ਟਰੰਪ ਦੇ ਦਬਕਿਆਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਕੈਬਨਿਟ ਤੇ ਕੌਮੀ ਸੁਰੱਖਿਆ ਕਮੇਟੀ ਨਾਲ ਵਿਚਾਰ ਵਟਾਂਦਰੇ ਸ਼ੁਰੂ

ਟਰੰਪ ਦੇ ਦਬਕਿਆਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਕੈਬਨਿਟ ਤੇ ਕੌਮੀ ਸੁਰੱਖਿਆ ਕਮੇਟੀ ਨਾਲ ਵਿਚਾਰ ਵਟਾਂਦਰੇ ਸ਼ੁਰੂ

ਵਾਸ਼ਿਗਟਨ, ਇਸਲਾਮਾਬਾਦ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ‘ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੇ ਕੈਬਨਿਟ ਅਤੇ ਕੌਮੀ ਸੁਰੱਖਿਆ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਅਮਰੀਕਾ ਨੇ ਪਾਕਿਸਤਾਨ ‘ਤੇ ਦੋਸ਼ ਲਾਇਆ ਸੀ ਕਿ ਉਹ 33 ਬਿਲੀਅਨ ਅਮਰੀਕੀ ਡਾਲਰਾਂ ਦੀ ਮਦਦ ਬਦਲੇ ਅਤਿਵਾਦੀਆਂ ਨੂੰ ਪਨਾਹ ਦੇ ਕੇ ਉਸ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ।
ਪਾਕਿਸਤਾਨ ਨੇ ਟਰੰਪ ਦੀ ਟਿੱਪਣੀ ਬਾਰੇ ਆਪਣਾ ਵਿਰੋਧ ਜਤਾਉਣ ਲਈ ਅਮਰੀਕੀ ਸਫੀਰ ਡੇਵਿਡ ਹੇਲ ਨੂੰ ਬੀਤੀ ਰਾਤ ਤਲਬ ਕੀਤਾ। ਕਿਉਂਕਿ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਟਰੰਪ ਦੀ ਟਿੱਪਣੀ ਬਾਰੇ ਉਨ੍ਹਾਂ ਦਾ ਸਪਸ਼ਟੀਕਰਨ ਚਾਹੁੰਦੇ ਸੀ। ਅਮਰੀਕੀ ਸਫਾਰਤਖਾਨੇ ਦੇ ਬੁਲਾਰੇ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਟਰੰਪ ਦੇ ਨਵੇਂ ਵਰ੍ਹੇ ਦੇ ਪਹਿਲੇ ਟਵੀਟ ਨੂੰ ਪਾਕਿਸਤਾਨ ‘ਤੇ ਹੁਣ ਤਕ ਦਾ ਸਭ ਤੋਂਂ ਵੱਡਾ ਹਮਲਾ ਸਮਝਿਆ ਜਾ ਰਿਹਾ ਹੈ। ਉਨ੍ਹਾਂ ਨੇ ਟਵੀਟ ਵਿੱਚ ਪਾਕਿਸਤਾਨ ਨੂੰ ਦਿੱਤੀ ਜਾਂਦੀ ਵਿੱਤੀ ਮਦਦ ‘ਤੇ ਵੀ ਰੋਕ ਲਾਏ ਜਾਣ ਦਾ ਸੁਝਾਅ ਦਿੱਤਾ ਹੈ। ਵਾ?੍ਹੀਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰਾਂ ਦੀ ਫੌਜੀ ਮਦਦ ਮੁਅੱਤਲ ਕਰ ਦਿੱਤੀ ਹੈ।
ਇਸੇ ਦੌਰਾਨ ਰੇਡੀਓ ਪਾਕਿਸਤਾਨ ਨੇ ਖ਼ਬਰ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਅੱਬਾਸੀ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਜੋ ਭਲਕੇ ਹੋਵੇਗੀ ਤੇ ਇਸ ਵਿੱਚ ਕੌਮੀ ਸੁਰੱਖਿਆ ਦੇ ਮੁੱਦੇ ਤੋਂ ਇਲਾਵਾ ਹੋਰ ਮੁੱਦੇ ਵਿਚਾਰੇ ਜਾਣਗੇ। ਸੂਤਰਾਂ ਅਨੁਸਾਰ ਟਰੰਪ ਦੀ ਟਿੱਪਣੀ ਮੀਟਿੰਗ ਵਿੱਚ ਮੁੱਖ ਮੁੱਦਾ ਰਹੇਗੀ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਖਵਾਜਾ ਆਸਿਫ਼, ਗ੍ਰਹਿ ਮੰਤਰੀ ਅਹਿਸਾਨ ਇਕਬਾਲ, ਰੱਖਿਆ ਮੰਤਰੀ ਖੁਰੱਮ ਦਸਤਗ਼ੀਰ ਖਾਨ, ਵੱਖ ਵੱਖ ਸੇਵਾਵਾਂ ਦੇ ਮੁਖੀ ਅਤੇ ਸੀਨੀਅਰ ਸਿਵਲ ਅਤੇ ਫੌਜੀ ਅਧਿਕਾਰੀ ਹਿੱਸਾ ਲੈਣਗੇ।

ਮਿੱਤਰ ਦੇ ਬਚਾਅ ਲਈ ਬਹੁੜਿਆ ਚੀਨ
ਪੇਈਚਿੰਗ: ਚੀਨ ਨੇ ਪਾਕਿਸਤਾਨ ਦਾ ਬਚਾਅ ਕਰਦਿਆਂ ਉਸ ਵੱਲੋਂ ਅਤਿਵਾਦ ਦੇ ਖਾਤਮੇ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸੁਹਾਂਗ ਨੇ ਟਰੰਪ ਵੱਲੋਂ ਪਾਕਿਸਤਾਨ ਦੀ ਆਲੋਚਨਾ ਕੀਤੇ ਜਾਣ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਪਾਕਿਸਤਾਨ ਨੇ ਅਤਿਵਾਦ ਖ਼ਿਲਾਫ਼ ਲੜਾਈ ਲਈ ਸੰਜੀਦਾ ਕੋਸ਼ਿਸ਼ ਅਤੇ ਬਲਿਦਾਨ ਦੇ ਨਾਲ ਨਾਲ ਬਿਹਤਰੀਨ ਸਹਿਯੋਗ ਦਿੱਤਾ ਹੈ। ਕੌਮਾਂਤਰੀ ਭਾਈਚਾਰੇ ਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਚੀਨ ਖਿੱਤੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਪਾਕਿਸਤਾਨ ਨੂੰ ਅਤਿਵਾਦ ਦੇ ਖ਼ਾਤਮੇ ਅਤੇ ਕੌਮਾਂਤਰੀ ਸਹਿਯੋਗ ਵਿੱਚ ਰੁੱਝਿਆ ਦੇਖ ਕੇ ਬਹੁਤ ਖੁਸ਼ ਹੈ।