ਖੰਡ ਮਿਲਾਂ ਦਾ ਮਾਲਕ ਰੇਤੇ ਉੱਤੇ ਡਿੱਗਿਆ

ਖੰਡ ਮਿਲਾਂ ਦਾ ਮਾਲਕ ਰੇਤੇ ਉੱਤੇ ਡਿੱਗਿਆ

ਦੋਸ਼ਾਂ ‘ਚ ਘਿਰੇ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆਖ਼ਰ ਦੇਣਾ ਪਿਆ ਅਸਤੀਫ਼ਾ

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਸਰਕਾਰ ਵਲੋਂ ਰੇਤਾ ਖੱਡਾਂ ਦੀ ਪਿਛਲੇ ਸਾਲ ਕੀਤੀ ਨਿਲਾਮੀ ‘ਚ ਅਸਿੱਧੇ ਤੌਰ ਉੱਤੇ ਭਾਗ ਲੈਣ ਦੇ ਦੋਸ਼ਾਂ ਵਿੱਚ ਘਿਰੇ ਆ ਰਹੇ ਪੰਜਾਬ ਦੇ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਆਖ਼ਰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਰਾਣਾ ਗੁਰਜੀਤ ਸਿੰਘ ਦੀ ਕਿਸਮਤ ਦਾ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 18 ਜਨਵਰੀ ਨੂੰ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਹੋਵੇਗਾ। ਰਾਣਾ ਗੁਰਜੀਤ ਸਿੰਘ ਵਲੋਂ ਮੁੱਖ ਮੰਤਰੀ ਕੇਪਟਨ ਅਮਰਿੰਦਰ ਸਿੰਘ ਨੂੰ 4 ਜਨਵਰੀ ਨੂੰ ਦਿੱਤੇ ਅਸਤੀਫੇ ਦੀ ਅਸਲੀਅਤ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਬਾਅਦ ਹੀ ਲੋਕਾਂ ਤੱਕ ਪੁੱਜੀ। ਅਸਤੀਫਾ ਸੌਂਪ ਚੁੱਕੇ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਨੈਤਿਕ ਅਧਾਰ ‘ਤੇ ਅਜਿਹਾ ਦੂਜੀ ਵਾਰ ਕੀਤਾ ਹੈ ਤੇ ਅਸਤੀਫੇ ਦਾ ਫੈਸਲਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ‘ਤੇ ਨਿਰਭਰ ਕਰਦਾ ਹੈ। ਉਧਰ ਸੂਬੇ ਦੀਆਂ ਵਿਰੋਧੀ ਪਾਰਟੀਆਂ ਮੰਤਰੀ ਦੇ ਅਸਤੀਫੇ ਨੂੰ ਫੌਰੀ ਪ੍ਰਵਾਨ ਕਰਨ ਲਈ ਜ਼ੋਰ ਪਾ ਰਹੀਆਂ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰਾਣਾ ਦੇ ਪੁੱਤਰ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਮੰਤਰੀ ਦੀਆਂ ਮੁਸ਼ਕਲਾਂ ਵਧ ਗਈਆਂ ਸਨ।
