ ਬੈਠਕ ‘ਚ ਟਰੰਪ ਦੇ ਬਿਆਨ ‘ਤੇ ਵਿਸਥਾਰ ਸਹਿਤ ਨਜ਼ਰਸਾਨੀ ਕੀਤੀ ਗਈ। ਦੋਵੇਂ ਆਗੂਆਂ ਨੇ ਮੁਲਕ ਦੀ ਵਿਦੇਸ਼ ਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਬਾਅਦ ‘ਚ ਆਸਿਫ਼ ਨੇ ਟਵੀਟ ਕਰਕੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਟਵੀਟ ਦਾ ਛੇਤੀ ਹੀ ਢੁਕਵਾਂ ਜਵਾਬ ਦੇਣਗੇ ਅਤੇ ਦੁਨੀਆ ਸਾਹਮਣੇ ਸੱਚਾਈ ਲਿਆਉਣਗੇ।