ਸ਼ਿਲਾਂਗ ਵਿਚ ਸਿੱਖਾਂ ‘ਤੇ ਹਮਲੇ ਜਾਰੀ, ਕਰਫਿਊ ਲੱਗਿਆ

ਸ਼ਿਲਾਂਗ ਵਿਚ ਸਿੱਖਾਂ ‘ਤੇ ਹਮਲੇ ਜਾਰੀ, ਕਰਫਿਊ ਲੱਗਿਆ

– ਪੱਥਰਬਾਜ਼ਾਂ ਨੇ ਗੁਰਦੁਆਰੇ ‘ਤੇ ਪਥਰਾਓ ਕੀਤਾ, ਕੇਂਦਰੀ ਬਲ ਤਾਇਨਾਤ 
– ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦਾ ਵਫ਼ਦ ਸਿੱਖਾਂ ਦੀ ਸਾਰ ਲੈਣ ਪਹੁੰਚਿਆ
– ਮਾਮਲਾ ਜ਼ਮੀਨ ਦੇ ਝਗੜੇ ਦਾ 
– ਖਾਸੀ ਫਿਰਕਾ ਸਿੱਖਾਂ ਨੂੰ ਜ਼ਮੀਨ ਤੋਂ ਕੱਢਣਾ ਚਾਹੁੰਦਾ ਏ

ਸ਼ਿਲਾਂਗ/ਬਿਊਰੋ ਨਿਊਜ਼:
ਭਾਰਤ ਦੇ ਇਸ ਉੱਤਰੀ ਰਾਜ ‘ਚ ਸਿੱਖਾਂ ਵਿਰੁੱਧ ਹੋ ਰਹੇ ਹਮਲਿਆਂ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਤੇ ਇਨਸਾਫ਼ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਗਏ ਵਫ਼ਦ ਦੇ ਆਗੂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਦੱਸਿਆ ਕਿ ਇਥੇ ਸਥਿਤੀ ਅਜੇ ਵੀ ਬੜੀ ਖ਼ਤਰਨਾਕ ਬਣੀ ਹੋਈ ਹੈ। ਬੀਤੇ ਦਿਨੀਂ ਕਰਫ਼ਿਊ ਵਿਚ ਢਿੱਲ ਮਿਲਦਿਆਂ ਸਾਰ ਹੀ ਖ਼ਾਸੀ ਫ਼ਿਰਕੇ ਦੇ ਲੋਕਾਂ ਨੇ ਮੁੜ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਗਲੀਆਂ ਵਿਚੋਂ ਦੀ ਆ ਕੇ ਸਿੱਖਾਂ ਦੇ ਘਰਾਂ ‘ਤੇ ਹਮਲੇ ਕੀਤੇ। ਇਸ ਮੌਕੇ ਪੁਲਿਸ ਨੇ ਹਵਾ ਵਿਚ ਗੋਲੀਆਂ ਚਲਾ ਕੇ ਅਤੇ ਅੱਥਰੂ ਗੈਸ ਛੱਡ ਕੇ ਸਿੱਖਾਂ ਨੂੰ ਬਚਾਇਆ।
ਸ਼ਿਲਾਂਗ ਭਾਰਤ ਦੇ ਛੋਟੇ ਜਿਹੇ ਸੂਬੇ ਮੇਘਾਲਿਆ ਦੀ ਰਾਜਧਾਨੀ ਹੈ, ਜੋ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿਚ ਵਸਿਆ ਹੋਇਆ ਹੈ। ਇਥੇ ਵੱਡੀ ਗਿਣਤੀ ਵਿਚ ਖਾਸੀ ਬਰਾਦਰੀ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾ ਇਸਾਈ ਹਨ। ਇਸ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਧਰਮ ਨਾਲ ਸਬੰਧਿਤ ਲੋਕ ਵੀ ਇਥੇ ਰਹਿੰਦੇ ਹਨ। ਸਿੱਖਾਂ, ਬੋਧੀਆਂ ਤੇ ਜੈਨੀਆਂ ਦੀ ਇਥੇ ਕੁਝ ਪ੍ਰਤੀਸ਼ਤ ਆਬਾਦੀ ਹੀ ਹੈ। ਖਾਸੀ ਕਬੀਲੇ ਦੇ ਲੋਕਾਂ ਤੋਂ ਇਲਾਵਾ ਇਥੇ ਦਰਜਨਾਂ ਹੀ ਉੱਤਰ-ਪੂਰਬ ਦੇ ਹਿੱਸੇ ਦੇ ਕਬਾਇਲੀ ਲੋਕ ਵੀ ਰਹਿੰਦੇ ਹਨ। ਇਨ੍ਹਾਂ ਵਿਚ ਨਾਗਾ, ਮਣੀਪੁਰੀ, ਕੁਕੀਜ਼ ਤੇ ਮੀਜ਼ੋ ਆਦਿ ਸ਼ਾਮਿਲ ਹਨ। ਮੇਘਾਲਿਆ ਵਿਚ ਆਸਾਮੀ, ਬੰਗਾਲੀ, ਨਿਪਾਲੀ, ਬਿਹਾਰੀ ਤੇ ਪੰਜਾਬੀ ਵੀ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸ਼ਿਲਾਂਗ ਵਿਚ ਸਿੱਖ ਤੇ ਵਿਸ਼ੇਸ਼ ਤੌਰ ‘ਤੇ ਦਲਿਤ ਸਿੱਖ ਲਗਪਗ ਪਿਛਲੇ 200 ਸਾਲ ਤੋਂ ਵਸੇ ਹੋਏ ਹਨ। ਅੰਗਰੇਜ਼ੀ ਹਕੂਮਤ ਦੇ ਸਮੇਂ ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਕੰਮ ਕਰਨ ਲਈ ਬੁਲਾਇਆ ਗਿਆ ਸੀ। ਸਦੀਆਂ ਤੋਂ ਰਹਿ ਰਹੇ ਇਨ੍ਹਾਂ ਲੋਕਾਂ ਦਾ ਚਾਹੇ ਸਥਾਨਕ ਅਤੇ ਵਿਸ਼ੇਸ਼ ਤੌਰ ‘ਤੇ ਖਾਸੀ ਭਾਈਚਾਰੇ ਨਾਲ ਮੇਲਜੋਲ ਬਣਿਆ ਰਿਹਾ ਹੈ ਪਰ ਸਮੇਂ ਦੇ ਬੀਤਣ ਨਾਲ ਕੁਝ ਸਥਾਨਕ ਲੋਕਾਂ ਦੇ ਹਿਤ ਇਨ੍ਹਾਂ ਨਾਲ ਟਕਰਾਉਣੇ ਸ਼ੁਰੂ ਹੋ ਗਏ ਹਨ। ਇਸੇ ਲਈ ਕਈ ਦਹਾਕਿਆਂ ਤੋਂ ਪੰਜਾਬੀ ਲਾਈਨ ਦੇ ਇਲਾਕੇ ਨਾਲ ਜਾਣੇ-ਜਾਂਦੇ ਇਥੇ ਵਸੇ ਬਹੁਤੇ ਸਿੱਖ ਤੇ ਪੰਜਾਬੀਆਂ ਨੂੰ ਇਸ ਇਲਾਕੇ ਵਿਚੋਂ ਕੱਢ ਕੇ ਬਾਹਰਲੇ ਇਲਾਕਿਆਂ ਵਿਚ ਭੇਜੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਕਿਉਂਕਿ ਪੰਜਾਬੀ ਲਾਈਨ ਦਾ ਇਹ ਇਲਾਕਾ ਵੱਡੇ ਮਹਾਂਨਗਰ ਦੇ ਰੂਪ ਵਿਚ ਫੈਲ ਚੁੱਕੇ ਸ਼ਿਲਾਂਗ ਦੇ ਵਿਚਕਾਰ ਆ ਚੁੱਕਾ ਹੈ। ਸਰਕਾਰ ਵੀ ਅਤੇ ਸਥਾਨਕ ਲੋਕ ਵੀ ਇਥੇ ਚੰਗੇ ਬਾਜ਼ਾਰ ਉਸਾਰਨਾ ਚਾਹੁੰਦੇ ਹਨ ਅਤੇ ਇਸੇ ਲਈ ਉਨ੍ਹਾਂ ਦਾ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਇਹ ਤਣਾਅ ਬਣਿਆ ਰਿਹਾ ਹੈ। ਖਾਸੀ ਭਾਈਚਾਰੇ ਦੀ ਗਿਣਤੀ ਇਥੇ ਬਹੁਤ ਵੱਡੀ ਹੈ। ਉਨ੍ਹਾਂ ਦੀਆਂ ਵੋਟਾਂ ਨਾਲ ਹੀ ਇਥੇ ਵਿਧਾਇਕ ਚੁਣਿਆ ਜਾਂਦਾ ਹੈ, ਜਿਸ ਕਰਕੇ ਸਰਕਾਰੇ-ਦਰਬਾਰੇ ਉਨ੍ਹਾਂ ਦੀ ਵਧੇਰੇ ਪੁੱਛ-ਪ੍ਰਤੀਤ ਹੈ। ਸ਼੍ਰੋਮਣੀ ਕਮੇਟੀ ਦੇ ਵਫ਼ਦ ਅਨੁਸਾਰ ਇਥੇ ਡੇਢ ਏਕੜ ਜਗ੍ਹਾ ਵਿਚ 350 ਸਿੱਖ ਦਲਿਤ ਪਰਿਵਾਰ ਰਹਿ ਰਹੇ ਹਨ। ਇਹ ਜਗ੍ਹਾ ਵਪਾਰਕ ਤੌਰ ‘ਤੇ ਬਹੁਤ ਮਹਿੰਗੀ ਹੋ ਗਈ ਹੈ, ਜਿਸ ਕਰਕੇ ਖ਼ਾਸੀ ਭਾਈਚਾਰੇ ਦੇ ਲੋਕ ਸਿੱਖਾਂ ਦੀ ਚੜ੍ਹਤ ਵੇਖ ਕੇ ਉਨ੍ਹਾਂ ਦੇ ਖ਼ਿਲਾਫ਼ ਹਨ ਤੇ ਇਹ ਜਗ੍ਹਾ ਖ਼ਾਲੀ ਕਰਵਾਉਣੀ ਚਾਹੁੰਦੇ ਹਨ। ਹਾਲਾਂਕਿ ਇਸ ਜਗ੍ਹਾ ਬਾਰੇ ਸਾਰੇ ਕੇਸ ਇਥੋਂ ਦੇ ਸਿੱਖ ਹਾਈਕੋਰਟ ਤੱਕ ਜਿੱਤ ਚੁੱਕੇ ਹਨ। ਪਰ ਸਰਕਾਰ ਅਜੇ ਵੀ ਪਟਾਨਾਮਾ ਸਿੱਖਾਂ ਦੇ ਨਾਂਅ ਕਰਨ ਨੂੰ ਤਿਆਰ ਨਹੀਂ। ਇਸ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਕੋਨਾਰਡ ਸੰਗਮਾ ਨੂੰ ਮਿਲੇਗਾ। ਪੁਲਿਸ ਨੂੰ ਭੀੜ ‘ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਸੁੱਟਣੇ ਪਏ, ਜਿਸ ਦੇ ਬਾਅਦ ਇਲਾਕੇ ਵਿਚ ਮੁੜ ਕਰਫ਼ਿਊ ਲਗਾ ਦਿੱਤਾ ਗਿਆ। ਫ਼ੌਜ ਨੇ ਸ਼ਿਲਾਂਗ ਵਿਚ ਫਲੈਗ ਮਾਰਚ ਕੀਤਾ।

ਕਿਵੇਂ ਹਿੰਸਾ ਛਿੜੀ
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੀਤ ਸਿੰਘ, ਮੁਹੱਲੇ ਦੇ ਪ੍ਰਧਾਨ ਬੀਰਾ ਸਿੰਘ ਅਤੇ ਹੋਰਨਾਂ ਨੇ ਵਫ਼ਦ ਨੂੰ ਦੱਸਿਆ ਕਿ ਲੜਾਈ ਦੀ ਸ਼ੁਰੂਆਤ ਸਿੱਖ ਲੜਕੀ ਪ੍ਰਭਜੋਤ ਕੌਰ ਨੂੰ ਦੋ ਖ਼ਾਸੀ ਮੁੰਡਿਆਂ ਵਲੋਂ ਛੇੜੇ ਜਾਣ ਤੋਂ ਹੋਈ। ਜਿਸ ‘ਤੇ ਪ੍ਰਭਜੋਤ ਕੌਰ ਅਤੇ ਉਸ ਦੀਆਂ ਸਾਥਣਾਂ ਰਿੰਕੀ ਕੌਰ, ਸੀਤਾ ਕੌਰ ਅਤੇ ਸਲਮਾ ਪਤਨੀ ਬਿੱਟੂ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਝਗੜੇ ਵਿਚ ਛੇੜਨ ਵਾਲੇ ਦੋਵੇਂ ਮੁੰਡੇ ਜ਼ਖ਼ਮੀ ਹੋ ਗਏ, ਪਰ ਸ਼ਾਮ ਨੂੰ ਥਾਣੇ ਵਿਚ ਜਾ ਕੇ ਦੋਵਾਂ ਧਿਰਾਂ ਵਿਚ ਸਮਝੌਤਾ ਹੋ ਗਿਆ ਅਤੇ ਸਿੱਖਾਂ ਨੇ ਦੋਵਾਂ ਜ਼ਖ਼ਮੀਆਂ ਦੇ ਇਲਾਜ ਵਾਸਤੇ 4 ਹਜ਼ਾਰ ਰੁਪਏ ਵੀ ਦੇ ਦਿੱਤੇ।  