ਵਰਨਣਯੋਗ ਹੈ ਕਿ ਪਿਛਲੇ ਸਾਲ ਮਈ ਮਹੀਨੇ ਵਿੱਚ ਰੇਤ ਖੱਡਾਂ ਦੀ ਨਿਲਾਮੀ ਸਮੇਂ ਕੈਬਨਿਟ ਮੰਤਰੀ ਰਾਣਾ ਗੁਰਜੀਤ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਆਪਣੇ ਖਾਨਸਾਮੇ ਸਮੇਤ ਹੋਰਨਾਂ ਦੇ ਨਾਂ ‘ਤੇ ਰੇਤ ਖੱਡਾਂ ਲਈਆਂ ਹਨ। ‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨੇ ਇਨ੍ਹਾਂ ਮਾਮਲਿਆਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਉਭਾਰਿਆ ਸੀ। ਇਸ ਮਾਮਲੇ ਨੂੰ ਲੈ ਕੇ ਪਏ ਰੌਲਾ ਰੱਪੇ ਕਰਕੇ ਅਖੀਰ ਕੈਪਟਨ ਸਰਕਾਰ ਨੂੰ ਇਸ ਸਾਰੇ ਮਾਮਲੇ ਦੀ ਜਸਟਿਸ ਨਾਰੰਗ ਕੋਲੋਂ ਜਾਂਚ ਕਰਵਾਉਣੀ ਪਈ ਸੀ। ਕਮਿਸ਼ਨ ਦੀ ਰਿਪੋਰਟ ਮਗਰੋਂ ਵੀ ਇਹ ਮਾਮਲਾ ਠੰਢਾ ਨਹੀਂ ਪਿਆ ਤੇ ਵਿਰੋਧੀ  ਪਾਰਟੀਆਂ ਨੇ ਰਾਣਾ ਦੇ ਅਸਤੀਫੇ ਦੀ ਮੰਗ ਜਾਰੀ ਰੱਖੀ। ਰੇਤੇ ਖੱਡਾਂ ਦੀ ਨਿਲਾਮੀ ਦਾ ਮਾਮਲਾ ਬੇਪਰਦ ਹੋਣ ਪਿੱਛੋਂ ਈਡੀ ਨੇ ਰਾਣਾ ਦੇ ਲੜਕੇ ਨੂੰ ਵਿਦੇਸ਼ਾਂ ਵਿੱਚ ਕਥਿਤ ਗੈਰਕਾਨੂੰਨੀ ਫੰਡ ਇਕੱਠੇ ਕਰਨ ਦੇ ਦੋਸ਼ਾਂ ਵਿੱਚ ਸੰਮਨ ਜਾਰੀ ਕਰ ਦਿੱਤੇ। ਇਸ ਨਾਲ ਮਾਮਲੇ ਨੇ ਹੋਰ ਤੂਲ ਫੜ ਲਈ।
ਇਸ ਦੌਰਾਨ ਠੇਕੇਦਾਰ ਗੁਰਿੰਦਰ ਸਿੰਘ ਕੋਲੋਂ ਪੰਜ ਕਰੋੜ ਰੁਪਏ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਠੇਕੇਦਾਰ ਸਿੰਜਾਈ ਵਿਭਾਗ ਵਿੱਚ ਇਕ ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਦੋਸ਼ਾਂ ਤਹਿਤ ਵਿਜੀਲੈਂਸ ਬਿਊਰੋ ਦੀ ਹਿਰਾਸਤ ਵਿੱਚ ਹੈ। ਇਸ ਠੇਕੇਦਾਰ ਨੇ ਰੇਤੇ ਦੀਆਂ ਖੱਡਾਂ ਲੈਣ ਲਈ ਕਥਿਤ ਪੈਸੇ ਦਿੱਤੇ ਸਨ ਤੇ ਇਸ ਵਿੱਚੋਂ ਕੁਝ ਪੈਸਾ ਮੰਤਰੀ ਦੇ ਨੌਕਰਾਂ ਕੋਲ ਵੀ ਪਹੁੰਚਿਆ, ਜਿਹੜਾ ਖੱਡਾਂ ਲੈਣ ਲਈ ਵਰਤਿਆ ਗਿਆ। ਸੂਤਰਾਂ ਮੁਤਾਬਕ ਇਹ ਮਾਮਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ਵਿੱਚ ਆਉਣ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਗਰਾ ਵਿੱਚ ਸਰਦੀ ਦੀਆਂ ਛੁੱਟੀਆਂ ਕੱਟ ਰਹੇ ਸਨ। ਉਨ੍ਹਾਂ ਦੇ ਵਾਪਸ ਆਉਂਦਿਆਂ ਹੀ ਹਾਈਕਮਾਂਡ ਨੇ ਰਾਣਾ ਕੋਲੋਂ ਅਸਤੀਫਾ ਲੈਣ ਲਈ ਕੈਪਟਨ ‘ਤੇ ਦਬਾਅ ਪਾਇਆ।

