ਸ਼੍ਰੋਮਣੀ ਕਮੇਟੀ ਨੇ ‘ਨਾਨਕ ਸ਼ਾਹ ਫ਼ਕੀਰ’ ਫਿਲਮ ਬਾਰੇ ਘੋਖ ਕਰਨ ਲਈ ਫਿਰ ਕਮੇਟੀ ਬਣਾਈ

ਸ਼੍ਰੋਮਣੀ ਕਮੇਟੀ ਨੇ ‘ਨਾਨਕ ਸ਼ਾਹ ਫ਼ਕੀਰ’ ਫਿਲਮ ਬਾਰੇ ਘੋਖ ਕਰਨ ਲਈ ਫਿਰ ਕਮੇਟੀ ਬਣਾਈ

ਅੰਮ੍ਰਿਤਸਰ/ਬਿਊਰੋ ਨਿਊਜ਼:
ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ‘ਨਾਨਕ ਸ਼ਾਹ ਫਕੀਰ’ ਨੂੰ ਰਿਲੀਜ਼ ਕਰਨ ਸਬੰਧੀ ਹਰੀ ਝੰਡੀ ਦੇਣ ਅਤੇ ਫਿਰ ਫ਼ੈਸਲਾ ਵਾਪਸ ਲੈਣ ਦਾ ਮਾਮਲਾ ਇੱਥੇ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜਿਸ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵਿਚਾਲੇ ਹਲਕਾ ਤਕਰਾਰ ਵੀ ਹੋਇਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਅਜਿਹੀਆਂ ਇਤਰਾਜ਼ਯੋਗ ਧਾਰਮਿਕ ਫ਼ਿਲਮਾਂ ਦੇ ਮਾਮਲੇ ਨੂੰ ਪੱਕੇ ਤੌਰ ‘ਤੇ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਮੇਟੀ ਬਣਾਈ ਗਈ ਹੈ, ਜੋ ਸਿਰਫ਼ ਸਿੱਖ-ਸਿਧਾਂਤਾਂ ਮੁਤਾਬਿਕ ਬਣੀਆਂ ਫ਼ਿਲਮਾਂ ਨੂੰ ਹੀ ਹਰੀ ਝੰਡੀ ਦੇਵੇਗੀ। ਅੱਜ ਇੱਥੇ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ, ਜੋ ਪਹਿਲਾਂ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ, ਨੇ ਇਹ ਮਾਮਲਾ ਉਠਾਇਆ। ਉਨ੍ਹਾਂ ਆਖਿਆ ਕਿ ਅਜਿਹੇ ਫ਼ੈਸਲਿਆਂ ਨਾਲ ਸ਼੍ਰੋਮਣੀ ਕਮੇਟੀ ਦੀ ਸਾਖ਼ ਨੂੰ ਵੀ ਢਾਹ ਲੱਗਦੀ ਹੈ ਅਤੇ ਸੰਗਤਾਂ ਵਿੱਚ ਵੀ ਦੁਚਿੱਤੀ ਵਾਲਾ ਮਾਹੌਲ ਬਣਦਾ ਹੈ। ਉਨ੍ਹਾਂ ਆਖਿਆ ਕਿ ਇਸ ਫ਼ਿਲਮ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਸਹਿਮਤੀ ਦਿੱਤੀ ਗਈ ਸੀ। ਇਸ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਥਿਤੀ ਸਪੱਸ਼ਟ ਕਰਦਿਆਂ ਆਖਿਆ ਕਿ ਅਕਾਲ ਤਖ਼ਤ ਵੱਲੋਂ ਫਿਲਮ ਦੇ ਨਿਰਮਾਤਾ ਨੂੰ ਕੋਈ ਹਰੀ ਝੰਡੀ ਨਹੀਂ ਦਿੱਤੀ ਗਈ। ਦੂਜੇ ਪਾਸੇ, ਸ੍ਰੀ ਭੋਰ ਨੇ ਆਖਿਆ ਕਿ ਉਨ੍ਹਾਂ ਕੋਲ ਉਹ ਪੱਤਰ ਮੌਜੂਦ ਹੈ, ਜਿਸ ਵਿੱਚ ਇਸ ਫ਼ਿਲਮ ਦੇ ਸੋਹਲੇ ਗਾਏ ਗਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ, ਇਸ ਲਈ ਠੋਸ ਪ੍ਰਬੰਧ ਕੀਤੇ ਜਾਣਗੇ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਜੇਕਰ ਫਿਲਮ ਨਿਰਮਾਤਾ ਵੱਲੋਂ ਵਿਸਾਖੀ ਮੌਕੇ ਫ਼ਿਲਮ ਰਿਲੀਜ਼ ਕਰਨ ਦਾ ਯਤਨ ਕੀਤਾ ਗਿਆ ਤਾਂ ਉਸ ਵੇਲੇ ਵੀ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਕ ਹੀ ਫ਼ੈਸਲਾ ਕੀਤਾ ਜਾਵੇਗਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਜਿਨ੍ਹਾਂ ਦੇ ਦਸਤਖ਼ਤਾਂ ਹੇਠ 13 ਮਈ 2016 ਨੂੰ ਕੋਈ ਇਤਰਾਜ਼ ਨਹੀਂ, ਸਬੰਧੀ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੱਤਰ ਦਿੱਤਾ ਗਿਆ ਸੀ, ਬਾਰੇ ਆਖਿਆ ਕਿ ਕਮੇਟੀ ਦੇ ਅਧਿਕਾਰੀ ਇਸ ਸਬੰਧੀ ਸੱਚ ਸੰਗਤ ਕੋਲੋਂ ਛੁਪਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਸ ਵੇਲੇ ਪੜਤਾਲ ਵਾਸਤੇ ਕਮੇਟੀ ਬਣਾਈ ਗਈ ਸੀ। ਫਿਲਮ ਦੇਖਣ ਲਈ ਉਹ ਮੁੰਬਈ ਵਿੱਚ ਹਰਿੰਦਰ ਸਿੰਘ ਸਿੱਕਾ ਦੇ ਘਰ ਵੀ ਗਏ ਸਨ ਤੇ ਫਿਲਮ ਤੇ ਲਗਪਗ 31 ਇਤਰਾਜ਼ ਲਾਏ ਸਨ। ਮਗਰੋਂ ਨਿਰਮਾਤਾ ਨੇ ਇਤਰਾਜ਼ ਦੂਰ ਕਰਨ ਦਾ ਦਾਅਵਾ ਕੀਤਾ ਸੀ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 22 ਜਨਵਰੀ 2015 ਨੂੰ ਫਿਲਮ ਦੇ ਨਿਰਮਾਤਾ ਨੂੰ ਪੱਤਰ ਜਾਰੀ ਕੀਤਾ ਗਿਆ ਸੀ।