ਹਰਪਾਲ ਸਿੰਘ ਜੱਲਾ ਨੇ ਦੱਸਿਆ ਕਿ ਬਾਅਦ ਵਿਚ ਸਿਆਸੀ ਦਬਾਅ, ਫ਼ਿਰਕਾਪ੍ਰਸਤੀ ਕਾਰਨ ਅਤੇ ਸਿੱਖਾਂ ਦੀ ਚੜ੍ਹਤ ਤੋਂ ਜਲਦਿਆਂ ਕਰੀਬ 300 ਵਿਅਕਤੀਆਂ ਨੇ ਸਿੱਖਾਂ ਦੇ ਮੁਹੱਲੇ ‘ਤੇ ਹਮਲਾ ਬੋਲ ਦਿੱਤਾ ਅਤੇ ਇੱਕ ਮਕਾਨ, ਸਕੂਟਰਾਂ ਦੇ ਇਕ ਸ਼ੋਅ-ਰੂਮ ਤੇ ਇਕ ਕਾਰ ਨੂੰ ਸਾੜ ਦਿੱਤਾ ਗਿਆ। ਪੁਲਿਸ ਨੇ ਆ ਕੇ ਮੌਕਾ ਸੰਭਾਲਿਆ ਤੇ ਕਰਫ਼ਿਊ ਲਗਾ ਦਿੱਤਾ, ਪਰ ਰਾਤ ਨੂੰ ਕਰਫ਼ਿਊ ਦੌਰਾਨ ਮੁੜ ਹਮਲਾ ਕਰ ਦਿੱਤਾ। ਜਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੌਤਰਫੋਂ  ਗੁਰਦੁਆਰਾ ਸਾਹਿਬ ਲਈ 10 ਲੱਖ ਰੁਪਏ ਅਤੇ ਬਹਾਦਰੀ ਦਿਖਾਉਣ ਵਾਲੀਆਂ ਚਾਰਾਂ ਲੜਕੀਆਂ ਨੂੰ 21-21 ਹਜ਼ਾਰ ਰੁਪਏ ਦੇਣ ਅਤੇ ਜਿਸ ਦਾ ਮਕਾਨ ਸੜਿਆ ਹੈ ਉਸ ਨੂੰ 2 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ।

ਵਫ਼ਦ ਨੇ ਕੀਤੀ ਪ੍ਰਸ਼ਾਸ਼ਨ ਨਾਲ ਮੁਲਾਕਾਤ
ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਅਤੇ ਵਫ਼ਦ ਦੇ ਮੈਂਬਰ ਸ. ਹਰਪਾਲ ਸਿੰਘ ਜੱਲਾ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਟੀ.ਐੱਸ. ਬੋਖਾੜ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸੂਬੇ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਖ਼ੁਦ ਇਸ ਮਾਮਲੇ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ ਅਤੇ ਇਸ ਮਸਲੇ ਦੀ ਤਹਿ ਤੱਕ ਜਾਇਆ ਜਾਵੇਗਾ ਅਤੇ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਅਤੇ ਅੰਤ੍ਰਿੰਗ ਕਮੇਟੀ ਵਲੋਂ ਲਏ ਫ਼ੈਸਲੇ ਅਨੁਸਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ: ਹਰਪਾਲ ਸਿੰਘ ਜੱਲ੍ਹਾ, ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਕੁਲਵੰਤ ਸਿੰਘ ਮੰਨਣ ਅਤੇ ਐਡੀਸ਼ਨਲ ਸਕੱਤਰ ਵਿਜੈ ਸਿੰਘ ‘ਤੇ ਆਧਾਰਿਤ ਪੰਜ ਮੈਂਬਰੀ ਵਫ਼ਦ ਨੇ ਸ਼ਿਲਾਂਗ ਪੁੱਜਦਿਆਂ ਹੀ ਜ਼ਿਲ੍ਹਾ ਕਲੈਕਟਰ ਟੀ. ਐੱਸ ਬੋਖਾੜ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਸਥਾਨਕ ਸਿੱਖਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇ। ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰੇ ਪਹੁੰਚ ਕੇ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਤੋਂ ਸ਼੍ਰੋਮਣੀ ਕਮੇਟੀ ਸਮੇਤ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਉਨ੍ਹਾਂ ਦੇ ਨਾਲ ਹੈ।

ਕਾਂਗਰਸ ਨੇ ਬੋਲਿਆ ਝੂਠ
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੂਬਾ ਸਰਕਾਰ ਦਾ ਇਕ ਵਫ਼ਦ ਇੱਥੇ ਪਹੁੰਚਿਆ ਤੇ ਅਫ਼ਵਾਹਾਂ ਦੇ ਉਲਟ ਉਨ੍ਹਾਂ ਨੂੰ ਸ਼ਿਲਾਂਗ ਵਿਚ ਕਿਸੇ ਵੀ ਗੁਰਦੁਆਰੇ ਦੇ ਨੁਕਸਾਨੇ ਜਾਣ ਜਾਂ ਕਿਸੇ ਵੀ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ। ਜਦ ਕਿ ਵੀਡੀਓ ਫ਼ਿਲਮਾਂ ਵਿਚ ਇਹ ਨੁਕਸਾਨ ਸਾਫ਼ ਦਿਖਾਈ ਦੇ ਰਿਹਾ ਹੈ। ਵਫ਼ਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨਾਲ ਮੀਟਿੰਗ ਕੀਤੀ। ਵਫ਼ਦ ਵਲੋਂ ਇਨ੍ਹਾਂ ਖੇਤਰਾਂ ਵਿਚ ਸਿੱਖ ਭਾਈਚਾਰੇ ਨੂੰ ਮਿਲਿਆ ਗਿਆ ਅਤੇ ਇਹ ਵੀ ਪਤਾ ਲੱਗਾ ਕਿ ਇੱਥੇ ਪ੍ਰਾਪਰਟੀ ਨੂੰ ਲੈ ਕੇ ਪੁਰਾਣਾ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਹਾਲਾਤ ਵਿਗੜੇ ਜੋ ਪਿਛਲੇ ਹਫ਼ਤੇ ਹਿੰਸਾ ਦਾ ਕਾਰਨ ਬਣੇ। ਵਫ਼ਦ ਵਿਚ ਕੈਬਨਿਟ ਮੰਤਰੀ ਰੰਧਾਵਾ ਦੇ ਨਾਲ ਰਵਨੀਤ ਸਿੰਘ ਬਿੱਟੂ ਤੇ ਗੁਰਜੀਤ ਸਿੰਘ ਔਜਲਾ (ਦੋਵੇਂ ਸੰਸਦ ਮੈਂਬਰ), ਵਿਧਾਇਕ ਕੁਲਦੀਪ ਸਿੰਘ ਵੈਦ ਤੇ ਡੀ.ਐਸ. ਮਾਂਗਟ (ਆਈ.ਏ.ਐਸ.) ਵੀ ਸ਼ਾਮਲ ਸਨ।

ਜਾਰੀ ਹੈ ਬਲਿਊ ਸਟਾਰ
ਸ਼ਿਲਾਂਗ ਵਿਚ ਸਿੱਖਾਂ ‘ਤੇ ਹਮਲੇ ਲਈ ਬਾਹਮਣਵਾਦ ਜ਼ਿੰਮੇਵਾਰ
ਸ਼ਿਲਾਂਗ ਵਿਚ ਜੋ ਵਾਪਰਿਆ ਉਹ ਟਕਰਾਅ ਸਿਖ ਪੰਥ ਤੇ ਹਿੰਦੂਆਂ ਦਰਮਿਆਨ ਨਹੀਂ ਹੈ। ਇਹ ਟਕਰਾਅ ਖਾਸੀ ਬਰਾਦਰੀ ਨਾਲ ਹੈ ਜੋ ਇਸਾਈ ਹਨ ਤੇ ਮੂਲ ਨਿਵਾਸੀ ਹਨ। ਇਹ ਝੂਠ ਬੋਲਿਆ ਜਾ ਰਿਹਾ ਕਿ ਗੁਰਦੁਆਰੇ ਤੇ ਹਮਲੇ ਨਹੀਂ ਹੋ ਰਹੇ ਹਨ ਸਿਖਾਂ ਦੀਆਂ ਧੀਆਂ ਭੈਣਾਂ ਦੀ ਇਜ਼ਤ ਖਤਰੇ ਵਿਚ ਹੈ। ਸਿਖ ਭੁਖੇ ਭਾਣੇ ਗੁਰਦਆਰੇ ਵਿਚ ਬੰਦ ਹਨ।ਬਾਹਮਣਵਾਦੀ ਮੀਡੀਆ ਖਬਰਾਂ ਨਹੀਂ ਲਗਾ ਰਿਹਾ। ਕਿਉਕਿ ਮਨੂੰਵਾਦੀ ਤੰਤਰ ਨੂੰ ਇਹ ਖਬਰਾਂ ਰਾਸ ਨਹੀਂ ਆਉਂਦੀਆਂ। ਸਿੱਖਾਂ ਕੋਲ ਖਾਣ ਪੀਣ ਦਾ ਸਮਾਨ ਮੁਕ ਚੁਕਿਆ ਹੈ। ਸਰਕਾਰ ਨੇ ਇੰਟਰਨੈਟ ਜਾਣ ਬੁਝ ਕੇ ਬੰਦ ਕੀਤੇ ਹਨ ਕਿ ਸਿਖਾਂ ਦੇ ਹਾਲਾਤ ਬਾਰੇ ਪਤਾ ਨਾ ਲਗੇ। ਉਥੇ ਹਾਲਾਤ ਬਲਿਊ ਸਟਾਰ ਵਰਗੇ ਹਨ। ਸਰਕਾਰ ਕਹਿੰਦੀ ਹੈ ਸਥਿਤੀ ਕੰਟਰੋਲ ਵਿਚ ਹੈ ਜੋ ਇਥੋ ਸਿਖ ਪੰਥ ਦੇ ਪ੍ਰਤੀਨਿਧ ਬਣ ਕੇ ਗਏ ਉਹ ਵੀ ਕਹਿੰਦੇ ਹਨ ਸਥਿਤੀ ਕੰਟਰੋਲ ਵਿਚ ਹੈ। ਪਰ ਉਥੋਂ ਦੇ ਸਿਖ ਕਹਿ ਰਹੇ ਹਨ ਸਾਡੇ ਨਾਲ ਦੁਖਾਂਤਕ ਭਾਣਾ ਵਾਪਰਨ ਵਾਲਾ ਹੈ। ਅਸੀਂ ਡੋਰੀ ਵਾਹਿਗੁਰੂ ਤੇ ਸੁਟੀ ਹੈ ਤੇ ਵਾਹਿਗੁਰੂ ਅਗੇ ਇਹੀ ਸਾਡੀ ਅਰਦਾਸ ਹੈ ਕਿ ਤੂੰ ਨਿਮਾਣਿਆਂ ਦਾ ਮਾਣ ਹੈ।ਸਾਡੇ ਨਾਲ ਜੋ ਮਰਜ਼ੀ ਵਾਪਰੇ ਅਸੀਂ ਜਮੀਨ ਨਹੀਂ ਛਡਾਂਗੇ। ਪੰਜਾਬੀ ਕਲੋਨੀ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ ਸੰਗਮ ਸਿੰਘ ਨੇ ਕਿਹਾ, ”ਸਾਡੇ ਇਲਾਕੇ ਵਿੱਚ ਲਗਾਤਾਰ ਕਰਫਿਊ ਹੈ। ਅਸੀਂ ਬਾਹਰ ਨਹੀਂ ਨਿਕਲ ਸਕਦੇ। ਅਜਿਹੇ ਵਿੱਚ ਹਾਲਾਤ ਸੁਧਰਨ ਦੀ ਗੱਲ ਕਿਵੇਂ ਕਹਿ ਸਕਦੇ ਹਾਂ। ।”
