ਸ੍ਰੀ ਹਰਿਮੰਦਰ ਸਾਹਿਬ ਦਾ ਹੂਬਹੂ ਮਾਡਲ ਬਣਾ ਕੇ ਕੀਤੀ ਸ਼ਰਾਰਤ ਨਾਲ ਹੀ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਕੀਤੀਆਂ ਫਿੱਟ

ਸ੍ਰੀ ਹਰਿਮੰਦਰ ਸਾਹਿਬ ਦਾ ਹੂਬਹੂ ਮਾਡਲ ਬਣਾ ਕੇ ਕੀਤੀ ਸ਼ਰਾਰਤ ਨਾਲ ਹੀ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਕੀਤੀਆਂ ਫਿੱਟ

ਤਲਵੰਡੀ ਸਾਬੋ /ਬਿਊਰੋ ਨਿਊਜ਼ :

ਸਿੱਖਾਂ ਅਤੇ ਸਿੱਖੀ ਦੇ ਸਿਧਾਂਤਾਂ ਉਤੇ ਵਾਰ-ਵਾਰ ਹਮਲਿਆਂ ਦਾ ਦਸਤੂਰ ਹੀ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਮੁੰਬਈ ਦੇ ਉਲਾਸ ਨਗਰ ਇਲਾਕੇ ਦੇ ਇੱਕ ਠੇਕੇਦਾਰ ਵੱਲੋਂ ਸਿੱਖਾਂ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਿੰਘ ਦੇ ਹੂਬਹੂ ਮਾਡਲ ਦਾ ਨਿਰਮਾਣ ਕਰਵਾਕੇ ਉਸ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲਗਾਉਣ ਦੀ ਸ਼ਰਾਰਤ ਕੀਤੀ ਗਈ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਕਤ ਠੇਕੇਦਾਰ ਉਤੇ ਕਾਰਵਾਈ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ।
ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਜ ਸੁਧਾਰਕ ਫਾਂਊਡੇਸ਼ਨ ਨਾਮੀ ਇਕ ਸਮਾਜ ਸੇਵੀ ਸੰਸਥਾ ਦੇ ਮੁਖੀ ਡਾ.ਰੁਪਿੰਦਰ ਨੇ ਉਕਤ ਮਾਮਲਾ ਸਾਹਮਣੇ ਲਿਆਂਦਾ ਹੈ ਕਿ ਮੁੰਬਈ ਦੇ ਉਲਾਸ ਨਗਰ ਵਿਚ ਇਕ ਠੇਕੇਦਾਰ ਡੀ.ਮੋਹਣ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤਿਆਰ ਕਰਵਾਕੇ ਉਸ ਨਾਲ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਵਾ ਦਿੱਤੀਆਂ ਗਈਆਂ ਹਨ। ਹਰ ਰੋਜ਼ ਵੱਡੀ ਗਿਣਤੀ ਲੋਕ ਉੱਥੇ ਆ ਕੇ ਸੈਲ਼ਫੀਆਂ ਲੈਂਦੇ ਹਨ।ਜਥੇਦਾਰ ਸਾਹਿਬ ਨੇ ਦੱਸਿਆ ਕਿ ਇਹ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਵਰਗੀ ਦੂਜੀ ਇਮਾਰਤ ਬਣਾਈ ਹੀ ਨਹੀਂ ਜਾ ਸਕਦੀ। ਉਤੋਂ ਸਿਤਮ ਇਹ ਕਿ ਉਸ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾ ਕੇ ਸਿੱਖਾਂ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਰਹੀ ਹੈ।ਉਨਾਂ ਕਿਹਾ ਕਿ ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਠੇਕੇਦਾਰ ਡੀ.ਮੋਹਣ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇ ਤਾਂ ਕਿ ਕੋਈ ਹੋਰ ਅਜਿਹੀ ਮਨਮਤਿ ਦੀ ਕਰਵਾਈ ਦੀ ਕੋਸ਼ਿਸ ਨਾ ਕਰੇ।
ਗਿਆਨੀ ਹਰਪ੍ਰੀਤ ਸਿੰਘ ਨੇ ਮੁੰਬਈ ਦੀਆਂ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸਦਾ ਪੁਰਜ਼ੋਰ ਵਿਰੋਧ ਕਰਦਿਆਂ ਆਪੋ ਆਪਣੇ ਇਲਾਕਿਆਂ ਦੇ ਥਾਣਿਆਂ ਵਿਚ ਉਕਤ ਠੇਕੇਦਾਰ ਖਿਲਾਫ ਮਾਮਲੇ ਦਰਜ ਕਰਵਾਉਣ।ਉਨਾਂ ਕਿਹਾ ਕਿ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ Àਤੇ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵੀ ਵੀਚਾਰਿਆ ਜਾ ਸਕਦਾ ਹੈ।
ਉਕਤ ਮਾਡਲ ਦੀਆਂ ਪੁੱਜੀਆਂ ਤਸਵੀਰਾਂ ਵਿਚ ਸਾਫ ਨਜਰ ਆ ਰਿਹਾ ਹੈ ਕਿ ਇਹ ਸ੍ਰੀ ਹਰਿਮੰਦਰ ਸਾਹਿਬ ਦਾ ਹੀ ਹੂਬਹੂ ਮਾਡਲ ਹੈ, ਕਿਉਂਕਿ ਤਸਵੀਰ ਵਿਚ ਸਾਫ ਨਜਰ ਆ ਰਿਹਾ ਹੈ ਕਿ ਉਕਤ ਮਾਡਲ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੀ ਝਲਕ ਪੇਸ਼ ਕਰਦੀ ਇਕ ਵੱਡੀ ਤਸਵੀਰ ਵੀ ਲਾਈ ਗਈ ਹੈ।ਸ਼ੋਸਲ ਮੀਡੀਆ ਉਤੇ ਕੁਝ ਅਜਿਹੀਆਂ ਤਸਵੀਰਾਂ ਵੀ ਮਿਲ ਰਹੀਆਂ ਹਨ ਜਿਨਾਂ ਵਿੱਚ ਲੋਕ ਉਕਤ ਮਾਡਲ ਨਾਲ ਤਸਵੀਰਾਂ ਜਾਂ ਸੈਲਫੀਆਂ ਲੈ ਕੇ ਸ਼ੇਅਰ ਕਰ ਰਹੇ ਹਨ।ਇੱਕ ਤਸਵੀਰ ਵਿਚ ਇਸ ਮਾਡਲ ਕੋਲ ਕੁਝ ਸਿੱਖ ਵਿਅਕਤੀ ਖੜ੍ਹੇ ਨਜਰ ਆ ਰਹੇ ਹਨ ਤੇ ਤਸਵੀਰ ਨੂੰ ਆਸ਼ੀਸ ਆਹਲੂਵਾਲੀਆ ਨਾਮੀ ਵਿਅਕਤੀ ਨੇ ਗੋਲਡਨ ਟੈਂਪਲ ਦਾ ਸੈਟਅੱਪ ਦੱਸ ਕੇ ਉਸ ਨੂੰ ਗਣਪਤੀ ਬੱਪਾ ਮੋਰੀਆ ਨਾਲ ਜੋੜ ਕੇ ਬੜਾ ਮਾਣ ਮਹਿਸੂਸ ਕਰਦਿਆਂ ਸ਼ੇਅਰ ਕੀਤਾ ਹੈ।