ਟੈਕਸ ਚੋਰੀ ਮਾਮਲੇ ਵਿਚ ਕੈਪਟਨ ਦੇ ਪੁੱਤਰ ਰਣਇੰਦਰ ਨੂੰ ਸੰਮਨ

ਟੈਕਸ ਚੋਰੀ ਮਾਮਲੇ ਵਿਚ ਕੈਪਟਨ ਦੇ ਪੁੱਤਰ ਰਣਇੰਦਰ ਨੂੰ ਸੰਮਨ

ਲੁਧਿਆਣਾ/ਬਿਊਰੋ ਨਿਊਜ਼ :
ਸਥਾਨਕ ਅਦਾਲਤ ਨੇ ਟੈਕਸ ਚੋਰੀ ਦੇ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਜਾਰੀ ਕਰਦਿਆਂ 6 ਜੂਨ ਨੂੰ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਆਮਦਨ ਕਰ ਅਧਿਕਾਰੀ ਡਾ. ਅਮਨਪ੍ਰੀਤ ਕੌਰ ਵਾਲੀਆ ਵੱਲੋਂ ਕੁਝ ਸਮਾਂ ਪਹਿਲਾਂ ਰਣਇੰਦਰ ਖਿਲਾਫ਼ ਜੱਜ ਜਾਪਇੰਦਰ ਸਿੰਘ ਦੀ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ। ਅਦਾਲਤ ਵਿਚ ਦਾਇਰ ਕੀਤੇ ਗਏ ਕੇਸ ਵਿਚ ਆਮਦਨ ਕਰ ਅਧਿਕਾਰੀ ਦਾ ਕਹਿਣਾ ਸੀ ਕਿ ਰਣਇੰਦਰ ਸਿੰਘ ਵੱਲੋਂ ਵਿਦੇਸ਼ਾਂ ਵਿਚ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ ਬਣਾਈ ਗਈ ਹੈ ਤੇ ਉਥੇ ਕਈ ਕੰਪਨੀਆਂ ਵਿਚ ਪੈਸੇ ਲਗਾਏ ਗਏ ਹਨ, ਪਰ ਉਹ ਆਮਦਨ ਕਰ ਮਹਿਕਮੇ ਨੂੰ ਇਸ ਦਾ ਹਿਸਾਬ ਨਹੀਂ ਦੇ ਰਹੇ, ਜਿਸ ਕਾਰਨ ਉਨ੍ਹਾਂ ਵੱਲੋਂ ਟੈਕਸ ਦੀ ਚੋਰੀ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਸ ਸਬੰਧੀ ਰਣਇੰਦਰ ਸਿੰਘ ਨੂੰ ਕਈ ਵਾਰ ਸੰਮਨ ਭੇਜ ਕੇ ਬੁਲਾਇਆ ਗਿਆ ਸੀ, ਪਰ ਉਹ ਮਹਿਕਮੇ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ, ਜਿਸ ਕਾਰਨ ਮਹਿਕਮੇ ਵੱਲੋਂ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਹੈ। ਆਮਦਨ ਕਰ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਸ ਸਬੰਧੀ ਉਨ੍ਹਾਂ ਪਾਸ ਪੁਖਤਾ ਸਬੂਤ ਹਨ ਤੇ ਮਹਿਕਮੇ ਨੂੰ ਵਿਦੇਸ਼ਾਂ ਤੋਂ ਵੀ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ। ਜੱਜ ਸ. ਜਾਪਇੰਦਰ ਸਿੰਘ ਵੱਲੋਂ ਆਮਦਨ ਕਰ ਅਧਿਕਾਰੀਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਰਣਇੰਦਰ ਸਿੰਘ ਨੂੰ 6 ਜੂਨ ਨੂੰ ਅਦਾਲਤ ਵਿਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।