ਪਿੰਡ ਦੀ ‘ਚੌਧਰ’ ਨੂੰ ਲੈ ਕੇ ਕਾਂਗਰਸੀਆਂ ਵਲੋਂ ਅਕਾਲੀ ਪਿਉ-ਪੁੱਤ ਦੀ ਗੋਲੀ ਮਾਰ ਕੇ ਹੱਤਿਆ

ਪਿੰਡ ਦੀ ‘ਚੌਧਰ’ ਨੂੰ ਲੈ ਕੇ ਕਾਂਗਰਸੀਆਂ ਵਲੋਂ ਅਕਾਲੀ ਪਿਉ-ਪੁੱਤ ਦੀ ਗੋਲੀ ਮਾਰ ਕੇ ਹੱਤਿਆ

ਫ਼ਿਰੋਜ਼ਪੁਰ
ਇਥੇ ਦਿਹਾਤੀ ਹਲਕੇ ਵਿੱਚ ਪੈਂਦੇ ਪਿੰਡ ਰੁਕਨ ਸ਼ਾਹ ਵਾਲਾ ਵਿੱਚ ਅੱਜ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਧਿਰ ਵੱਲੋਂ ਜਬਰੀ ਘਰ ਵਿੱਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ ਦੌਰਾਨ ਪਿਉ-ਪੁੱਤ ਹਲਾਕ ਹੋ ਗਏ ਜਦਕਿ ਪੀੜਤ ਪਰਿਵਾਰ ਦਾ ਇੱਕ ਹੋਰ ਜੀਅ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਬਜ਼ੁਰਗ ਹਰਨਾਮ ਸਿੰਘ (80) ਅਤੇ ਉਸ ਦੇ ਪੁੱਤਰ ਜੋਗਿੰਦਰ ਸਿੰਘ ਬੱਬੀ (45) ਜਦਕਿ ਜ਼ਖ਼ਮੀ ਦੀ ਹਰਨਾਮ ਸਿੰਘ ਦੇ ਦੂਜੇ ਲੜਕੇ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਦਾ ਮੀਤ ਪ੍ਰਧਾਨ ਅਤੇ ਪਿੰਡ ਦਾ ਸਾਬਕਾ ਸਰਪੰਚ ਹੈ। ਵਾਰਦਾਤ ਦਾ ਮੁੱਖ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਖਾ ਢਿੱਲੋਂ ਦੱਸਿਆ ਜਾਂਦਾ ਹੈ, ਜੋ ਇਸੇ ਪਿੰਡ ਦਾ ਵਸਨੀਕ ਹੈ। ਮੁਲਜ਼ਮ ਕਾਂਗਰਸੀ ਧੜੇ ਨਾਲ ਜਦਕਿ ਪੀੜਤ ਪਰਿਵਾਰ ਅਕਾਲੀ ਦਲ ਨਾਲ ਸਬੰਧ ਰੱਖਦਾ ਹੈ।
ਦੂਹਰੇ ਕਤਲ ਕਾਂਡ ਦੀ ਇਹ ਘਟਨਾ ਥਾਣਾ ਕੁਲਗੜੀ ਅਧੀਨ ਪੈਂਦੇ ਇਸ ਪਿੰਡ ਵਿੱਚ ਵਾਪਰੀ। ਦੱਸਿਆ ਜਾਂਦਾ ਹੈ ਕਿ ਪਿੰਡ ਦੀ ਅਨੁਸੂਚਿਤ ਜਾਤੀ ਦੀ ਮਹਿਲਾ ਸਰਪੰਚ ਅਕਾਲੀ ਦਲ ਨਾਲ ਸਬੰਧ ਰੱਖਦੀ ਹੈ। ਪਿੰਡ ਦੇ ਹਰ ਮਸਲੇ ਸਬੰਧੀ ਉਹ ਬਲਵਿੰਦਰ ਸਿੰਘ ਨਾਲ ਸਲਾਹ ਮਸ਼ਵਰਾ ਕਰਦੀ ਸੀ, ਪਰ ਪੰਜਾਬ ਵਿੱਚ ਵਜ਼ਾਰਤ ਬਦਲਣ ਉਪਰੰਤ ਲੱਖਾ ਚਾਹੁੰਦਾ ਸੀ ਕਿ ਪਿੰਡ ਦਾ ਹਰ ਕੰਮ ਉਸ ਦੀ ਸਲਾਹ ਨਾਲ ਹੋਵੇ। ਇਸ ਗੱਲ ਨੂੰ ਲੈ ਕੇ ਬਲਵਿੰਦਰ ਸਿੰਘ ਅਤੇ ਲੱਖਾ ਦਰਮਿਆਨ ਖਿੱਚੋਤਾਣ ਚੱਲ ਰਹੀ ਸੀ। ਲੰਘੀ 