ਕੈਪਟਨ ਨੇ ਕੀਤੀ ਅਸਤੀਫ਼ਾ ਮਿਲਣ ਦੀ ਪੁਸ਼ਟੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਤੋਂ ਅਸਤੀਫ਼ਾ ਲਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦਾ ਅਸਤੀਫਾ 4 ਜਨਵਰੀ ਨੂੰ ਹੀ ਮਿਲ ਗਿਆ ਸੀ, ਜਿਸ ਬਾਰੇ ਅਜੇ ਤਕ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫ਼ਿਲਹਾਲ ਰਾਣਾ ਗੁਰਜੀਤ ਮੰਤਰੀ ਵਜੋਂ ਕੰਮਕਾਜ ਕਰਦੇ ਰਹਿਣਗੇ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਇਕ ਹਿੱਸਾ ਕੈਬਨਿਟ ਮੰਤਰੀ ਦੇ  ਅਸਤੀਫੇ ਨੂੰ ਪ੍ਰਵਾਨ ਕਰਨ  ਦੇ ਹੱਕ ਵਿੱਚ ਹੈ, ਕਿਉਂਕਿ ਇਸ ਨਾਲ ਸਰਕਾਰ ਤੇ ਪਾਰਟੀ ਦੀ ਸਾਖ਼ ਨੂੰ ਧੱਕਾ ਲੱਗਾ ਹੈ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ ਦੀ 17 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਹੋਵੇਗੀ ਜਿਸ ਵਿੱਚ ਤਿੰਨ ਨਗਰ ਨਿਗਮਾਂ ਦੇ ਮੇਅਰਾਂ ਸਮੇਤ 32 ਮਿਉਂਸਿਪਲ ਕਮੇਟੀਆਂ ਅਤੇ ਨਗਰ ਕੌਂਸਲਾਂ ਦੇ ਚੇਅਰਮੈਨਾਂ ਦੇ ਨਾਵਾਂ ਦਾ ਫੈਸਲਾ ਕੀਤਾ ਜਾਵੇਗਾ।

ਰੇਤ ਖੱਡਾਂ ‘ਚ ਰਾਣਾ ਦੀ ਸ਼ਮੂਲੀਅਤ ਦਾ ਮਾਮਲਾ
ਦਿ ਟ੍ਰਿਬਿਊਨ ਨੇ ਇਨ੍ਹਾਂ ਕਾਲਮਾਂ ਵਿੱਚ 25 ਮਈ 2017 ਨੂੰ ਛਪੀ ਆਪਣੀ ਇਕ ਖੋਜੀ ਰਿਪੋਰਟ ਰਾਹੀਂ ਖੁਲਾਸਾ ਕੀਤਾ ਸੀ ਕਿ ਕਿਵੇਂ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚਾਰ ਸਾਬਕਾ ਮੁਲਾਜ਼ਮਾਂ ਨੇ ਨਿਲਾਮੀ ਰਾਹੀਂ ਰੇਤ ਖੱਡਾਂ ਹਾਸਲ ਕੀਤੀਆਂ। ਰਾਣਾ ਗੁਰਜੀਤ ਦੇ ਖਾਨਸਾਮੇ ਅਮਿਤ ਬਹਾਦਰ ਨੂੰ 26.51 ਕਰੋੜ ਰੁਪਏ ‘ਚ ਨਵਾਂਸ਼ਹਿਰ ਦੇ ਪਿੰਡ ਸੈਦਪੁਰ ਖੁਰਦ ਵਿੱਚ, ਡਿਪਟੀ ਜਨਰਲ ਮੈਨੇਜਰ ਕੁਲਵਿੰਦਰ ਪਾਲ ਸਿੰਘ ਨੂੰ 9.21 ਕਰੋੜ ‘ਚ ਮਹਿਦੀਪੁਰ ਵਿੱਚ, ਗੁਰਿੰਦਰ ਸਿੰਘ ਨੂੰ ਮੁਹਾਲੀ ਜ਼ਿਲ੍ਹੇ ਦੇ ਰਾਮਪੁਰ ਕਲਾਂ ਪਿੰਡ ਵਿੱਚ 4.11 ਕਰੋੜ ਵਿੱਚ ਤੇ ਬਲਰਾਜ ਸਿੰਘ ਨੂੰ ਨਵਾਂਸ਼ਹਿਰ ਦੇ ਬੇਰਸਾਲ ਪਿੰਡ ਵਿੱਚ 10.58 ਕਰੋੜ ਦੀ ਬੋਲੀ ਦੇ ਕੇ ਰੇਤ ਖੱਡਾਂ ਮਿਲੀਆਂ। ਮੰਤਰੀ ਨੇ ਹਾਲਾਂਕਿ ਦਾਅਵਾ ਕੀਤਾ ਸੀ ਕਿ ਉਪਰੋਕਤ ਸਾਰੇ ਉਸ ਦੇ ਸਾਬਕਾ ਮੁਲਾਜ਼ਮ ਸਨ ਤੇ ਰੇਤ ਖੱਡਾਂ ਦੀ ਬੋਲੀ ਤੋਂ ਪਹਿਲਾਂ ਉਸ ਤੋਂ ਵੱਖ ਹੋ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਰਿਪੋਰਟ ਦਾ ਨੋਟਿਸ ਲੈਂਦਿਆਂ ਜਸਟਿਸ ਜੇ.ਐਸ.ਨਾਰੰਗ ਦੀ ਅਗਵਾਈ ਵਿੱਚ ਇਕ ਮੈਂਬਰੀ ਕਮਿਸ਼ਨ ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ। ਕਮਿਸ਼ਨ ਨੇ ਆਪਣੀ ਪੜਤਾਲ ਦੌਰਾਨ ਕਈ ਅਹਿਮ ਸਬੂਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ।

ਤਿੱਥਵਾਰ ਵੇਰਵਾ
19 ਤੇ 20 ਮਈ :94 ਰੇਤ ਤੇ ਬਜਰੀ ਖੱਡਾਂ ਲਈ ਈ-ਨਿਲਾਮੀ ਹੋਈ
25 ਮਈ : ‘ਦਿ ਟ੍ਰਿਬਿਊਨ’ ਵੱਲੋਂ ‘ਮੰਤਰੀ ਦਾ ਖਾਨਸਾਮਾ ਬਣਿਆ 26 ਕਰੋੜ ਦੀ ਰੇਤ ਖੱਡ ਦਾ ਮਾਲਕ’ ਸਿਰਲੇਖ ਹੇਠ ਖ਼ਬਰ ਨਸ਼ਰ
29 ਮਈ : ਮੁੱਖ ਮੰਤਰੀ ਪੰਜਾਬ ਵੱਲੋਂ ਰਾਣਾ ਗੁਰਜੀਤ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਜੁਡੀਸ਼ਲ ਜਾਂਚ ਦੇ ਹੁਕਮ, ਜਸਟਿਸ ਜੇ.ਐਸ.ਨਾਰੰਗ ਦੀ ਅਗਵਾਈ ਹੇਠ ਇਕ ਮੈਂਬਰੀ ਜੁਡੀਸ਼ਲ ਕਮਿਸ਼ਨ ਕਾਇਮ, ‘ਆਪ ਨੇ ਜਸਟਿਸ ਨਾਰੰਗ ਦੀ ਨਿਰਪੱਖਤਾ ‘ਤੇ ਉਠਾਏ ਸਵਾਲ: ਮਈ 30 ਦਿ ਟ੍ਰਿਬਿਊਨ ਨੇ ਆਪਣੀ ਰਿਪੋਰਟ ‘ਚ ਖੁਲਾਸਾ ਕੀਤਾ ਕਿ ਰੇਤ ਖੱਡਾਂ ਹਾਸਲ ਕਰਨ ਵਾਲਾ ਖਾਨਸਾਮਾ ਅਮਿਤ ਬਹਾਦਰ ਤੇ ਇਕ ਹੋਰ ਮੁਲਾਜ਼ਮ ਬਲਰਾਜ ਸਿੰਘ ਰਾਣਾ ਗੁਰਜੀਤ ਦੀਆਂ ਤਿੰਨ ਕੰਪਨੀਆਂ ‘ਚ ਡਾਇਰੈਕਟਰ ਹਨ। ਈਡੀ ਤੇ ਆਮਦਨ ਕਰ ਵਿਭਾਗ ਹਰਕਤ ‘ਚ ਆਏ ਤੇ ਮੰਤਰੀ ਦੇ ਬੈਂਕ ਖਾਤਿਆਂ ਦੀ ਡਿਟੇਲ ਮੰਗੀ।