ਫ਼ਿਲਮ ਨੂੰ ਕਲੀਨ ਚਿੱਟ ਦੇਣ ਵਾਲੇ
ਸੰਗਤ ਤੋਂ ਮੁਆਫ਼ੀ ਮੰਗਣ: ਸਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਇਸ ਗੱਲ ਦਾ ਖ਼ੁਲਾਸਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ‘ਨਾਨਕ ਸ਼ਾਹ ਫ਼ਕੀਰ’ ਨੂੰ ਦਿੱਤੀ ਕਲੀਨ ਚਿੱਟ ਕਿਹੜੇ ਕਾਰਨਾਂ ਕਰਕੇ ਵਾਪਸ ਲੈ ਲਈ ਹੈ।  ਉਨ੍ਹਾਂ ਕਿਹਾ ਕਿ ਇਸ ਫਿਲਮ ਨੂੰ ਕਲੀਨ ਚਿੱਟ ਦੇਣ ਵਾਲੀ ਟੀਮ ਬਾਰੇ ਜਾਣਕਾਰੀ ਹਾਸਲ ਕਰਨ ‘ਤੇ ਖ਼ੁਲਾਸਾ ਹੋਇਆ ਹੈ ਕਿ ਇਹ ਟੀਮ ਪਿਛਲੇ ਲੰਬੇ ਸਮੇਂ ਤੋਂ ਫਿਲਮ ਬਣਾਉਣ ਵਾਲਿਆਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਕਿਹਾ ਕਿ ਫ਼ਿਲਮ ਨੂੰ ਕਲੀਨ ਚਿੱਟ ਦੇਣ ਵਾਲੇ ਸੰਗਤ ਤੋਂ ਮੁਆਫ਼ੀ ਮੰਗਣ।