ਅਜਿਹੀ ਖ਼ਬਰ ਆ ਰਹੀ ਹੈ ਕਿ ਮੇਘਾਲਿਆ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਮੰਗ ਮੰਨ ਲਈ ਹੈ। ਹਾਲਾਂਕਿ ਇਸ ਦੀ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ। ਪ੍ਰਦਰਸ਼ਨਕਾਰੀ ਸ਼ਿਲਾਂਗ ਸ਼ਹਿਰ ਦੇ ਇੱਕਦਮ ਵਿਚਕਾਰ ਪੰਜਾਬੀ ਲੇਨ ਦੀ ਤਕਰੀਬਨ ਦੋ ਏਕੜ ਜ਼ਮੀਨ ‘ਤੇ ਵਸੇ ਦਲਿਤ ਸਿੱਖਾਂ ਨੂੰ ਤੁਰੰਤ ਦੂਜੀ ਥਾਂ ਸ਼ਿਫ਼ਟ ਕਰਨ ਦੀ ਮੰਗ ਕਰ ਰਹੇ ਹਨ। ਸੰਗਮ ਸਿੰਘ ਕਹਿੰਦੇ ਹਨ, ” ਅਸੀਂ ਆਪਣੀ ਥਾਂ ਨਹੀਂ ਛੱਡਾਂਗੇ।” ”ਸਾਡੇ ਲੋਕਾਂ ਨੇ ਵੀ ਮੁੱਖ ਮੰਤਰੀ ਕੋਨਰਾਡ ਸੰਗਮਾ ਦੇ ਨਾਲ ਬੈਠਕ ਕੀਤੀ ਹੈ ਪਰ ਅਜਿਹੀ ਕੋਈ ਚਰਚਾ ਨਹੀਂ ਹੋਈ। ”
ਸੰਗਮ ਸਿੰਘ ਕਹਿੰਦੇ ਹਨ, ”ਜੋ ਥਾਂ ਸਾਡੇ ਕੋਲ ਹੈ ਉਹ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਹੈ। ਕਾਫ਼ੀ ਮਹਿੰਗੀ ਵੀ ਹੈ। ਇਸ ‘ਤੇ ਪਹਿਲਾਂ ਵੀ ਸਿਆਸਤ ਚੱਲ ਰਹੀ ਹੈ। ਉਹ ਲੋਕ ਸਾਨੂੰ ਇੱਥੋਂ ਹਟਾ ਕੇ ਮਾਰਕਿਟ ਬਣਾਉਣਾ ਚਾਹੁੰਦੇ ਹਨ।”ਪਿਛਲੇ ਤਕਰੀਬਨ 200 ਸਾਲਾਂ ਤੋਂ ਸ਼ਿਲਾਂਗ ਦੀ ਪੰਜਾਬੀ ਲੇਨ ਵਿੱਚ ਵਸੇ ਦਲਿਤ ਸਿੱਖਾਂ ਦਾ ਇੱਥੇ ਗੁਰਦੁਆਰਾ ਹੈ। ਗੁਰੂ ਨਾਨਕ ਪ੍ਰਾਈਮਰੀ ਸਕੂਲ ਹੈ। ਕਈ ਸਿੱਖਾਂ ਨੇ ਖਾਸੀ ਭਾਈਚਾਰੇ ਦੀਆਂ ਔਰਤਾਂ ਨਾਲ ਵਿਆਹ ਵੀ ਕਰਵਾਇਆ ਹੋਇਆ ਹੈ।