28 ਅਪਰੈਲ ਨੂੰ ਉਸ ਨੇ ਆਪਣੇ ਫ਼ੇਸਬੁੱਕ ਪੇਜ ਉੱਤੇ ਬਲਵਿੰਦਰ ਨਾਲ ਅਸਿੱਧੇ ਤੌਰ ਉੱਤੇ ਨਜਿੱਠਣ ਦੀ ਧਮਕੀ ਦਿੱਤੀ ਸੀ। ਬਲਵਿੰਦਰ ਦੇ ਪਰਿਵਾਰ ਵੱਲੋਂ ਇਸ ਸਬੰਧੀ ਕਈ ਸ਼ਿਕਾਇਤਾਂ ਪੁਲੀਸ ਅਧਿਕਾਰੀਆਂ ਨੂੰ ਕੀਤੀਆਂ ਗਈਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਲੱਖਾ ਅਤੇ ਉਸ ਦੇ ਕੁਝ ਹੋਰ ਸਾਥੀਆਂ ਨੇ ਦਿਨ ਦਿਹਾੜੇ ਸਾਬਕਾ ਸਰਪੰਚ ਦੇ ਘਰ ਆ ਕੇ ਫਾਇਰਿੰਗ ਕੀਤੀ ਜਿਸ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਬਲਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਸ਼ਹਿਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਧਰ ਐਸਪੀ (ਡੀ) ਧਰਮਵੀਰ ਨੇ ਕਿਹਾ ਕਿ ਮੁਦਈ ਬਲਵਿੰਦਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਸਾਰੇ ਮਾਮਲੇ ਦੀ ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੂਹਰੇ ਕਤਲ ਨੂੰ ਲੈ ਕੇ ਸਿਆਸਤ ਗਰਮਾਈ
ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਇਸ ਦੋਹਰੇ ਕਤਲ ਕਾਂਡ ਲਈ ਸਿੱਧੇ ਤੌਰ ਉੱਤੇ ਕੁਲਗੜੀ ਥਾਣਾ ਮੁਖੀ ਸੁਨੀਲ ਕੁਮਾਰ ਅਤੇ ਚੌਂਕੀ ਇੰਚਾਰਜ ਕੁਲਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੀ ਕਾਂਗਰਸੀ ਵਿਧਾਇਕ ਸਤਕਾਰ ਕੌਰ ਗਹਿਰੀ ਦੀ ਕਥਿਤ ਸ਼ਹਿ ਕਾਰਨ ਪੁਲੀਸ ਨੇ ਪੀੜਤ ਪਰਿਵਾਰ ਵੱਲੋਂ ਦਿੱਤੀਆਂ ਦਰਖ਼ਾਸਤਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਮੁੱਖ ਮੁਲਜ਼ਮ ਲੱਖਾਂ ਦੀਆਂ ਇਨ੍ਹਾਂ ਆਗੂਆਂ ਨਾਲ ਤਸਵੀਰਾਂ ਵੀ ਮੀਡੀਆ ਨੂੰ ਵਿਖਾਈਆਂ। ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸੀ ਆਗੂਆਂ ਉੱਤੇ ਲੱਗੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਇਨਕਾਰ ਕੀਤਾ ਹੈ।