ਬੈਂਸ ਭਰਾਵਾਂ ਨੂੰ ਝਟਕਾ, ਦੋ ਵਿੰਗਾਂ ਦੇ ਸੂਬਾ ਪ੍ਰਧਾਨਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ

ਬੈਂਸ ਭਰਾਵਾਂ ਨੂੰ ਝਟਕਾ, ਦੋ ਵਿੰਗਾਂ ਦੇ ਸੂਬਾ ਪ੍ਰਧਾਨਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ

ਲੁਧਿਆਣਾ/ਬਿਊਰੋ ਨਿਊਜ਼ :
ਲੋਕ ਇਨਸਾਫ਼ ਪਾਰਟੀ ਦੇ ਦੋ ਵਿੰਗਾਂ ਦੇ ਸੂਬਾ ਪ੍ਰਧਾਨਾਂ ਨੇ ਸਾਥੀਆਂ ਸਣੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਲੋਕ ਇਨਸਾਫ਼ ਪਾਰਟੀ ਦੇ ਜਨਰਲ ਸਕੱਤਰ ਤੇ ਇੰਡਸਟਰੀਅਲ ਵਿੰਗ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ, ਵਿਦਿਆਰਥੀ ਵਿੰਗ ਦੇ ਸੂਬਾ ਪ੍ਰਧਾਨ ਮਨਰਾਜ ਸਿੰਘ ਠੁਕਰਾਲ, ਹਲਕਾ ਦੱਖਣੀ ਦੇ ਵਿਦਿਆਰਥੀ ਵਿੰਗ ਦੇ ਪ੍ਰਧਾਨ ਜੈਪਾਲ ਸਿੰਘ ਸੰਧੂ, ਆਤਮ ਨਗਰ ਵਿਦਿਆਰਥੀ ਵਿੰਗ ਦੇ ਪ੍ਰਧਾਨ ਕੁਲਵਿੰਦਰ ਸਿੰਘ ਟੋਨੀ ਅਰੋੜਾ ਸਾਂਝੇ ਤੌਰ ‘ਤੇ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਉਹ ਪਿਛਲੇ 14-15 ਸਾਲਾਂ ਤੋਂ ਬੈਂਸ ਭਰਾਵਾਂ ਨਾਲ ਰਾਜਸੀ ਤੌਰ ‘ਤੇ ਜੁੜਿਆ ਹੋਇਆ ਸੀ ਪਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਨਰਾਜ ਸਿੰਘ ਠੁਕਰਾਲ ਨੇ ਕਿਹਾ ਕਿ ਪਾਰਟੀ ਫ਼ੈਸਲਿਆਂ ਸਬੰਧੀ ਉਨ੍ਹਾਂ ਨੂੰ ਬਾਹਰੋਂ ਪਤਾ ਲੱਗਦਾ ਹੈ ਅਤੇ ਕਿਸੇ ਵੀ ਫ਼ੈਸਲਿਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਅਜਿਹੇ ਵਿੱਚ ਉਹ ਪਾਰਟੀ ਛੱਡ ਰਹੇ ਹਨ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਕਈ ਵਾਰ ਲੋਕਾਂ ਨੂੰ ਸਰਕਾਰ ਦੀ ਚਮਕ-ਦਮਕ ਜ਼ਿਆਦਾ ਖਿੱਚ ਪਾਉਂਦੀ ਹੈ। ਇਸ ਕਾਰਨ ਜੋ ਜਿਸ ਥਾਂ ਜਾਣਾ ਚਾਹੁੰਦਾ ਹੈ, ਉਹ ਉਸਨੂੰ ਰੋਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਿਸੇ ਨਿੱਜੀ ਵਿਅਕਤੀ ਨਾਲ ਪਾਰਟੀ ਨਹੀਂ ਚੱਲਦੀ, ਪਾਰਟੀ ਹਮੇਸ਼ਾ ਵਰਕਰਾਂ ਨਾਲ ਚੱਲਦੀ ਹੈ। ਵਰਕਰ ਲੋਕ ਇਨਸਾਫ਼ ਪਾਰਟੀ ਦੇ ਨਾਲ ਹਨ।