ਮੋਬਾਇਲ ਫੋਨ ‘ਤੇ ਸੈਲਫੀ ਖਿੱਚਣਾ ਮੌਤ ਦਾ ਸਬੱਬ ਬਣਿਆ

ਮੋਬਾਇਲ ਫੋਨ ‘ਤੇ ਸੈਲਫੀ ਖਿੱਚਣਾ ਮੌਤ ਦਾ ਸਬੱਬ ਬਣਿਆ

ਦੋਰਾਹਾ/ਬਿਊਰੋ ਨਿਊਜ਼ :
ਮੋਬਾਇਲ ਫੋਨ ਉਤੇ ਜ਼ੋਖਮ ਵਾਲੀਆਂ ਥਾਵਾਂ ਉਤੇ ਸੈਲਫੀ ਖਿੱਚਣਾ ਕਈ ਵਾਰ ਜਾਨਲੇਵਾ ਸਾਬਤ ਹੋ ਸਕਦਾ ਹੈ। ਪੰਜਾਬ ਦੇ ਦੋਰਾਹਾ ਨੇੜੇ ਇਸ ਤਰ੍ਹਾਂ ਹੀ ਸੈਲਫ਼ੀ ਖਿੱਚਣ ਦੇ ਚੱਕਰ ਵਿਚ ਦੋ ਨੌਜਵਾਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ਮਾਰਗ ‘ਤੇ ਕਟਾਣਾ ਸਾਹਿਬ ਨੇੜੇ ਰੇਲਵੇ ਫਲਾਈਓਵਰ ‘ਤੇ ਤਿੰਨ ਨੌਜਵਾਨ ਸੈਲਫ਼ੀ ਲੈਣ ਗਏ। ਇਸ ਦੌਰਾਨ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਹੀ ਰੇਲ ਗੱਡੀ ਨੰਬਰ 4615 ਦੀ ਲਪੇਟ ਵਿੱਚ ਆਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਤੀਜਾ ਸਾਥੀ ਘਟਨਾ ਤੋਂ ਡਰ ਕੇ ਮੌਕੇ ਤੋਂ ਦੌੜ ਗਿਆ। ਮ੍ਰਿਤਕ ਬੱਚਿਆਂ ਦੇ ਨਾਂ ਯੁਵਰਾਜ ਸਿੰਘ ਅਤੇ ਗੌਰਵ ਹਨ। ਦੋਵੇਂ ਅੱਠਵੀਂ ਕਲਾਸ ਦੇ ਵਿਦਿਆਰਥੀ ਸਨ। ਦੋਵੇਂ ਨੌਜਵਾਨ ਰਾਮਪੁਰ ਪਿੰਡ ਦੇ ਵਾਸੀ ਸਨ। ਇਸ ਹਾਦਸੇ ‘ਚ ਨੌਜਵਾਨਾਂ ਦੇ ਸਰੀਰ ਬੁਰੀ ਤਰ੍ਹਾਂ ਕੁਚਲੇ ਗਏ। ਰੇਲਵੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਟਰੇਨ ਗਾਰਡ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਨੌਜਵਾਨ ਰੇਲਵੇ ਟਰੈਕ ‘ਤੇ ਚੱਲਦੀ ਟਰੇਨ ਦੇ ਸਾਹਮਣੇ ਫ਼ੋਟੋ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਆ ਰਹੀ ਤੇਜ਼ ਰਫ਼ਤਾਰ ਰੇਲ ਗੱਡੀ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਤੀਜਾ ਨੌਜਵਾਨ ਬਚ ਗਿਆ।