ਹੁਣ ਪੰਜਾਬ ਦੇ ਕਿਸੇ ਵੀ ਸਾਂਝ ਕੇਂਦਰ ਉੱਤੇ ਸ਼ਿਕਾਇਤ ਦਰਜ ਕਰਵਾ ਸਕਣਗੇ ਪਰਵਾਸੀ

ਹੁਣ ਪੰਜਾਬ ਦੇ ਕਿਸੇ ਵੀ ਸਾਂਝ ਕੇਂਦਰ ਉੱਤੇ ਸ਼ਿਕਾਇਤ ਦਰਜ ਕਰਵਾ ਸਕਣਗੇ ਪਰਵਾਸੀ

ਮੋਗਾ ਸਾਂਝ ਕੇਦਰ ਤੋਂ ਸੇਵਾਵਾਂ ਪ੍ਰਾਪਤ ਕਰ ਰਹੇ ਲੋਕ।
ਮੋਗਾ, ਨਿਊਜ਼ ਬਿਊਰੋ।
ਪਰਵਾਸੀ ਪੰਜਾਬੀ ਹੁਣ ਰਾਜ ਵਿੱਚ ਕਿਸੇ ਵੀ ਸਾਂਝ ਕੇਂਦਰ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਇਸ ਤੋਂ ਪਹਿਲਾਂ ਸਬੰਧਤ ਜ਼ਿਲ੍ਹੇ ਵਿੱਚ ਐੱਨਆਰਆਈ ਪੁਲੀਸ ਥਾਣੇ ਜਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਹੀ ਸ਼ਿਕਾਇਤ ਦਿੱਤੀ ਜਾਂਦੀ ਸੀ।
ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੰਜ ਸਾਂਝ ਕੇਂਦਰਾਂ ‘ਤੇ ਚਾਲੂ ਵਿੱਤੀ ਸਾਲ ਦੌਰਾਨ 31 ਜਨਵਰੀ ਤੱਕ 81,250 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਂਝ ਕੇਂਦਰ ਰੀ-ਡਰੈਸਲ ਯੁਨਿਟ  ਵਜੋਂ ਵੀ ਕੰਮ ਕਰ ਰਹੇ ਹਨ, ਜਿੱਥੇ ਔਰਤਾਂ ਤੇ ਬੱਚਿਆਂ ਨਾਲ ਸਬੰਧਤ ਆਰਥਿਕ, ਸਮਾਜਿਕ ਅਤੇ ਹੋਰ ਮਸਲਿਆਂ ਨੂੰ ਕਮੇਟੀ ਮੈਂਬਰਾਂ ਵੱਲੋਂ ਵਿਚਾਰਿਆ ਜਾਂਦਾ ਹੈ।
ਜ਼ਿਲ੍ਹਾ ਕਮਿਊਨਟੀ ਪੁਲੀਸ ਅਫ਼ਸਰ-ਕਮ-ਐੱਸਪੀ (ਸਥਾਨਕ) ਪਿਰਥੀਪਾਲ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਹੁਣ ਰਾਜ ਵਿੱਚ ਕਿਸੇ ਵੀ ਸਾਂਝ ਕੇਂਦਰ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਐੱਨਆਰਆਈ ਤੋਂ ਪ੍ਰਾਪਤ ਸ਼ਿਕਾਇਤ ਨੂੰ ਸਬੰਧਿਤ ਜ਼ਿਲ੍ਹੇ ਜਾਂ ਐੱਨਆਰਆਈ ਪੁਲੀਸ ਥਾਣੇ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰੀਕ੍ਰਿਤ ਪ੍ਰਣਾਲੀ ਨਾਲ ਲੈਸ ਇਨ੍ਹਾਂ ਸਾਂਝ ਕੇਂਦਰਾਂ ਵਿੱਚ ਪੰਜਾਬ ਸੇਵਾ ਅਧਿਕਾਰ ਐਕਟ-2011 ਅਧੀਨ ਪੁਲੀਸ ਵਿਭਾਗ ਨਾਲ ਸਬੰਧਤ ਸੇਵਾਵਾਂ ਇੱਕ ਛੱਤ ਹੇਠ ਆਸਾਨ ਪ੍ਰਣਾਲੀ ਰਾਹੀਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਅਤੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ ਦਫ਼ਤਰ ਐੱਸਐੱਸਪੀ (ਸੀਪੀਆਰਸੀ), ਸਬ-ਡਿਵੀਜਨ ਪੱਧਰ ‘ਤੇ ਥਾਣਾ ਸਿਟੀ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿੱਚ ਸਥਾਪਤ ਸਾਂਝ ਕੇਂਦਰ ਅਤੇ ਇੱਕ ਦਰਜਨ ਪੁਲੀਸ ਥਾਣਿਆਂ ਵਿੱਚ ਆਊਟ-ਰੀਚ ਸੈਂਟਰ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ 2017 ਤੋਂ 31 ਜਨਵਰੀ, 2018 ਤੱਕ ਪਰਵਾਸੀ ਪੰਜਾਬੀਆਂ ਦੇ ਆਉਣ ਤੇ ਜਾਣ ਦੀ ਰਜਿਸਟਰੇਸ਼ਨ ਸਬੰਧੀ 275, ਵੀਜ਼ੇ ਦੇ ਵਾਧੇ ਸਬੰਧੀ 183,   ਚਾਲ-ਚਲਨ ਤਸਦੀਕ ਕਰਨ ਸਬੰਧੀ 3263, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ  45899, ਨਵੇਂ ਅਸਲਾ ਲਾਇਸੈਂਸ ਦੀ ਤਸਦੀਕ ਲਈ 44, ਸ਼ਿਕਾਇਤਾਂ ਦੀ ਪੜਤਾਲ ਸਬੰਧੀ 5426 ਅਤੇ ਪਾਸਪੋਰਟ ਨਾਲ ਸਬੰਧਿਤ ਹੋਰ ਸੇਵਾਵਾਂ ਸਬੰਧੀ  821 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ।
ਐੱਫਆਈਆਰ ਤੇ ਡੀਡੀਆਰ ਸਬੰਧੀ 15931, ਅਸਲੇ ਲਾਇਸੈਂਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 4272, ਅਸਲਾ ਖਰੀਦਣ ਤੇ ਵੇਚਣ ਸਬੰਧੀ 251 ਦਰਖ਼ਾਸਤਾਂ, ਕਿਰਾਏਦਾਰਾਂ ਅਤੇ ਨੌਕਰਾਂ ਦੇ ਚਾਲ-ਚਲਨ ਸਬੰਧੀ 154, ਗੱਡੀਆਂ ਦੇ ਇਤਰਾਜ਼-ਹੀਣਤਾ ਸਰਟੀਫਿਕੇਟਾਂ ਸਬੰਧੀ 3327, ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 452, ਹੋਰ ਸਰਵਿਸ ਵੇਰੀਫ਼ੀਕੇਸ਼ਨ ਸਬੰਧੀ 950 ਅਤੇ ਪੈਟਰੋਲ ਪੰਪ ਵੇਰੀਫ਼ੀਕੇਸ਼ਨ ਸਬੰਧੀ 2 ਦਰਖ਼ਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਗਿਆ ਹੈ।