ਸ਼੍ਰੋਮਣੀ ਕਮੇਟੀ ਕਰੇਗੀ ਕਿਰਤੀ ਗੁਰਸਿੱਖ ਪਰਿਵਾਰਾਂ ਦਾ ਸਨਮਾਨ

ਸ਼੍ਰੋਮਣੀ ਕਮੇਟੀ ਕਰੇਗੀ ਕਿਰਤੀ ਗੁਰਸਿੱਖ ਪਰਿਵਾਰਾਂ ਦਾ ਸਨਮਾਨ

ਗੁਰਪੁਰਬ ਸਮਾਗਮਾਂ ਸਬੰਧੀ ਮੀਟਿੰਗ ਦਾ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :

ਸ਼੍ਰੋਮਣੀ ਕਮੇਟੀ ਵੱਲੋਂ ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 52 ਕਿੱਤਿਆਂ ਵਿਚੋਂ ਅਜਿਹੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਸਾਬਤ ਸੂਰਤ ਰਹਿ ਕੇ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤੇ ਕਿੱਤੇ ਜਾਰੀ ਰੱਖੇ ਹੋਏ ਹਨ। ਇਸ ਤੋਂ ਇਲਾਵਾ ਪਹਿਲੀ ਵਾਰ ਪੜਤਾਲ ਸ਼ੈਲੀ ਵਿਚ ਕੀਰਤਨ ਦਰਬਾਰ ਕਰਾਇਆ ਜਾਵੇਗਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 10 ਸਤੰਬਰ ਅਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ 26 ਅਕਤੂਬਰ ਨੂੰ ਮਨਾਇਆ ਜਾਵੇਗਾ। ਇਨ੍ਹਾਂ ਗੁਰਪੁਰਬਾਂ ਸਮੇਂ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਵੱਖ-ਵੱਖ ਸਭਾ-ਸੁਸਾਇਟੀਆਂ ਅਤੇ ਸੰਗਤ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ ਅੰਦਰ ਜੀਵਨ-ਜੁਗਤਿ ਸਮਾਗਮ ਆਰੰਭ ਕਰ ਦਿੱਤੇ ਗਏ ਹਨ ਅਤੇ ਇਹ ਲਗਾਤਾਰ ਪ੍ਰਕਾਸ਼ ਪੁਰਬ ਤੱਕ ਜਾਰੀ ਰਹਿਣਗੇ।
ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵੀ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਕਰਵਾਏ ਜਾਣਗੇ। ਪ੍ਰਕਾਸ਼ ਪੁਰਬ ਮੌਕੇ ਪਹਿਲੀ ਰਾਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ‘ਰਾਗ ਦਰਬਾਰ’ ਹੋਵੇਗਾ, ਜਦੋਂਕਿ ਇਸ ਵਾਰ ‘ਰਾਗ ਦਰਬਾਰ’ ਤੋਂ ਇਕ ਰਾਤ ਪਹਿਲਾਂ ਚੌਥੇ ਗੁਰੂ ਦੀ ਬਾਣੀ ਅਨੁਸਾਰ ਪੁਰਾਤਨ ਪੜਤਾਲ ਗਾਇਨ ਨਾਲ ਸਬੰਧਤ ਕੀਰਤਨ ਸਮਾਗਮ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਸਕੱਤਰ ਅਵਤਾਰ ਸਿੰਘ ਸੈਂਪਲਾ, ਦਿਲਜੀਤ ਸਿੰਘ ਬੇਦੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਜਗਜੀਤ ਸਿੰਘ ਤੇ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਹਾਜ਼ਰ ਸਨ।