ਪਿੰਡ ਸੱਦਾ ‘ਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਡਾਂਗਾਂ;

ਪਿੰਡ ਸੱਦਾ ‘ਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਡਾਂਗਾਂ;

ਪਿੰਡ ਸੱਦਾ ਸਿੰਘ ਵਾਲਾ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਲਈ ਹੋਈ ਝੜਪ ਦੀ ਤਸਵੀਰ।
ਮੋਗਾ/ਬਿਊਰੋ ਨਿਊਜ਼ :
ਪਿੰਡ ਸੱਦਾ ਸਿੰਘ ਵਾਲਾ ਵਿੱਚ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਢਾਈ ਮਹੀਨੇ ਤੋਂ ਚੱਲ ਰਿਹਾ ਰੇੜਕਾ ਖੂਨੀ ਰੂਪ ਧਾਰ ਗਿਆ। 2 ਧਿਰਾਂ ਦਰਮਿਆਨ ਹੋਈ ਝੜਪ ਵਿਚ ਪੱਗਾਂ ਲੱਥ ਗਈਆਂ। ਇਸ ਝੜਪ ਵਿਚ ਇੱਕ ਔਰਤ ਸਮੇਤ 7 ਜਣੇ ਜ਼ਖ਼ਮੀ ਹੋਏ ਹਨ। ਉਹ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿੱਚ ਤਕਰੀਬਨ ਢਾਈ ਮਹੀਨੇ ਤੋਂ ਟਕਰਾਅ ਚੱਲ ਰਿਹਾ ਹੈ। 23 ਜੁਲਾਈ ਨੂੰ ਦੋਵੇਂ ਧਿਰਾਂ ਨੇ ਗੁਰਦੁਆਰੇ ਦੀ ਗੋਲਕ ਨੂੰ ਜਿੰਦਰਾ ਲਾ ਦਿੱਤਾ ਸੀ। ਇਸ ਮਸਲੇ ਦੇ ਹੱਲ ਲਈ ਕਾਂਗਰਸੀ ਹਲਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਗੁਰਦੁਆਰੇ ਪਹੁੰਚੇ। ਇਸ ਮੌਕੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਵੀ ਮੌਜੂਦ ਸਨ। ਵਿਧਾਇਕ ਨੇ ਦੋਵਾਂ ਧਿਰਾਂ ਦਾ ਪੱਖ ਸੁਣਿਆ ਅਤੇ ਉਨ੍ਹਾਂ ਨਾਲ 12 ਸਤੰਬਰ ਨੂੰ 3 ਵਜੇ ਮੁੜ ਗੁਰਦੁਆਰੇ ਵਿਚ  ਮੀਟਿੰਗ ਕਰਨ ਦਾ ਸਮਾਂ ਰੱਖ ਲਿਆ। ਵਿਧਾਇਕ ਅਜੇ ਗੁਰਦੁਆਰੇ ਵਿਚੋਂ ਬਾਹਰ ਹੀ ਨਿਕਲਿਆ ਸੀ ਕਿ ਦੋਵਾਂ ਧਿਰਾਂ ਵਿਚ ਗਾਲੀ ਗਲੋਚ ਤੋਂ ਬਾਅਦ ਘਸੁੰਨ-ਮੁੱਕੀ ਅਤੇ ਤਲਵਾਰਾਂ ਚੱਲ ਗਈਆਂ। ਪੁਲੀਸ ਮੌਕੇ ‘ਤੇ ਮੌਜੂਦ ਨਾ ਹੁੰਦੀ ਤਾਂ ਕਾਫ਼ੀ ਖੂਨ ਖ਼ਰਾਬਾ ਹੋ ਸਕਦਾ ਸੀ। ਇਸ ਝੜਪ ਵਿਚ ਇਕ ਧੜੇ ਦੇ ਪ੍ਰੀਤਮ ਸਿੰਘ, ਬਲਵੰਤ ਸਿੰਘ, ਸ਼ਿੰਗਾਰਾ ਸਿੰਘ, ਸੁਖਜਿੰਦਰ ਸਿੰਘ ਤੇ ਪ੍ਰਵੀਨ ਕੌਰ ਜ਼ਖ਼ਮੀ ਹੋਏ ਹਨ ਜਦੋਂ ਕਿ ਦੂਜੇ ਧੜੇ ਦੇ ਚੰਦ ਸਿੰਘ, ਇੰਦਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ (ਜੋ ਇੱਕ ਧੜੇ ਵੱਲੋਂ ਪ੍ਰਧਾਨ ਚੁਣਿਆ ਹੋਇਆ ਹੈ) ਫੱਟੜ ਹੋਇਆ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗੁਰਦੁਆਰੇ ਦੀ ਪੁਰਾਣੀ ਪ੍ਰਬੰਧਕ ਕਮੇਟੀ ਆਗੂ ਵੱਲੋਂ ਸੇਵਾ ਛੱਡਣ ਦਾ ਹੋਕਾ ਦਿਵਾਏ ਜਾਣ ਬਾਅਦ ਪਿੰਡ ਦੋ ਧੜਿਆਂ ਵਿਚ ਵੰਡਿਆ ਗਿਆ। ਦੋਵਾਂ ਧਿਰਾਂ ਨੇ ਆਪੋ ਆਪਣੀ ਪ੍ਰਬੰਧਕ ਕਮੇਟੀ ਬਣਾ ਲਈ ਤੇ 23 ਜੁਲਾਈ ਨੂੰ ਦੋਵਾਂ ਧਿਰਾਂ ਨੇ ਗੋਲਕ ਨੂੰ ਤਾਲੇ ਲਗਾ ਦਿੱਤੇ। ਪੁਰਾਣੀ ਕਮੇਟੀ ਆਗੂ ਗੁਰਭੇਜ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਗਰਮ ਖ਼ਿਆਲੀ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ਦੀ ਸੰਗਤ ਤੇ ਹੋਰ ਮੋਹਤਬਰਾਂ ਨੇ ਨਵੀਂ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਰੱਦ ਕਰ ਦਿੱਤਾ ਹੈ, ਪਰ ਉਹ ਪ੍ਰਧਾਨਗੀ ਲਈ ਬਜ਼ਿੱਦ ਹੈ। ਨਵੀਂ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਸਨ ਤੇ ਚੋਣਾਂ ਵਿੱਚ ‘ਆਪ’ ਦੀ ਮਦਦ ਕੀਤੀ ਸੀ। ਇਸ ਬਾਅਦ ਇਹ ਫ਼ੈਸਲਾ ਹੋਇਆ ਕਿ ਖਜ਼ਾਨਚੀ ਤੇ ਮੀਤ ਪ੍ਰਧਾਨਗੀ ਦਾ ਅਹੁਦਾ ਪੁਰਾਣੀ ਕਮੇਟੀ ਜਦੋਂ ਕਿ ਪ੍ਰਧਾਨ ਤੇ ਸੈਕਟਰੀ ਨਵੀਂ ਕਮੇਟੀ ਦਾ ਹੋਵੇਗਾ। ਇਸ ਬਾਅਦ ਕਮੇਟੀ ਦੀ ਚੋਣ ਕਰ ਲਈ ਸੀ, ਪਰ ਪਿੰਡ ਦੇ ਕੁਝ ਲੋਕ ਬਿਨਾਂ ਕਾਰਨ ਮੁੱਦੇ ਨੂੰ ਉਛਾਲ ਰਹੇ ਹਨ।