ਨੇਪਾਲ ਦੇ ਉਪ ਰਾਸ਼ਟਰਪਤੀ ਵਲੋਂ ਸਾਰਕ ਸਭਿਆਚਾਰਕ ਕਾਨਫਰੰਸ ਦੀ ਸਫ਼ਲਤਾ ਲਈ ਹਰਿਮੰਦਰ ਸਾਹਿਬ ਵਿਖੇ ਅਰਦਾਸ

ਨੇਪਾਲ ਦੇ ਉਪ ਰਾਸ਼ਟਰਪਤੀ ਵਲੋਂ ਸਾਰਕ ਸਭਿਆਚਾਰਕ ਕਾਨਫਰੰਸ ਦੀ ਸਫ਼ਲਤਾ ਲਈ ਹਰਿਮੰਦਰ ਸਾਹਿਬ ਵਿਖੇ ਅਰਦਾਸ

ਅੰਮ੍ਰਿਤਸਰ/ਬਿਊਰੋ ਨਿਊਜ਼ :
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ 7 ਤੋਂ 9 ਦਸੰਬਰ ਤੱਕ ਹੋ ਰਹੀ ਸਾਰਕ ਸਭਿਆਚਾਰਕ ਕੋਰਿਲੇਸ਼ਨ ਕਾਨਫਰੰਸ ਦੀ ਸਫ਼ਲਤਾ ਦੀ ਕਾਮਨਾ ਕਰਨ ਹਿਤ ਨਿਪਾਲ ਦੇ ਉਪ ਰਾਸ਼ਟਰਪਤੀ ਦੇ ਰਾਜਸੀ ਤੇ ਸਭਿਆਚਾਰਕ ਸਲਾਹਕਾਰ ਸ੍ਰੀ ਮਹਾਂਵੀਰ ਪ੍ਰਸ਼ਾਦ ਟੋਰਡੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਕਿਹਾ ਕਿ ਉਹ ਇਸ ਅਹਿਮ ਕਾਨਫਰੰਸ, ਜਿਸ ਵਿਚ ਭਾਰਤ, ਪਾਕਿਸਤਾਨ, ਭੂਟਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵ ਤੇ ਅਫਗਾਨਿਸਤਾਨ ਦੇਸ਼ਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ, ਦੀ ਕਾਮਯਾਬੀ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਸਹਿਤ ਅਰਦਾਸ ਕਰਨ ਆਏ ਹਨ। ਸ੍ਰੀ ਟੋਰਡੀ ਨੇ ਦੱਸਿਆ ਕਿ ਨੇਪਾਲ ਵਿਖੇ ਹੋ ਰਹੇ ਇਸ ਸੰਮੇਲਨ ਦੌਰਾਨ ਏਸ਼ੀਆ ਦੇ ਦੇਸ਼ਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਜਾਵੇਗਾ ਕਿ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜੋ ਕਿ ਸੁਰੱਖਿਆ ਪ੍ਰੀਸ਼ਦ ਵਿਚ ਏਸ਼ੀਆ ਦੀ ਸਹੀ ਪ੍ਰਤੀਨਿਧਤਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਨੇਪਾਲ ਇਕ-ਦੂਸਰੇ ਦੇ ਗੂੜੇ ਮਿੱਤਰ ਹਨ ਅਤੇ ਇਥੋਂ ਤੱਕ ਕਿ ਭਾਰਤ ਦੀ ਗੋਰਖਾ ਬਟਾਲੀਅਨ ਵਿਚ ਨੇਪਾਲ ਦੇ ਨੌਜਵਾਨ ਭਰਤੀ ਹੋ ਕੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਸਭਿਅਤਾ ਬਹੁਤੇ ਏਸ਼ੀਅਨ ਦੇਸ਼ਾਂ ਨਾਲ ਮਿਲਦੀ ਹੈ ਅਤੇ ਏਸ਼ੀਆ ਦੀ ਅਗਵਾਈ ਭਾਰਤ ਨੂੰ ਹੀ ਮਿਲਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੁਰੱਖਿਆ ਪ੍ਰੀਸ਼ਦ ਵਿਚ ਸੋਧ ਕਰਕੇ ਅੱਠਵੇਂ ਤਾਕਤਵਰ ਦੇਸ਼ ਭਾਰਤ ਨੂੰ ਇਸ ਵਿਚ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਇਸ ਮੌਕੇ ਡਾਯ ਐਚ. ਐਸ. ਨਾਗਪਾਲ, ਵਿਸ਼ਵ ਸੰਤ ਪ੍ਰੀਸ਼ਦ ਦੇ ਮੁਖੀ ਸੰਤ ਬਲਦੇਵ ਸਿੰਘ ਰਾਠੌੜ, ਰਕੇਸ਼ ਕਪੂਰ ਵੀ ਹਾਜ਼ਰ ਸਨ।