15 ਜੂਨ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਲੈ ਕੇ ਪਿਆ ਰੌਲਾ ਰੱਪਾ, ਆਪ ਤੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸੈਸ਼ਨ ‘ਚੋਂ ਮੁਅੱਤਲ ਜੁਲਾਈ 12 ਸਰਕਾਰ ਨੇ ਮੰਤਰੀ ਦੇ ਮੁਲਾਜ਼ਮਾਂ ਨੂੰ ਖੱਡਾਂ ਦੀ ਅਲਾਟਮੈਂਟ ‘ਤੇ ਰੋਕ ਲਾਈ 10 ਅਗਸਤ : ਜਸਟਿਸ ਨਾਰੰਗ ਨੇ ਰਾਣਾ ਗੁਰਜੀਤ ਨੂੰ ਕਲੀਟ ਚਿੱਟ ਦਿੰਦੀ ਰਿਪੋਰਟ ਸੌਂਪੀ।
ਸਾਲ 2018:
2 ਜਨਵਰੀ : ਦਿ ਟ੍ਰਿਬਿਊਨ ਨੇ ਖੁਲਾਸਾ ਕੀਤਾ ਕਿ ਰਾਣਾ ਗੁਰਜੀਤ ਦੇ ਖਾਨਸਾਮੇ ਨੇ ਹੋਰ ਵੀ ਕਈ ਖੱਡਾਂ ਹਾਸਲ ਕੀਤੀਆਂ
4 ਜਨਵਰੀ : ਦਿ ਟ੍ਰਿਬਿਊਨ ਨੇ ਦੱਸਿਆ ਕਿ ਕਿਵੇਂ ਰਾਣਾ ਦੇ ਇਕ ਹੋਰ ਮੁਲਾਜ਼ਮ ਬਲਰਾਜ ਸਿੰਘ ਨੇ ਖਣਨ ਵਿੰਗ ਨੂੰ ਦੱਸੇ ਰਿਹਾਇਸ਼ੀ ਪਤੇ ‘ਤੇ ਰਾਣਾ ਸ਼ੂਗਰਜ਼ ਮਿਲ ਦਾ ਸਿਰਨਾਵਾ ਲਿਖਵਾਇਆ।
6 ਜਨਵਰੀ : ਟ੍ਰਿਬਿਊਨ ਨੇ ਦੱਸਿਆ ਕਿ ਈਡੀ ਨੇ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਵਿਦੇਸ਼ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਇਕੱਤਰ ਕੀਤੇ 100 ਕਰੋੜ ਰੁਪਏ ਦੇ ਦੋਸ਼ ‘ਚ ਸੰਮਨ ਜਾਰੀ ਕੀਤਾ।

ਕੁਝ ਹੋਰ ਅਹਿਮ ਤੱਥ
ਰੇਤੇ ਦੀਆਂ ਖੱਡਾਂ ਦੀ ਨਿਲਾਮੀ
ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ ਵਿੱਚ ਸਭ ਤੋਂ ਪਹਿਲਾ ਨਾਂ ਰਾਣਾ ਗੁਰਜੀਤ ਸਿੰਘ ਦਾ ਹੈ।
ਉਨ੍ਹਾਂ ਦੇ ਰਸੋਈਏ ਅਮਿਤ ਬਹਾਦਰ ਨੇ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤੇ ਦੀ ਖੱਡ ਖਰੀਦੀ  ਸੀ।
ਹਾਲਾਂ ਕਿ ਰਾਣਾ ਗੁਰਜੀਤ ਦੇ ਮੁਲਾਜ਼ਮ ਰਹੇ ਤਿੰਨ ਵਿਅਕਤੀਆਂ ਵੱਲੋਂ ਲਈਆਂ ਗਈਆਂ ਰੇਤੇ ਦੀਆਂ ਖੱਡਾਂ  ਵਿਚੋਂ   ਅੱਜ ਤੱਕ ਮਾਈਨਿੰਗ ਨਹੀਂ ਹੋਈ ਹੈ।

ਕਮਿਸ਼ਨ ਦਾ ਗਠਨ
ਰਾਣਾ ਗੁਰਜੀਤ ਸਿੰਘ ਉਹ ਪਹਿਲੇ ਮੰਤਰੀ ਹਨ ਜਿਨ੍ਹਾਂ ਉਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਜਸਟਿਸ ਨਾਰੰਗ ਕਮਿਸ਼ਨ ਬਣਾਉਣਾ ਪਿਆ ਸੀ। ਰਿਪੋਰਟ ਭਾਵੇ ਅਜੇ ਜਨਤਕ ਨਹੀਂ ਹੋਈ ਪਰ ਕਿਹਾ ਜਾਂਦਾ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਮਿਲ ਗਈ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਲੀਨ ਚਿੱਟ ਮਿਲਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਈ ਹੈ।