ਸਨੀ ਦੀ ਜਾਣਕਾਰੀ ਮੁਤਾਬਕ ਅਜਿਹੇ ਸੱਤ-ਅੱਠ ਸਿੱਖ ਪਰਿਵਾਰ ਹਨ ਜਿਨ੍ਹਾਂ ਨੇ ਇਸਾਈ ਧਰਮ ਅਪਣਾ ਲਿਆ ਹੈ। ਆਮ ਤੌਰ ‘ਤੇ ਦੇਸ ਦੇ ਹੋਰਨਾਂ ਸੂਬਿਆਂ ਵਿੱਚ ਦਲਿਤ ਸਿੱਖਾਂ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮਿਲਿਆ ਹੋਇਆ ਹੈ ਪਰ ਮੇਘਾਲਿਆ ਵਿੱਚ ਦਲਿਤ ਸਿੱਖਾਂ ਨੂੰ ਐੱਸਟੀ ਦਾ ਕੋਈ ਦਰਜਾ ਨਹੀਂ ਹੈ।ਸਨੀ ਕਹਿੰਦੇ ਹਨ, ”ਸਾਡੇ ਕੋਲ ਐੱਸਟੀ ਦਾ ਪ੍ਰਮਾਣ ਪੱਤਰ ਹੈ ਪਰ ਇੱਥੋਂ ਦੀ ਸਰਕਾਰ ਇਸ ਨੂੰ ਨਹੀਂ ਮੰਨਦੀ।।” ਸ਼ਿਲਾਂਗ ਵਿਚ ਸਿੱਖ ਤੇ ਵਿਸ਼ੇਸ਼ ਤੌਰ ‘ਤੇ ਦਲਿਤ ਸਿੱਖ ਲਗਪਗ ਪਿਛਲੇ 200 ਸਾਲ ਤੋਂ ਵਸੇ ਹੋਏ ਹਨ। ਅੰਗਰੇਜ਼ੀ ਹਕੂਮਤ ਦੇ ਸਮੇਂ ਇਨ੍ਹਾਂ ਨੂੰ ਵੱਡੀ ਗਿਣਤੀ ਵਿਚ ਕੰਮ ਕਰਨ ਲਈ ਬੁਲਾਇਆ ਗਿਆ ਸੀ। ਸਦੀਆਂ ਤੋਂ ਰਹਿ ਰਹੇ ਇਨ੍ਹਾਂ ਲੋਕਾਂ ਦਾ ਚਾਹੇ ਸਥਾਨਕ ਅਤੇ ਵਿਸ਼ੇਸ਼ ਤੌਰ ‘ਤੇ ਖਾਸੀ ਭਾਈਚਾਰੇ ਨਾਲ ਮੇਲਜੋਲ ਬਣਿਆ ਰਿਹਾ ਹੈ ਪਰ ਸਮੇਂ ਦੇ ਬੀਤਣ ਨਾਲ ਕੁਝ ਸਥਾਨਕ ਲੋਕਾਂ ਦੇ ਹਿਤ ਇਨ੍ਹਾਂ ਨਾਲ ਟਕਰਾਉਣੇ ਸ਼ੁਰੂ ਹੋ ਗਏ ਹਨ। ਇਸੇ ਲਈ ਕਈ ਦਹਾਕਿਆਂ ਤੋਂ ਪੰਜਾਬੀ ਲਾਈਨ ਦੇ ਇਲਾਕੇ ਨਾਲ ਜਾਣੇ-ਜਾਂਦੇ ਇਥੇ ਵਸੇ ਬਹੁਤੇ ਸਿੱਖ ਤੇ ਪੰਜਾਬੀਆਂ ਨੂੰ ਇਸ ਇਲਾਕੇ ਵਿਚੋਂ ਕੱਢ ਕੇ ਬਾਹਰਲੇ ਇਲਾਕਿਆਂ ਵਿਚ ਭੇਜੇ ਜਾਣ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਇਹ ਜ਼ਮੀਨ ਦਾ ਝਗੜਾ ਹੈ ਜਿਸ ਨੂੰ ਸਿਖ ਹਾਈਕੋਰਟ ਵਿਚੋਂ ਜਿਤ ਚੁਕੇ ਹਨ। ਭਾਜਪਾ ਸਰਕਾਰ ਦਾ ਪਿਛਲਗ ਮੁਖਮੰਤਰੀ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਕੋਨਾਰਡ ਸੰਗਮਾ ਨਹੀਂ ਚਾਹੁੰਦਾ ਕਿ ਸਿਖ ਇਥੇ ਰਹਿਣ । ਜੇ ਚਾਹਿਤ ਹੁੰਦੀ ਤਾਂ ਹਾਈਕੋਰਟ ਦੇ ਹੁਕਮ ਦਾ ਪਾਲਣ ਕੀਤਾ ਹੁੰਦਾ। ਇਹ ਭਗਵੇਵਾਦੀਆਂ ਦੀ ਸਿਖਾਂ ਨੂੰ ਉਜਾੜਨ ਤੇ ਦੇਸ ਵਿਚ ਈਸਾਈਆਂ ਨਾਲ ਟਕਰਾਉਣ ਦੀ ਕਾਰਵਾਈ ਹੈ। ਪੰਜਾਬ ਵਿਚ ਈਸਾਈ ਪਾਦਰੀ ਗਰੀਬ ਸਿਖਾਂ ਦਾ ਧਰਮ ਤਬਦੀਲ ਕਰ ਰਹੇ ਹਨ। ਇਹ ਸਾਜਿਸ਼ਾਂ ਸਮਝਣ ਦੀ ਲੋੜ ਹੈ।