ਮੁਹਾਲੀ ਦੇ ਪਿੰਡ ਦਾਉਂ ‘ਚ ਮੰਦਰ ਦੀ ਭੰਨ-ਤੋੜ

ਮੁਹਾਲੀ ਦੇ ਪਿੰਡ ਦਾਉਂ ‘ਚ ਮੰਦਰ ਦੀ ਭੰਨ-ਤੋੜ
ਮੰਦਰ ਵਿੱਚ ਕੀਤੀ ਭੰਨ-ਤੋੜ ਬਾਰੇ ਦਸਦਾ ਹੋਇਆ ਵਿਅਕਤੀ।

ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼ :
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਥਿਤ ਸ੍ਰੀ ਦੁਰਗਾ ਸ਼ੀਤਲਾ ਮਾਤਾ ਮੰਦਰ ਵਿੱਚ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ ਤੇ ਮੰਦਰ ਦੀ ਭੰਨ-ਤੋੜ ਕਰਕੇ ਧਾਰਮਿਕ ਗ੍ਰੰਥ (ਸ਼ਿਵ ਪੁਰਾਣ) ਦੀ ਬੇਅਦਬੀ ਕੀਤੀ, ਜਿਸ ਕਾਰਨ ਪਿੰਡ ਵਿੱਚ ਸਥਿਤੀ ਤਣਾਅ ਪੂਰਨ ਹੋ ਗਈ। ਮੰਦਰ ਵਿੱਚ ਗਾਂ ਦੀ ਪੂਛ ਅਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਫੋਟੋਆਂ ਵੀ ਸੁੱਟੀਆਂ ਗਈਆਂ ਹਨ। ਇਸ ਬਾਰੇ ਸੂਚਨਾ ਮਿਲਦੇ ਹੀ ਮੁਹਾਲੀ ਦੇ ਐੱਸਪੀ (ਡੀ) ਹਰਬੀਰ ਸਿੰਘ ਅਟਵਾਲ ਅਤੇ ਸ਼ਿਵ ਸੈਨਾ (ਹਿੰਦੂ) ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪਿੰਡ ਦੇ ਸਰਪੰਚ ਅਵਤਾਰ ਸਿੰਘ ਗੋਸਲ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਘਟਨਾ ਨੂੰ ਮੰਦਭਾਗਾ ਦੱਸਿਆ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਰਾਤੋ ਰਾਤ ਅਤੇ ਤੜਕੇ ਸਵੇਰੇ ਪੇਂਟ ਕਰਵਾ ਕੇ ਸਬੂਤ ਮਿਟਾਉਣ ਅਤੇ ਘਟਨਾ ‘ਤੇ ਮਿੱਟੀ ਪਾਉਣ ਦਾ ਯਤਨ ਕੀਤਾ ਗਿਆ, ਜਿਸ ਦਾ ਸ਼ਿਵ ਸੈਨਾ ਦੇ ਕਾਰਕੁਨਾਂ ਤੇ ਪਿੰਡ ਵਾਸੀਆਂ ਨੇ ਬੁਰਾ ਮਨਾਇਆ। ਇਸ ਤੋਂ ਬਾਅਦ ਮੰਦਰ ਦੇ ਸੇਵਾਦਾਰ ਮੋਹਨ ਸਿੰਘ ਦੀ ਸ਼ਿਕਾਇਤ ‘ਤੇ ਬਲੌਂਗੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੌਕੇ ਤੋਂ ਮਿਲੀ ਗਾਂ ਦੀ ਪੂਛ ਅਤੇ ਡੇਰਾ ਮੁਖੀ ਦੀਆਂ ਫੋਟੋਆਂ ਕਬਜ਼ੇ ਵਿੱਚ ਲੈ ਲਈਆਂ ਹਨ। ਲੋਕਾਂ ਨੇ ਮੌਕੇ ‘ਤੇ ਮੋਬਾਈਲ ਫੋਨ ਵਿਚ ਵੀਡੀਓ ਵੀ ਬਣਾਈ, ਪਰ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੰਦਰ ਵਿਚੋਂ ਕੋਈ ਪੂਛ ਨਹੀਂ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਵਿੱਚ ਡੀਜ਼ਲ ਛਿੜਕ ਕੇ ਅੱਗ ਲਗਾਈ ਗਈ ਸੀ। ਅੱਗ ਨਾਲ ਮੰਦਰ ਦੇ ਪਰਦੇ, ਧਾਰਮਿਕ ਪੁਸਤਕਾਂ ਅਤੇ ਹੋਰ ਕਾਫੀ ਸਾਮਾਨ ਸੜ ਗਿਆ ਹੈ ਅਤੇ ਧੂੰਏਂ ਨਾਲ ਮੰਦਰ ਦੀਆਂ ਕੰਧਾਂ ਤੇ ਛੱਤ ਕਾਲੀ ਹੋ ਗਈ।