ਸਿੰਜਾਈ ਵਿਭਾਗ ਦੇ ਠੇਕੇਦਾਰ ਦਾ ਮਾਮਲਾ
ਰਾਣਾ ਗੁਰਜੀਤ ਸਿੰਘ ਦੇ ਸਿੰਜਾਈ ਵਿਭਾਗ ਦੇ ਇੱਕ ਠੇਕੇਦਾਰ ਗੁਰਿੰਦਰ ਸਿੰਘ, ਜਿਹੜਾ ਸਰਕਾਰੀ ਕੰਮਾਂ ਦੇ ਕਰੋੜਾਂ ਰੁਪਏ ਘਪਲੇ ਦੇ ਦੋਸ਼ਾਂ ਹੇਠ ਜੇਲ੍ਹ ‘ਚ ਹੈ, ਬੱਲੋਂ ਰਾਣਾ ਸ਼ੂਗਰ ਮਿਲ ਲਿਮਿਟਿਡ ਦੇ ਸੀ.ਏ ਨੂੰ ਪੰਜ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਮਾਮਲਾ ਸਾਹਮਣਾ ਆਇਆ। ਇਸ ਮਗਰੋਂ ਮੀਡੀਆ ਵਿੱਚ ਦੋਸ਼ ਲੱਗਣ ਵਾਲੀਆਂ ਇਹ ਖਬਰਾਂ ਆਈਆਂ ਸਨ ਕਿ ਮੰਤਰੀ ਨੇ ਰੇਤੇ ਦੀਆਂ ਖੱਡਾਂ ਲਈ ਪੈਸੇ ਲਏ ਸਨ। ਰਾਣਾ ਗੁਰਜੀਤ ਸਿੰਘ ਨੇ 30 ਦਸੰਬਰ 2017 ਨੂੰ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਪੈਸਿਆਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਸੀ.ਏ ਦੇ ਹੋਰ ਵੀ ਗਾਹਕ ਹਨ ਜਿਹੜੇ ਕੰਮ ਕਰਵਾਉਂਦੇ ਹਨ ਉਸੇ ਤਰ੍ਹਾਂ ਉਹ ਸਾਡਾ ਵੀ ਸੀ.ਏ. ਹੈ।

ਕੈਪਟਨ ਨੂੰ ਚਿੱਠੀ
ਸਰਕਾਰ ਬਣਨ ਦੇ 27 ਦਿਨਾਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਹਰੀਕੇ ਪੱਤਣ ਦਾ ਦੌਰਾ ਕੀਤਾ ਸੀ। ਰਾਣਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਸੀ ਕਿ ਸਿੰਜਾਈ ਵਿਭਾਗ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਵਾਈ ਜਾਵੇ।ਪਰ ਰਾਣਾ ਗੁਰਜੀਤ ਸਿੰਘ ਵੱਲੋਂ ਮੀਡੀਆ ਨੂੰ ਵੰਡੇ ਪੱਤਰ ਉਤੇ ਨਾ ਤਾਂ ਰਾਣਾ ਗੁਰਜੀਤ ਸਿੰਘ ਦੇ ਦਸਤਖਤ ਸਨ ਤੇ ਨਾ ਹੀ ਇਸ ਪੱਤਰ ਤੋਂ ਸਾਬਤ ਹੁੰਦਾ ਸੀ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਹੈ।

ਸ਼ਾਮਲਾਟ ਜ਼ਮੀਨ ਦਾ ਮਾਮਲਾ
