ਸਿੱਖ ਨੌਜਵਾਨਾਂ ਉਤੇ ਤਸ਼ੱਦਦ ਢਾਹੁਣ ਵਾਲੇ ਥਾਣੇਦਾਰ ਦੀ ਨੌਕਰੀ ਖਤਮ

ਸਿੱਖ ਨੌਜਵਾਨਾਂ ਉਤੇ ਤਸ਼ੱਦਦ ਢਾਹੁਣ ਵਾਲੇ ਥਾਣੇਦਾਰ ਦੀ ਨੌਕਰੀ ਖਤਮ

ਪਟਿਆਲਾ/ਬਿਊਰੋ ਨਿਊਜ਼ :

ਸ਼ਰਾਬ ਦੇ ਨਸ਼ੇ ਵਿਚ ਧੁੱਤ ਪੁਲਸੀਆਂ ਵੱਲੋਂ ਅੱਧੀ ਦਰਜਨ ਸਿੱਖ ਨੌਜਵਾਨਾਂ ਉਤੇ ਅਣਮਨੁੱਖੀ ਤਸ਼ੱਦਦ ਕਰਨ ਅਤੇ ਉਨ੍ਹਾਂ ਨੂੰ ਥਾਣੇ ਬੰਦ ਰੱਖਣ ਦੇ ਮਾਮਲੇ ਵਿਚ ਥਾਣਾ ਸਨੌਰ ਦੇ ਏਐੱਸਆਈ ਨਰਿੰਦਰ ਸਿੰਘ ਦੀ ਨੌਕਰੀ ਦੀ ਬਲੀ ਚੜ੍ਹ ਗਈ ਹੈ। ਉਸ ਨੂੰ ਜਬਰੀ ਸੇਵਾਮੁਕਤ ਕਰ ਦਿਤਾ ਗਿਆ ਹੈ। ਇਹ ਸਖ਼ਤ ਫੈਸਲਾ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਲਿਆ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਕਈ ਦਿਨ ਤੋਂ ਸਿੱਖਾਂ ਵਿਚ ਰੋਸ ਫੈਲਿਆ ਹੋਇਆ ਸੀ। ਮਾਰਕੁੱਟ ਦਾ ਸ਼ਿਕਾਰ ਹੋਏ ਨੌਜਵਾਨ ਅਮਰਦੀਪ ਸਿੰਘ ਦਾ ਪਤਾ ਲੈਣ ਲਈ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਮੰਤਰੀ ਪਰਨੀਤ ਕੌਰ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ‘ਆਪ’ ਆਗੂ ਸਖਪਾਲ ਖਹਿਰਾ ਤੇ ਹਰਪਾਲ ਚੀਮਾ ਆਦਿ ਕਈ ਸ਼ਖ਼ਸੀਅਤਾਂ ਹਸਪਤਾਲ ਪੁੱਜੀਆਂ ਸਨ। ਪਹਿਲਾਂ ਥਾਣੇਦਾਰ ਨੂੰ ਮੁਅੱਤਲ ਕਰਕੇ ਉਸ ਦੇ ਖ਼ਿਲਾਫ਼ ਧਾਰਾ 342 ਅਤੇ 323 ਤਹਿਤ ਕੇਸ ਵੀ ਦਰਜ ਕਰ ਦਿੱਤਾ ਗਿਆ ਸੀ।ਇਸ ਸਬੰਧੀ ਅਜੇ ਨਿਆਂਇਕ ਜਾਂਚ ਚੱਲ ਹੀ ਰਹੀ ਹੈ ਪਰ 15 ਅਗਸਤ ਵਾਲ਼ੇ ਦਿਨ ਵਾਇਰਲ ਹੋਈਆਂ ਕੁਝ ਵੀਡੀਓਜ਼ ਨੇ ਮੁੜ ਤਰਥੱਲੀ ਮਚਾ ਦਿੱਤੀ। ਇਨ੍ਹਾਂ ਵਿਚ ਥਾਣੇਦਾਰ ਨਰਿੰਦਰ ਸਿੰਘ ਨੌਜਵਾਨਾ ਦੀ ਕੁੱਟਮਾਰ ਨਜ਼ਰ ਆ ਰਿਹਾ ਹੈ। ਉਹ ਨੌਜਵਾਨਾਂ ਦੀਆਂ ਤਲ਼ੀਆਂ ‘ਤੇ ਸੋਟੀਆਂ ਮਾਰਨ ਸਮੇਤ ਉਨ੍ਹਾਂ ਦੇ ਹੱਥਾਂ, ਲੱਤਾਂ ਅਤੇ ਪਿੱਠ ਆਦਿ ‘ਤੇ ਚੜ੍ਹਦਾ ਵੀ ਨਜ਼ਰ ਆਉਂਦਾ ਹੈ।
ਕੁੱਟਮਾਰ ਦੀ ਇਹ ਵੀਡੀਓ ਥਾਣੇ ਦੇ ਅੰਦਰ ਹੀ ਬੈਠੇ ਕਿਸੇ ਪੁਲੀਸ ਮੁਲਾਜ਼ਮ ਜਾਂ ਫੇਰ ਅਮਰਦੀਪ ਸਿੰਘ ਨਾਲ਼ ਫੜੇ ਦੂਜੇ ਨੌਜਵਾਨਾਂ ਵਿਚੋਂ ਕਿਸੇ ਵੱਲੋਂ ਬਣਾਈ ਸਮਝੀ ਜਾ ਰਹੀ ਹੈ। ਨਰਿੰਦਰ ਸਿੰਘ ਦੀ ਅਜੇ ਸਾਢੇ ਤਿੰਨ ਸਾਲ ਨੌਕਰੀ ਬਾਕੀ ਸੀ। ਉਸ ਨੂੰ 16 ਅਗਸਤ ਤੋਂ ਹੀ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ ਹੈ।