ਰਾਣਾ ਗੁਰਜੀਤ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਨੇੜਲੇ ਪਿੰਡ ਸਿਉਂਕ ਦੀ 147 ਕਨਾਲ ਸ਼ਾਮਲਾਟ ਜ਼ਮੀਨ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਕਰਵਾ ਦਿੱਤੀ ਸੀ।ਪੰਜਾਬ ਵਿਧਾਨ ਸਭਾ ਨੇ 2007 ਵਿੱਚ ਈਸਟ ਪੰਜਾਬ ਕਨਸੌਲੀਡੇਟ ਐਕਟ 2007 ਪਾਸ ਕੀਤਾ ਜਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਸ਼ਾਮਲਾਟ ਜ਼ਮੀਨ ਦੀ ਕਿਸਮ ਨੂੰ ਨਹੀਂ ਬਦਲਿਆ ਜਾ ਸਕਦਾ।

ਈਡੀ ਵਲੋਂ ਪੁੱਤਰ ਤਲਬ
ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ 100 ਕਰੋੜ ਦੇ ਮਾਮਲੇ ਵਿੱਚ ਫੇਮਾ (ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ) ਦੀ ਉਲੰਘਣਾ ਦੇ ਮਾਮਲੇ ਵਿੱਚ 17 ਜਨਵਰੀ ਨੂੰ ਤਲਬ ਕੀਤਾ ਹੈ। ਇਲਜ਼ਾਮ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੇ ਸ਼ੇਅਰ ਫਲੋਟ ਕੀਤੇ ਸੀ। ਇਸ ਦੇ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਸੇਬੀ ਦੀ ਪ੍ਰਵਾਨਗੀ ਨਹੀਂ ਸੀ ਲਈ ਗਈ।ਇਸ ਨੂੰ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਮੰਨਦਿਆਂ ਹੀ ਈ.ਡੀ ਨੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਤਲਬ ਕੀਤਾ ਹੈ। ਇਨ੍ਹਾਂ ਵਿਵਾਦਾਂ ਉਤੇ  ਰਾਣਾ ਗੁਰਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਰਾਣਾ ਗੁਰਜੀਤ ਦਾ ਅਸਤੀਫਾ ਆਪ ਦੀ ਜਿੱਤ : ਖਹਿਰਾ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਨੂੰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸੱਚ ਅਤੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਆਗੂਆਂ ਖਿਲਾਫ ਜਮ ਕੇ ਲੜਾਈ ਲੜੀ ਇਸ ਦਾ ਹੀ ਸਿੱਟਾ ਹੈ ਕਿ ਇਕ ਭ੍ਰਿਸ਼ਟਾਚਾਰ ਦੇ ਮੁਜੱਸਮੇ ਵਰਗੇ ਆਗੂ ਨੂੰ ਜਨਤਾ ਸਾਹਮਣੇ ਝੁਕਣਾ ਪਿਆ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ 4 ਜਨਵਰੀ ਨੂੰ ਹੀ ਪਹੁੰਚ ਗਿਆ ਸੀ ਪਰ ਫਿਰ ਵੀ ਕੈਪਟਨ ਨੇ ਆਪਣੇ ਇਸ ਚਹੇਤੇ ਲੀਡਰ ‘ਤੇ ਕੋਈ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਅਜੇ ਵੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਸਵੀਕਾਰ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਖਹਿਰਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਣਾ ਗੁਰਜੀਤ ਸਿੰਘ ਕੈਪਟਨ ਦਾ ਫੰਡ ਮੈਨੇਜਰ ਹੈ ਅਤੇ ਕਰੋੜਾਂ ਰੁਪਏ ਦਾ ਫੰਡ ਕੈਪਟਨ ਆਪਣੇ ਇਸ ਮੰਤਰੀ ਤੋਂ ਲੈਂਦਾ ਹੈ। ਇਹੀ ਕਾਰਨ ਹੈ ਕਿ ਕੈਪਟਨ ਇਸ ਉਤੇ ਤੇ ਐਕਸ਼ਨ ਨਹੀਂ ਲੈ ਰਿਹਾ।
ਖਹਿਰਾ ਨੇ ਕਿਹਾ ਕਿ ਕੈਪਟਨ ਰਾਣਾ ਗੁਰਜੀਤ ਸਿੰਘ ਖਿਲਾਫ ਕਾਰਵਾਈ ਨਾ ਕਰਕੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਹਨ। ਜਦਕਿ ਹੁਣ ਨਵੇਂ ਬਣੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਲਈ ਇਮਤਿਹਾਨ ਦੀ ਘੜੀ ਹੈ ਅਤੇ ਦੇਖਣਾ ਹੋਵੇਗਾ ਕਿ ਰਾਹੁਲ ਵੀ ਕੈਪਟਨ ਵਾਂਗ ਭ੍ਰਿਸ਼ਟਾਚਾਰ ਨੂੰ ਪ੍ਰਮੋਟ ਕਰਦੇ ਹਨ ਜਾਂ ਅਜਿਹੇ ਦਾਗੀ ਆਗੂ ਖਿਲਾਫ ਕਾਰਵਾਈ ਕਰਦੇ ਹਨ। ਖਹਿਰਾ ਨੇ ਕਿਹਾ ਕਿ ਰੇਤ ਨਿਲਾਮੀ ਖੱਡ ਮਾਮਲੇ ਦੀ ਜਾਂਚ ਕਰਨ ਲਈ ਬਣਾਇਆ ਗਿਆ ਨਾਰੰਗ ਕਮਿਸ਼ਨ ਵੀ ਮਰਜ਼ੀ ਨਾਲ ਬਣਾਇਆ ਗਿਆ ਸੀ। ਰਾਣਾ ਗੁਰਜੀਤ ਸਿੰਘ ਦੇ ਜਸਟਿਸ ਨਾਰੰਗ ਨਾਲ ਪਰਿਵਾਰਕ ਰਿਸ਼ਤੇ ਸਨ, ਇਸੇ ਲਈ ਇਸ ਕਮਿਸ਼ਨ ਵਲੋਂ ਰਾਣਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਖਹਿਰਾ ਨੇ ਦੋਸ਼ ਲਗਾਏ ਕਿ ਰਾਣਾ ਗੁਰਜੀਤ ਸਿੰਘ ਨੇ ਸਾਊਥ ਅਫਰੀਕਾ ਵਿਚ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਹੈ ਅਤੇ ਇਸ ਸਾਰੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।